ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19-20 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ ਅਤੇ ਤਕਰੀਬਨ 15,670 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
19 ਅਕਤੂਬਰ ਨੂੰ ਸਵੇਰੇ ਕਰੀਬ 9 ਵੱਜ ਕੇ 45 ਮਿੰਟ ‘ਤੇ ਪ੍ਰਧਾਨ ਮੰਤਰੀ ਮਹਾਤਮਾ ਮੰਦਿਰ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ, ਗਾਂਧੀਨਗਰ ਵਿਖੇ ਡੇਫਐਕਸਪੋ22 (DefExpo22) ਦਾ ਉਦਘਾਟਨ ਕਰਨਗੇ। ਦੁਪਹਿਰ ਕਰੀਬ 12 ਵਜੇ ਪ੍ਰਧਾਨ ਮੰਤਰੀ ਅਡਾਲਜ ਵਿਖੇ ਮਿਸ਼ਨ ਸਕੂਲਸ ਆਵੑ ਐਕਸੀਲੈਂਸ ਦੀ ਸ਼ੁਰੂਆਤ ਕਰਨਗੇ। ਦੁਪਹਿਰ ਕਰੀਬ 3:15 ਵਜੇ ਉਹ ਜੂਨਾਗੜ੍ਹ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ, ਸ਼ਾਮ 6 ਵਜੇ ਦੇ ਕਰੀਬ, ਉਹ ਇੰਡੀਆ ਅਰਬਨ ਹਾਊਸਿੰਗ ਕਨਕਲੇਵ 2022 ਦਾ ਉਦਘਾਟਨ ਕਰਨਗੇ ਅਤੇ ਰਾਜਕੋਟ ਵਿੱਚ ਕਈ ਪ੍ਰਮੁੱਖ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਸ਼ਾਮ 7 ਵੱਜ ਕੇ 20 ਮਿੰਟ ‘ਤੇ ਰਾਜਕੋਟ ਵਿੱਚ ਇਨੋਵੇਟਿਵ ਕੰਸਟ੍ਰਕਸ਼ਨ ਪ੍ਰੈਕਟਿਸਿਸ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ।
20 ਅਕਤੂਬਰ ਨੂੰ ਸਵੇਰੇ 9 ਵੱਜ ਕੇ 45 ਮਿੰਟ ‘ਤੇ ਕੇਵਡੀਆ ਵਿਖੇ ਪ੍ਰਧਾਨ ਮੰਤਰੀ ਦੁਆਰਾ ਮਿਸ਼ਨ ਲਾਈਫ (Mission LiFE) ਦੀ ਸ਼ੁਰੂਆਤ ਕੀਤੀ ਜਾਵੇਗੀ। ਦੁਪਹਿਰ ਕਰੀਬ 12 ਵਜੇ, ਪ੍ਰਧਾਨ ਮੰਤਰੀ ਕੇਵਡੀਆ ਵਿੱਚ 10ਵੀਂ ਹੈੱਡਸ ਆਵੑ ਮਿਸ਼ਨਸ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 3:45 ਵਜੇ ਉਹ ਵਯਾਰਾ ਵਿਖੇ ਵਿਭਿੰਨ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ।
ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਡੇਫਐਕਸਪੋ22 (DefExpo22) ਦਾ ਉਦਘਾਟਨ ਕਰਨਗੇ। 'ਪਾਥ ਟੂ ਪ੍ਰਾਈਡ' ਥੀਮ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਇਹ ਐਕਸਪੋ ਹੁਣ ਤੱਕ ਆਯੋਜਿਤ ਇੰਡੀਅਨ ਡਿਫੈਂਸ ਐਕਸਪੋ ਵਿੱਚ ਅੱਜ ਤੱਕ ਦੀ ਸਭ ਤੋਂ ਵੱਡੀ ਭਾਗੀਦਾਰੀ ਦਾ ਗਵਾਹ ਹੋਵੇਗਾ। ਪਹਿਲੀ ਵਾਰ, ਇਹ ਵਿਸ਼ੇਸ਼ ਤੌਰ 'ਤੇ ਭਾਰਤੀ ਕੰਪਨੀਆਂ ਲਈ ਰੱਖੀ ਗਈ ਰੱਖਿਆ ਪ੍ਰਦਰਸ਼ਨੀ ਦਾ ਗਵਾਹ ਬਣੇਗਾ, ਜਿਸ ਵਿੱਚ ਵਿਦੇਸ਼ੀ ਓਈਐੱਮ’ਸ ਦੀਆਂ ਭਾਰਤੀ ਸਹਾਇਕ ਕੰਪਨੀਆਂ, ਭਾਰਤ ਵਿੱਚ ਰਜਿਸਟਰਡ ਕੰਪਨੀ ਦਾ ਡਿਵੀਜ਼ਨ, ਭਾਰਤੀ ਕੰਪਨੀ ਨਾਲ ਸੰਯੁਕਤ ਉੱਦਮ ਰੱਖਣ ਵਾਲੇ ਪ੍ਰਦਰਸ਼ਕ ਸ਼ਾਮਲ ਹੋਣਗੇ। ਇਹ ਈਵੈਂਟ ਭਾਰਤੀ ਰੱਖਿਆ ਨਿਰਮਾਣ ਸਮਰੱਥਾ ਦੇ ਵਿਸ਼ਾਲ ਦਾਇਰੇ ਅਤੇ ਪੈਮਾਨੇ ਨੂੰ ਪ੍ਰਦਰਸ਼ਿਤ ਕਰੇਗਾ। ਐਕਸਪੋ ਵਿੱਚ ਇੱਕ ਇੰਡੀਆ ਪੈਵੇਲੀਅਨ ਅਤੇ ਦਸ ਸਟੇਟ ਪੈਵੇਲੀਅਨ ਹੋਣਗੇ।
ਇੰਡੀਆ ਪੈਵੇਲੀਅਨ ਵਿਖੇ, ਪ੍ਰਧਾਨ ਮੰਤਰੀ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਦੁਆਰਾ ਡਿਜ਼ਾਈਨ ਕੀਤੇ ਗਏ ਇੱਕ ਸਵਦੇਸ਼ੀ ਟ੍ਰੇਨਰ ਜਹਾਜ਼, ਐੱਚਟੀਟੀ-40 ਦਾ ਉਦਘਾਟਨ ਕਰਨਗੇ। ਏਅਰਕ੍ਰਾਫਟ ਵਿੱਚ ਅਤਿ-ਆਧੁਨਿਕ ਸਮਕਾਲੀ ਪ੍ਰਣਾਲੀਆਂ ਹਨ ਅਤੇ ਪਾਇਲਟ ਅਨੁਕੂਲ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਉਦਯੋਗ ਅਤੇ ਸਟਾਰਟਅੱਪਸ ਦੁਆਰਾ ਪੁਲਾੜ ਡੋਮੇਨ ਵਿੱਚ ਰੱਖਿਆ ਬਲਾਂ ਲਈ ਇਨੋਵੇਟਿਵ ਸਮਾਧਾਨ ਵਿਕਸਿਤ ਕਰਨ ਲਈ ਮਿਸ਼ਨ ਡੇਫਸਪੇਸ (DefSpace) ਲਾਂਚ ਕਰਨਗੇ। ਪ੍ਰਧਾਨ ਮੰਤਰੀ ਗੁਜਰਾਤ ਵਿੱਚ ਡੀਸਾ ਏਅਰਫੀਲਡ ਦਾ ਨੀਂਹ ਪੱਥਰ ਵੀ ਰੱਖਣਗੇ। ਫੋਰਵਰਡ ਏਅਰਫੋਰਸ ਬੇਸ ਦੇਸ਼ ਦੇ ਸੁਰੱਖਿਆ ਢਾਂਚੇ ਵਿੱਚ ਵਾਧਾ ਕਰੇਗਾ।
ਇਸ ਐਕਸਪੋ ਵਿੱਚ 'ਭਾਰਤ-ਅਫਰੀਕਾ: ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਤਾਲਮੇਲ ਲਈ ਰਣਨੀਤੀ ਅਪਣਾਉਣ' ਥੀਮ ਦੇ ਤਹਿਤ ਦੂਸਰਾ ਭਾਰਤ-ਅਫਰੀਕਾ ਰੱਖਿਆ ਸੰਵਾਦ ਦਾ ਵੀ ਆਯੋਜਨ ਕੀਤਾ ਜਾਵੇਗਾ। ਐਕਸਪੋ ਦੌਰਾਨ ਦੂਸਰਾ ਹਿੰਦ ਮਹਾਸਾਗਰ ਖੇਤਰ+ (ਆਈਓਆਰ+) ਸੰਮੇਲਨ ਵੀ ਆਯੋਜਿਤ ਕੀਤਾ ਜਾਵੇਗਾ, ਜੋ ਕਿ ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ (ਸਾਗਰ-SAGAR) ਦੇ ਅਨੁਸਾਰ ਅਮਨ, ਵਿਕਾਸ, ਸਥਿਰਤਾ ਅਤੇ ਸਮ੍ਰਿਧੀ ਨੂੰ ਉਤਸ਼ਾਹਿਤ ਕਰਨ ਲਈ ਆਈਓਆਰ+ ਦੇਸ਼ਾਂ ਵਿੱਚ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਸੰਵਾਦ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਐਕਸਪੋ ਦੌਰਾਨ, ਰੱਖਿਆ ਲਈ ਪਹਿਲੀ ਵਾਰ ਨਿਵੇਸ਼ਕ ਮੀਟਿੰਗ ਆਯੋਜਿਤ ਕੀਤੀ ਜਾਵੇਗੀ। ਇਹ ਆਈਡੈਕਸ (iDEX - ਰੱਖਿਆ ਉੱਤਕ੍ਰਿਸ਼ਟਤਾ ਲਈ ਇਨੋਵੇਸ਼ਨ) ਦੇ ਡਿਫੈਂਸ ਇਨੋਵੇਸ਼ਨ ਪ੍ਰੋਗਰਾਮ, ਮੰਥਨ 2022 ਵਿੱਚ ਸੌ ਤੋਂ ਵੱਧ ਸਟਾਰਟਅੱਪਸ ਨੂੰ ਆਪਣੀਆਂ ਕਾਢਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਵੇਗਾ। ਇਸ ਇਵੈਂਟ ਦੌਰਾਨ 'ਬੰਧਨ' ਪ੍ਰੋਗਰਾਮ ਜ਼ਰੀਏ 451 ਸਾਂਝੇਦਾਰੀਆਂ/ਲਾਂਚਾਂ ਵੀ ਹੋਣਗੀਆਂ।
ਪ੍ਰਧਾਨ ਮੰਤਰੀ ਤ੍ਰਿਮੰਦਿਰ, ਅਡਾਲਜ ਵਿਖੇ ਮਿਸ਼ਨ ਸਕੂਲਸ ਆਵੑ ਐਕਸੀਲੈਂਸ ਦੀ ਵੀ ਸ਼ੁਰੂਆਤ ਕਰਨਗੇ। ਇਸ ਮਿਸ਼ਨ ਦੀ ਕਲਪਨਾ 10,000 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ ਕੀਤੀ ਗਈ ਹੈ। ਤ੍ਰਿਮੰਦਿਰ ਵਿਖੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਲਗਭਗ 4260 ਕਰੋੜ ਰੁਪਏ ਦੇ ਪ੍ਰੋਜੈਕਟ ਲਾਂਚ ਕਰਨਗੇ। ਇਹ ਮਿਸ਼ਨ ਗੁਜਰਾਤ ਵਿੱਚ ਨਵੇਂ ਕਲਾਸਰੂਮ, ਸਮਾਰਟ ਕਲਾਸ ਰੂਮ, ਕੰਪਿਊਟਰ ਲੈਬਾਂ ਦੀ ਸਥਾਪਨਾ ਅਤੇ ਰਾਜ ਵਿੱਚ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਸਮੁੱਚੀ ਅਪਗ੍ਰੇਡੇਸ਼ਨ ਰਾਹੀਂ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਜੂਨਾਗੜ੍ਹ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਤਕਰੀਬਨ 3580 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਲਾਪਤਾ ਲਿੰਕਾਂ (ਮਿਸਿੰਗ ਲਿੰਕਸ) ਦੇ ਨਿਰਮਾਣ ਦੇ ਨਾਲ-ਨਾਲ ਕੋਸਟਲ ਹਾਈਵੇਅ ਦੇ ਸੁਧਾਰ ਲਈ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 13 ਜ਼ਿਲ੍ਹਿਆਂ ਵਿੱਚ ਕੁੱਲ 270 ਕਿਲੋਮੀਟਰ ਤੋਂ ਵੱਧ ਲੰਬੇ ਹਾਈਵੇਅ ਨੂੰ ਕਵਰ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਜੂਨਾਗੜ੍ਹ ਵਿਖੇ ਦੋ ਜਲ ਸਪਲਾਈ ਪ੍ਰੋਜੈਕਟਾਂ ਅਤੇ ਖੇਤੀ ਉਤਪਾਦਾਂ ਦੇ ਭੰਡਾਰਨ ਲਈ ਗੋਦਾਮ ਕੰਪਲੈਕਸ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣਗੇ। ਪੋਰਬੰਦਰ ਵਿਖੇ, ਪ੍ਰਧਾਨ ਮੰਤਰੀ ਸ਼੍ਰੀ ਕ੍ਰਿਸ਼ਨ ਰੁਕਸ਼ਮਣੀ ਮੰਦਿਰ, ਮਾਧਵਪੁਰ ਦੇ ਸਰਵਪੱਖੀ ਵਿਕਾਸ ਲਈ ਨੀਂਹ ਪੱਥਰ ਰੱਖਣਗੇ। ਉਹ ਪੋਰਬੰਦਰ ਫਿਸ਼ਰੀ ਹਾਰਬਰ ਵਿਖੇ ਸੀਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟਾਂ ਅਤੇ ਰੱਖ-ਰਖਾਅ ਲਈ ਨੀਂਹ ਪੱਥਰ ਵੀ ਰੱਖਣਗੇ। ਉਹ ਗਿਰ ਸੋਮਨਾਥ ਵਿਖੇ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਜਿਨ੍ਹਾਂ ਵਿੱਚ ਮਾਧਵਾੜ ਵਿਖੇ ਮੱਛੀ ਫੜਨ ਵਾਲੀ ਬੰਦਰਗਾਹ ਦਾ ਵਿਕਾਸ ਵੀ ਸ਼ਾਮਲ ਹੈ।
ਰਾਜਕੋਟ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਰਾਜਕੋਟ ਵਿੱਚ ਲਗਭਗ 5860 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਇੰਡੀਆ ਅਰਬਨ ਹਾਊਸਿੰਗ ਕਨਕਲੇਵ 2022 ਦਾ ਉਦਘਾਟਨ ਵੀ ਕਰਨਗੇ, ਜਿਸ ਵਿੱਚ ਭਾਰਤ ਵਿੱਚ ਰਿਹਾਇਸ਼ ਨਾਲ ਸਬੰਧਿਤ ਵਿਭਿੰਨ ਪਹਿਲੂਆਂ ਨੂੰ ਸ਼ਾਮਲ ਕਰਨ ਲਈ ਵਿਚਾਰ-ਵਟਾਂਦਰਾ ਹੋਵੇਗਾ ਜਿਸ ਵਿੱਚ ਯੋਜਨਾਬੰਦੀ, ਡਿਜ਼ਾਈਨ, ਨੀਤੀ, ਨਿਯਮ, ਲਾਗੂਕਰਨ, ਵਧੇਰੇ ਟਿਕਾਊਤਾ ਅਤੇ ਸਮਾਵੇਸ਼ ਦੀ ਸ਼ੁਰੂਆਤ ਸ਼ਾਮਲ ਹੈ। ਜਨ ਸਭਾ ਤੋਂ ਬਾਅਦ, ਪ੍ਰਧਾਨ ਮੰਤਰੀ ਇਨੋਵੇਟਿਵ ਨਿਰਮਾਣ ਵਿਵਹਾਰਾਂ 'ਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ।
ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਲਾਈਟ ਹਾਊਸ ਪ੍ਰੋਜੈਕਟ ਤਹਿਤ ਬਣਾਏ ਗਏ 1100 ਤੋਂ ਵੱਧ ਘਰਾਂ ਨੂੰ ਸਮਰਪਿਤ ਕਰਨਗੇ। ਇਨ੍ਹਾਂ ਮਕਾਨਾਂ ਦੀਆਂ ਚਾਬੀਆਂ ਵੀ ਲਾਭਾਰਥੀਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਹ ਜਲ ਸਪਲਾਈ ਪ੍ਰੋਜੈਕਟ: ਬ੍ਰਾਹਮਣੀ-2 ਡੈਮ ਤੋਂ ਨਰਮਦਾ ਕੈਨਾਲ ਪੰਪਿੰਗ ਸਟੇਸ਼ਨ ਤੱਕ ਮੋਰਬੀ-ਬਲਕ ਪਾਈਪਲਾਈਨ ਪ੍ਰੋਜੈਕਟ ਨੂੰ ਸਮਰਪਿਤ ਕਰਨਗੇ। ਉਨ੍ਹਾਂ ਦੁਆਰਾ ਸਮਰਪਿਤ ਕੀਤੇ ਜਾ ਰਹੇ ਹੋਰ ਪ੍ਰੋਜੈਕਟਾਂ ਵਿੱਚ ਰੀਜਨਲ ਵਿਗਿਆਨ ਕੇਂਦਰ, ਫਲਾਈਓਵਰ ਬ੍ਰਿਜ ਅਤੇ ਰੋਡ ਸੈਕਟਰ ਨਾਲ ਸਬੰਧਿਤ ਹੋਰ ਪ੍ਰੋਜੈਕਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਗੁਜਰਾਤ ਵਿੱਚ ਐੱਨਐੱਚ27 ਦੇ ਰਾਜਕੋਟ-ਗੋਂਡਲ-ਜੇਤਪੁਰ ਸੈਕਸ਼ਨ ਦੇ ਮੌਜੂਦਾ ਚਾਰ ਮਾਰਗੀ ਦੇ ਛੇ ਮਾਰਗੀ ਸੜਕ ਦਾ ਨੀਂਹ ਪੱਥਰ ਰੱਖਣਗੇ। ਉਹ ਮੋਰਬੀ, ਰਾਜਕੋਟ, ਬੋਟਾਦ, ਜਾਮਨਗਰ ਅਤੇ ਕੱਛ ਵਿੱਚ ਵਿਭਿੰਨ ਸਥਾਨਾਂ 'ਤੇ ਤਕਰੀਬਨ 2950 ਕਰੋੜ ਰੁਪਏ ਦੀ ਲਾਗਤ ਵਾਲੇ ਜੀਆਈਡੀਸੀ ਉਦਯੋਗਿਕ ਇਸਟੇਟ ਦਾ ਨੀਂਹ ਪੱਥਰ ਵੀ ਰੱਖਣਗੇ। ਹੋਰ ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਗੜ੍ਹਕਾ ਵਿਖੇ ਅਮੁਲ ਦੁਆਰਾ ਤਿਆਰ ਡੇਅਰੀ ਪਲਾਂਟ, ਰਾਜਕੋਟ ਵਿੱਚ ਇਨਡੋਰ ਸਪੋਰਟਸ ਕੰਪਲੈਕਸ ਦਾ ਨਿਰਮਾਣ, ਦੋ ਜਲ ਸਪਲਾਈ ਪ੍ਰੋਜੈਕਟ ਅਤੇ ਸੜਕਾਂ ਅਤੇ ਰੇਲਵੇ ਖੇਤਰ ਦੇ ਹੋਰ ਪ੍ਰੋਜੈਕਟ ਸ਼ਾਮਲ ਹਨ।
ਕੇਵਡੀਆ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਮਹਾਮਹਿਮ ਮਿਸਟਰ ਐਂਟੋਨੀਓ ਗੁਟੇਰੇਸ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਤੋਂ ਬਾਅਦ, ਸਟੈਚੂ ਆਵੑ ਯੂਨਿਟੀ, ਏਕਤਾ ਨਗਰ, ਕੇਵਡੀਆ ਵਿਖੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਮਿਸ਼ਨ ਲਾਈਫ (Mission LiFE) ਦੀ ਸ਼ੁਰੂਆਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤੀ ਗਈ, ਇਹ ਭਾਰਤ ਦੀ ਅਗਵਾਈ ਵਾਲੀ ਇੱਕ ਆਲਮੀ ਜਨ ਅੰਦੋਲਨ (ਗਲੋਬਲ ਮਾਸ ਮੂਵਮੈਂਟ) ਹੋਣ ਦੀ ਉਮੀਦ ਹੈ ਜੋ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ਼ ਲਈ ਵਿਅਕਤੀਗਤ ਅਤੇ ਸਮੂਹਿਕ ਕਾਰਵਾਈ ਨੂੰ ਪ੍ਰੇਰਿਤ ਕਰੇਗੀ।
ਮਿਸ਼ਨ ਲਾਈਫ ਦਾ ਉਦੇਸ਼ ਸਥਿਰਤਾ ਪ੍ਰਤੀ ਸਾਡੀ ਸਮੂਹਿਕ ਅਪਰੋਚ ਨੂੰ ਬਦਲਣ ਲਈ ਤਿੰਨ-ਪੱਖੀ ਰਣਨੀਤੀ ਦਾ ਪਾਲਣ ਕਰਨਾ ਹੈ। ਸਭ ਤੋਂ ਪਹਿਲਾਂ ਵਿਅਕਤੀਆਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ (ਮੰਗ) ਵਿੱਚ ਸਧਾਰਨ ਪਰ ਪ੍ਰਭਾਵਸ਼ਾਲੀ ਵਾਤਾਵਰਣ-ਅਨੁਕੂਲ ਕਿਰਿਆਵਾਂ ਵਾਲਾ ਵਿਵਹਾਰ ਕਰਨ ਲਈ ਪ੍ਰੇਰਿਤ ਕਰਨਾ ਹੈ; ਦੂਸਰਾ ਹੈ ਉਦਯੋਗਾਂ ਅਤੇ ਬਜ਼ਾਰਾਂ ਨੂੰ ਬਦਲਦੀ ਮੰਗ (ਸਪਲਾਈ) ਲਈ ਤੇਜ਼ੀ ਨਾਲ ਜਵਾਬ ਦੇਣ ਦੇ ਸਮਰੱਥ ਬਣਾਉਣਾ ਅਤੇ; ਤੀਸਰਾ ਹੈ ਟਿਕਾਊ ਖਪਤ ਅਤੇ ਉਤਪਾਦਨ (ਨੀਤੀ) ਦੋਵਾਂ ਦਾ ਸਮਰਥਨ ਕਰਨ ਲਈ ਸਰਕਾਰੀ ਅਤੇ ਉਦਯੋਗਿਕ ਨੀਤੀ ਨੂੰ ਪ੍ਰਭਾਵਿਤ ਕਰਨਾ।
ਪ੍ਰਧਾਨ ਮੰਤਰੀ ਵਿਦੇਸ਼ ਮੰਤਰਾਲੇ ਦੁਆਰਾ ਕੇਵਡੀਆ ਵਿੱਚ 20-22 ਅਕਤੂਬਰ 2022 ਤੱਕ ਆਯੋਜਿਤ ਕੀਤੇ ਜਾ ਰਹੇ 10ਵੇਂ ਮਿਸ਼ਨ ਮੁਖੀ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ। ਇਹ ਕਾਨਫਰੰਸ ਦੁਨੀਆ ਭਰ ਦੇ 118 ਭਾਰਤੀ ਮਿਸ਼ਨਾਂ ਦੇ ਮੁਖੀਆਂ (ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ) ਨੂੰ ਇਕੱਠਾ ਕਰੇਗੀ। ਤਿੰਨ ਦਿਨਾਂ ਵਿੱਚ ਫੈਲੇ ਆਪਣੇ 23 ਸੈਸ਼ਨਾਂ ਰਾਹੀਂ, ਕਾਨਫਰੰਸ ਸਮਕਾਲੀ ਭੂ-ਰਾਜਨੀਤਿਕ ਅਤੇ ਭੂ-ਆਰਥਿਕ ਵਾਤਾਵਰਣ, ਸੰਪਰਕ, ਭਾਰਤ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਆਦਿ ਜਿਹੇ ਮੁੱਦਿਆਂ 'ਤੇ ਵਿਸਤ੍ਰਿਤ ਅੰਦਰੂਨੀ ਚਰਚਾ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਮਿਸ਼ਨਾਂ ਦੇ ਮੁਖੀ ਇਸ ਸਮੇਂ ਭਾਰਤ ਦੇ ਫਲੈਗਸ਼ਿਪ ਮਿਸ਼ਨਾਂ ਜਿਵੇਂ ਕਿ ਖ਼ਾਹਿਸ਼ੀ ਜ਼ਿਲ੍ਹੇ, ਇੱਕ ਜ਼ਿਲ੍ਹਾ ਇੱਕ ਉਤਪਾਦ, ਅੰਮ੍ਰਿਤ ਸਰੋਵਰ ਮਿਸ਼ਨ ਆਦਿ ਬਾਰੇ ਜਾਣੂ ਕਰਵਾਉਣ ਲਈ ਆਪੋ-ਆਪਣੇ ਰਾਜਾਂ ਦਾ ਦੌਰਾ ਕਰ ਰਹੇ ਹਨ।
ਵਯਾਰਾ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਵਯਾਰਾ, ਤਾਪੀ ਵਿੱਚ 1970 ਕਰੋੜ ਰੁਪਏ ਤੋਂ ਵੱਧ ਦੀਆਂ ਬਹੁਪੱਖੀ ਵਿਕਾਸ ਪਹਿਲਾਂ ਦਾ ਨੀਂਹ ਪੱਥਰ ਰੱਖਣਗੇ। ਉਹ ਲਾਪਤਾ ਲਿੰਕਾਂ ਦੇ ਨਿਰਮਾਣ ਦੇ ਨਾਲ-ਨਾਲ ਸਾਪੁਤਾਰਾ ਤੋਂ ਸਟੈਚੂ ਆਵੑ ਯੂਨਿਟੀ ਤੱਕ ਸੜਕ ਦੇ ਸੁਧਾਰ ਲਈ ਨੀਂਹ ਪੱਥਰ ਰੱਖਣਗੇ। ਹੋਰ ਪ੍ਰੋਜੈਕਟ ਜਿਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਉਨ੍ਹਾਂ ਵਿੱਚ ਤਾਪੀ ਅਤੇ ਨਰਮਦਾ ਜ਼ਿਲ੍ਹਿਆਂ ਵਿੱਚ 300 ਕਰੋੜ ਰੁਪਏ ਤੋਂ ਵੱਧ ਦੇ ਜਲ ਸਪਲਾਈ ਪ੍ਰੋਜੈਕਟ ਸ਼ਾਮਲ ਹਨ।