ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਦਸੰਬਰ, 2023 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ 'ਵੀਰ ਬਾਲ ਦਿਵਸ' ਦੇ ਅਵਸਰ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਅਵਸਰ 'ਤੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਨੌਜਵਾਨਾਂ ਦੇ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿਖਾਉਣਗੇ।
ਇਸ ਦਿਵਸ ਨੂੰ ਮਨਾਉਣ ਲਈ ਸਰਕਾਰ ਨਾਗਰਿਕਾਂ, ਵਿਸ਼ੇਸ਼ ਤੌਰ ‘ਤੇ ਛੋਟੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਅਦਮਯ (ਮਿਸਾਲੀ) ਸਾਹਸ ਦੀ ਕਹਾਣੀ ਤੋਂ ਜਾਣੂ ਕਰਵਾਉਣ ਅਤੇ ਸਿੱਖਿਅਤ ਕਰਨ ਲਈ ਪੂਰੇ ਦੇਸ਼ ਵਿੱਚ ਸਹਿਭਾਗੀ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਸਾਹਿਬਜ਼ਾਦਿਆਂ ਦੇ ਜੀਵਨ ਦੀ ਕਹਾਣੀ ਅਤੇ ਬਲਿਦਾਨ ਬਾਰੇ ਦੱਸਣ ਵਾਲੀ ਇੱਕ ਡਿਜੀਟਲ ਪ੍ਰਦਰਸ਼ਨੀ ਦੇਸ਼ ਭਰ ਦੇ ਸਕੂਲਾਂ ਅਤੇ ਬਾਲ ਦੇਖਭਾਲ ਸੰਸਥਾਨਾਂ ਵਿੱਚ ਲਗਾਈ ਜਾਵੇਗੀ। 'ਵੀਰ ਬਾਲ ਦਿਵਸ' 'ਤੇ ਇੱਕ ਫਿਲਮ ਵੀ ਦੇਸ਼ ਭਰ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ। ਨਾਲ ਹੀ, ਮਾਈਭਾਰਤ (MYBharat )ਅਤੇ ਮਾਈਗੋਵ (MyGov) ਪੋਰਟਲ ਦੇ ਮਾਧਿਅਮ ਨਾਲ ਇੰਟਰਐਕਟਿਵ ਕੁਇਜ਼ ਜਿਹੀਆਂ ਵਿਭਿੰਨ ਔਨਲਾਈਨ ਪ੍ਰਤੀਯੋਗਿਤਾਵਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ ।
9 ਜਨਵਰੀ 2022 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇਹ ਸਿੰਘ ਜੀ ਦੀ ਸ਼ਹਾਦਤ ਦੀ ਯਾਦ ਵਿੱਚ 'ਵੀਰ ਬਾਲ ਦਿਵਸ' ਮਨਾਇਆ ਜਾਵੇਗਾ।