ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਅਗਸਤ ਨੂੰ ਦੁਪਹਿਰ 12 ਵਜੇ ਭਾਰਤ ਮੰਡਪਮ, ਪ੍ਰਗਤੀ ਮੈਦਾਨ, ਦਿੱਲੀ ਵਿਖੇ ਰਾਸ਼ਟਰੀ ਹੈਂਡਲੂਮ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਹਮੇਸ਼ਾ ਹੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪ੍ਰੋਤਸਾਹਨ ਅਤੇ ਨੀਤੀਗਤ ਸਮਰਥਨ ਦੇਣ ਦੇ ਪੱਕੇ ਸਮਰਥਕ ਰਹੇ ਹਨ, ਜੋ ਦੇਸ਼ ਦੀ ਕਲਾ ਅਤੇ ਸ਼ਿਲਪਕਾਰੀ ਦੀ ਸਮ੍ਰਿੱਧ ਪਰੰਪਰਾ ਨੂੰ ਜ਼ਿੰਦਾ ਰੱਖ ਰਹੇ ਹਨ।
ਇਸ ਵਿਜ਼ਨ ਤੋਂ ਸੇਧ ਲੈ ਕੇ, ਸਰਕਾਰ ਨੇ ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣਾ ਸ਼ੁਰੂ ਕੀਤਾ, ਇਸ ਤਰ੍ਹਾਂ ਦਾ ਪਹਿਲਾ ਜਸ਼ਨ 7 ਅਗਸਤ, 2015 ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਤਾਰੀਖ ਨੂੰ ਵਿਸ਼ੇਸ਼ ਤੌਰ 'ਤੇ ਸਵਦੇਸ਼ੀ ਅੰਦੋਲਨ ਦੇ ਸਨਮਾਨ ਵਜੋਂ ਚੁਣਿਆ ਗਿਆ ਸੀ ਜੋ 7 ਅਗਸਤ, 1905 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਜਿਸ ਨੇ ਸਵਦੇਸ਼ੀ ਉਦਯੋਗਾਂ ਅਤੇ ਖਾਸ ਤੌਰ 'ਤੇ ਹੈਂਡਲੂਮ ਬੁਣਕਰਾਂ ਨੂੰ ਉਤਸ਼ਾਹਿਤ ਕੀਤਾ ਸੀ।
ਇਸ ਸਾਲ 9ਵਾਂ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ “ ਭਾਰਤੀ ਕੱਪੜੇ ਅਤੇ ਸ਼ਿਲਪ ਕੋਸ਼” - ਕੱਪੜਾ ਅਤੇ ਸ਼ਿਲਪਕਾਰੀ ਦਾ ਭੰਡਾਰ - ਦਾ ਈ-ਪੋਰਟਲ ਵੀ ਲਾਂਚ ਕਰਨਗੇ ਜੋ ਕਿ ਨੈਸ਼ਨਲ ਇੰਸਟੀਟਿਊਟ ਆਵੑ ਫੈਸ਼ਨ ਟੈਕਨੋਲੋਜੀ (ਐੱਨਆਈਐੱਫਟੀ - NIFT) ਦੁਆਰਾ ਵਿਕਸਿਤ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਟੈਕਸਟਾਈਲ ਅਤੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰੇ (ਐੱਮਐੱਸਐੱਮਈ) ਸੈਕਟਰਾਂ ਦੇ 3000 ਤੋਂ ਵੱਧ ਹੈਂਡਲੂਮ ਅਤੇ ਖਾਦੀ ਬੁਣਕਰ, ਕਾਰੀਗਰ ਅਤੇ ਹਿਤਧਾਰਕ ਸ਼ਾਮਲ ਹੋਣਗੇ। ਇਹ ਭਾਰਤ ਭਰ ਦੇ ਹੈਂਡਲੂਮ ਕਲੱਸਟਰਾਂ, ਐੱਨਆਈਐੱਫਟੀ ਕੈਂਪਸ, ਵੀਵਰ ਸਰਵਿਸ ਸੈਂਟਰ, ਇੰਡੀਅਨ ਇੰਸਟੀਟਿਊਟ ਆਵੑ ਹੈਂਡਲੂਮ ਟੈਕਨੋਲੋਜੀ ਕੈਂਪਸ, ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ, ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ, ਕੇਵੀਆਈਸੀ ਸੰਸਥਾਵਾਂ ਅਤੇ ਵਿਭਿੰਨ ਸਟੇਟ ਹੈਂਡਲੂਮ ਵਿਭਾਗਾਂ ਨੂੰ ਇੱਕਠਾ ਕਰੇਗਾ।