ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 13 ਦਸੰਬਰ, 2022 ਨੂੰ ਸ਼ਾਮ 5 ਵਜੇ ਵੀਡੀਓ ਕਾਨਫਰੰਸ ਦੇ ਜ਼ਰੀਏ ਸ਼੍ਰੀ ਅਰਬਿੰਦੋ ਦੀ 150ਵੀਂ ਜਨਮ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਹੇਠ ਕੰਬਨ ਕਲਈ ਸੰਗਮ, ਪੁਡੂਚੇਰੀ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼੍ਰੀ ਅਰਬਿੰਦੋ ਦੇ ਸਨਮਾਨ ਵਿੱਚ ਇੱਕ ਸਮਾਰਕ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ 'ਤੇ ਸਭਾ ਨੂੰ ਵੀ ਸੰਬੋਧਨ ਕਰਨਗੇ, ਜਿਸ ਵਿੱਚ ਦੇਸ਼ ਭਰ ਤੋਂ ਸ਼੍ਰੀ ਅਰਬਿੰਦੋ ਦੇ ਅਨੁਯਾਈ ਸ਼ਾਮਲ ਹੋਣਗੇ।
ਸ਼੍ਰੀ ਅਰਬਿੰਦੋ ਦਾ ਜਨਮ 15 ਅਗਸਤ, 1872 ਨੂੰ ਹੋਇਆ ਸੀ। ਉਹ ਇੱਕ ਦੂਰਦਰਸ਼ੀ ਵਿਅਕਤੀ ਸਨ। ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਅਸਾਧਾਰਣ ਯੋਗਦਾਨ ਦਿੱਤਾ। ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਅਵਸਰ 'ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। ਇਸ ਮਹੋਤਸਵ ਦੇ ਦੌਰਾਨ ਭਾਰਤ ਦੇ ਲੋਕਾਂ, ਇਸ ਦੇ ਸੱਭਿਆਚਾਰ ਅਤੇ ਉਪਲਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਜਸ਼ਨ ਮਨਾਉਣ ਦਾ ਇੱਕ ਪ੍ਰਯਾਸ ਹੈ। ਇਸ ਅਵਸਰ ’ਤੇ ਦੇਸ਼ ਭਰ ਵਿੱਚ ਸਾਲ ਭਰ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹੋਏ ਸ਼੍ਰੀ ਅਰਬਿੰਦੋ ਦੀ 150ਵੀਂ ਜਨਮ ਵਰ੍ਹੇਗੰਢ ਮਨਾਈ ਜਾ ਰਹੀ ਹੈ।