ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ, 2022 ਨੂੰ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਦਿੱਲੀ ਵਿਖੇ ਦੁਪਹਿਰ 12 ਵੱਜ ਕੇ 30 ਮਿੰਟ ‘ਤੇ ‘ਵੀਰ ਬਾਲ ਦਿਵਸ’ ਦੇ ਇਤਿਹਾਸਿਕ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਲਗਭਗ ਤਿੰਨ ਸੌ ਬਾਲ ਕੀਰਤਨੀਆਂ ਦੁਆਰਾ ਕੀਤੇ ਜਾਣ ਵਾਲੇ ‘ਸ਼ਬਦ ਕੀਰਤਨ’ ਵਿੱਚ ਸ਼ਾਮਲ ਹੋਣਗੇ। ਇਸ ਅਹਿਮ ਮੌਕੇ 'ਤੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਕਰੀਬ ਤਿੰਨ ਹਜ਼ਾਰ ਬੱਚਿਆਂ ਦੁਆਰਾ ਮਾਰਚ ਪਾਸਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਸਾਹਿਬਜ਼ਾਦਿਆਂ ਦੇ ਮਿਸਾਲੀ ਸਾਹਸ ਦੀ ਕਹਾਣੀ ਬਾਰੇ ਦੇਸ਼ ਦੇ ਨਾਗਰਿਕਾਂ, ਖਾਸ ਕਰਕੇ ਛੋਟੇ ਬੱਚਿਆਂ ਨੂੰ ਜਾਣੂ ਕਰਵਾਉਣ ਅਤੇ ਸਿੱਖਿਅਤ ਕਰਨ ਲਈ ਸਰਕਾਰ ਦੇਸ਼ ਭਰ ਵਿੱਚ ਇੰਟਰਐਕਟਿਵ ਅਤੇ ਭਾਗੀਦਾਰੀ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ। ਇਸ ਕੋਸ਼ਿਸ਼ ਵਿੱਚ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਲੇਖ ਲਿਖਣ, ਕੁਇਜ਼ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਦੇਸ਼ ਭਰ ਵਿੱਚ ਪਬਲਿਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨਾਂ, ਪੈਟਰੋਲ ਪੰਪਾਂ, ਹਵਾਈ ਅੱਡਿਆਂ ਆਦਿ 'ਤੇ ਡਿਜੀਟਲ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਜਿੱਥੇ ਪਤਵੰਤੇ ਸੱਜਣ ਸਾਹਿਬਜ਼ਾਦਿਆਂ ਦੀ ਜੀਵਨ ਗਾਥਾ ਅਤੇ ਬਲੀਦਾਨ ਨੂੰ ਬਿਆਨ ਕਰਨਗੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ, 9 ਜਨਵਰੀ 2022 ਨੂੰ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾਵੇਗਾ।