ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਮਈ ਨੂੰ ਦੁਪਹਿਰ ਲਗਭਗ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਓਡੀਸ਼ਾ ਵਿੱਚ 8000 ਕਰੋੜ ਰੁਪਏ ਤੋਂ ਅਧਿਕ ਦੇ ਕਈ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲੋਕ-ਅਰਪਣ ਕਰਨਗੇ।
ਸਮਾਗਮ ਦੇ ਦੌਰਾਨ, ਪ੍ਰਧਾਨ ਮੰਤਰੀ ਪੁਰੀ ਅਤੇ ਹਾਵੜਾ ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਓਡੀਸ਼ਾ ਦੇ ਖੋਰਧਾ, ਕਟਕ, ਜਾਜਪੁਰ, ਭਦ੍ਰਕ, ਬਾਲੇਸ਼ਵਰ ਜ਼ਿਲ੍ਹਿਆਂ ਅਤੇ ਪੱਛਮੀ ਬੰਗਾਲ ਦੇ ਪੱਛਮ ਮੇਦਿਨੀਪੁਰ, ਪੁਰਬਾ ਮੇਦਿਨੀਪੁਰ ਜ਼ਿਲ੍ਹਿਆਂ ਤੋਂ ਗੁਜਰੇਗੀ। ਇਹ ਟ੍ਰੇਨ ਯਾਤਰੀਆਂ ਨੂੰ ਅਰਾਮਦਾਇਕ ਅਤੇ ਸੁਵਿਧਾਜਨਕ ਅਤੇ ਘੱਟ ਸਮੇਂ ਵਿੱਚ ਯਾਤਰਾ ਅਨੁਭਵ ਪ੍ਰਦਾਨ ਕਰੇਗੀ। ਇਸ ਨਾਲ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ।
ਪ੍ਰਧਾਨ ਮੰਤਰੀ ਪੁਰੀ ਅਤੇ ਕਟਕ ਰੇਲਵੇ ਸਟੇਸ਼ਨਾਂ ਦੇ ਪੁਨਰ -ਵਿਕਾਸ ਦਾ ਨੀਂਹ ਪੱਥਰ ਵੀ ਰੱਖਣਗੇ। ਪੁਨਰ-ਵਿਕਸਿਤ ਸਟੇਸ਼ਨਾਂ ਵਿੱਚ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਆਧੁਨਿਕ ਸੇਵਾਵਾਂ ਹੋਣਗੀਆਂ।
ਪ੍ਰਧਾਨ ਮੰਤਰੀ ਓਡੀਸ਼ਾ ਵਿੱਚ ਰੇਲ ਨੈੱਟਵਰਕ ਦੇ 100% ਬਿਜਲੀਕਰਣ ਦਾ ਲੋਕ-ਅਰਪਣ ਕਰਨਗੇ। ਇਸ ਨਾਲ ਸੰਚਾਲਨ ਅਤੇ ਰੱਖ-ਰਖਾਅ ਲਾਗਤ ਘੱਟ ਹੋਵੇਗੀ ਅਤੇ ਆਯਾਤ ਕੀਤੇ ਗਏ ਕੱਚੇ ਤੇਲ ’ਤੇ ਨਿਰਭਰਤਾ ਘੱਟ ਹੋਵੇਗੀ।
ਪ੍ਰਧਾਨ ਮੰਤਰੀ ਸੰਬਲਪੁਰ-ਟਿਟਲਾਗੜ੍ਹ ਰੇਲ ਲਾਈਨ ਦੇ ਦੋਹਰੀਕਰਣ ਦਾ ਵੀ ਲੋਕ-ਅਰਪਣ ਕਰਨਗੇ। ਉਹ ਅੰਗੁਲ-ਸੁਕਿੰਦਾ ਦੇ ਦਰਮਿਆਨ ਇੱਕ ਨਵੀਂ ਬ੍ਰਾਡ-ਗੇਜ ਰੇਲਵੇ ਲਾਈਨ, ਮਨੋਹਰਪੁਰ-ਰਾਉਰਕੇਲਾ-ਝਾਰਸੁਗੁੜਾ-ਜਮਗਾ ਨੂੰ ਜੋੜਣ ਵਾਲੀ ਤੀਸਰੀ ਲਾਈਨ ਅਤੇ ਬਿਛੁਪਾਲੀ-ਝਰਤਰਭਾ ਦੇ ਦਰਮਿਆਨ ਨਵੀਂ ਬ੍ਰਾਡ-ਗੇਜ਼ ਲਾਈਨ ਦਾ ਵੀ ਲੋਕ-ਅਰਪਣ ਕਰਨਗੇ। ਇਸ ਨਾਲ ਓਡੀਸ਼ਾ ਵਿੱਚ ਸਟੀਲ, ਬਿਜਲੀ ਅਤੇ ਮਾਇਨਿੰਗ ਖੇਤਰਾਂ ਵਿੱਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਸਦਕਾ ਵਧਦੀਆਂ ਟ੍ਰੈਫਿਕ ਮੰਗਾਂ ਪੂਰੀਆਂ ਹੋ ਸਕਣਗੀਆਂ ਅਤੇ ਇਨ੍ਹਾਂ ਰੇਲ ਸੈਕਸ਼ਨਾਂ ਵਿੱਚ ਪੈਸੰਜਰਸ ਟ੍ਰੈਫਿਕ ’ਤੇ ਦਬਾਅ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।