ਪੰਢਰਪੁਰ ਨੂੰ ਸ਼ਰਧਾਲੂਆਂ ਦੀ ਆਵਾਜਾਈ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਨਵੰਬਰ, 2021 ਨੂੰ ਦੁਪਹਿਰ 3:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ ਪਾਲਖੀ ਮਾਰਗ (NH-965) ਦੇ ਪੰਜ ਭਾਗਾਂ ਅਤੇ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਪਾਲਖੀ ਮਾਰਗ (NH-965G) ਦੇ ਤਿੰਨ ਭਾਗਾਂ ਨੂੰ ਚਾਰ–ਮਾਰਗੀ (ਫ਼ੋਰ–ਲੇਨਿੰਗ) ਕਰਨ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਰਾਸ਼ਟਰੀ ਰਾਜ ਮਾਰਗਾਂ ਦੇ ਦੋਵੇਂ ਪਾਸੇ 'ਪਾਲਖੀ' ਲਈ ਪੈਦਲ ਚਲਣ ਵਾਲਿਆਂ ਨੂੰ ਸਮਰਪਿਤ ਰਸਤਿਆਂ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਸ਼ਰਧਾਲੂਆਂ ਨੂੰ ਮੁਸ਼ਕਲ ਰਹਿਤ ਅਤੇ ਸੁਰੱਖਿਅਤ ਰਸਤਾ ਮਿਲੇਗਾ।
ਦਿਵੇਘਾਟ ਤੋਂ ਮੋਹੋਲ ਤੱਕ ਸੰਤ ਗਿਆਨੇਸ਼ਵਰ ਮਹਾਰਾਜ ਪਾਲਕੀ ਮਾਰਗ ਦੇ ਲਗਭਗ 221 ਕਿਲੋਮੀਟਰ ਅਤੇ ਪਟਾਸ ਤੋਂ ਟੋਂਦਲੇ-ਬੋਂਦਲੇ ਤੱਕ ਸੰਤ ਤੁਕਾਰਾਮ ਮਹਾਰਾਜ ਪਾਲਕੀ ਮਾਰਗ ਦੇ ਲਗਭਗ 130 ਕਿਲੋਮੀਟਰ ਦੇ ਰਸਤੇ 'ਤੇ ਦੋ ਪਾਸੇ 'ਪਾਲਖੀ' ਲਈ ਸਮਰਪਿਤ ਪੈਦਲ ਮਾਰਗਾਂ ਦੇ ਨਾਲ ਚਾਰ ਮਾਰਗੀ ਬਣਾਏ ਜਾਣਗੇ, ਜਿਨ੍ਹਾਂ ਦੀ ਅਨੁਮਾਨਿਤ ਲਾਗਤ ਕ੍ਰਮਵਾਰ 690 ਕਰੋੜ ਅਤੇ 4400 ਕਰੋੜ ਰੁਪਏ ਤੋਂ ਵੱਧ ਹੈ।
ਇਸ ਸਮਾਗਮ ਦੌਰਾਨ, ਪ੍ਰਧਾਨ ਮੰਤਰੀ 223 ਕਿਲੋਮੀਟਰ ਤੋਂ ਵੱਧ ਮੁਕੰਮਲ ਅਤੇ ਅੱਪਗ੍ਰੇਡ ਕੀਤੇ ਗਏ ਸੜਕੀ ਪ੍ਰੋਜੈਕਟਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦਾ ਨਿਰਮਾਣ ਪੰਢਰਪੁਰ ਨਾਲ ਸੰਪਰਕ ਵਧਾਉਣ ਲਈ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ 'ਤੇ 1180 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮ੍ਹਾਸਵੜ - ਪਿਲੀਵ - ਪੰਢਰਪੁਰ (NH 548E), ਕੁਰਦੂਵਾੜੀ - ਪੰਢਰਪੁਰ (NH 965C), ਪੰਢਰਪੁਰ - ਸੰਗੋਲਾ (NH 965C), NH 561A ਦਾ ਤੇਮਭੁਰਨੀ-ਪੰਢਰਪੁਰ ਸੈਕਸ਼ਨ ਅਤੇ NH 561A ਦਾ ਪੰਢਰਪੁਰ - ਮੰਗਲਵੇਢਾ - ਉਮਾਡੀ ਸੈਕਸ਼ਨ ਸ਼ਾਮਲ ਹਨ।
ਇਸ ਮੌਕੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਮੌਜੂਦ ਰਹਿਣਗੇ।