ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਜੂਨ 2022 ਨੂੰ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੱਕ ਵਿਸ਼ਵ–ਪੱਧਰੀ ਪਹਿਲ ‘ਲਾਈਫ ਸਟਾਈਲ ਫੌਰ ਦ ਐਨਵਾਇਰਮੈਂਟ (ਲਾਈਫ – LiFE) ਮੂਵਮੈਂਟ’ ਦੀ ਸ਼ੁਰੂਆਤ ਕਰਨਗੇ। ਇਹ ਲਾਂਚ 'ਲਾਈਫ ਗਲੋਬਲ ਕਾਲ ਫੌਰ ਪੇਪਰਸ' ਦੀ ਸ਼ੁਰੂਆਤ ਕਰੇਗੀ, ਜਿਸ ਨਾਲ ਅਕਾਦਮਿਕ, ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਆਦਿ ਤੋਂ ਵਿਚਾਰਾਂ ਤੇ ਸੁਝਾਵਾਂ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਜੋ ਵਿਸ਼ਵ ਭਰ ਦੇ ਵਿਅਕਤੀਆਂ, ਭਾਈਚਾਰਿਆਂ ਅਤੇ ਸੰਸਥਾਵਾਂ ਨੂੰ ਵਾਤਾਵਰਣ ਪ੍ਰਤੀ ਚੇਤੰਨ ਜੀਵਨ ਸ਼ੈਲੀ ਅਪਣਾਉਣ ਲਈ ਪ੍ਰਭਾਵਿਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ ਕੁੰਜੀਵਤ ਭਾਸ਼ਣ ਵੀ ਦੇਣਗੇ।
ਪ੍ਰੋਗਰਾਮ ’ਚ ਬਿਲ ਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿ-ਚੇਅਰਮੈਨ ਬਿਲ ਗੇਟਸ, ਲਾਰਡ ਨਿਕੋਲਸ ਸਟਰਨ, ਜਲਵਾਯੂ ਅਰਥਸ਼ਾਸਤਰੀ; ਪ੍ਰੋ. ਕੈਸ ਸਨਸਟੀਨ, ਨਜ ਥਿਊਰੀ ਦੇ ਲੇਖਕ; ਸ਼੍ਰੀ ਅਨਿਰੁਧ ਦਾਸਗੁਪਤਾ, ਸੀਈਓ ਅਤੇ ਪ੍ਰਧਾਨ ਵਿਸ਼ਵ ਸਰੋਤ ਸੰਸਥਾ; ਸ਼੍ਰੀਮਤੀ ਇੰਗਰ ਐਂਡਰਸਨ, ਯੂਐੱਨਈਪੀ ਗਲੋਬਲ ਹੈੱਡ; ਸ਼੍ਰੀ ਅਚੀਮ ਸਟੀਨਰ, ਯੂਐੱਨਡੀਪੀ ਦੇ ਗਲੋਬਲ ਹੈੱਡ ਅਤੇ ਸ਼੍ਰੀ ਡੇਵਿਡ ਮਾਲਪਾਸ, ਵਿਸ਼ਵ ਬੈਂਕ ਦੇ ਪ੍ਰਧਾਨ, ਸਮੇਤ ਹੋਰਨਾਂ ਦੀ ਸ਼ਮੂਲੀਅਤ ਵੀ ਦੇਖਣ ਨੂੰ ਮਿਲੇਗੀ।
ਲਾਈਫ ਦਾ ਵਿਚਾਰ ਪ੍ਰਧਾਨ ਮੰਤਰੀ ਦੁਆਰਾ ਪਿਛਲੇ ਸਾਲ ਗਲਾਸਗੋ ਵਿੱਚ 26ਵੀਂ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਸੀਓਪੀ26) ਦੌਰਾਨ ਪੇਸ਼ ਕੀਤਾ ਗਿਆ ਸੀ। ਇਹ ਵਿਚਾਰ ਵਾਤਾਵਰਣ ਪ੍ਰਤੀ ਚੇਤੰਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ ਜੋ 'ਬੇਸਮਝ ਤੇ ਤਬਾਹਕੁੰਨ ਖਪਤ' ਦੀ ਬਜਾਏ 'ਸਾਵਧਾਨ ਅਤੇ ਜਾਣਬੁੱਝ ਕੇ ਵਰਤੋਂ' 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।