ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਜੁਲਾਈ, 2022 ਨੂੰ ਸਵੇਰੇ 10 ਵਜੇ ਰਾਸ਼ਟਰਮੰਡਲ ਖੇਡਾਂ (ਸੀਡਬਲਿਊਜੀ) 2022 ਵਿੱਚ ਸ਼ਾਮਲ ਹੋਣ ਲਈ ਜਾ ਰਹੇ ਭਾਰਤੀ ਦਲ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਐਥਲੀਟਾਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਵੀ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਦੁਆਰਾ ਇਹ ਗੱਲਬਾਤ ਪ੍ਰਮੁੱਖ ਖੇਡ ਈਵੈਂਟਸ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਐਥਲੀਟਾਂ ਨੂੰ ਪ੍ਰੇਰਿਤ ਕਰਨ ਦੇ ਉਨ੍ਹਾਂ ਦੇ ਨਿਰੰਤਰ ਪ੍ਰਯਤਨਾਂ ਦਾ ਇੱਕ ਹਿੱਸਾ ਹੈ। ਪਿਛਲੇ ਸਾਲ, ਪ੍ਰਧਾਨ ਮੰਤਰੀ ਨੇ ਟੋਕੀਓ 2020 ਓਲੰਪਿਕਸ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਭਾਰਤੀ ਐਥਲੀਟਾਂ ਦੇ ਦਲ ਦੇ ਨਾਲ-ਨਾਲ ਟੋਕੀਓ 2020 ਪੈਰਾਲੰਪਿਕਸ ਖੇਡਾਂ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਭਾਰਤੀ ਪੈਰਾ-ਐਥਲੀਟਾਂ ਦੇ ਦਲ ਨਾਲ ਗੱਲਬਾਤ ਕੀਤੀ ਸੀ ।
ਇੱਥੋਂ ਤੱਕ ਕਿ ਖੇਡ ਪ੍ਰਤੀਯੋਗਿਤਾਵਾਂ ਦੇ ਦੌਰਾਨ ਵੀ, ਪ੍ਰਧਾਨ ਮੰਤਰੀ ਨੇ ਐਥਲੀਟਾਂ ਦੀ ਪ੍ਰਗਤੀ ਵਿੱਚ ਗਹਿਰੀ ਦਿਲਚਸਪੀ ਲਈ। ਕਈ ਮੌਕਿਆਂ 'ਤੇ ਤਾਂ, ਉਨ੍ਹਾਂ ਨੇ ਐਥਲੀਟਾਂ ਨੂੰ ਨਿਜੀ ਤੌਰ 'ਤੇ ਫੋਨ ਕਰਕੇ ਉਨ੍ਹਾਂ ਦੀ ਸਫ਼ਲਤਾ ਅਤੇ ਸੁਹਿਰਦ ਪ੍ਰਯਤਨਾਂ ਦੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਦੇ ਇਲਾਵਾ, ਭਾਰਤੀ ਦਲ ਦੇ ਦੇਸ਼ ਪਰਤਣ 'ਤੇ ਵੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ।
ਰਾਸ਼ਟਰਮੰਡਲ ਖੇਡਾਂ 2022 ਦਾ ਆਯੋਜਨ 28 ਜੁਲਾਈ ਤੋਂ 08 ਅਗਸਤ, 2022 ਤੱਕ ਬਰਮਿੰਘਮ ਵਿੱਚ ਹੋਣਾ ਤੈਅ ਹੈ। ਕੁੱਲ 215 ਐਥਲੀਟ, 19 ਖੇਡਾਂ ਦੇ 141 ਮੁਕਾਬਲਿਆਂ ਵਿੱਚ ਹਿੱਸਾ ਲੈ ਕੇ, ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।