ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਸਤੰਬਰ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੇਂਦਰ-ਰਾਜ ਵਿਗਿਆਨ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸਭਾ ਨੂੰ ਵੀ ਸੰਬੋਧਨ ਕਰਨਗੇ।
ਦੇਸ਼ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦੇ ਅਣਥਕ ਪ੍ਰਯਤਨਾਂ ਦੇ ਅਨੁਰੂਪ ਇਹ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਸੰਮੇਲਨ ਹੈ। ਸੰਮੇਲਨ ਦਾ ਉਦੇਸ਼ ਸਹਿਕਾਰੀ ਸੰਘਵਾਦ ਦੇ ਉਤਸ਼ਾਹ ਨਾਲ ਕੇਂਦਰ ਅਤੇ ਰਾਜ ਦੇ ਦਰਮਿਆਨ ਤਾਲਮੇਲ ਅਤੇ ਸਹਿਯੋਗ ਤੰਤਰ ਮਜ਼ਬੂਤ ਕਰਨਾ ਅਤੇ ਪੂਰੇ ਦੇਸ਼ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਦੇ ਇੱਕ ਸਸ਼ਕਤ ਈਕੋਸਿਸਟਮ ਦਾ ਨਿਰਮਾਣ ਕਰਨਾ ਹੈ।
ਦੋ-ਦਿਨਾ ਸੰਮੇਲਨ ਦਾ ਆਯੋਜਨ 10-11 ਸਤੰਬਰ, 2022 ਨੂੰ ਸਾਇੰਸ ਸਿਟੀ, ਅਹਿਮਦਾਬਾਦ ਵਿੱਚ ਕੀਤਾ ਜਾ ਰਿਹਾ ਹੈ। ਇਸ ਵਿੱਚ ਐੱਸਟੀਆਈ ਵਿਜ਼ਨ 2047; ਰਾਜਾਂ ਵਿੱਚ ਐੱਸਟੀਆਈ ਦੇ ਲਈ ਭਵਿੱਖ ਦੇ ਵਿਕਾਸ ਦੇ ਰਸਤੇ ਅਤੇ ਵਿਜ਼ਨ; ਸਿਹਤ – ਸਾਰਿਆਂ ਦੇ ਲਈ ਡਿਜੀਟਲ ਸਿਹਤ ਦੇਖਭਾਲ਼; 2030 ਤੱਕ ਰਿਸਰਚ ਤੇ ਵਿਕਾਸ ਵਿੱਚ ਨਿਜੀ ਖੇਤਰ ਦੇ ਨਿਵੇਸ਼ ਨੂੰ ਦੁੱਗਣਾ ਕਰਨਾ; ਖੇਤੀਬਾੜੀ – ਕਿਸਾਨਾਂ ਦੀ ਉਮਰ ਵਿੱਚ ਸੁਧਾਰ ਦੇ ਲਈ ਤਕਨੀਕੀ ਦਖਲਅੰਦਾਜ਼ੀ; ਜਲ – ਪੀਣ ਯੋਗ ਪੇਅਜਲ ਦੇ ਉਤਪਾਦਨ ਦੇ ਲਈ ਇਨੋਵੇਸ਼ਨ; ਊਰਜਾ- ਹਾਈਡ੍ਰੋਜਨ ਮਿਸ਼ਨ ਵਿੱਚ ਵਿਗਿਆਨ ਤੇ ਟੈਕਨੋਲੋਜੀ ਦੀ ਭੂਮਿਕਾ ਆਦਿ ਦੇ ਨਾਲ-ਨਾਲ ਸਾਰਿਆਂ ਦੇ ਲਈ ਸਵੱਛ ਊਰਜਾ; ਡੀਪ ਓਸ਼ਨ ਮਿਸ਼ਨ ਅਤੇ ਤਟਵਰਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦੇਸ਼ ਦੀ ਭਵਿੱਖ ਦੀ ਅਰਥਵਿਵਸਥਾ ਦੇ ਲਈ ਇਸ ਦੀ ਪ੍ਰਾਸੰਗਿਕਤਾ ਜਿਹੇ ਵਿਭਿੰਨ ਵਿਸ਼ਾਗਤ ਖੇਤਰਾਂ ‘ਤੇ ਸੈਸ਼ਨ ਸ਼ਾਮਲ ਹੋਣਗੇ।
ਆਪਣੀ ਤਰ੍ਹਾਂ ਦੇ ਪਹਿਲੇ ਸੰਮੇਲਨ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ, ਵਿਗਿਆਨ ਤੇ ਟੈਕਨੋਲੋਜੀ ਮੰਤਰੀ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੱਤਰ, ਉਦਯੋਗ ਜਗਤ ਦੇ ਦਿੱਗਜ, ਉੱਦਮੀ, ਗ਼ੈਰ-ਸਰਕਾਰੀ ਸੰਗਠਨ, ਯੁਵਾ ਵਿਗਿਆਨੀ ਅਤੇ ਵਿਦਿਆਰਥੀ ਹਿੱਸਾ ਲੈਣਗੇ।