ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 4 ਜੁਲਾਈ ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਂਧਰ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸਾਈ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦਾ ਉਦਘਾਟਨ ਕਰਨਗੇ। ਇਸ ਉਦਘਾਟਨ ਸਮਾਰੋਹ ਵਿੱਚ ਦੁਨੀਆ ਭਰ ਦੇ ਪ੍ਰਮੁੱਖ ਪਤਵੰਤੇ ਅਤੇ ਸ਼ਰਧਾਲੂ ਮੌਜੂਦ ਰਹਿਣਗੇ।
ਸ੍ਰੀ ਸਤਯ ਸਾਈ ਸੈਂਟਰਲ ਟਰੱਸਟ ਨੇ ਪੁੱਟਾਪਰਥੀ ਸਥਿਤ ਪ੍ਰਸ਼ਾਂਤੀ ਨਿਲਯਮ (Prasanthi Nilayam) ਵਿੱਚ ਇੱਕ ਨਵੀਂ ਸੁਵਿਧਾ, ਸਾਈ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦਾ ਨਿਰਮਾਣ ਕੀਤਾ ਹੈ। ਪ੍ਰਸ਼ਾਂਤੀ ਨਿਲਯਮ ਸ੍ਰੀ ਸਤਯ ਸਾਈ ਬਾਬਾ ਦਾ ਮੁੱਖ ਆਸ਼ਰਮ ਹੈ। ਸਮਾਜਸੇਵੀ ਸ਼੍ਰੀ ਰਯੁਕੋ ਹੀਰਾ (Shri Ryuko Hira) ਦੁਆਰਾ ਦਿੱਤਾ ਗਿਆ ਇਹ ਕਨਵੈਨਸ਼ਨ ਸੈਂਟਰ ਸੱਭਿਆਚਾਰਕ ਅਦਾਨ-ਪ੍ਰਦਾਨ, ਅਧਿਆਤਮਿਕਤਾ ਅਤੇ ਆਲਮੀ ਸਦਭਾਵਨਾ ਨੂੰ ਹੁਲਾਰਾ ਦੇਣ ਵਾਲੇ ਦ੍ਰਿਸ਼ਟੀਕੋਣ ਦਾ ਇੱਕ ਪ੍ਰਮਾਣ ਹੈ। ਇਹ ਵਿਵਿਧ ਪਿਛੋਕੜ ਵਾਲੇ ਲੋਕਾਂ ਨੂੰ ਇਕੱਠੇ ਆਉਣ, ਆਪਸ ਵਿੱਚ ਜੁੜਨ ਅਤੇ ਸ੍ਰੀ ਸਤਯ ਸਾਈ ਬਾਬਾ ਦੀਆਂ ਸਿੱਖਿਆਵਾਂ ਬਾਰੇ ਜਾਣਨ ਲਈ ਇੱਕ ਉਚਿਤ ਵਾਤਾਵਰਣ ਪ੍ਰਦਾਨ ਕਰਦਾ ਹੈ। ਇਸ ਦੀਆਂ ਵਿਸ਼ਵ-ਪੱਧਰੀ ਸੁਵਿਧਾਵਾਂ ਅਤੇ ਬੁਨਿਆਦੀ ਢਾਂਚਾ ਕਾਨਫਰੰਸਾਂ, ਸੈਮੀਨਾਰਾਂ ਅਤੇ ਸੱਭਿਆਚਾਰਕ ਸਮਾਗਮਾਂ ਦੇ ਆਯੋਜਨ ਨੂੰ ਸੁਵਿਧਾਜਨਕ ਬਣਾਉਣਗੀਆਂ, ਜਿਸ ਨਾਲ ਜੀਵਨ ਦੇ ਸਾਰੇ ਖੇਤਰਾਂ ਨਾਲ ਜੁੜੇ ਲੋਕਾਂ ਦੇ ਦਰਮਿਆਨ ਸੰਵਾਦ ਅਤੇ ਸਮਝ ਨੂੰ ਹੁਲਾਰਾ ਮਿਲੇਗਾ। ਇਸ ਵਿਸ਼ਾਲ ਕੰਪਲੈਕਸ ਵਿੱਚ ਮੈਡੀਟੇਸ਼ਨ ਹਾਲ, ਸ਼ਾਂਤ ਬਾਗ਼ ਅਤੇ ਰਿਹਾਇਸ਼ੀ ਸੁਵਿਧਾਵਾਂ ਵੀ ਉਪਲਬਧ ਹਨ।