ਸ਼ਹੀਦ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਹਾਲ ਸਥਿਤ ਬਿਪਲੋਬੀ ਭਾਰਤ ਗੈਲਰੀ ਦਾ 23 ਮਾਰਚ ਨੂੰ ਸ਼ਾਮ ਨੂੰ 6 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸਮਾਗਮ ਦੇ ਦੌਰਾਨ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਗੈਲਰੀ ਵਿੱਚ ਸੁਤੰਤਰਤਾ ਸੰਗ੍ਰਾਮ ‘ਚ ਕ੍ਰਾਂਤੀਕਾਰੀਆਂ ਦੇ ਯੋਗਦਾਨ ਅਤੇ ਬ੍ਰਿਟਿਸ਼ ਬਸਤੀਵਾਦੀ ਰਾਜ ਦੇ ਵਿਰੁੱਧ ਉਨ੍ਹਾਂ ਦੇ ਹਥਿਆਰਬੰਦ ਪ੍ਰਤੀਰੋਧ ਨੂੰ ਦਰਸਾਇਆ ਜਾਵੇਗਾ। ਇਸ ਪੱਖ ਨੂੰ ਸੁਤੰਤਰਤਾ ਅੰਦੋਲਨ ਦੇ ਮੁੱਖ ਧਾਰਾ ਬਿਰਤਾਂਤ ਵਿੱਚ ਇਸ ਦਾ ਬਣਦਾ ਸਥਾਨ ਨਹੀਂ ਦਿੱਤਾ ਗਿਆ ਹੈ। ਇਸ ਨਵੀਂ ਗੈਲਰੀ ਦਾ ਉਦੇਸ਼ ਹੈ ਕਿ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਸੰਪੂਰਨ ਦ੍ਰਿਸ਼ ਪੇਸ਼ ਕੀਤਾ ਜਾਵੇ ਜੋ 1947 ਵਿੱਚ ਆਪਣੇ ਅੰਤ ਤੱਕ ਪਹੁੰਚੀਆਂ ਸਨ। ਨਾਲ ਹੀ ਕ੍ਰਾਂਤੀਕਾਰੀਆਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ ਜਾਵੇ।
ਬਿਪਲੋਬੀ ਭਾਰਤ ਗੈਲਰੀ ਵਿੱਚ ਉਹ ਰਾਜਨੀਤਕ ਅਤੇ ਬੌਧਿਕ ਪਿਛੋਕੜ ਪੇਸ਼ ਕੀਤਾ ਗਿਆ ਹੈ, ਜਿਸ ਨੇ ਕ੍ਰਾਂਤੀਕਾਰੀ ਅੰਦੋਲਨ ਨੂੰ ਪ੍ਰੇਰਿਤ ਕੀਤਾ। ਗੈਲਰੀ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਜਨਮ, ਕ੍ਰਾਂਤੀਕਾਰੀਆਂ ਦੁਆਰਾ ਮਹੱਤਵਪੂਰਨ ਸੰਗਠਨਾਂ ਦਾ ਨਿਰਮਾਣ, ਅੰਦੋਲਨ ਦਾ ਵਿਸਤਾਰ, ਇੰਡੀਅਨ ਨੈਸ਼ਨਲ ਆਰਮੀ ਦਾ ਗਠਨ, ਜਲ ਸੈਨਾ ਵਿਦ੍ਰੋਹ ਦਾ ਯੋਗਦਾਨ, ਆਦਿ ਨੂੰ ਪੇਸ਼ ਕੀਤਾ ਜਾਵੇਗਾ।