ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ‘ਜਨਜਾਤੀਯ ਗੌਰਵ ਦਿਵਸ’ (ਕਬਾਇਲੀ ਮਾਣ ਦਿਵਸ) ਵਜੋਂ ਮਨਾਈ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਨਵੰਬਰ, 2021 ਨੂੰ ਸਵੇਰੇ 9:45 ਵਜੇ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ (भगवान बिरसा मुंडा स्मृति उद्यान सह स्वतंत्रता सेनानी संग्रहालय) ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨੇ ਕਬਾਇਲੀ ਭਾਈਚਾਰਿਆਂ ਦੇ ਵਡਮੁੱਲੇ ਯੋਗਦਾਨ, ਖ਼ਾਸ ਕਰਕੇ ਭਾਰਤੀ ਆਜ਼ਾਦੀ ਦੇ ਸੰਘਰਸ਼ ਵਿੱਚ ਉਨ੍ਹਾਂ ਦੀਆਂ ਕੁਰਬਾਨੀਆਂ ਉੱਤੇ ਸਦਾ ਜ਼ੋਰ ਦਿੱਤਾ ਹੈ। ਸਾਲ 2016 ’ਚ ਆਪਣੇ ਆਜ਼ਾਦੀ ਦਿਵਸ ਸਮਾਰੋਹ ਮੌਕੇ ਦਿੱਤੇ ਭਾਸ਼ਣ ’ਚ ਉਨ੍ਹਾਂ ਭਾਰਤ ਦੇ ਆਜ਼ਾਦੀ ਸੰਘਰਸ਼ ’ਚ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੁਆਰਾ ਨਿਭਾਈ ਭੂਮਿਕਾ ਉੱਤੇ ਜ਼ੋਰ ਦਿੱਤਾ ਸੀ ਅਤੇ ਬਹਾਦਰ ਕਬਾਇਲੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਅਜਾਇਬਘਰਾਂ ਦੀ ਉਸਾਰੀ ਕਰਨ ਦੀ ਗੱਲ ਕੀਤੀ ਸੀ, ਤਾਕਿ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਲਈ ਉਨ੍ਹਾਂ ਦੁਆਰਾ ਕੀਤੇ ਬਲੀਦਾਨਾਂ ਬਾਰੇ ਜਾਣ ਸਕਣ। ਕਬਾਇਲੀ ਮਾਮਲੇ ਮੰਤਰਾਲਾ ਹੁਣ ਤੱਕ ਕਬਾਇਲੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ 10 ਅਜਾਇਬਘਰਾਂ ਦੇ ਨਿਰਮਾਣ ਦੀ ਪ੍ਰਵਾਨਗੀ ਦੇ ਚੁੱਕਾ ਹੈ। ਇਹ ਮਿਊਜ਼ੀਅਮ ਵਿਭਿੰਨ ਰਾਜਾਂ ਤੇ ਖੇਤਰਾਂ ਦੇ ਕਬਾਇਲੀ ਆਜ਼ਾਦੀ ਘੁਲਾਟੀਆਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਗੇ।
ਭਗਵਾਨ ਬਿਰਸਾ ਮੁੰਡਾ ਸਮ੍ਰਿਤੀ ਉਦਯਾਨ ਸਹਿ ਸੁਤੰਤਰਤਾ ਸੈਨਾਨੀ ਸੰਗ੍ਰਹਾਲਯ (भगवान बिरसा मुंडा स्मृति उद्यान सह स्वतंत्रता सेनानी संग्रहालय) ਦਾ ਨਿਰਮਾਣ ਰਾਂਚੀ ਵਿਖੇ ਝਾਰਖੰਡ ਦੀ ਰਾਜ ਸਰਕਾਰ ਦੇ ਸਹਿਯੋਗ ਨਾਲ ਪੁਰਾਣੀ ਕੇਂਦਰੀ ਜੇਲ੍ਹ ’ਚ ਉਸ ਸਥਾਨ ’ਤੇ ਕੀਤਾ ਗਿਆ ਹੈ, ਜਿੱਥੇ ਭਗਵਾਨ ਬਿਰਸਾ ਮੁੰਡਾ ਨੇ ਸ਼ਹਾਦਤ ਪਾਈ ਸੀ। ਇਹ ਮਿਊਜ਼ੀਅਮ ਰਾਸ਼ਟਰ ਤੇ ਕਬਾਇਲੀ ਭਾਈਚਾਰੇ ਲਈ ਉਨ੍ਹਾਂ ਦੇ ਬਲੀਦਾਨ ਨੂੰ ਸ਼ਰਧਾਂਜਲੀ ਹੋਵੇਗਾ। ਇਹ ਮਿਊਜ਼ੀਅਮ ਕਬਾਇਲੀ ਸੱਭਿਆਚਾਰ ਤੇ ਇਤਿਹਾਸ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਹ ਇਸ ਗੱਲ ਨੂੰ ਵੀ ਦਰਸਾਏਗਾ ਕਿ ਆਦਿਵਾਸੀਆਂ ਨੇ ਆਪਣੇ ਜੰਗਲਾਂ, ਜ਼ਮੀਨੀ ਅਧਿਕਾਰਾਂ, ਆਪਣੇ ਸੱਭਿਆਚਾਰ ਦੀ ਰਾਖੀ ਲਈ ਕਿਸ ਤਰ੍ਹਾਂ ਸੰਘਰਸ਼ ਕੀਤਾ ਅਤੇ ਰਾਸ਼ਟਰ ਨਿਰਮਾਣ ਲਈ ਮਹੱਤਵਪੂਰਨ ਆਪਣੀ ਬਹਾਦਰੀ ਅਤੇ ਕੁਰਬਾਨੀਆਂ ਦਾ ਪ੍ਰਦਰਸ਼ਨ ਕੀਤਾ।
ਭਗਵਾਨ ਬਿਰਸਾ ਮੁੰਡਾ ਦੇ ਨਾਲ, ਅਜਾਇਬ ਘਰ ਸ਼ਹੀਦ ਬੁੱਧੂ ਭਗਤ, ਸਿੱਧੂ-ਕਾਨਹੂ, ਨੀਲਾਂਬਰ-ਪੀਤਾਂਬਰ, ਦੀਵਾ-ਕਿਸੁਨ, ਤੇਲੰਗਾ ਖੜੀਆ, ਗਯਾ ਮੁੰਡਾ, ਜਾਤਰਾ ਭਗਤ, ਪੋਟੋ ਐੱਚ, ਭਗੀਰਥ ਮਾਂਝੀ, ਗੰਗਾ ਨਰਾਇਣ ਸਿੰਘ ਜਿਹੀਆਂ ਵੱਖ-ਵੱਖ ਲਹਿਰਾਂ ਨਾਲ ਜੁੜੇ ਹੋਰ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਵੀ ਉਜਾਗਰ ਕਰੇਗਾ। ਇਸ ਮਿਊਜ਼ੀਅਮ ਵਿੱਚ ਭਗਵਾਨ ਬਿਰਸਾ ਮੁੰਡਾ ਦੀ 25 ਫੁੱਟ ਉੱਚੀ ਮੂਰਤੀ ਅਤੇ ਖੇਤਰ ਦੇ ਹੋਰ ਆਜ਼ਾਦੀ ਘੁਲਾਟੀਆਂ ਦੇ 9 ਫੁੱਟ ਦੇ ਬੁੱਤ ਵੀ ਹੋਣਗੇ।
ਸਮ੍ਰਿਤੀ ਉਦਯਾਨ (ਯਾਦਗਾਰੀ ਬਾਗ਼) 25 ਏਕੜ ਰਕਬੇ ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਇਸ ਵਿੱਚ ਇੱਕ ਸੰਗੀਤਕ ਫੁਹਾਰਾ, ਫੂਡ ਕੋਰਟ, ਚਿਲਡਰਨ ਪਾਰਕ, ਅਨੰਤ ਪੂਲ, ਬਗੀਚਾ ਅਤੇ ਹੋਰ ਮਨੋਰੰਜਨ ਸਹੂਲਤਾਂ ਹੋਣਗੀਆਂ।
ਇਸ ਸਮਾਗਮ ਦੌਰਾਨ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਵੀ ਮੌਜੂਦ ਰਹਿਣਗੇ।