ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2021 ਨੂੰ ਦੇਹਰਾਦੂਨ ਦਾ ਦੌਰਾ ਕਰਨਗੇ ਅਤੇ ਦੁਪਹਿਰ 1 ਵਜੇ ਤਕਰੀਬਨ 18,000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਦੌਰੇ ਦਾ ਇੱਕ ਮਹੱਤਵਪੂਰਨ ਫੋਕਸ ਸੜਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵਾਲੇ ਪ੍ਰੋਜੈਕਟਾਂ 'ਤੇ ਹੋਵੇਗਾ, ਜਿਸ ਨਾਲ ਯਾਤਰਾ ਸੁਚਾਰੂ ਅਤੇ ਸੁਰੱਖਿਅਤ ਬਣੇਗੀ, ਅਤੇ ਖੇਤਰ ਵਿੱਚ ਟੂਰਿਜ਼ਮ ਵੀ ਵਧੇਗਾ। ਇਹ ਪ੍ਰਧਾਨ ਮੰਤਰੀ ਦੇ ਉਨ੍ਹਾਂ ਖੇਤਰਾਂ ਵਿੱਚ ਕਨੈਕਟੀਵਿਟੀ ਨੂੰ ਹੁਲਾਰਾ ਦੇਣ ਦੇ ਵਿਜ਼ਨ ਦੇ ਅਨੁਸਾਰ ਹੈ ਜੋ ਕਦੇ ਦੂਰ-ਦਰਾਜ ਸਮਝੇ ਜਾਂਦੇ ਸਨ।
ਪ੍ਰਧਾਨ ਮੰਤਰੀ 11 ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਦਿੱਲੀ-ਦੇਹਰਾਦੂਨ ਆਰਥਿਕ ਗਲਿਆਰਾ (ਪੂਰਬੀ ਪੈਰੀਫੇਰਲ ਐਕਸਪ੍ਰੈੱਸਵੇਅ ਜੰਕਸ਼ਨ ਤੋਂ ਦੇਹਰਾਦੂਨ ਤੱਕ) ਸ਼ਾਮਲ ਹੈ ਜੋ ਤਕਰੀਬਨ 8300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਦਿੱਲੀ ਤੋਂ ਦੇਹਰਾਦੂਨ ਦੇ ਸਫ਼ਰ ਦੇ ਸਮੇਂ ਨੂੰ ਛੇ ਘੰਟੇ ਤੋਂ ਘਟਾ ਕੇ ਤਕਰੀਬਨ 2.5 ਘੰਟੇ ਕਰ ਦੇਵੇਗਾ। ਇਸ ਵਿੱਚ ਹਰਿਦੁਆਰ, ਮੁਜ਼ੱਫਰਨਗਰ, ਸ਼ਾਮਲੀ, ਯਮੁਨਾਨਗਰ, ਬਾਗ਼ਪਤ, ਮੇਰਠ ਅਤੇ ਬਰੌਤ ਨਾਲ ਕਨੈਕਟੀਵਿਟੀ ਲਈ ਸੱਤ ਵੱਡੇ ਇੰਟਰਚੇਂਜ ਹੋਣਗੇ। ਇਸ ਵਿੱਚ ਬੇਰੋਕ ਜੰਗਲੀ ਜੀਵ ਆਵਾਜਾਈ ਲਈ ਏਸ਼ੀਆ ਦਾ ਸਭ ਤੋਂ ਵੱਡਾ ਵਾਈਲਡਲਾਈਫ ਐਲੀਵੇਟਿਡ ਕੌਰੀਡੋਰ (12 ਕਿਲੋਮੀਟਰ) ਹੋਵੇਗਾ। ਨਾਲ ਹੀ, ਡਾਟ ਕਾਲੀ ਮੰਦਿਰ, ਦੇਹਰਾਦੂਨ ਨਜ਼ਦੀਕ 340 ਮੀਟਰ ਲੰਬੀ ਸੁਰੰਗ ਜੰਗਲੀ ਜੀਵਾਂ 'ਤੇ ਪ੍ਰਭਾਵ ਨੂੰ ਘਟਾਉਣ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ, ਜਾਨਵਰਾਂ ਅਤੇ ਵਾਹਨਾਂ ਦੀ ਟੱਕਰ ਤੋਂ ਬਚਣ ਲਈ ਗਣੇਸ਼ਪੁਰ-ਦੇਹਰਾਦੂਨ ਸੈਕਸ਼ਨ ਵਿੱਚ ਜਾਨਵਰਾਂ ਲਈ ਕਈ ਪਾਸ ਦਿੱਤੇ ਗਏ ਹਨ। ਦਿੱਲੀ-ਦੇਹਰਾਦੂਨ ਆਰਥਿਕ ਗਲਿਆਰੇ ਵਿੱਚ 500 ਮੀਟਰ ਦੇ ਅੰਤਰਾਲਾਂ 'ਤੇ 400 ਤੋਂ ਵੱਧ ਮੀਂਹ ਦੇ ਪਾਣੀ ਦੀ ਹਾਰਵੈਸਟਿੰਗ ਅਤੇ ਵਾਟਰ ਰੀਚਾਰਜ ਪੁਆਇੰਟ ਵੀ ਹੋਣਗੇ।
ਦਿੱਲੀ-ਦੇਹਰਾਦੂਨ ਆਰਥਿਕ ਕੌਰੀਡੋਰ ਤੋਂ ਗ੍ਰੀਨਫੀਲਡ ਅਲਾਈਨਮੈਂਟ ਪ੍ਰੋਜੈਕਟ, ਹਲਗੋਆ, ਸਹਾਰਨਪੁਰ ਤੋਂ ਭਦਰਾਬਾਦ, ਹਰਿਦੁਆਰ ਨੂੰ ਜੋੜਨ ਵਾਲਾ ਪ੍ਰੋਜੈਕਟ 2000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਦਿੱਲੀ ਤੋਂ ਹਰਿਦੁਆਰ ਤੱਕ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ। ਮਨੋਹਰਪੁਰ ਤੋਂ ਕਾਂਗੜੀ ਤੱਕ 1600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲਾ ਹਰਿਦੁਆਰ ਰਿੰਗ ਰੋਡ ਪ੍ਰੋਜੈਕਟ, ਹਰਿਦੁਆਰ ਸ਼ਹਿਰ ਦੇ ਨਿਵਾਸੀਆਂ ਨੂੰ ਟ੍ਰੈਫਿਕ ਭੀੜ ਤੋਂ ਰਾਹਤ ਦੇਵੇਗਾ, ਖ਼ਾਸ ਤੌਰ 'ਤੇ ਪੀਕ ਟੂਰਿਸਟ ਸੀਜ਼ਨ ਦੌਰਾਨ, ਅਤੇ ਕੁਮਾਊਂ ਜ਼ੋਨ ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ।
ਦੇਹਰਾਦੂਨ - ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਸੜਕ ਪ੍ਰੋਜੈਕਟ, ਜਿਸ ਦਾ ਨਿਰਮਾਣ ਤਕਰੀਬਨ 1700 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ, ਯਾਤਰਾ ਦੇ ਸਮੇਂ ਨੂੰ ਘਟਾਏਗਾ ਅਤੇ ਦੋਹਾਂ ਸਥਾਨਾਂ ਦਰਮਿਆਨ ਸੀਮਲੈੱਸ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਨਾਲ ਇੰਟਰ-ਸਟੇਟ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਨਾਜ਼ਿਮਾਬਾਦ-ਕੋਟਦਵਾਰ ਸੜਕ ਨੂੰ ਚੌੜਾ ਕਰਨ ਦਾ ਪ੍ਰੋਜੈਕਟ ਯਾਤਰਾ ਦੇ ਸਮੇਂ ਨੂੰ ਘਟਾਏਗਾ ਅਤੇ ਲੈਂਸਡਾਊਨ ਨਾਲ ਕਨੈਕਟੀਵਿਟੀ ਵਿੱਚ ਵੀ ਸੁਧਾਰ ਕਰੇਗਾ।
ਲਕਸ਼ਮਣ ਝੂਲਾ ਦੇ ਨਜ਼ਦੀਕ ਗੰਗਾ ਨਦੀ ਉੱਤੇ ਇੱਕ ਪੁਲ ਵੀ ਬਣਾਇਆ ਜਾਵੇਗਾ। ਵਿਸ਼ਵ ਪ੍ਰਸਿੱਧ ਲਕਸ਼ਮਣ ਝੂਲੇ ਦਾ ਨਿਰਮਾਣ 1929 ਵਿੱਚ ਕੀਤਾ ਗਿਆ ਸੀ, ਪਰ ਹੁਣ ਲੋਡ ਚੁੱਕਣ ਦੀ ਸਮਰੱਥਾ ਘੱਟ ਹੋ ਜਾਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਸਾਰੇ ਜਾਣ ਵਾਲੇ ਪੁਲ 'ਤੇ ਲੋਕਾਂ ਦੇ ਪੈਦਲ ਚਲਣ ਲਈ ਸ਼ੀਸ਼ੇ ਦੇ ਡੈੱਕ ਦੀ ਵਿਵਸਥਾ ਹੋਵੇਗੀ ਅਤੇ ਹਲਕੇ ਵਜ਼ਨ ਵਾਲੇ ਵਾਹਨਾਂ ਨੂੰ ਪਾਰ ਲੰਘਣ ਦੀ ਵੀ ਇਜਾਜ਼ਤ ਹੋਵੇਗੀ।
ਪ੍ਰਧਾਨ ਮੰਤਰੀ ਚਾਈਲਡ ਫ੍ਰੈਂਡਲੀ ਸਿਟੀ ਪ੍ਰੋਜੈਕਟ, ਦੇਹਰਾਦੂਨ ਦਾ ਨੀਂਹ ਪੱਥਰ ਵੀ ਰੱਖਣਗੇ, ਤਾਂ ਜੋ ਸ਼ਹਿਰ ਵਿੱਚ ਬਚਿਆਂ ਦੀ ਯਾਤਰਾ ਲਈ ਸੜਕਾਂ ਨੂੰ ਸੁਰੱਖਿਅਤ ਬਣਾ ਕੇ ਬਾਲ ਅਨੁਕੂਲ ਬਣਾਇਆ ਜਾ ਸਕੇ। ਦੇਹਰਾਦੂਨ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਜਲ ਸਪਲਾਈ, ਸੜਕ ਅਤੇ ਡਰੇਨੇਜ ਪ੍ਰਣਾਲੀ ਦੇ ਵਿਕਾਸ ਨਾਲ ਸਬੰਧਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਸਮਾਰਟ ਅਧਿਆਤਮਿਕ ਸ਼ਹਿਰਾਂ ਨੂੰ ਵਿਕਸਿਤ ਕਰਨ ਅਤੇ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਸ਼੍ਰੀ ਬਦਰੀਨਾਥ ਧਾਮ ਅਤੇ ਗੰਗੋਤਰੀ-ਯਮੁਨੋਤਰੀ ਧਾਮ ਵਿਖੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਜਾਣਗੇ। ਨਾਲ ਹੀ, ਹਰਿਦੁਆਰ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ।
ਪ੍ਰਧਾਨ ਮੰਤਰੀ ਸੱਤ ਪਰਿਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ, ਜਿਨ੍ਹਾਂ ਵਿੱਚ ਖੇਤਰ ਵਿੱਚ ਜ਼ਮੀਨ ਖਿਸਕਣ ਦੀ ਸਮੱਸਿਆ ਨਾਲ ਨਜਿੱਠਣ ਦੁਆਰਾ ਯਾਤਰਾ ਨੂੰ ਸੁਰੱਖਿਅਤ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇਹਨਾਂ ਪ੍ਰੋਜੈਕਟਾਂ ਵਿੱਚ ਲੰਬਾਗੜ (ਜੋ ਕਿ ਬਦਰੀਨਾਥ ਧਾਮ ਦੇ ਰਸਤੇ ਵਿੱਚ ਹੈ) ਵਿਖੇ ਜ਼ਮੀਨ ਖਿਸਕਣ ਨੂੰ ਘਟਾਉਣ ਦਾ ਪ੍ਰੋਜੈਕਟ ਅਤੇ ਐੱਨਐੱਚ-58 'ਤੇ ਸਕਾਨੀਧਰ, ਸ੍ਰੀਨਗਰ ਅਤੇ ਦੇਵਪ੍ਰਯਾਗ ਵਿਖੇ ਕ੍ਰੋਨਿਕ ਲੈਂਡਸਲਾਈਡ ਟਰੀਟਮੈਂਟ ਦੇ ਪ੍ਰੋਜੈਕਟ ਸ਼ਾਮਲ ਹਨ। ਲੰਬੇ ਸਮੇਂ ਤੋਂ ਜ਼ਮੀਨ ਖਿਸਕਣ ਵਾਲੇ ਜ਼ੋਨ ਵਿੱਚ ਲੰਬਾਗੜ ਲੈਂਡਸਲਾਈਡ ਮਿਟੀਗੇਸ਼ਨ ਪ੍ਰੋਜੈਕਟ ਵਿੱਚ ਮਿੱਟੀ ਦੀ ਮਜ਼ਬੂਤ ਦੀਵਾਰ ਅਤੇ ਚੱਟਾਨਾਂ ਨੂੰ ਡਿੱਗਣ ਤੋਂ ਰੋਕਣ ਲਈ ਰੁਕਾਵਟਾਂ ਦਾ ਨਿਰਮਾਣ ਸ਼ਾਮਲ ਹੈ। ਪ੍ਰੋਜੈਕਟ ਦੀ ਸਥਿਤੀ ਇਸ ਦੀ ਰਣਨੀਤਕ ਮਹੱਤਤਾ ਨੂੰ ਹੋਰ ਵਧਾਉਂਦੀ ਹੈ।
ਚਾਰਧਾਮ ਰੋਡ ਕਨੈਕਟੀਵਿਟੀ ਪ੍ਰੋਜੈਕਟ ਦੇ ਤਹਿਤ ਦੇਵਪ੍ਰਯਾਗ ਤੋਂ ਸ੍ਰੀਕੋਟ ਤੱਕ, ਅਤੇ ਐੱਨਐੱਚ-58 'ਤੇ ਬ੍ਰਹਮਪੁਰੀ ਤੋਂ ਕੋਡਿਯਾਲਾ ਤੱਕ ਸੜਕ ਚੌੜੀ ਕਰਨ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਜਾ ਰਿਹਾ ਹੈ।
ਦੇਹਰਾਦੂਨ ਵਿਖੇ ਹਿਮਾਲੀਅਨ ਕਲਚਰ ਸੈਂਟਰ ਦੇ ਨਾਲ-ਨਾਲ, ਯਮੁਨਾ ਨਦੀ ਉੱਤੇ 1700 ਕਰੋੜ ਰੁਪਏ ਦੀ ਲਾਗਤ ਨਾਲ ਬਣੇ 120 ਮੈਗਾਵਾਟ ਵਿਆਸੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ ਜਾਵੇਗਾ। ਹਿਮਾਲੀਅਨ ਕਲਚਰ ਸੈਂਟਰ ਵਿੱਚ ਇੱਕ ਰਾਜ ਪੱਧਰੀ ਅਜਾਇਬ ਘਰ, 800 ਸੀਟਾਂ ਵਾਲਾ ਆਰਟ ਆਡੀਟੋਰੀਅਮ, ਲਾਇਬ੍ਰੇਰੀ, ਕਾਨਫ਼ਰੰਸ ਹਾਲ ਆਦਿ ਹੋਣਗੇ ਜੋ ਲੋਕਾਂ ਨੂੰ ਸੱਭਿਆਚਾਰਕ ਗਤੀਵਿਧੀਆਂ ਨੂੰ ਫੌਲੋ ਕਰਨ ਦੇ ਨਾਲ-ਨਾਲ ਰਾਜ ਦੀ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਦੇਹਰਾਦੂਨ ਵਿੱਚ ਸਟੇਟ ਆਵ੍ ਆਰਟ ਪਰਫਿਊਮਰੀ ਅਤੇ ਅਰੋਮਾ ਲੈਬੋਰਟਰੀ (ਸੈਂਟਰ ਫੌਰ ਐਰੋਮੈਟਿਕ ਪਲਾਂਟਸ) ਦਾ ਵੀ ਉਦਘਾਟਨ ਕਰਨਗੇ। ਇੱਥੇ ਕੀਤੀ ਗਈ ਖੋਜ ਅਤਰ (ਪਰਫ਼ਿਊਮ), ਸਾਬਣ, ਸੈਨੀਟਾਈਜ਼ਰ, ਏਅਰ ਫਰੈਸ਼ਨਰ, ਧੂਪ ਸਟਿਕਸ ਆਦਿ ਸਮੇਤ ਕਈ ਤਰ੍ਹਾਂ ਦੇ ਉਤਪਾਦਾਂ ਦੇ ਉਤਪਾਦਨ ਲਈ ਲਾਭਦਾਇਕ ਸਿੱਧ ਹੋਵੇਗੀ ਅਤੇ ਇਸ ਖੇਤਰ ਵਿੱਚ ਸਬੰਧਿਤ ਉਦਯੋਗਾਂ ਦੀ ਸਥਾਪਨਾ ਲਈ ਵੀ ਸਹਾਇਕ ਹੋਵੇਗੀ। ਇਹ ਖੁਸ਼ਬੂਦਾਰ ਪੌਦਿਆਂ ਦੀਆਂ ਅਧਿਕ ਉਪਜ ਵਾਲੀਆਂ ਉੱਨਤ ਕਿਸਮਾਂ ਦੇ ਵਿਕਾਸ 'ਤੇ ਵੀ ਧਿਆਨ ਕੇਂਦ੍ਰਿਤ ਕਰੇਗੀ।