ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਜਨਵਰੀ 2023 ਨੂੰ ਸ਼ਾਮ 4 ਵਜੇ ਦੇ ਕਰੀਬ ਹੁੱਬਲੀ, ਕਰਨਾਟਕ ਵਿੱਚ 26ਵੇਂ ਨੈਸ਼ਨਲ ਯੂਥ ਫੈਸਟੀਵਲ ਦਾ ਉਦਘਾਟਨ ਕਰਨਗੇ। ਇਹ ਪ੍ਰੋਗਰਾਮ ਰਾਸ਼ਟਰੀ ਯੁਵਾ ਦਿਵਸ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਆਦਰਸ਼ਾਂ, ਸਿੱਖਿਆਵਾਂ ਅਤੇ ਯੋਗਦਾਨ ਦਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਸੰਭਾਲਣ ਲਈ ਮਨਾਇਆ ਜਾਂਦਾ ਹੈ।
ਨੈਸ਼ਨਲ ਯੂਥ ਫੈਸਟੀਵਲ ਹਰ ਸਾਲ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਉਜਾਗਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਵੱਲ ਪ੍ਰੇਰਿਤ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਇਹ ਦੇਸ਼ ਦੇ ਸਾਰੇ ਹਿੱਸਿਆਂ ਤੋਂ ਵਿਭਿੰਨ ਸੰਸਕ੍ਰਿਤੀਆਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਂਦਾ ਹੈ ਅਤੇ ਭਾਗੀਦਾਰਾਂ ਨੂੰ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਨਾਲ ਜੋੜਦਾ ਹੈ। ਇਸ ਸਾਲ, ਫੈਸਟੀਵਲ ਕਰਨਾਟਕ ਦੇ ਹੁੱਬਲੀ-ਧਾਰਵਾੜ ਵਿੱਚ 12 ਤੋਂ 16 ਜਨਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਥੀਮ “ਵਿਕਸਿਤ ਯੁਵਾ-ਵਿਕਸਿਤ ਭਾਰਤ” ਹੈ।
ਇਸ ਫੈਸਟੀਵਲ ਵਿੱਚ ਯੂਥ ਸਮਿਟ ਦਾ ਆਯੋਜਨ ਹੋਵੇਗਾ, ਜੋ ਜੀ-20 ਅਤੇ ਵਾਈ-20 ਈਵੈਂਟਸ ਤੋਂ ਲਏ ਗਏ ਵਿਸ਼ਿਆਂ ਜਿਵੇਂ ਕਿ ਕੰਮ ਦਾ ਭਵਿੱਖ, ਉਦਯੋਗ, ਨਵਾਚਾਰ ਅਤੇ 21ਵੀਂ ਸਦੀ ਦੇ ਹੁਨਰਾਂ; ਜਲਵਾਯੂ ਪਰਿਵਰਤਨ ਅਤੇ ਆਪਦਾ ਜੋਖਮ ਵਿੱਚ ਕਮੀ; ਸ਼ਾਂਤੀ ਬਣਾਉਣ ਅਤੇ ਸੁਲ੍ਹਾ; ਲੋਕਤੰਤਰ ਅਤੇ ਸਾਂਝਾ ਭਵਿੱਖ- ਸ਼ਾਸਨ ਅਤੇ ਲੋਕਤੰਤਰ ਵਿੱਚ ਨੌਜਵਾਨ; ਅਤੇ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਪੰਜ ਵਿਸ਼ਿਆਂ 'ਤੇ ਪੂਰਨ ਚਰਚਾਵਾਂ ਦਾ ਗਵਾਹ ਹੋਵੇਗਾ। ਇਸ ਸਮਿਟ ਵਿੱਚ 60 ਤੋਂ ਵੱਧ ਉੱਘੇ ਮਾਹਿਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਕਈ ਪ੍ਰਤੀਯੋਗੀ ਅਤੇ ਗ਼ੈਰ-ਮੁਕਾਬਲੇ ਵਾਲੇ ਈਵੈਂਟ ਵੀ ਕਰਵਾਏ ਜਾਣਗੇ। ਪ੍ਰਤੀਯੋਗੀ ਸਮਾਗਮਾਂ ਵਿੱਚ ਲੋਕ ਨ੍ਰਿਤ ਅਤੇ ਗੀਤ ਸ਼ਾਮਲ ਹੋਣਗੇ ਅਤੇ ਸਥਾਨਕ ਪਰੰਪਰਾਗਤ ਸੰਸਕ੍ਰਿਤੀ ਨੂੰ ਉਤਸ਼ਾਹ ਪ੍ਰਦਾਨ ਕਰਨ ਲਈ ਆਯੋਜਿਤ ਕੀਤੇ ਜਾਣਗੇ। ਗੈਰ-ਮੁਕਾਬਲੇ ਵਾਲੇ ਸਮਾਗਮਾਂ ਵਿੱਚ ਯੋਗਾਥੌਨ ਸ਼ਾਮਲ ਹੋਵੇਗਾ, ਜਿਸ ਦਾ ਉਦੇਸ਼ ਕਰੀਬ 10 ਲੱਖ ਲੋਕਾਂ ਨੂੰ ਯੋਗ ਕਰਨ ਲਈ ਲਾਮਬੰਦ ਕਰਨਾ ਹੈ। ਇਸ ਸਮਾਗਮ ਦੌਰਾਨ ਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੁਆਰਾ 8 ਸਵਦੇਸ਼ੀ ਖੇਡਾਂ ਅਤੇ ਮਾਰਸ਼ਲ ਆਰਟਸ ਦੀ ਵੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਦੇ ਹੋਰ ਆਕਰਸ਼ਣਾਂ ਵਿੱਚ ਫੂਡ ਫੈਸਟੀਵਲ, ਯੰਗ ਆਰਟਿਸਟ ਕੈਂਪ, ਐਡਵੈਂਚਰ ਸਪੋਰਟਸ ਐਕਟੀਵਿਟੀਜ਼, ਸਪੈਸ਼ਲ ਨੋਅ ਯੂਅਰ ਆਰਮੀ, ਨੇਵੀ ਅਤੇ ਏਅਰ ਫੋਰਸ ਕੈਂਪ ਸ਼ਾਮਲ ਹਨ।