ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼-ਐੱਮਵੀ ਗੰਗਾ ਵਿਲਾਸ ਨੂੰ ਹਰੀ ਝੰਡੀ ਦੇਣਗੇ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 13 ਜਨਵਰੀ ਨੂੰ ਸਵੇਰੇ 10 ਵੱਜ ਕੇ 30 ਮਿੰਟ ‘ਤੇ ਵਾਰਾਣਸੀ ਵਿਖੇ ਟੈਂਟ ਸਿਟੀ ਦਾ ਉਦਘਾਟਨ ਕਰਨਗੇ। ਉਹ ਇਸ ਸਮਾਗਮ ਦੌਰਾਨ 1000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲ ਮਾਰਗਾਂ (ਇਨਲੈਂਡ ਵਾਟਰਵੇਜ਼) ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।
ਐੱਮਵੀ ਗੰਗਾ ਵਿਲਾਸ
ਐੱਮਵੀ ਗੰਗਾ ਵਿਲਾਸ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਆਪਣੀ ਯਾਤਰਾ ਸ਼ੁਰੂ ਕਰੇਗੀ ਅਤੇ ਭਾਰਤ ਅਤੇ ਬੰਗਲਾਦੇਸ਼ ਵਿੱਚ 27 ਰਿਵਰ ਸਿਸਟਮਾਂ ਨੂੰ ਪਾਰ ਕਰਦੇ ਹੋਏ, ਬੰਗਲਾਦੇਸ਼ ਰਾਹੀਂ ਅਸਾਮ ਵਿੱਚ ਡਿਬਰੂਗੜ੍ਹ ਪਹੁੰਚਣ ਲਈ 51 ਦਿਨਾਂ ਵਿੱਚ ਲਗਭਗ 3,200 ਕਿਲੋਮੀਟਰ ਦੀ ਯਾਤਰਾ ਕਰੇਗੀ। ਐੱਮਵੀ ਗੰਗਾ ਵਿਲਾਸ ਵਿੱਚ ਤਿੰਨ ਡੈੱਕ, 18 ਸੂਟ ਹਨ, ਜਿਨ੍ਹਾਂ ਵਿੱਚ ਸਾਰੀਆਂ ਲਗਜ਼ਰੀ ਸੁਵਿਧਾਵਾਂ ਨਾਲ 36 ਸੈਲਾਨੀਆਂ ਦੀ ਸਮਰੱਥਾ ਹੈ। ਪਹਿਲੀ ਯਾਤਰਾ 'ਤੇ ਸਵਿਟਜ਼ਰਲੈਂਡ ਦੇ 32 ਸੈਲਾਨੀਆਂ ਨੇ ਯਾਤਰਾ ਦੀ ਪੂਰੀ ਲੰਬਾਈ ਲਈ ਸਾਈਨ ਅੱਪ ਕੀਤਾ ਹੈ।
ਐੱਮਵੀ ਗੰਗਾ ਵਿਲਾਸ ਕਰੂਜ਼ ਨੂੰ ਦੁਨੀਆ ਦੇ ਸਾਹਮਣੇ ਦੇਸ਼ ਦੀਆਂ ਸਭ ਤੋਂ ਵਧੀਆ ਚੀਜ਼ਾਂ ਦੇ ਪ੍ਰਦਰਸ਼ਨ ਲਈ ਤਿਆਰ ਕੀਤਾ ਗਿਆ ਹੈ। ਵਿਸ਼ਵ ਵਿਰਾਸਤੀ ਸਥਾਨਾਂ, ਰਾਸ਼ਟਰੀ ਪਾਰਕਾਂ, ਨਦੀ ਘਾਟਾਂ, ਅਤੇ ਬਿਹਾਰ ਵਿੱਚ ਪਟਨਾ, ਝਾਰਖੰਡ ਵਿੱਚ ਸਾਹਿਬਗੰਜ, ਪੱਛਮ ਬੰਗਾਲ ਵਿੱਚ ਕੋਲਕਾਤਾ, ਬੰਗਲਾਦੇਸ਼ ਵਿੱਚ ਢਾਕਾ ਅਤੇ ਅਸਾਮ ਵਿੱਚ ਗੁਵਾਹਾਟੀ ਜਿਹੇ ਪ੍ਰਮੁੱਖ ਸ਼ਹਿਰਾਂ ਸਮੇਤ 50 ਟੂਰਿਸਟ ਸਥਾਨਾਂ ਦੇ ਦੌਰੇ ਦੇ ਨਾਲ ਕਰੂਜ਼ ਦੀ 51 ਦਿਨਾਂ ਦੀ ਯਾਤਰਾ ਦੀ ਯੋਜਨਾ ਹੈ। ਇਹ ਯਾਤਰਾ ਸੈਲਾਨੀਆਂ ਨੂੰ ਇੱਕ ਅਨੁਭਵੀ ਯਾਤਰਾ ਸ਼ੁਰੂ ਕਰਨ ਅਤੇ ਭਾਰਤ ਅਤੇ ਬੰਗਲਾਦੇਸ਼ ਦੀ ਕਲਾ, ਸੱਭਿਆਚਾਰ, ਇਤਿਹਾਸ ਅਤੇ ਅਧਿਆਤਮਿਕਤਾ ਵਿੱਚ ਸ਼ਾਮਲ ਹੋਣ ਦਾ ਅਵਸਰ ਦੇਵੇਗੀ।
ਰਿਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਦੇ ਪ੍ਰਯਤਨਾਂ ਦੇ ਅਨੁਸਾਰ, ਇਸ ਸੇਵਾ ਦੀ ਸ਼ੁਰੂਆਤ ਨਾਲ ਰਿਵਰ ਕਰੂਜ਼ ਦੀ ਵੱਡੀ ਅਣਵਰਤੀ ਸੰਭਾਵਨਾ ਅਨਲੌਕ ਹੋ ਜਾਵੇਗੀ ਅਤੇ ਇਹ ਭਾਰਤ ਲਈ ਰਿਵਰ ਕਰੂਜ਼ ਟੂਰਿਜ਼ਮ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।
ਵਾਰਾਣਸੀ ਵਿਖੇ ਟੈਂਟ ਸਿਟੀ
ਇਸ ਖੇਤਰ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਗੰਗਾ ਨਦੀ ਦੇ ਕੰਢੇ 'ਤੇ ਟੈਂਟ ਸਿਟੀ ਦਾ ਸੰਕਲਪ ਤਿਆਰ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸ਼ਹਿਰ ਦੇ ਘਾਟਾਂ ਦੇ ਸਾਹਮਣੇ ਵਿਕਸਿਤ ਕੀਤਾ ਗਿਆ ਹੈ ਜੋ ਖਾਸ ਕਰਕੇ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਬਾਅਦ ਵਾਰਾਣਸੀ ਵਿੱਚ ਰਿਹਾਇਸ਼ ਦੀਆਂ ਸੁਵਿਧਾਵਾਂ ਪ੍ਰਦਾਨ ਕਰੇਗਾ ਅਤੇ ਸੈਲਾਨੀਆਂ ਦੀ ਵਧਦੀ ਆਮਦ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਇਸਨੂੰ ਵਾਰਾਣਸੀ ਵਿਕਾਸ ਅਥਾਰਟੀ ਦੁਆਰਾ ਪੀਪੀਪੀ ਮੋਡ ਵਿੱਚ ਵਿਕਸਿਤ ਕੀਤਾ ਗਿਆ ਹੈ। ਸੈਲਾਨੀ ਆਸ-ਪਾਸ ਸਥਿਤ ਵਿਭਿੰਨ ਘਾਟਾਂ ਤੋਂ ਕਿਸ਼ਤੀਆਂ ਰਾਹੀਂ ਟੈਂਟ ਸਿਟੀ ਪਹੁੰਚਣਗੇ। ਟੈਂਟ ਸਿਟੀ ਹਰ ਵਰ੍ਹੇ ਅਕਤੂਬਰ ਤੋਂ ਜੂਨ ਤੱਕ ਚਾਲੂ ਰਹੇਗੀ ਅਤੇ ਬਰਸਾਤ ਦੇ ਮੌਸਮ ਵਿੱਚ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਤਿੰਨ ਮਹੀਨਿਆਂ ਲਈ ਇਸ ਨੂੰ ਢਾਹ ਦਿੱਤਾ ਜਾਵੇਗਾ।
ਅੰਦਰੂਨੀ ਜਲ ਮਾਰਗ ਪ੍ਰੋਜੈਕਟ
ਪ੍ਰਧਾਨ ਮੰਤਰੀ ਪੱਛਮ ਬੰਗਾਲ ਵਿੱਚ ਹਲਦੀਆ ਮਲਟੀ ਮੋਡਲ ਟਰਮੀਨਲ ਦਾ ਉਦਘਾਟਨ ਕਰਨਗੇ। ਜਲ ਮਾਰਗ ਵਿਕਾਸ ਪ੍ਰੋਜੈਕਟ ਦੇ ਤਹਿਤ ਵਿਕਸਿਤ, ਹਲਦੀਆ ਮਲਟੀ ਮੋਡਲ ਟਰਮੀਨਲ ਦੀ ਲਗਭਗ 3 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ (ਐੱਮਐੱਮਟੀਪੀਏ) ਦੀ ਕਾਰਗੋ ਹੈਂਡਲਿੰਗ ਸਮਰੱਥਾ ਹੈ ਅਤੇ ਬਰਥਾਂ ਨੂੰ ਲਗਭਗ 3000 ਡੈੱਡਵੇਟ ਟਨੇਜ (ਡੀਡਬਲਿਊਟੀ) ਤੱਕ ਦੇ ਜਹਾਜ਼ਾਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਗ਼ਾਜ਼ੀਪੁਰ ਜ਼ਿਲ੍ਹੇ ਦੇ ਸੈਦਪੁਰ, ਚੋਚਕਪੁਰ, ਜ਼ਮਾਨੀਆ ਅਤੇ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਕਾਂਸਪੁਰ ਵਿਖੇ ਚਾਰ ਫਲੋਟਿੰਗ ਕਮਿਊਨਿਟੀ ਜੈੱਟੀਆਂ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੁਆਰਾ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਦੀਘਾ, ਨਕਟਾ ਦਿਯਾਰਾ, ਬਾੜ੍ਹ, ਪਟਨਾ ਜ਼ਿਲ੍ਹੇ ਦੇ ਪਾਨਾਪੁਰ ਅਤੇ ਹਸਨਪੁਰ ਵਿਖੇ ਪੰਜ ਕਮਿਊਨਿਟੀ ਜੈੱਟੀਜ਼ (ਸਮੁਦਾਇਕ ਘਾਟਾਂ) ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮ ਬੰਗਾਲ ਰਾਜਾਂ ਵਿੱਚ ਗੰਗਾ ਨਦੀ ਦੇ ਨਾਲ 60 ਤੋਂ ਵੱਧ ਕਮਿਊਨਿਟੀ ਜੈੱਟੀਜ਼ (ਸਮੁਦਾਇਕ ਘਾਟਾਂ) ਬਣਾਏ ਜਾ ਰਹੇ ਹਨ ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਖੇਤਰ ਵਿੱਚ ਸਥਾਨਕ ਭਾਈਚਾਰਿਆਂ ਦੀ ਆਜੀਵਿਕਾ ਵਿੱਚ ਸੁਧਾਰ ਕੀਤਾ ਜਾ ਸਕੇ। ਕਮਿਊਨਿਟੀ ਜੈੱਟੀ ਛੋਟੇ ਕਿਸਾਨਾਂ, ਮੱਛੀ ਪਾਲਣ ਇਕਾਈਆਂ, ਗ਼ੈਰ-ਸੰਗਠਿਤ ਖੇਤੀ ਉਤਪਾਦਕ ਇਕਾਈਆਂ, ਬਾਗਬਾਨਾਂ, ਫੁੱਲਾਂ ਅਤੇ ਗੰਗਾ ਨਦੀ ਦੇ ਆਸ-ਪਾਸ ਆਰਥਿਕ ਗਤੀਵਿਧੀਆਂ 'ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਕਾਰੀਗਰਾਂ ਲਈ ਸਰਲ ਲੌਜਿਸਟਿਕ ਸਮਾਧਾਨ ਪ੍ਰਦਾਨ ਕਰਕੇ ਲੋਕਾਂ ਦੀ ਆਜੀਵਿਕਾ ਨੂੰ ਬਿਹਤਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।
ਪ੍ਰਧਾਨ ਮੰਤਰੀ ਗੁਵਾਹਾਟੀ ਵਿਖੇ ਉੱਤਰ ਪੂਰਬ ਲਈ ਸਮੁੰਦਰੀ ਕੌਸ਼ਲ ਵਿਕਾਸ ਕੇਂਦਰ ਦਾ ਵੀ ਉਦਘਾਟਨ ਕਰਨਗੇ। ਇਹ ਉੱਤਰ ਪੂਰਬੀ ਖੇਤਰ ਵਿੱਚ ਸਮ੍ਰਿੱਧ ਪ੍ਰਤਿਭਾ ਪੂਲ ਨੂੰ ਟੈਪ ਕਰਨ ਵਿੱਚ ਮਦਦ ਕਰੇਗਾ ਅਤੇ ਤੇਜ਼ੀ ਨਾਲ ਵਧ ਰਹੇ ਲੌਜਿਸਟਿਕਸ ਉਦਯੋਗ ਵਿੱਚ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰੇਗਾ।Q
ਇਨ੍ਹਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ ਪਾਂਡੂ ਟਰਮੀਨਲ ਵਿਖੇ ਇੱਕ ਸ਼ਿਪ ਰਿਪੇਅਰ ਸੁਵਿਧਾ ਅਤੇ ਇੱਕ ਐਲੀਵੇਟਿਡ ਸੜਕ ਦਾ ਨੀਂਹ ਪੱਥਰ ਵੀ ਰੱਖਣਗੇ। ਪਾਂਡੂ ਟਰਮੀਨਲ 'ਤੇ ਜਹਾਜ਼ਾਂ ਦੀ ਮੁਰੰਮਤ ਦੀ ਸੁਵਿਧਾ ਬਹੁਤ ਕੀਮਤੀ ਸਮੇਂ ਦੀ ਬਚਤ ਕਰੇਗੀ ਕਿਉਂਕਿ ਇੱਕ ਜਹਾਜ਼ ਨੂੰ ਕੋਲਕਾਤਾ ਰਿਪੇਅਰ ਸੁਵਿਧਾ ਅਤੇ ਵਾਪਸ ਲਿਜਾਣ ਲਈ ਇੱਕ ਮਹੀਨੇ ਤੋਂ ਵੱਧ ਸਮਾਂ ਲਗਦਾ ਹੈ। ਇਸ ਤੋਂ ਇਲਾਵਾ, ਇਸ ਨਾਲ ਪੈਸਿਆਂ ਦੀ ਵੀ ਬੜੀ ਬੱਚਤ ਹੋਵੇਗੀ ਕਿਉਂਕਿ ਜਹਾਜ਼ ਦੀ ਟ੍ਰਾਂਸਪੋਰਟੇਸ਼ਨ ਲਾਗਤ ਦੀ ਵੀ ਬੱਚਤ ਹੋਵੇਗੀ। ਪਾਂਡੂ ਟਰਮੀਨਲ ਨੂੰ ਐੱਨਐੱਚ ਨਾਲ ਜੋੜਨ ਵਾਲੀ ਸਮਰਪਿਤ ਸੜਕ 24 ਘੰਟੇ ਕਨੈਕਟੀਵਿਟੀ ਨੂੰ ਸਮਰੱਥ ਬਣਾਏਗੀ।