ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਅਗਸਤ, 2024 ਨੂੰ ਦੁਪਹਿਰ ਸਾਢੇ 12ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਤਿੰਨ ਵੰਦੇ ਭਾਰਤ ਟ੍ਰੇਨਾਂ ਨੂੰ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’ ਅਤੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਦੇ ਹੋਏ, ਅਤਿਆਧੁਨਿਕ ਵੰਦੇ ਭਾਰਤ ਐਕਸਪ੍ਰੈੱਸ ਤਿੰਨ ਮਾਰਗਾਂ: ਮੇਰਠ ਲਖਨਊ; ਮਦੁਰਈ-ਬੈਂਗਲੁਰੂ ਅਤੇ ਚੇੱਨਈ –ਨਾਗਰਕੋਇਲ ‘ਤੇ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੀਆਂ।
ਇਹ ਵੰਦੇ ਭਾਰਤ ਟ੍ਰੇਨਾਂ ਵਰਤਮਾਨ ਵਿੱਚ ਤੇਜ਼ ਗਤੀ ਨਾਲ ਚੱਲ ਰਹੀਆਂ ਗੱਡੀਆਂ ਦੀ ਤੁਲਨਾ ਵਿੱਚ ਯਾਤਰਾ ਸਮੇਂ ਨੂੰ ਘੱਟ ਕਰਨਗੀਆਂ। ਮੇਰਠ ਸਿਟੀ-ਲਖਨਊ ਵੰਦੇ ਭਾਰਤ ਤੋਂ ਲਗਭਗ 1 ਘੰਟਾ, ਚੇੱਨਈ ਐਗਮੋਰ-ਨਾਗਰਕੋਇਲ ਵੰਦੇ ਭਾਰਤ ਨਾਲ 2 ਘੰਟੇ ਅਤੇ ਮਦੁਰਈ-ਬੰਗਲੁਰੂ ਵੰਦੇ ਭਾਰਤ ਤੋਂ ਯਾਤਰਾ ਸਮੇਂ ਵਿੱਚ ਡੇਢ ਘੰਟੇ ਦੀ ਬੱਚਤ ਹੋਵੇਗੀ।
ਇਹ ਵੰਦੇ ਭਾਰਤ ਟ੍ਰੇਨਾਂ ਖੇਤਰ ਦੇ ਲੋਕਾਂ ਨੂੰ ਤੇਜ਼ ਗਤੀ ਅਤੇ ਸੁਵਿਧਾ ਦੇ ਨਾਲ ਯਾਤਰਾ ਕਰਨ ਲਈ ਵਿਸ਼ਵ ਪੱਧਰੀ ਸੇਵਾ ਪ੍ਰਦਾਨ ਕਰਨਗੀਆਂ ਅਤੇ ਤਿੰਨ ਰਾਜਾਂ-ਉੱਤਰ ਪ੍ਰਦੇਸ਼, ਤਮਿਲ ਨਾਡੂ ਅਤੇ ਕਰਨਾਟਕ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਦੀ ਸ਼ੁਰੂਆਤ ਨਿਯਮਿਤ ਯਾਤਰੀਆਂ, ਪੇਸ਼ੇਵਰਾਂ, ਵਪਾਰੀਆਂ ਅਤੇ ਵਿਦਿਆਰਥੀ ਸਮੁਦਾਏ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੇਲ ਸੇਵਾ ਦੇ ਇੱਕ ਨਵੇਂ ਮਾਪਦੰਡ ਦੀ ਸ਼ੁਰੂਆਤ ਕਰੇਗੀ।