ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਮਈ, 2022 ਨੂੰ ਸਵੇਰੇ ਸਾਢੇ 10 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਰੂਚ, ਗੁਜਰਾਤ ਵਿੱਚ ‘ਉਤਕਰਸ਼ ਸਮਾਰੋਹ’ ਨੂੰ ਸੰਬੋਧਨ ਕਰਨਗੇ। ਇਹ ਸਮਾਰੋਹ ਜ਼ਿਲ੍ਹੇ ਵਿੱਚ ਰਾਜ ਸਰਕਾਰ ਦੀਆਂ ਚਾਰ ਮੁੱਖ ਸਕੀਮਾਂ ਦੇ 100 ਪ੍ਰਤੀਸ਼ਤ ਸੰਤ੍ਰਿਪਤ ਹੋਣ ਦਾ ਜਸ਼ਨ ਮਨਾਏਗਾ, ਜਿਸ ਨਾਲ ਲੋੜਵੰਦ ਲੋਕਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।
ਭਰੂਚ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਧਵਾਵਾਂ, ਬਜ਼ੁਰਗਾਂ ਅਤੇ ਬੇਸਹਾਰਾ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸਕੀਮਾਂ ਦੀ ਪੂਰੀ ਕਵਰੇਜ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਸ ਵਰ੍ਹੇ 1 ਜਨਵਰੀ ਤੋਂ 31 ਮਾਰਚ ਤੱਕ 'ਉਤਕਰਸ਼ ਪਹਲ' ਮੁਹਿੰਮ ਚਲਾਈ ਸੀ। ਗੰਗਾ ਸਵਰੂਪ ਵਿੱਤੀ ਸਹਾਇਤਾ ਯੋਜਨਾ, ਇੰਦਰਾ ਗਾਂਧੀ ਵ੍ਰਿੱਧਾ ਸਹਾਇਤਾ ਯੋਜਨਾ, ਨਿਰਾਧਾਰ ਵ੍ਰਧ ਆਰਥਿਕ ਸਹਾਯ ਯੋਜਨਾ (Niradhar Vrudh Aarthik Sahay Yojana) ਅਤੇ ਰਾਸ਼ਟਰੀ ਕੁਟੁੰਬ ਸਹਾਇਤਾ ਯੋਜਨਾ ਨਾਮਕ ਚਾਰ ਯੋਜਨਾਵਾਂ ਵਿੱਚ ਕੁੱਲ 12,854 ਲਾਭਾਰਥੀਆਂ ਦੀ ਪਹਿਚਾਣ ਕੀਤੀ ਗਈ ਸੀ।
ਮੁਹਿੰਮ ਦੌਰਾਨ, ਤਾਲੁਕਾ-ਵਾਰ ਵਟਸਐਪ ਹੈਲਪਲਾਈਨ ਨੰਬਰਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਜਿਨ੍ਹਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਸੀ। ਜ਼ਿਲ੍ਹੇ ਦੇ ਮਿਉਂਸਪਲ ਏਰੀਏ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿੱਚ ਉਤਕਰਸ਼ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਬਿਨੈਕਾਰਾਂ ਨੂੰ ਮੌਕੇ ’ਤੇ ਹੀ ਪ੍ਰਵਾਨਗੀ ਦਿੱਤੀ ਗਈ। ਇਸ ਮੁਹਿੰਮ ਨੂੰ ਹੋਰ ਸੁਚਾਰੂ ਬਣਾਉਣ ਲਈ ਉਤਕਰਸ਼ ਸਹਾਇਕਾਂ ਨੂੰ ਪ੍ਰੋਤਸਾਹਨ ਵੀ ਦਿੱਤੇ ਗਏ।