ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਜੁਲਾਈ ਨੂੰ ਸਵੇਰੇ 11 ਵਜੇ ਅੰਤਰਰਾਸ਼ਟਰੀ ਸਹਿਕਾਰਤਾ ਦਿਵਸ ਦੇ ਅਵਸਰ ‘ਤੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ 17ਵੀਂ ਭਾਰਤੀ ਸਹਿਕਾਰੀ ਕਾਂਗਰਸ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਵਿਜ਼ਨ ਵਿੱਚ ਦ੍ਰਿੜ੍ਹ ਵਿਸ਼ਵਾਸ ਤੋਂ ਪ੍ਰੇਰਣਾ ਲੈ ਕੇ, ਸਰਕਾਰ ਦੇਸ਼ ਵਿੱਚ ਸਹਿਕਾਰਤਾ ਲਹਿਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਉਠਾ ਰਹੀ ਹੈ। ਇਸ ਯਤਨ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ ਇੱਕ ਵੱਖਰੇ ਸਹਿਕਾਰਤਾ ਮੰਤਰਾਲੇ ਦਾ ਗਠਨ ਕੀਤਾ ਹੈ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
17ਵੀਂ ਭਾਰਤੀ ਸਹਿਕਾਰੀ ਕਾਂਗਰਸ 1-2 ਜੁਲਾਈ, 2023 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਸਹਿਕਾਰੀ ਲਹਿਰ ਦੇ ਵਿਭਿੰਨ ਰੁਝਾਨਾਂ 'ਤੇ ਚਰਚਾ ਕਰਨਾ, ਅਪਣਾਈਆਂ ਜਾ ਰਹੀਆਂ ਬਿਹਤਰੀਨ ਪਿਰਤਾਂ ਨੂੰ ਪ੍ਰਦਰਸ਼ਿਤ ਕਰਨਾ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ 'ਤੇ ਵਿਚਾਰ ਕਰਨਾ ਅਤੇ ਭਾਰਤ ਦੇ ਸਹਿਕਾਰੀ ਅੰਦੋਲਨ ਦੇ ਵਿਕਾਸ ਲਈ ਭਵਿੱਖ ਦੀ ਨੀਤੀਗਤ ਦਿਸ਼ਾ ਤਿਆਰ ਕਰਨਾ ਹੈ। "ਅੰਮ੍ਰਿਤ ਕਾਲ: ਜੀਵੰਤ ਭਾਰਤ ਦੇ ਲਈ ਸਹਿਯੋਗ ਨਾਲ ਸਮ੍ਰਿੱਧੀ" ਦੇ ਮੁੱਖ ਵਿਸ਼ੇ 'ਤੇ ਸੱਤ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਵਿੱਚ ਪ੍ਰਾਇਮਰੀ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਸਹਿਕਾਰੀ ਸੰਸਥਾਵਾਂ, ਅੰਤਰਰਾਸ਼ਟਰੀ ਸਹਿਕਾਰੀ ਸੰਗਠਨਾਂ ਦੇ ਨੁਮਾਇੰਦੇ, ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ਦੇ ਨੁਮਾਇੰਦੇ ਅਤੇ ਮੰਤਰਾਲਿਆਂ, ਯੂਨੀਵਰਸਿਟੀਆਂ ਅਤੇ ਨਾਮਵਰ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ 3600 ਤੋਂ ਵੱਧ ਹਿਤਧਾਰਕਾਂ ਦੀ ਭਾਗੀਦਾਰੀ ਹੋਵੇਗੀ।