ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਨਵੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਸਵੇਰੇ 11 ਵਜੇ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੇ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਉਣ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੇ ਨਵੇਂ ਸ਼ਿਕਾਇਤ ਪ੍ਰਬੰਧਨ ਸਿਸਟਮ ਪੋਰਟਲ ਨੂੰ ਲਾਂਚ ਕਰਨਗੇ। ਪੋਰਟਲ ਦੀ ਕਲਪਨਾ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੀ ਸਥਿਤੀ 'ਤੇ ਨਿਯਮਿਤ ਅੱਪਡੇਟਾਂ ਰਾਹੀਂ ਸ਼ੁਰੂ ਤੋਂ ਅੰਤ ਤੱਕ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਉਹ "ਨੈਤਿਕਤਾ ਅਤੇ ਚੰਗੇ ਵਿਵਹਾਰ" 'ਤੇ ਤਸਵੀਰਾਂ ਵਾਲੀਆਂ ਕਿਤਾਬਾਂ ਦੀ ਇੱਕ ਲੜੀ; ਜਨਤਕ ਖਰੀਦ 'ਤੇ "ਰੋਕਥਾਮ ਸਬੰਧੀ ਚੌਕਸੀ" 'ਤੇ ਸਰਵਸ੍ਰੇਸ਼ਠ ਪ੍ਰਥਾਵਾਂ ਦਾ ਸੰਕਲਨ ਅਤੇ ਵਿਸ਼ੇਸ਼ ਅੰਕ "ਵਿਗੇਏ-ਵਾਨੀ (VIGEYE-VANI)" ਵੀ ਰਿਲੀਜ਼ ਕਰਨਗੇ।
ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਹਰ ਵਰ੍ਹੇ ਵਿਜੀਲੈਂਸ ਜਾਗਰੂਕਤਾ ਸਪਤਾਹ ਮਨਾਉਂਦਾ ਹੈ ਤਾਂ ਜੋ ਜੀਵਨ ਦੇ ਸਾਰੇ ਖੇਤਰਾਂ ਵਿੱਚ ਅਖੰਡਤਾ ਦੇ ਸੰਦੇਸ਼ ਨੂੰ ਫੈਲਾਉਣ ਲਈ ਸਾਰੇ ਹਿਤਧਾਰਕਾਂ ਨੂੰ ਇਕੱਠਾ ਕੀਤਾ ਜਾ ਸਕੇ। ਇਸ ਸਾਲ, ਇਹ 31 ਅਕਤੂਬਰ ਤੋਂ 6 ਨਵੰਬਰ ਤੱਕ "ਵਿਕਸਿਤ ਰਾਸ਼ਟਰ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ" ਵਿਸ਼ੇ ਦੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਚੌਕਸੀ ਜਾਗਰੂਕਤਾ ਸਪਤਾਹ ਦੇ ਉਪਰੋਕਤ ਵਿਸ਼ੇ 'ਤੇ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਦੁਆਰਾ ਕਰਵਾਏ ਗਏ ਦੇਸ਼ ਵਿਆਪੀ ਲੇਖ ਮੁਕਾਬਲੇ ਦੌਰਾਨ ਸਰਬਸ੍ਰੇਸ਼ਠ ਲੇਖ ਲਿਖਣ ਵਾਲੇ ਪੰਜ ਵਿਦਿਆਰਥੀਆਂ ਨੂੰ ਇਨਾਮ ਵੀ ਪ੍ਰਦਾਨ ਕਰਨਗੇ।