ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਅਕਤੂਬਰ ਨੂੰ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਦੁਪਹਿਰ ਲਗਭਗ 1:45 ਵਜੇ 90ਵੀਂ ਇੰਟਰਪੋਲ ਮਹਾਸਭਾ (ਜਨਰਲ ਅਸੈਂਬਲੀ) ਨੂੰ ਸੰਬੋਧਨ ਕਰਨਗੇ।
ਇੰਟਰਪੋਲ ਦੀ 90ਵੀਂ ਜਨਰਲ ਅਸੈਂਬਲੀ 18 ਤੋਂ 21 ਅਕਤੂਬਰ ਤੱਕ ਹੋਵੇਗੀ। ਇਸ ਮੀਟਿੰਗ ਵਿੱਚ 195 ਇੰਟਰਪੋਲ ਮੈਂਬਰ ਦੇਸ਼ਾਂ ਦੇ ਵਫ਼ਦ ਸ਼ਾਮਲ ਹੋਣਗੇ, ਜਿਸ ਵਿੱਚ ਦੇਸ਼ਾਂ ਦੇ ਮੰਤਰੀ, ਪੁਲਿਸ ਮੁਖੀ, ਰਾਸ਼ਟਰੀ ਕੇਂਦਰੀ ਬਿਊਰੋ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹੋਣਗੇ। ਜਨਰਲ ਅਸੈਂਬਲੀ ਇੰਟਰਪੋਲ ਦੀ ਸਰਵਉੱਚ ਸੰਚਾਲਨ ਸੰਸਥਾ ਹੈ ਅਤੇ ਇਸ ਦੇ ਕੰਮਕਾਜ ਨਾਲ ਸਬੰਧਿਤ ਮੁੱਖ ਫੈਸਲੇ ਲੈਣ ਲਈ ਸਾਲ ਵਿੱਚ ਇੱਕ ਵਾਰ ਮੀਟਿੰਗ ਕਰਦੀ ਹੈ।
ਇੰਟਰਪੋਲ ਜਨਰਲ ਅਸੈਂਬਲੀ ਦੀ ਭਾਰਤ ਵਿੱਚ ਮੀਟਿੰਗ ਲਗਭਗ 25 ਸਾਲਾਂ ਦੇ ਵਕਫ਼ੇ ਤੋਂ ਬਾਅਦ ਹੋ ਰਹੀ ਹੈ - ਇਹ ਆਖਰੀ ਵਾਰ 1997 ਵਿੱਚ ਆਯੋਜਿਤ ਕੀਤੀ ਗਈ ਸੀ। ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨਾਂ ਦੇ ਨਾਲ-ਨਾਲ ਨਵੀਂ ਦਿੱਲੀ ਵਿੱਚ 2022 ਵਿੱਚ ਇੰਟਰਪੋਲ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਜਨਰਲ ਅਸੈਂਬਲੀ ਵਲੋਂ ਸਵੀਕਾਰ ਕੀਤਾ ਗਿਆ ਸੀ। ਇਹ ਸਮਾਗਮ ਭਾਰਤ ਦੀ ਕਾਨੂੰਨ ਵਿਵਸਥਾ ਵਿੱਚ ਸਭ ਤੋਂ ਵਧੀਆ ਅਭਿਆਸਾਂ ਨੂੰ ਪੂਰੀ ਦੁਨੀਆ ਵਿੱਚ ਦਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
ਕੇਂਦਰੀ ਗ੍ਰਹਿ ਮੰਤਰੀ, ਇੰਟਰਪੋਲ ਦੇ ਪ੍ਰਮੁੱਖ ਅਹਿਮਦ ਨਾਸੇਰ ਅਲ ਰਾਇਸੀ ਅਤੇ ਸਕੱਤਰ ਜਨਰਲ ਸ਼੍ਰੀ ਜੁਰਗੇਨ ਸਟਾਕ, ਸੀਬੀਆਈ ਡਾਇਰੈਕਟਰ ਵੀ ਇਸ ਮੌਕੇ ਹਾਜ਼ਰ ਹੋਣਗੇ।