ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੁੰਬਿਨੀ ਦੇ ਆਪਣੇ ਇੱਕ ਦਿਨ ਦੇ ਪ੍ਰਵਾਸ ਦੇ ਦੌਰਾਨ 16 ਮਈ, 2022 ਨੂੰ ਉੱਥੇ ਮਾਇਆਦੇਵੀ ਮੰਦਿਰ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ, ਮਾਣਯੋਗ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਅਤੇ ਉਨ੍ਹਾਂ ਦੀ ਪਤਨੀ ਡਾ. ਆਰਜੂ ਰਾਣਾ ਦੇਉਬਾ ਵੀ ਸਨ।
ਦੋਨੋਂ ਸਰਕਾਰਾਂ ਦੇ ਮੁਖੀਆਂ ਨੇ ਮੰਦਿਰ ਪਰਿਸਰ ਦੇ ਅੰਦਰ ਮੌਜੂਦ ਉਸ ਚਿੰਨ੍ਹ-ਪੱਥਰ ਦੇ ਦਰਸ਼ਨ ਕੀਤੇ, ਜੋ ਭਗਵਾਨ ਬੁੱਧ ਦੇ ਅਵਤਾਰ ਦੇ ਸਟੀਕ ਸਥਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਬੋਧੀ ਰੀਤੀ-ਰਿਵਾਜਾਂ ਦੇ ਅਨੁਸਾਰ ਕੀਤੀ ਗਈ ਪੂਜਾ ਵਿੱਚ ਹਿੱਸਾ ਲਿਆ।
ਦੋਨੋਂ ਪ੍ਰਧਾਨ ਮੰਤਰੀਆਂ ਨੇ ਮੰਦਿਰ ਦੇ ਬਿਲਕੁਲ ਨਾਲ ਸਥਿਤ ਅਸ਼ੋਕ ਥੰਮ੍ਹ ਦੇ ਨੇੜੇ ਦੀਪ ਜਗਾਇਆ। ਇਸ ਥੰਮ੍ਹ ਨੂੰ ਸਮਰਾਟ ਅਸ਼ੋਕ ਨੇ 249 ਈਸਵੀ ਪੂਰਵ ਵਿੱਚ ਬਣਵਾਇਆ ਸੀ। ਭਗਵਾਨ ਬੁੱਧ ਦੇ ਲੁੰਬਿਨੀ ਵਿੱਚ ਜਨਮ ਲੈਣ ਦਾ ਪਹਿਲਾ ਪੁਰਾਲੇਖ ਪ੍ਰਮਾਣ ਇਸ ਥੰਮ੍ਹ ਉੱਤੇ ਉੱਕਰਿਆ ਹੋਇਆ ਹੈ। ਇਸ ਦੇ ਬਾਅਦ, ਦੋਨੋਂ ਪ੍ਰਧਾਨ ਮੰਤਰੀਆਂ ਨੇ ਬੋਧੀ ਬਿਰਖ ਨੂੰ ਜਲ ਅਰਪਿਤ ਕੀਤਾ। ਇਸ ਦੇ ਪੌਦੇ ਨੂੰ ਬੋਧ ਗਯਾ ਤੋਂ ਲਿਆਂਦਾ ਗਿਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ 2014 ਵਿੱਚ ਤੋਹਫ਼ੇ ਵਜੋਂ ਦਿੱਤਾ ਸੀ। ਦੋਨੋਂ ਸਰਕਾਰਾਂ ਦੇ ਮੁਖੀਆਂ ਨੇ ਮੰਦਿਰ ਦੀ ਵਿਜ਼ਟਰ ਬੁੱਕ 'ਤੇ ਹਸਤਾਖ਼ਰ ਵੀ ਕੀਤੇ।