ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਰਮਨੀ ਦੇ ਚਾਂਸਲਰ ਮਹਾਮਹਿਮ ਸ੍ਰੀ ਓਲਾਫ਼ ਸਕੋਲਜ਼ ਦੇ ਸੱਦੇ ’ਤੇ 26-27 ਜੂਨ 2022 ਨੂੰ ਜਰਮਨ ਪ੍ਰੈਜ਼ੀਡੈਂਸੀ ਅਧੀਨ G7 ਸਿਖਰ ਸੰਮੇਲਨ ਲਈ ਸ਼ਲੋਸ ਏਲਾਮੂ, ਜਰਮਨੀ ਦਾ ਦੌਰਾ ਕਰਨਗੇ । ਇਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਦੋ ਸੈਸ਼ਨਾਂ ਵਿੱਚ ਬੋਲਣ ਦੀ ਉਮੀਦ ਹੈ; ਜਿਨ੍ਹਾਂ ਵਿੱਚ ਵਾਤਾਵਰਣ, ਊਰਜਾ, ਜਲਵਾਯੂ, ਖੁਰਾਕ ਸੁਰੱਖਿਆ, ਸਿਹਤ, ਲਿੰਗ ਸਮਾਨਤਾ ਅਤੇ ਲੋਕਤੰਤਰ ਸ਼ਾਮਲ ਹਨ। ਇਨ੍ਹਾਂ ਮਹੱਤਵਪੂਰਨ ਮੁੱਦਿਆਂ 'ਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ, ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਜਿਹੇ ਹੋਰ ਲੋਕਤੰਤਰਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਸਿਖਰ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਕੁਝ ਭਾਗੀਦਾਰ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀ ਬੈਠਕ ਕਰਨਗੇ।
ਜੀ7 ਸਿਖਰ ਸੰਮੇਲਨ ਦਾ ਸੱਦਾ ਭਾਰਤ ਅਤੇ ਜਰਮਨੀ ਵਿਚਾਲੇ ਮਜ਼ਬੂਤ ਤੇ ਨਜ਼ਦੀਕੀ ਭਾਈਵਾਲੀ ਅਤੇ ਉੱਚ-ਪੱਧਰੀ ਰਾਜਨੀਤਕ ਸੰਪਰਕਾਂ ਦੀ ਰਵਾਇਤ ਨੂੰ ਧਿਆਨ ਵਿੱਚ ਰੱਖਦਿਆਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦਾ ਜਰਮਨੀ ਦਾ ਪਿਛਲਾ ਦੌਰਾ ਭਾਰਤ-ਜਰਮਨੀ ਅੰਤਰ-ਸਰਕਾਰੀ ਸਲਾਹ-ਮਸ਼ਵਰੇ (IGC) ਦੇ ਛੇਵੇਂ ਸੰਸਕਰਣ ਲਈ 2 ਮਈ 2022 ਨੂੰ ਹੋਇਆ ਸੀ।
G7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ 28 ਜੂਨ 2022 ਨੂੰ ਸੰਯੁਕਤ ਅਰਬ ਅਮੀਰਾਤ (UAE) ਦੀ ਯਾਤਰਾ ਕਰਨਗੇ, ਤਾਕਿ UAE ਦੇ ਸਾਬਕਾ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਖਲੀਫਾ ਬਿਨ ਜ਼ਾਇਦ ਅਲ ਨਾਹਯਾਨ ਦੇ ਦੇਹਾਂਤ 'ਤੇ ਨਿਜੀ ਸੋਗ ਪ੍ਰਗਟ ਕਰ ਸਕਣ। ਪ੍ਰਧਾਨ ਮੰਤਰੀ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਸੰਯੁਕਤ ਅਰਬ ਅਮੀਰਾਤ ਦੇ ਨਵੇਂ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਵਜੋਂ ਚੁਣੇ ਜਾਣ 'ਤੇ ਵਧਾਈ ਦੇਣ ਦਾ ਮੌਕਾ ਵੀ ਲੈਣਗੇ।
ਪ੍ਰਧਾਨ ਮੰਤਰੀ 28 ਜੂਨ ਨੂੰ ਉਸੇ ਰਾਤ ਸੰਯੁਕਤ ਅਰਬ ਅਮੀਰਾਤ ਤੋਂ ਰਵਾਨਾ ਹੋਣਗੇ।