ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਗੁਜਰਾਤ ਦੇ ਗਾਂਧੀਨਗਰ ਵਿੱਚ ਆਯੋਜਿਤ ਜੀ20 ਸਿਹਤ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸਿਹਤ ਸੰਭਾਲ਼ ਖੇਤਰ ਨਾਲ ਜੁੜੇ 2.1 ਮਿਲੀਅਨ ਡਾਕਟਰਾਂ, 3.5 ਮਿਲੀਅਨ ਨਰਸਾਂ, 1.3 ਮਿਲੀਅਨ ਪੈਰਾਮੈਡਿਕਸ, 1.6 ਮਿਲੀਅਨ ਫਾਰਮਾਸਿਸਟ ਅਤੇ ਲੱਖਾਂ ਹੋਰਨਾਂ ਦੀ ਤਰਫ਼ੋਂ ਪਤਵੰਤਿਆਂ ਦਾ ਸਵਾਗਤ ਕੀਤਾ।
ਰਾਸ਼ਟਰਪਿਤਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਜੀ ਨੇ ਸਿਹਤ ਨੂੰ ਇੰਨਾ ਮਹੱਤਵਪੂਰਨ ਮੁੱਦਾ ਸਮਝਿਆ ਕਿ ਉਨ੍ਹਾਂ ਨੇ ਇਸ ਵਿਸ਼ੇ 'ਤੇ 'ਕੀਅ ਟੂ ਹੈਲਥ' ਨਾਂ ਦੀ ਕਿਤਾਬ ਲਿਖੀ। ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਆਪਣੇ ਮਨ ਅਤੇ ਸਰੀਰ ਨੂੰ ਇਕਸੁਰਤਾ ਅਤੇ ਸੰਤੁਲਨ ਦੀ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ, ਭਾਵ ਸਿਹਤ ਜੀਵਨ ਦੀ ਬੁਨਿਆਦ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ‘ਸ਼ਲੋਕ’ ਦਾ ਉਚਾਰਣ ਵੀ ਕੀਤਾ, ਜਿਸ ਦਾ ਅਰਥ ਸੀ: ‘ਸਿਹਤ ਹੀ ਪਰਮ ਧਨ ਹੈ ਅਤੇ ਚੰਗੀ ਸਿਹਤ ਨਾਲ ਹਰ ਕੰਮ ਪੂਰਾ ਕੀਤਾ ਜਾ ਸਕਦਾ ਹੈ।’
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਕੋਵਿਡ-19 ਮਹਾਮਾਰੀ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਸਾਡੇ ਫ਼ੈਸਲਿਆਂ ਦੇ ਕੇਂਦਰ ਵਿੱਚ ਸਿਹਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਨੇ ਸਾਨੂੰ ਅੰਤਰਰਾਸ਼ਟਰੀ ਸਹਿਯੋਗ ਭਾਵੇਂ ਦਵਾਈ ਅਤੇ ਵੈਕਸੀਨ ਸਪੁਰਦਗੀ ਵਿੱਚ ਜਾਂ ਸਾਡੇ ਲੋਕਾਂ ਨੂੰ ਘਰ ਵਾਪਸ ਲਿਆਉਣ ਵਿੱਚ ਮਹੱਤਤਾ ਵੀ ਦਿਖਾਈ ਹੈ।
ਵਿਸ਼ਵ ਨੂੰ ਕੋਵਿਡ-19 ਵੈਕਸੀਨ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੀ ਮਾਨਵਤਾਵਾਦੀ ਪਹਿਲ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਮੈਤਰੀ ਪਹਿਲ ਦੇ ਤਹਿਤ ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ 300 ਮਿਲੀਅਨ ਵੈਕਸੀਨ ਡੋਜ਼ ਪ੍ਰਦਾਨ ਕੀਤੇ ਹਨ, ਜਿਨ੍ਹਾਂ ਵਿੱਚ ਗਲੋਬਲ ਸਾਊਥ ਦੇ ਕਈ ਦੇਸ਼ ਵੀ ਸ਼ਾਮਲ ਹਨ।
ਮਹਾਮਾਰੀ ਦੇ ਦੌਰਾਨ ਲਚਕਤਾ ਨੂੰ ਸਭ ਤੋਂ ਵੱਡਾ ਸਬਕ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਹੈਲਥ ਸਿਸਟਮ ਨੂੰ ਲਚਕੀਲਾ ਹੋਣਾ ਚਾਹੀਦਾ ਹੈ। ਸਾਨੂੰ ਅਗਲੀ ਸਿਹਤ ਐਮਰਜੈਂਸੀ ਨੂੰ ਰੋਕਣ, ਤਿਆਰੀ ਅਤੇ ਪ੍ਰਤੀਕਿਰਿਆ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਅੱਜ ਦੇ ਆਪਸ ਵਿੱਚ ਜੁੜੇ ਵਿਸ਼ਵ ਵਿੱਚ ਖਾਸ ਤੌਰ 'ਤੇ ਮਹੱਤਵਪੂਰਨ ਹੈ। ਜਿਵੇਂ ਕਿ ਅਸੀਂ ਮਹਾਮਾਰੀ ਦੌਰਾਨ ਦੇਖਿਆ ਹੈ, ਦੁਨੀਆ ਦੇ ਇੱਕ ਹਿੱਸੇ ਵਿੱਚ ਸਿਹਤ ਸਮੱਸਿਆਵਾਂ ਬਹੁਤ ਥੋੜ੍ਹੇ ਸਮੇਂ ਵਿੱਚ ਦੁਨੀਆ ਦੇ ਬਾਕੀ ਸਾਰੇ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਰਤ ਵਿੱਚ, ਅਸੀਂ ਇੱਕ ਸੰਪੂਰਨ ਅਤੇ ਸਮਾਵੇਸ਼ੀ ਪਹੁੰਚ ਅਪਣਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਹਤ ਢਾਂਚੇ ਦਾ ਵਿਸਤਾਰ ਕਰ ਰਹੇ ਹਾਂ, ਦਵਾਈਆਂ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਸਾਰਿਆਂ ਨੂੰ ਕਿਫ਼ਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ। ਅੰਤਰਰਾਸ਼ਟਰੀ ਯੋਗ ਦਿਵਸ ਦਾ ਆਲਮੀ ਜਸ਼ਨ ਸੰਪੂਰਨ ਸਿਹਤ ਲਈ ਵਿਸ਼ਵਵਿਆਪੀ ਇੱਛਾ ਦਾ ਪ੍ਰਮਾਣ ਹੈ। ਇਸ ਸਾਲ, 2023 ਨੂੰ ਮੋਟੇ ਅਨਾਜ ਦੇ ਅੰਤਰਰਾਸ਼ਟਰੀ ਸਾਲ ਵਜੋਂ ਚਿੰਨ੍ਹਤ ਕੀਤਾ ਜਾ ਰਿਹਾ ਹੈ। ਮੋਟੇ ਅਨਾਜ ਜਾਂ 'ਸ਼੍ਰੀ ਅੰਨ' ਜਿਵੇਂ ਕਿ ਉਹ ਭਾਰਤ ਵਿੱਚ ਜਾਣੇ ਜਾਂਦੇ ਹਨ, ਦੇ ਕਈ ਸਿਹਤ ਲਾਭ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਪੂਰਨ ਸਿਹਤ ਅਤੇ ਤੰਦਰੁਸਤੀ ਹਰ ਕਿਸੇ ਦੀ ਪ੍ਰਤੀਰੋਧਕਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ। ਜਾਮਨਗਰ, ਗੁਜਰਾਤ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਅਤੇ ਜੀ20 ਸਿਹਤ ਮੰਤਰੀਆਂ ਦੀ ਬੈਠਕ ਦੇ ਨਾਲ ਰਵਾਇਤੀ ਦਵਾਈ 'ਤੇ ਡਬਲਿਊਐੱਚਓ ਗਲੋਬਲ ਸਮਿਟ ਦਾ ਆਯੋਜਨ ਇਸ ਦੀ ਸਮਰੱਥਾ ਨੂੰ ਵਰਤਣ ਲਈ ਯਤਨਾਂ ਨੂੰ ਤੇਜ਼ ਕਰੇਗਾ। ਪਰੰਪਰਾਗਤ ਦਵਾਈ ਦਾ ਇੱਕ ਵਿਸ਼ਵਵਿਆਪੀ ਭੰਡਾਰ ਬਣਾਉਣ ਲਈ ਸਾਡਾ ਸਾਂਝਾ ਯਤਨ ਹੋਣਾ ਚਾਹੀਦਾ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਿਹਤ ਅਤੇ ਵਾਤਾਵਰਣ ਸੰਗਠਿਤ ਤੌਰ 'ਤੇ ਜੁੜੇ ਹੋਏ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਫ ਹਵਾ, ਸੁਰੱਖਿਅਤ ਪੀਣ ਵਾਲਾ ਪਾਣੀ, ਲੋੜੀਂਦਾ ਪੋਸ਼ਣ ਅਤੇ ਸੁਰੱਖਿਅਤ ਆਸਰਾ ਸਿਹਤ ਦੇ ਮੁੱਖ ਕਾਰਕ ਹਨ। ਉਨ੍ਹਾਂ ਨੇ ਜਲਵਾਯੂ ਅਤੇ ਸਿਹਤ ਪਹਿਲ ਦੀ ਸ਼ੁਰੂਆਤ ਲਈ ਉਠਾਏ ਗਏ ਕਦਮਾਂ ਲਈ ਪਤਵੰਤਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਐਂਟੀ-ਮਾਇਕ੍ਰੋਬਾਇਲ ਪ੍ਰਤੀਰੋਧ (ਏਐੱਮਆਰ) ਦੇ ਖਤਰੇ ਨਾਲ ਨਜਿੱਠਣ ਲਈ ਉਠਾਏ ਗਏ ਕਦਮ ਵੀ ਸ਼ਲਾਘਾਯੋਗ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਏਐੱਮਆਰ ਵਿਸ਼ਵਵਿਆਪੀ ਜਨਤਕ ਸਿਹਤ ਅਤੇ ਹੁਣ ਤੱਕ ਦੀਆਂ ਸਾਰੀਆਂ ਫਾਰਮਾ ਪ੍ਰਗਤੀ ਲਈ ਇੱਕ ਗੰਭੀਰ ਖ਼ਤਰਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਜੀ20 ਹੈਲਥ ਵਰਕਿੰਗ ਗਰੁੱਪ ਨੇ ''ਇੱਕ ਸਿਹਤ'' ਨੂੰ ਤਰਜੀਹ ਦਿੱਤੀ ਹੈ। "ਇੱਕ ਧਰਤੀ, ਇੱਕ ਸਿਹਤ" ਦਾ ਸਾਡਾ ਦ੍ਰਿਸ਼ਟੀਕੋਣ ਜੋ ਕਿ ਪੂਰੀ ਵਾਤਾਵਰਣ ਪ੍ਰਣਾਲੀ - ਮਨੁੱਖਾਂ, ਜਾਨਵਰਾਂ, ਪੌਦਿਆਂ ਅਤੇ ਵਾਤਾਵਰਣ ਲਈ ਚੰਗੀ ਸਿਹਤ ਦੀ ਕਲਪਨਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਏਕੀਕ੍ਰਿਤ ਦ੍ਰਿਸ਼ਟੀਕੋਣ ਕਿਸੇ ਨੂੰ ਪਿੱਛੇ ਨਾ ਛੱਡਣ ਦਾ ਗਾਂਧੀ ਜੀ ਦਾ ਸੰਦੇਸ਼ ਦਿੰਦਾ ਹੈ।
ਸਿਹਤ ਪਹਿਲਾਂ ਦੀ ਸਫ਼ਲਤਾ ਵਿੱਚ ਇੱਕ ਮੁੱਖ ਕਾਰਕ ਵਜੋਂ ਜਨਤਕ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਕੁਸ਼ਟ ਦੇ ਖ਼ਾਤਮੇ ਦੀ ਮੁਹਿੰਮ ਦੀ ਸਫ਼ਲਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਟੀਬੀ ਦੇ ਖ਼ਾਤਮੇ ਬਾਰੇ ਸਾਡਾ ਉਤਸ਼ਾਹੀ ਪ੍ਰੋਗਰਾਮ ਵੀ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ‘ਨੀ-ਕਸ਼ਯ ਮਿੱਤਰ’, ਜਾਂ ‘ਟੀਬੀ ਦੇ ਖ਼ਾਤਮੇ ਲਈ ਮਿੱਤਰ’ ਬਣਨ ਦਾ ਸੱਦਾ ਦਿੱਤਾ ਹੈ, ਜਿਸ ਦੇ ਤਹਿਤ ਲਗਭਗ 10 ਲੱਖ ਮਰੀਜ਼ਾਂ ਨੂੰ ਨਾਗਰਿਕਾਂ ਨੇ ਅਪਣਾਇਆ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਹੁਣ, ਅਸੀਂ 2030 ਦੇ ਆਲਮੀ ਲਕਸ਼ ਤੋਂ ਪਹਿਲਾਂ ਹੀ ਟੀਬੀ ਦੇ ਖ਼ਾਤਮੇ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹਾਂ।
ਹੈਲਥਕੇਅਰ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ਵਿੱਚ ਡਿਜੀਟਲ ਸਮਾਧਾਨਾਂ ਅਤੇ ਇਨੋਵੇਸ਼ਨਾਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਪ੍ਰਯਤਨਾਂ ਨੂੰ ਬਰਾਬਰ ਅਤੇ ਸਮਾਵੇਸ਼ੀ ਬਣਾਉਣ ਲਈ ਇੱਕ ਉਪਯੋਗੀ ਸਾਧਨ ਹਨ ਕਿਉਂਕਿ ਦੂਰ-ਦਰਾਜ ਦੇ ਮਰੀਜ਼ ਟੈਲੀ-ਮੈਡੀਸਿਨ ਰਾਹੀਂ ਗੁਣਵੱਤਾ ਦੀ ਦੇਖਭਾਲ਼ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਭਾਰਤ ਦੇ ਰਾਸ਼ਟਰੀ ਪਲੈਟਫਾਰਮ, ਈ-ਸੰਜੀਵਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਨੇ ਅੱਜ ਤੱਕ 140 ਮਿਲੀਅਨ ਟੈਲੀ-ਹੈਲਥ ਸਲਾਹ-ਮਸ਼ਵਰੇ ਦੀ ਸੁਵਿਧਾ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਕੋਵਿਨ ਪਲੈਟਫਾਰਮ ਨੇ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸਫ਼ਲਤਾਪੂਰਵਕ ਸੁਵਿਧਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਦੋ ਪੁਆਇੰਟ ਦੋ ਬਿਲੀਅਨ ਤੋਂ ਵੱਧ ਵੈਕਸੀਨ ਖੁਰਾਕਾਂ ਦੀ ਸਪੁਰਦਗੀ ਅਤੇ ਵਿਸ਼ਵ ਪੱਧਰ 'ਤੇ ਪ੍ਰਮਾਣਿਤ ਟੀਕਾਕਰਣ ਸਰਟੀਫਿਕੇਟ ਦੀ ਅਸਲ ਸਮੇਂ ਦੀ ਉਪਲਬਧਤਾ ਦਾ ਪ੍ਰਬੰਧਨ ਕੀਤਾ ਹੈ। ਡਿਜੀਟਲ ਹੈਲਥ 'ਤੇ ਆਲਮੀ ਪਹਿਲ ਵੱਖ-ਵੱਖ ਡਿਜੀਟਲ ਸਿਹਤ ਪਹਿਲਾਂ ਨੂੰ ਇੱਕ ਸਾਂਝੇ ਪਲੈਟਫਾਰਮ 'ਤੇ ਲਿਆਏਗਾ।
”ਪ੍ਰਧਾਨ ਮੰਤਰੀ ਨੇ ਸੱਦਾ ਦਿੱਤਾ, “ਆਓ ਅਸੀਂ ਜਨਤਕ ਭਲਾਈ ਲਈ ਆਪਣੇ ਨਵਾਚਾਰਾਂ ਨੂੰ ਖੋਲ੍ਹੀਏ। ਆਓ ਫੰਡਿੰਗ ਦੁਹਰਾਈ ਤੋਂ ਬਚੀਏ। ਆਓ ਅਸੀਂ ਟੈਕਨੋਲੋਜੀ ਦੀ ਬਰਾਬਰ ਉਪਲਬਧਤਾ ਦੀ ਸੁਵਿਧਾ ਦੇਈਏ।" ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਗਲੋਬਲ ਸਾਊਥ ਦੇ ਦੇਸ਼ਾਂ ਲਈ ਹੈਲਥ-ਕੇਅਰ ਡਿਲਿਵਰੀ ਦੇ ਪਾੜੇ ਨੂੰ ਪੂਰਾ ਕਰੇਗੀ ਅਤੇ ਸਾਨੂੰ ਯੂਨੀਵਰਸਲ ਹੈਲਥ ਕਵਰੇਜ ਨੂੰ ਪ੍ਰਾਪਤ ਕਰਨ ਦੇ ਸਾਡੇ ਲਕਸ਼ ਦੇ ਇੱਕ ਕਦਮ ਨੇੜੇ ਲੈ ਜਾਵੇਗੀ।
ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਸੰਸਕ੍ਰਿਤ ਵਿੱਚ ਮਨੁੱਖਤਾ ਦੀ ਪ੍ਰਾਚੀਨ ਭਾਰਤੀ ਕਾਮਨਾ ਨਾਲ ਸਮਾਪਤ ਕੀਤਾ, ਜਿਸ ਦਾ ਅਨੁਵਾਦ ਹੈ 'ਸਾਰੇ ਸੁਖੀ ਰਹਿਣ, ਸਾਰੇ ਰੋਗ ਮੁਕਤ ਰਹਿਣ'। ਮੈਂ ਤੁਹਾਡੇ ਵਿਚਾਰ-ਵਟਾਂਦਰੇ ਵਿੱਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।