ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਰਾਹੀਂ ਵਿਸ਼ਵ ਬੈਂਕ ਦੇ ਪ੍ਰੋਗਰਾਮ ‘ਮੇਕਿੰਗ ਇਟ ਪਰਸਨਲ: ਹਾਓ ਬਿਹੇਵੀਯਰਲ ਚੇਂਜ ਕੈਨ ਟੈਕਲ ਕਲਾਈਮੇਟ ਚੇਂਜ’ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿਸ਼ੇ ਦੇ ਨਾਲ ਆਪਣੇ ਵਿਅਕਤੀਗਤ ਜੁੜਾਵ ਨੂੰ ਸਵੀਕਾਰ ਕੀਤਾ ਅਤੇ ਇਸ ਗੱਲ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਇਹ ਇੱਕ ਆਲਮੀ ਅੰਦੋਲਨ ਬਣ ਰਿਹਾ ਹੈ।
ਚਾਣਕਯ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਛੋਟੇ ਕੰਮਾਂ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ, "ਆਪਣੇ ਆਪ ਵਿੱਚ, ਇਸ ਧਰਤੀ ਲਈ ਕੀਤਾ ਜਾਣ ਵਾਲਾ ਹਰ ਇੱਕ ਚੰਗਾ ਕੰਮ ਮਾਮੂਲੀ ਲੱਗ ਸਕਦਾ ਹੈ। ਲੇਕਿਨ ਜਦੋਂ ਦੁਨੀਆ ਭਰ ਦੇ ਅਰਬਾਂ ਲੋਕ ਇਸ ਨੂੰ ਇਕੱਠਿਆਂ ਕਰਦੇ ਹਨ, ਤਾਂ ਇਸ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ। ਸਾਡਾ ਮੰਨਣਾ ਹੈ ਕਿ ਸਾਡੀ ਪ੍ਰਿਥਵੀ ਲਈ ਸਹੀ ਨਿਰਣੈ ਲੈਣ ਵਾਲੇ ਲੋਕ ਸਾਡੀ ਪ੍ਰਿਥਵੀ ਨੂੰ ਬਚਾਉਣ ਲਈ ਲੜਾਈ ਵਿੱਚ ਮਹੱਤਵਪੂਰਣ ਹਨ। ਇਹੀ ਮਿਸ਼ਨ ਲਾਈਫ ਦਾ ਧੁਰਾ ਹੈ।”
ਲਾਈਫ ਅੰਦੋਲਨ ਦੀ ਉੱਤਪਤੀ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਲਾਇਆ ਕਿ 2015 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਉਹਨਾਂ ਨੇ ਵਿਵਹਾਰਿਕ ਤਬਦੀਲੀ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਸੀ ਅਤੇ ਅਕਤੂਬਰ 2022 ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅਤੇ ਉਨ੍ਹਾਂ ਨੇ ਮਿਸ਼ਨ ਲਾਈਫ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਗੱਲ ਦਾ ਵਰਣਨ ਕੀਤਾ ਕਿ ਸੀਓਪੀ-27 ਦੇ ਪਰਿਣਾਮ ਦਸਤਾਵੇਜ਼ ਦੀ ਪ੍ਰਸਤਾਵਨਾ ਸਥਾਈ ਜੀਵਨ ਸ਼ੈਲੀ ਅਤੇ ਖਪਤ ਬਾਰੇ ਚਰਚਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਲੋਕ ਇਹ ਸਮਝ ਲੈਣ ਕਿ ਕੇਵਲ ਸਰਕਾਰ ਹੀ ਨਹੀਂ ਬਲਕਿ ਉਹ ਵੀ ਯੋਗਦਾਨ ਦੇ ਸਕਦੇ ਹਨ, ਤਾਂ "ਉਨ੍ਹਾਂ ਦੀ ਚਿੰਤਾ ਕਾਰਵਾਈ ਵਿੱਚ ਬਦਲ ਜਾਵੇਗੀ"। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ, “ਜਲਵਾਯੂ ਪਰਿਵਰਤਨ ਦਾ ਮੁਕਾਬਲਾ ਸਿਰਫ ਕਾਨਫਰੰਸ ਟੇਬਲਾਂ 'ਤੇ ਨਹੀਂ ਕੀਤਾ ਜਾ ਸਕਦਾ। ਇਸ ਲੜਾਈ ਨੂੰ ਹਰ ਘਰ ਦੇ ਰਾਤ ਦੇ ਖਾਣੇ ਦੀ ਮੇਜ਼ 'ਤੇ ਵੀ ਲੜਨਾ ਹੋਵੇਗਾ। ਜਦੋਂ ਕੋਈ ਵਿਚਾਰ-ਚਰਚਾ ਦੀ ਮੇਜ਼ ਤੋਂ ਰਾਤ ਦੇ ਖਾਣੇ ਦੀ ਮੇਜ਼ 'ਤੇ ਪਹੁੰਚਦਾ ਹੈ, ਤਾਂ ਇਹ ਇੱਕ ਜਨ ਅੰਦੋਲਨ ਬਣ ਜਾਂਦਾ ਹੈ। ਹਰ ਪਰਿਵਾਰ ਅਤੇ ਹਰੇਕ ਵਿਅਕਤੀ ਨੂੰ ਇਸ ਗੱਲ ਤੋਂ ਸੁਚੇਤ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਪਸੰਦ ਨਾਲ ਪ੍ਰਿਥਵੀ ਨੂੰ ਬਚਾਉਣ ਲਈ ਲੜਾਈ ਨੂੰ ਵਿਸਤਾਰ ਅਤੇ ਗਤੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੀ ਹੈ। ਮਿਸ਼ਨ ਲਾਈਫ ਜਲਵਾਯੂ ਪਰਿਵਰਤਨ ਦੇ ਵਿਰੁੱਧ ਲੜਾਈ ਨੂੰ ਲੋਕਤੰਤਰੀਕਰਨ ਕਰਨ ਬਾਰੇ ਹੈ। ਜੇਕਰ ਲੋਕ ਇਸ ਗੱਲ ਪ੍ਰਤੀ ਜਾਗਰੂਕ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਦੈਨਿਕ ਜੀਵਨ ਦੇ ਛੋਟੇ-ਛੋਟੇ ਕੰਮ ਵੀ ਸ਼ਕਤੀਸ਼ਾਲੀ ਹਨ, ਤਾਂ ਵਾਤਾਵਰਣ 'ਤੇ ਇਸ ਦਾ ਬਹੁਤ ਸਕਾਰਾਤਮਕ ਪ੍ਰਭਾਵ ਪਵੇਗਾ।"
ਸ਼੍ਰੀ ਮੋਦੀ ਨੇ ਭਾਰਤ ਦੀਆਂ ਉਦਾਹਰਣਾਂ ਦੇ ਨਾਲ ਆਪਣੀ ਸੋਚ ਦੀ ਵਿਆਖਿਆ ਕੀਤੀ ਅਤੇ ਕਿਹਾ ਕਿ “ਜਨ ਅੰਦੋਲਨਾਂ ਅਤੇ ਵਿਵਹਾਰ ਵਿੱਚ ਬਦਲਾਅ ਦੇ ਮਾਮਲਿਆਂ ਵਿੱਚ, ਭਾਰਤ ਦੇ ਲੋਕਾਂ ਨੇ ਪਿਛਲੇ ਕੁਝ ਵਰ੍ਹਿਆਂ ਦੌਰਾਨ ਬਹੁਤ ਕੁਝ ਕੀਤਾ ਹੈ।” ਉਨ੍ਹਾਂ ਨੇ ਬਿਹਤਰ ਲਿੰਗ ਅਨੁਪਾਤ, ਵੱਡੇ ਪੈਮਾਣੇ ‘ਤੇ ਸਵੱਛਤਾ ਅਭਿਯਾਨ, ਐੱਲਈਡੀ ਬਲੱਬਾਂ ਨੂੰ ਅਪਨਾਉਣ ਦਾ ਉਦਾਹਰਣ ਦਿੱਤਾ ਜੋ ਹਰ ਵਰ੍ਹੇ ਲਗਭਗ 39 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਨਿਕਾਸ ਤੋਂ ਬਚਣ ਵਿੱਚ ਮਦਦ ਕਰਦਾ ਹੈ। ਲਗਭਗ ਸੱਤ ਲੱਖ ਹੈਕਟੇਅਰ ਖੇਤੀਬਾੜੀ ਭੂਮੀ ਨੂੰ ਲਘੂ ਸਿੰਚਾਈ ਦੁਆਰਾ ਕਵਰ ਕਰਕੇ ਪਾਣੀ ਦੀ ਬਚਤ ਕਰਨ ਦਾ ਵੀ ਉਨ੍ਹਾਂ ਨੇ ਵਰਣਨ ਕੀਤਾ।
ਸ਼੍ਰੀ ਮੋਦੀ ਨੇ ਦੱਸਿਆ ਕਿ ਮਿਸ਼ਨ ਲਾਈਫ ਦੇ ਤਹਿਤ ਸਰਕਾਰ ਦੇ ਪ੍ਰਯਾਸ ਸਥਾਨਕ ਨਿਕਾਇਆਂ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣ, ਪਾਣੀ ਦੀ ਬਚਤ ਕਰਨ, ਊਰਜਾ ਦੀ ਬਚਤ ਕਰਨ, ਕਚਰੇ ਅਤੇ ਈ-ਕਚਰੇ ਨੂੰ ਘੱਟ ਕਰਨ, ਤੰਦਰੁਸਤ ਜੀਵਨ ਸ਼ੈਲੀ ਨੂੰ ਅਪਨਾਉਣ, ਪ੍ਰਾਕ੍ਰਿਤਕ ਖੇਤੀ ਨੂੰ ਅਪਨਾਉਣ, ਪੋਸ਼ਕ ਅਨਾਜ ਨੂੰ ਹੁਲਾਰਾ ਦੇਣ ਜਿਹੇ ਕਈ ਖੇਤਰਾਂ ਵਿੱਚ ਫੈਲੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਨਾਲ 22 ਬਿਲੀਅਨ ਯੂਨਿਟ ਤੋਂ ਵੱਧ ਊਰਜਾ ਦੀ ਬਚਤ ਹੋਵੇਗੀ, ਨੌਂ ਟ੍ਰਿਲੀਅਨ ਲੀਟਰ ਪਾਣੀ ਦੀ ਬਚਤ ਹੋਵੇਗੀ, ਕਚਰੇ ਵਿੱਚ ਤਿੰਨ ਸੌ ਪੰਝਤਰ ਮਿਲੀਅਨ ਟਨ ਦੀ ਕਮੀ ਆਏਗੀ, ਲਗਭਗ ਇੱਕ ਮਿਲੀਅਨ ਟਨ ਈ-ਕਚਰੇ ਦਾ ਪੁਨਰਚੱਕਰ ਹੋਵੇਗਾ ਅਤੇ 2030 ਤੱਕ ਲਗਭਗ ਇੱਕ ਸੌ ਸੱਤਰ (170) ਮਿਲੀਅਨ ਡਾਲਰ ਮੁੱਲ ਦੀ ਵਾਧੂ ਲਾਗਤ ਦੀ ਬਚਤ ਹੋਵੇਗੀ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ, “ਇਸ ਤੋਂ ਇਲਾਵਾ, ਇਹ ਪੰਦਰ੍ਹਾਂ ਬਿਲੀਅਨ ਟਨ ਭੋਜਨ ਦੀ ਬਰਬਾਦੀ ਨੂੰ ਘੱਟ ਕਰਨ ਵਿੱਚ ਸਾਡੀ ਮਦਦ ਕਰੇਗਾ। ਇਹ ਅੰਕੜਾ ਕਿੰਨਾ ਬੜਾ ਹੈ, ਇਹ ਜਾਨਣ ਲਈ ਮੈਂ ਤੁਹਾਨੂੰ ਇੱਕ ਤੁਲਾਨਤਮਕ ਤੱਥ ਦਿੰਦਾ ਹਾਂ। ਐੱਫਏਓ ਦੇ ਅਨੁਸਾਰ 2020 ਵਿੱਚ ਆਲਮੀ ਪ੍ਰਾਥਮਿਕ ਫ਼ਸਲ ਉਤਪਾਦਨ ਲਗਭਗ ਨੌਂ ਬਿਲੀਅਨ ਟਨ ਸੀ।”
ਪ੍ਰਧਾਨ ਮੰਤਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਆਲਮੀ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ। ਕੁੱਲ ਵਿੱਤ ਪੋਸ਼ਿਤ ਹਿੱਸੇ ਦੇ ਰੂਪ ਵਿੱਚ ਵਿਸ਼ਵ ਬੈਂਕ ਸਮੂਹ ਦੁਆਰਾ ਜਲਵਾਯੂ ਵਿੱਤ ਵਿੱਚ 26 ਪ੍ਰਤੀਸ਼ਤ ਤੋਂ 35 ਪ੍ਰਤੀਸ਼ਤ ਤੱਕ ਦੇ ਪ੍ਰਸਤਾਵਿਤ ਵਾਧੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਜਲਵਾਯੂ ਵਿੱਤ ਦਾ ਧਿਆਨ ਆਮ ਤੌਰ 'ਤੇ ਰਵਾਇਤੀ ਪਹਿਲੂਆਂ 'ਤੇ ਹੁੰਦਾ ਹੈ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਉਨ੍ਹਾਂ ਨੇ ਕਿਹਾ "ਵਿਵਹਾਰਕ ਪਹਿਲਾਂ ਲਈ ਵੀ ਢੁਕਵੇਂ ਵਿੱਤਪੋਸ਼ਣ ਦੇ ਤਰੀਕਿਆਂ ਬਾਰੇ ਸੋਚਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਿੱਟਾ ਕੱਢਿਆ, ਕਿ ਮਿਸ਼ਨ ਲਾਈਫ ਜਿਹੀਆਂ ਵਿਵਹਾਰਕ ਪਹਿਲਾਂ ਪ੍ਰਤੀ ਵਿਸ਼ਵ ਬੈਂਕ ਦੁਆਰਾ ਸਮਰਥਨ ਦਾ ਇੱਕ ਗੁਣਾਤਮਕ ਪ੍ਰਭਾਵ ਹੋਵੇਗਾ"।