ਮੇਰੇ ਪ੍ਰਿਯ ਮਿੱਤਰ ਸਕੌਟ, ਨਮਸਕਾਰ!
ਹੋਲੀ ਦੇ ਤਿਉਹਾਰ ਅਤੇ ਚੋਣਾਂ ਵਿੱਚ ਜਿੱਤ ‘ਤੇ ਤੁਸੀਂ ਸ਼ੁਭਕਾਮਨਾਵਾਂ ਦਿੱਤੀਆ ਹਨ, ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ।
ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਸ ਵਿੱਚ ਹੜ੍ਹ ਨਾਲ ਹੋਏ ਜਾਨ-ਮਾਲ ਦੇ ਨੁਕਸਾਨ ਦੇ ਲਈ ਮੈਂ, ਸਾਰੇ ਭਾਰਤੀਆਂ ਦੀ ਤਰਫ਼ੋਂ, ਆਪਣੀ ਸੰਵੇਦਨਾ ਵਿਅਕਤ ਕਰਦਾ ਹਾਂ।
ਪਿਛਲੇ ਵਰਚੁਅਲ ਸਿਖਰ ਸੰਮੇਲਨ ਦੇ ਦੌਰਾਨ, ਅਸੀਂ ਆਪਣੇ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਲੈ ਗਏ। ਮੈਨੂੰ ਖੁਸ਼ੀ ਹੈ ਕਿ ਅੱਜ ਅਸੀਂ ਦੋਨੋਂ ਦੇਸ਼ਾਂ ਦੇ ਦਰਮਿਆਨ ਸਲਾਨਾ ਸਿਖਰ ਸੰਮੇਲਨ ਦੇ ਲਈ ਇੱਰਕ ਸੰਸਥਾਗਤ- ਵਿਵਸਥਾ ਸਥਾਪਿਤ ਕਰ ਰਹੇ ਹਾਂ। ਇਸ ਨਾਲ ਸਾਡੇ ਸਬੰਧਾਂ ਦੀ ਨਿਯਮਿਤ ਸਮੀਖਿਆ ਦੇ ਲਈ ਇੱਕ ਢਾਂਚਾਗਤ ਵਿਵਸਥਾ ਤਿਆਰ ਹੋਵੇਗੀ।
ਮਹਾਮਹਿਮ,
ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਬੰਧਾਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਇਨੋਵੇਸ਼ਨ, ਵਿਗਿਆਨ ਅਤੇ ਟੈਕਨੋਲੋਜੀ - ਇਨ੍ਹਾਂ ਸਾਰੇ ਖੇਤਰਾਂ ਵਿੱਚ ਸਾਡਾ ਬਹੁਤ ਕਰੀਬੀ ਸਹਿਯੋਗ ਰਿਹਾ ਹੈ। ਮਹੱਤਵਪੂਰਨ ਖਣਿਜ, ਜਲ ਪ੍ਰਬੰਧਨ, ਅਖੁੱਟ ਊਰਜਾ ਅਤੇ ਕੋਵਿਡ-19 ਖੋਜ ਜਿਹੇ ਕਈ ਹੋਰ ਖੇਤਰਾਂ ਵਿੱਚ ਸਾਡਾ ਸਹਿਯੋਗ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ।
ਮੈਂ ਬੰਗਲੁਰੂ ਵਿੱਚ "ਅਤਿ ਮਹੱਤਵਪੂਰਨ ਅਤੇ ਉੱਭਰਦੀ ਟੈਕਨੋਲੋਜੀ ਨੀਤੀ ਉਤਕ੍ਰਿਸ਼ਟਤਾ ਕੇਂਦਰ" (ਸੈਂਟਰ ਆਵ੍ ਐਕਸੀਲੈਂਸ ਫੌਰ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀ ਪਾਲਿਸੀ" ਦੀ ਸਥਾਪਨਾ ਦੇ ਐਲਾਨ ਦਾ ਹਿਰਦੇ ਤੋਂ ਸੁਆਗਤ ਕਰਦਾ ਹਾਂ। ਇਹ ਜ਼ਰੂਰੀ ਹੈ ਕਿ ਸਾਇਬਰ ਅਤੇ ਮਹੱਤਵਪੂਰਨ ਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਸਾਡੇ ਦਰਮਿਆਨ ਬਿਹਤਰ ਆਪਸੀ-ਸਹਿਯੋਗ ਹੋਵੇ। ਸਾਡੇ ਜਿਹੇ ਸਮਾਨ ਕਦਰਾਂ-ਕੀਮਤਾਂ ਵਾਲੇ ਹੋਰ ਦੇਸ਼ਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਇਨ੍ਹਾਂ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਉਚਿਤ ਆਲਮੀ ਮਿਆਰਾਂ ਨੂੰ ਅਪਣਾਉਣ।
ਮਹਾਮਹਿਮ,
ਸਾਡੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ - "ਸੀਈਸੀਏ" ਵਿੱਚ, ਜਿਵੇਂ ਤੁਸੀਂ ਕਿਹਾ, ਮੈਂ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਬਹੁਤ ਘੱਟ ਸਮੇਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਬਾਕੀ ਮੁੱਦਿਆਂ 'ਤੇ ਵੀ ਜਲਦੀ ਹੀ ਸਹਿਮਤੀ ਬਣ ਜਾਵੇਗੀ। "ਸੀਈਸੀਏ" ਦਾ ਜਲਦੀ ਪੂਰਾ ਹੋਣਾ, ਸਾਡੇ ਆਰਥਿਕ ਸਬੰਧਾਂ, ਆਰਥਿਕ ਪੁਨਰ-ਸੁਰਜੀਤੀ ਅਤੇ ਆਰਥਿਕ ਸੁਰੱਖਿਆ ਦੇ ਲਈ ਮਹੱਤਵਪੂਰਨ ਹੋਵੇਗਾ।
ਕਵਾਡ ਵਿੱਚ ਵੀ ਸਾਡੇ ਦਰਮਿਆਨ ਚੰਗਾ ਸਹਿਯੋਗ ਹੈ। ਸਾਡਾ ਸਹਿਯੋਗ ਇੱਕ ਸੁਤੰਤਰ, ਖੁੱਲ੍ਹੇ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਕਵਾਡ ਦੀ ਸਫ਼ਲਤਾ ਖੇਤਰੀ ਅਤੇ ਆਲਮੀ ਸਥਿਰਤਾ ਦੇ ਲਈ ਬਹੁਤ ਮਹੱਤਵਪੂਰਨ ਹੈ।
ਮਹਾਮਹਿਮ,
ਪ੍ਰਾਚੀਨ ਭਾਰਤੀ ਕਲਾਕ੍ਰਿਤੀਆਂ ਨੂੰ ਵਾਪਸ ਕਰਨ ਦੀ ਪਹਿਲ ਕਰਨ ਦੇ ਲਈ ਮੈਂ ਤੁਹਾਡਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ। ਜੋ ਕਲਾਕ੍ਰਿਤੀਆਂ ਤੁਸੀਂ ਭੇਜੀਆਂ ਹਨ ਉਨ੍ਹਾਂ ਵਿੱਚ ਰਾਜਸਥਾਨ, ਪੱਛਮ ਬੰਗਾਲ, ਗੁਜਰਾਤ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਕਈ ਹੋਰ ਭਾਰਤੀ ਰਾਜਾਂ ਤੋਂ ਅਵੈਧ ਤੌਰ 'ਤੇ ਤਸਕਰੀ ਕੀਤੀਆਂ ਗਈਆਂ ਸੈਂਕੜੇ ਸਾਲ ਪੁਰਾਣੀਆਂ ਮੂਰਤੀਆਂ ਅਤੇ ਪੇਂਟਿੰਗਾਂ ਸ਼ਾਮਲ ਹਨ। ਅਤੇ ਇਸ ਦੇ ਲਈ ਮੈਂ ਸਾਰੇ ਭਾਰਤੀਆਂ ਦੀ ਤਰਫ਼ੋਂ ਤੁਹਾਡੇ ਪ੍ਰਤੀ ਵਿਸ਼ੇਸ਼ ਆਭਾਰ ਵਿਅਕਤ ਕਰਦਾ ਹਾਂ। ਹੁਣ ਜਿੰਨੀਆਂ ਮੂਰਤੀਆਂ ਅਤੇ ਹੋਰ ਵਸਤਾਂ ਜੋ ਤੁਸੀਂ ਸਾਨੂੰ ਵਾਪਸ ਕਰ ਦਿੱਤੀਆਂ ਹਨ, ਉਹ ਸਭ ਆਪਣੇ ਮੂਲ ਸਥਾਨ 'ਤੇ ਭੇਜ ਦਿੱਤੀਆਂ ਜਾਣਗੀਆਂ। ਮੈਂ ਸਾਰੇ ਭਾਰਤੀ ਨਾਗਰਿਕਾਂ ਦੀ ਤਰਫ਼ੋਂ ਇੱਕ ਵਾਰ ਫਿਰ ਇਸ ਪਹਿਲ ਦੇ ਲਈ ਤੁਹਾਡੇ ਪ੍ਰਤੀ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
ਕ੍ਰਿਕਟ ਵਿਸ਼ਵ ਕੱਪ ਵਿੱਚ ਆਸਟ੍ਰੇਲਿਆਈ ਮਹਿਲਾ ਕ੍ਰਿਕਟ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ। ਸ਼ਨੀਵਾਰ ਦੇ ਮੈਚ ਵਿੱਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ, ਲੇਕਿਨ ਟੂਰਨਾਮੈਂਟ ਅਜੇ ਸਮਾਪਤ ਨਹੀਂ ਹੋਇਆ ਹੈ। ਦੋਹਾਂ ਦੇਸ਼ਾਂ ਦੀਆਂ ਟੀਮਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।
ਮਹਾਮਹਿਮ,
ਇੱਕ ਵਾਰ ਫਿਰ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਤੁਹਾਡੇ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਪਾ ਕੇ ਮੈਂ ਪ੍ਰਸੰਨ ਹਾਂ।
ਹੁਣ ਮੈਂ ਮੀਡੀਆ ਦੇ ਦੋਸਤਾਂ ਦਾ ਧੰਨਵਾਦ ਕਰਕੇ ਖੁੱਲ੍ਹੇ ਸੈਸ਼ਨ ਦਾ ਸਮਾਪਨ ਕਰਨਾ ਚਾਹੁੰਦਾ ਹਾਂ। ਇਸ ਦੇ ਬਾਅਦ, ਕੁਝ ਪਲਾਂ ਦੇ ਵਿਰਾਮ ਦੇ ਬਾਅਦ, ਮੈਂ ਏਜੰਡਾ ਦੇ ਅਗਲੇ ਵਿਸ਼ੇ 'ਤੇ ਆਪਣੇ ਵਿਚਾਰ ਰੱਖਣਾ ਚਾਹਾਂਗਾ।