ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਮ ਨੌਮੀ ਦੇ ਅਵਸਰ ’ਤੇ ਅੱਜ ਗੁਜਰਾਤ ਦੇ ਜੂਨਾਗੜ੍ਹ ਦੇ ਗਥਿਲਾ ਵਿੱਚ ਉਮਿਯਾ ਮਾਤਾ ਮੰਦਿਰ ਵਿੱਚ ਆਯੋਜਿਤ 14ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਸ ਅਵਸਰ ’ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰਭਾਈ ਪਟੇਲ ਅਤੇ ਕੇਂਦਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੂਪਾਲਾ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਮੰਦਿਰ ਦੇ ਸਥਾਪਨਾ ਦਿਵਸ ਅਤੇ ਰਾਮ ਨੌਮੀ ਦੇ ਸ਼ੁਭ ਅਵਸਰ ’ਤੇ ਮੌਜੂਦ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਚੇਤ ਨਰਾਤਿਆਂ ਦੇ ਪਾਵਨ ਅਵਸਰ ’ਤੇ ਕਾਮਨਾ ਕਰਦੇ ਹੋਏ ਕਿਹਾ ਕਿ ਮਾਂ ਸਿੱਧਦਾਤਰੀ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ। ਉਨ੍ਹਾਂ ਨੇ ਗਿਰਨਾਰ ਦੀ ਪਵਿੱਤਰ ਭੂਮੀ ਨੂੰ ਵੀ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਸਭਾ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਰਾਜ ਅਤੇ ਦੇਸ਼ ਦੀ ਬਿਹਤਰੀ ਲਈ ਉਨ੍ਹਾਂ ਦੀ ਸਮੂਹਿਕ ਤਾਕਤ ਅਤੇ ਚਿੰਤਾ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਯੁੱਧਿਆ ਅਤੇ ਪੂਰੇ ਦੇਸ਼ ਵਿੱਚ ਰਾਮ ਨੌਮੀ ਬਹੁਤ ਜ਼ੋਰ ਸ਼ੋਰ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਨੇ 2008 ਵਿੱਚ ਮੰਦਿਰ ਨੂੰ ਸਮਰਪਿਤ ਕਰਨ ਅਤੇ ਪਿਛਲੇ ਕਈ ਸਾਲਾਂ ਤੋਂ ਮਾਂ ਉਮਿਯਾ ਨੂੰ ਨਮਨ ਕਰਨ ਦਾ ਅਵਸਰ ਮਿਲਣ ਲਈ ਵੀ ਆਭਾਰ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਪ੍ਰਗਟਾਉਂਦਿਆਂ ਕਿਹਾ ਕਿ ਅਧਿਆਤਮਿਕਤਾ ਅਤੇ ਦਿਵਯ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਸਥਾਨ ਹੋਣ ਦੇ ਇਲਾਵਾ ਗਥਿਲਾ ਵਿੱਚ ਉਮਿਯਾ ਮਾਤਾ ਮੰਦਿਰ ਸਮਾਜਿਕ ਚੇਤਨਾ ਅਤੇ ਟੂਰਿਜ਼ਮ ਦਾ ਸਥਾਨ ਬਣ ਗਿਆ ਹੈ। ਮਾਂ ਉਮਿਯਾ ਦੀ ਕਿਰਪਾ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜ ਅਤੇ ਭਗਤਾਂ ਨੇ ਕਈ ਮਹਾਨ ਕਾਰਜ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਉਮਿਯਾ ਦੇ ਭਗਤ ਦੇ ਰੂਪ ਵਿੱਚ ਲੋਕਾਂ ਦੁਆਰਾ ਧਰਤੀ ਮਾਂ ਨੂੰ ਕੋਈ ਨੁਕਸਾਨ ਪਹੁੰਚਾਉਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਅਸੀਂ ਆਪਣੀ ਮਾਂ ਨੂੰ ਗ਼ੈਰ ਜ਼ਰੂਰੀ ਦਵਾਈਆਂ ਨਹੀਂ ਖਵਾਉਂਦੇ, ਇਸ ਲਈ ਸਾਨੂੰ ਆਪਣੀ ਜ਼ਮੀਨ ’ਤੇ ਵੀ ਗ਼ੈਰ ਜ਼ਰੂਰੀ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਪ੍ਰਤੀ ਬੂੰਦ ਜ਼ਿਆਦਾ ਫਸਲ ਵਰਗੀਆਂ ਜਲ ਸੰਭਾਲ਼ ਯੋਜਨਾਵਾਂ ਜ਼ਰੀਏ ਭੂਮੀ ਖੇਤਰ ਦੀ ਸੰਭਾਲ਼ ਕਰਨ ਦੇ ਉਪਾਵਾਂ ਦੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਰਾਜ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੇ ਦੌਰਾਨ ਕੀਤੇ ਗਏ ਜਨ ਅੰਦੋਲਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਜਲ ਸੰਭਾਲ਼ ਦੇ ਅੰਦੋਲਨ ਵਿੱਚ ਢਿੱਲ ਨਹੀਂ ਦੇ ਸਕਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਧਰਤੀ ਮਾਂ ਨੂੰ ਰਸਾਇਣਾਂ ਤੋਂ ਬਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਜ਼ਰੂਰਤ ਦੁਹਰਾਈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਉਨ੍ਹਾਂ ਨੇ ਅਤੇ ਕੇਸ਼ੂਭਾਈ ਨੇ ਪਾਣੀ ਲਈ ਕੰਮ ਕੀਤਾ, ਮੌਜੂਦਾ ਮੁੱਖ ਮੰਤਰੀ ਧਰਤੀ ਮਾਂ ਲਈ ਕੰਮ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਮਾਂ ਉਮਿਯਾ ਅਤੇ ਹੋਰ ਦੇਵੀ ਦੇਵਤਿਆਂ ਦੀ ਕਿਰਪਾ ਅਤੇ ਸਰਕਾਰ ਦੇ ਯਤਨਾਂ ਨਾਲ ਮਹਿਲਾ-ਪੁਰਸ਼ ਅਨੁਪਾਤ ਵਿੱਚ ਸੁਧਾਰ ਹੋਇਆ ਅਤੇ ਬੇਟੀ ਬਚਾਓ ਅੰਦੋਲਨ ਦੇ ਚੰਗੇ ਨਤੀਜੇ ਨਿਕਲੇ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਤੋਂ ਵੱਡੀ ਸੰਖਿਆ ਵਿੱਚ ਲੜਕੀਆਂ ਓਲੰਪਿਕ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ। ਉਨ੍ਹਾਂ ਨੇ ਬੱਚਿਆਂ ਅਤੇ ਲੜਕੀਆਂ ਵਿੱਚ ਕੁਪੋਸ਼ਣ ਦੇ ਖਿਲਾਫ਼ ਸਰਗਰਮ ਹੋਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਗਰਭਵਤੀ ਮਾਵਾਂ ਦੇ ਪੋਸ਼ਣ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ’ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਪੋਸ਼ਣ ਦੇ ਦਰਦ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਮੰਦਿਰ ਟਰੱਸਟ ਦੁਆਰਾ ਪਿੰਡਾਂ ਵਿੱਚ ਸਵਸਥ ਸ਼ਿਸ਼ੂ ਪ੍ਰਤੀਯੋਗਤਾ ਆਯੋਜਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਗਰੀਬ ਵਿਦਿਆਰਥੀਆਂ ਲਈ ਕੋਚਿੰਗ ਕਲਾਸਾਂ ਸੰਚਾਲਿਤ ਕਰਨ ਦੀ ਵੀ ਤਾਕੀਦ ਕੀਤੀ ਅਤੇ ਕਿਹਾ ਕਿ ਮੰਦਿਰ ਦੇ ਖਾਲੀ ਸਥਾਨ ਅਤੇ ਹਾਲ ਦਾ ਉਪਯੋਗ ਯੋਗ ਕੈਂਪਾਂ ਅਤੇ ਕਲਾਸਾਂ ਲਈ ਵੀ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਅੰਮ੍ਰਿਤ ਕਾਲ ਦੇ ਮਹੱਤਵ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਸਮਾਜ, ਪਿੰਡ ਅਤੇ ਦੇਸ਼ ਦੇ ਬਾਰੇ ਜਾਗਰੂਕਤਾ ਵਧਾਉਣ ਅਤੇ ਆਪਣੇ ਦਿਲਾਂ ਵਿੱਚ ਵਸਾਉਣ ਦਾ ਸੰਕਲਪ ਲੈਣ ਨੂੰ ਕਿਹਾ। ਉਨ੍ਹਾਂ ਨੇ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਦੇ ਆਪਣੇ ਦ੍ਰਿਸ਼ਟੀਕੋਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਜ਼ਾਰਾਂ ਚੈੱਕ ਡੈਮ ਬਣਾਉਣ ਵਾਲੇ ਗੁਜਰਾਤ ਦੇ ਲੋਕਾਂ ਲਈ ਇਹ ਕੋਈ ਬਹੁਤ ਵੱਡਾ ਕੰਮ ਨਹੀਂ ਹੋਵੇਗਾ, ਪਰ ਇਸ ਯਤਨ ਦਾ ਅਸਰ ਬਹੁਤ ਵੱਡਾ ਹੋਵੇਗਾ। ਉਨ੍ਹਾਂ ਨੇ ਇਸ ਕਾਰਜ ਨੂੰ 15 ਅਗਸਤ, 2023 ਤੋਂ ਪਹਿਲਾਂ ਪੂਰਾ ਕਰਨ ਨੂੰ ਕਿਹਾ। ਉਨ੍ਹਾ ਨੇ ਇਸ ਲਈ ਸਮਾਜਿਕ ਅੰਦੋਲਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਚੇਤਨਾ ਦੀ ਸ਼ਕਤੀ ਨਾਲ ਇਸ ਨੂੰ ਗਤੀਮਾਨ ਹੋਣਾ ਚਾਹੀਦਾ ਹੈ।
ਰਾਮ ਨੌਮੀ ਦੇ ਅਵਸਰ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਰਾਮਚੰਦਰ ਜੀ ਬਾਰੇ ਸੋਚਦੇ ਹਾਂ, ਤਾਂ ਸਾਨੂੰ ਸ਼ਬਰੀ, ਕੇਵਟ ਅਤੇ ਨਿਸ਼ਾਦਰਾਜ ਵੀ ਯਾਦ ਆਉਂਦੇ ਹਨ। ਉਨ੍ਹਾਂ ਨੇ ਸਾਲਾਂ ਤੋਂ ਲੋਕਾਂ ਦੇ ਦਿਲ ਵਿੱਚ ਸਨਮਾਨ ਦਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਸਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਪਿੱਛੇ ਨਹੀਂ ਛੁੱਟਣਾ ਚਾਹੀਦਾ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਦੌਰਾਨ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਵਾਇਰਸ ਬਹੁਤ ਹੀ ਭਰਮ ਪੈਦਾ ਕਰਨ ਵਾਲਾ ਹੈ ਅਤੇ ਸਾਨੂੰ ਇਸ ਲਈ ਸੁਚੇਤ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਟੀਕਿਆਂ ਦੀਆਂ 185 ਕਰੋੜ ਖੁਰਾਕਾਂ ਦੇਣ ਦਾ ਅਦਭੁੱਤ ਕਾਰਜ ਕੀਤਾ ਹੈ। ਉਨ੍ਹਾਂ ਨੇ ਇਸ ਲਈ ਸਮਾਜਿਕ ਜਾਗਰੂਕਤਾ ਅਤੇ ਸਵੱਛਤਾ ਅਤੇ ਸਿੰਗਲ ਯੂਜ ਪਲਾਸਟਿਕ ਵਿੱਚ ਕਮੀ ਲਿਆਉਣ ਦੇ ਯਤਨਾਂ ਵਰਗੇ ਹੋਰ ਅੰਦੋਲਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਧਿਆਤਮਿਕ ਆਯਾਮ ਦੇ ਨਾਲ-ਨਾਲ ਆਸਥਾ ਕੇਂਦਰ ਵੀ ਸਮਾਜਿਕ ਚੇਤਨਾ ਫੈਲਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2008 ਵਿੱਚ ਮੰਦਿਰ ਦਾ ਉਦਘਾਟਨ ਵੀ ਕੀਤਾ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। 2008 ਵਿੱਚ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਸੁਝਾਵਾਂ ਦੇ ਅਧਾਰ ’ਤੇ ਮੰਦਿਰ ਟਰੱਸਟ ਨੇ ਵਿਭਿੰਨ ਸਮਾਜਿਕ ਅਤੇ ਸਿਹਤ ਸਬੰਧੀ ਗਤੀਵਿਧੀਆਂ ਦੇ ਨਾਲ-ਨਾਲ ਮੁਫ਼ਤ ਮੋਤੀਆਬਿੰਦ ਅਪਰੇਸ਼ਨ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਰੋਗੀਆਂ ਲਈ ਮੁਫ਼ਤ ਆਯੁਰਵੈਦਿਕ ਦਵਾਈਆਂ ਆਦਿ ਨੂੰ ਆਪਣੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਹੈ।
ਉਮਿਯਾ ਮਾਂ ਨੂੰ ਕਦਵਾ ਪਾਟੀਦਾਰਾਂ ਦੀ ਵੰਸ਼-ਦੇਵੀ ਜਾਂ ਕੁਲਦੇਵੀ ਮੰਨਿਆ ਜਾਂਦਾ ਹੈ।