ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ (ਦੇ ਜ਼ਰੀਏ) ਅੰਤਰਰਾਸ਼ਟਰੀ ਯੋਗ ਦਿਵਸ, 2023 ਦੇ ਰਾਸ਼ਟਰੀ ਉਤਸਵ ਨੂੰ ਸੰਬੋਧਨ ਕੀਤਾ। ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ 2023 ਦੇ ਰਾਸ਼ਟਰੀ ਉਤਸਵ ਦੀ ਅਗਵਾਈ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਉਹ ਉਨ੍ਹਾਂ ਨਾਲ ਜੁੜ ਰਹੇ ਹਨ, ਕਿਉਂਕਿ ਉਹ ਵਰਤਮਾਨ ਵਿੱਚ ਕਈ ਪ੍ਰਤੀਬੱਧਤਾਵਾਂ ਦੇ ਕਾਰਨ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕਰ ਰਹੇ ਹਨ ਅਤੇ ਇਹ ਪਿਛਲੇ ਅਵਸਰਾਂ ਤੋਂ ਭਿੰਨ ਹੈ, ਕਿਉਂਕਿ ਉਹ ਯੋਗ ਦਿਵਸ ਦੇ ਮੌਕੇ ‘ਤੇ ਇੱਥੇ ਮੌਜੂਦ ਰਹਿੰਦੇ ਸਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਹ ਭਾਰਤੀ ਸਮੇਂ ਅਨੁਸਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿੱਚ ਯੋਗ ਕਾਰਜਕ੍ਰਮ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ, “ਭਾਰਤ ਦੇ ਸੱਦੇ ‘ਤੇ 180 ਤੋਂ ਅਧਿਕ ਦੇਸ਼ਾਂ ਦਾ ਇਕੱਠੇ ਆਉਣਾ ਇਤਿਹਾਸਿਕ ਅਤੇ ਅਭੂਤਪੂਰਵ ਹੈ।” ਉਨ੍ਹਾਂ ਨੇ 2014 ਵਿੱਚ ਰਿਕਾਰਡ ਸੰਖਿਆ ਵਿੱਚ ਦੇਸ਼ਾਂ ਦੇ ਸਮਰਥਨ ਨੂੰ ਯਾਦ ਕੀਤਾ ਜਦੋਂ ਯੋਗ ਦਿਵਸ ਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਯੋਗ ਨੂੰ ਇੱਕ ਆਲਮੀ ਅੰਦੋਲਨ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਾਧਿਅਮ ਨਾਲ (ਦੇ ਜ਼ਰੀਏ) ਇੱਕ ਆਲਮੀ ਉਤਸ਼ਾਹ ਬਣਾਉਣ ਦੇ ਲਈ ਪੇਸ਼ ਕੀਤਾ ਗਿਆ ਸੀ।
ਯੋਗ ਦਿਵਸ ਨੂੰ ਹੋਰ ਵੀ ਖਾਸ ਬਣਾਉਣ ਵਾਲੇ ‘ਓਸ਼ਨ ਰਿੰਗ ਆਵ੍ ਯੋਗ’ ਦੀ ਧਾਰਨਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਯੋਗ ਦੀ ਧਾਰਨਾ ਅਤੇ ਸਮੁੰਦਰ ਦੇ ਵਿਸਤਾਰ ਦੇ ਆਪਸੀ ਸਬੰਧ ‘ਤੇ ਅਧਾਰਿਤ ਹੈ। ਸ਼੍ਰੀ ਮੋਦੀ ਨੇ ਜਲ ਸਰੋਤਾਂ ਦਾ ਉਪਯੋਗ ਕਰਕੇ ਸੈਨਾ
ਦੇ ਜਵਾਨਾਂ ਦੁਆਰਾ ਬਣਾਈ ਗਈ ‘ਯੋਗ ਭਾਰਤਮਾਲਾ ਅਤੇ ਯੋਗ ਸਾਗਰਮਾਲਾ’ ‘ਤੇ ਵੀ ਪ੍ਰਕਾਸ਼ ਪਾਇਆ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਆਰਕਟਿਕ ਤੋਂ ਅੰਟਾਰਕਟਿਕਾ ਤੱਕ ਦੇ ਦੋ ਅਨੁਸੰਧਾਨ ਅਧਾਰ( ਰਿਸਰਚ ਬੇਸ) ਯਾਨੀ ਪ੍ਰਿਥਵੀ ਦੇ ਦੋ ਧਰੁਵ ਵੀ ਯੋਗ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਇਸ ਅਨੋਖੇ ਉਤਸਵ ਵਿੱਚ ਦੇਸ਼ ਅਤੇ ਦੁਨੀਆ ਦੇ ਕਰੋੜਾਂ ਲੋਕਾਂ ਦਾ ਇਤਨੇ ਸਹਿਜ ਤਰੀਕੇ ਨਾਲ ਸ਼ਾਮਲ ਹੋਣਾ ਯੋਗ ਦੀ ਵਿਸ਼ਾਲਤਾ ਅਤੇ ਪ੍ਰਸਿੱਧੀ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਰਿਸ਼ੀਆਂ ਦਾ ਹਵਾਲਾ ਦਿੰਦੇ ਹੋਏ ਸਮਝਾਇਆ, “ਜੋ ਸਾਨੂੰ ਇਕਜੁੱਟ ਕਰਦਾ ਹੈ, ਉਹ ਯੋਗ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗ ਦਾ ਪ੍ਰਚਾਰ ਇਸ ਵਿਚਾਰ ਦਾ ਵਿਸਤਾਰ ਹੈ ਕਿ ਪੂਰੀ ਦੁਨੀਆ ਇੱਕ ਪਰਿਵਾਰ ਦੇ ਰੂਪ ਵਿੱਚ ਸ਼ਾਮਲ ਹੈ। ਇਸ ਸਾਲ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ ਜੀ20 ਸਿਖਰ ਸੰਮੇਲਨ (ਸਮਿਟ) ਦੇ ਲਈ ‘ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ’ ਦੇ ਥੀਮ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਦਾ ਪ੍ਰਚਾਰ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਦਾ ਪ੍ਰਚਾਰ ਹੈ। ਉਨ੍ਹਾਂ ਨੇ ਕਿਹਾ, “ਅੱਜ ਦੁਨੀਆ ਭਰ ਵਿੱਚ ਕਰੋੜਾਂ ਲੋਕ ‘ਵਸੁਧੈਵ ਕੁਟੁੰਬਕਮ ਦੇ ਲਈ ਯੋਗ’ ਦੇ ਥੀਮ ‘ਤੇ ਇਕੱਠੇ ਯੋਗ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਯੋਗ ਸ਼ਾਸਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯੋਗ ਨਾਲ ਸਿਹਤ, ਸਫੂਰਤੀ ਅਤੇ ਸ਼ਕਤੀ ਪ੍ਰਾਪਤ ਹੁੰਦੀ ਹੈ ਅਤੇ ਜੋ ਲੋਕ ਵਰ੍ਹਿਆਂ ਤੋਂ ਨਿਯਮਿਤ ਤੌਰ ‘ਤੇ ਇਸ ਅਭਿਯਾਸ ਵਿੱਚ ਲਗੇ ਹਨ, ਉਨ੍ਹਾਂ ਨੇ ਇਸ ਦੀ ਊਰਜਾ ਨੂੰ ਮਹਿਸੂਸ ਕੀਤਾ ਹੈ। ਵਿਅਕਤੀਗਤ ਅਤੇ ਪਰਿਵਾਰਕ ਪੱਧਰ ‘ਤੇ ਚੰਗੀ ਸਿਹਤ ਦੇ ਮਹੱਤਵ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਯੋਗ ਇੱਕ ਸਵਸਥ (ਤੰਦਰੁਸਤ)ਅਤੇ ਸ਼ਕਤੀਸ਼ਾਲੀ ਸਮਾਜ ਬਣਾਉਂਦਾ ਹੈ, ਜਿੱਥੇ ਸਮੂਹਿਕ ਊਰਜਾ ਬਹੁਤ ਅਧਿਕ ਹੁੰਦੀ ਹੈ। ਉਨ੍ਹਾਂ ਨੇ ਸਵੱਛ ਭਾਰਤ ਅਤੇ ਸਟਾਰਟਅੱਪ ਇੰਡੀਆ ਜਿਹੇ ਅਭਿਯਾਨਾਂ (ਮੁਹਿੰਮਾਂ)‘ਤੇ ਚਾਨਣਾ ਪਾਇਆ, ਜਿਨ੍ਹਾਂ ਨੇ ਆਤਮਨਿਰਭਰ ਰਾਸ਼ਟਰ ਦੇ ਨਿਰਮਾਣ ਅਤੇ ਦੇਸ਼ ਦੀ ਸੱਭਿਆਚਾਰਕ ਪਹਿਚਾਣ ਨੂੰ ਬਹਾਲ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਇਸ ਦੇ ਨੌਜਵਾਨਾਂ ਦਾ ਇਸ ਊਰਜਾ ਵਿੱਚ ਬਹੁਤ ਬੜਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ, “ਅੱਜ ਦੇਸ਼ ਦੀ ਸੋਚ ਬਦਲੀ ਹੈ, ਜਿਸ ਨਾਲ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਵਿੱਚ ਵੀ ਬਦਲਾਅ ਆਇਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਅਤੇ ਸਮਾਜਿਕ ਸੰਰਚਨਾ, ਇਸ ਦੀ ਅਧਿਆਤਮਿਕਤਾ ਅਤੇ ਆਦਰਸ਼ਾਂ, ਅਤੇ ਇਸ ਦੇ ਦਰਸ਼ਨ ਅਤੇ ਦ੍ਰਿਸ਼ਟੀ ਨੇ ਹਮੇਸ਼ਾ ਉਨ੍ਹਾਂ ਪਰੰਪਰਾਵਾਂ ਦਾ ਪੋਸ਼ਣ ਕੀਤਾ ਹੈ ਜੋ ਏਕਤਾ ਦੇ ਸੂਤਰ ਵਿੱਚ ਪਿਰੋਂਦੀਆਂ ਹਨ, ਇੱਕ ਦੂਸਰੇ ਨੂੰ ਅਪਣਾਉਂਦੀਆਂ ਹਨ ਅਤੇ ਗਲੇ ਲਗਾਉਂਦੀਆਂ ਹਨ। ਸ਼੍ਰੀ ਮੋਦੀ ਨੇ ਦੇਸ਼ ਦੀ ਪ੍ਰਤਿਸ਼ਠਿਤ ਸਮ੍ਰਿੱਧ ਵਿਵਿਧਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਇਹ ਵੀ ਕਿਹਾ ਕਿ ਭਾਰਤੀਆਂ ਨੇ ਨਵੇਂ ਵਿਚਾਰਾਂ ਦਾ ਸੁਆਗਤ ਕੀਤਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਐਸੇ ਉਤਸ਼ਾਹ ਦਾ ਪੋਸ਼ਣ ਕਰਦਾ ਹੈ, ਆਂਤਰਿਕ (ਅੰਦਰੂਨੀ) ਦ੍ਰਿਸ਼ਟੀ ਦਾ ਵਿਸਤਾਰ ਕਰਦਾ ਹੈ ਅਤੇ ਸਾਨੂੰ ਉਸ ਚੇਤਨਾ ਨਾਲ ਜੋੜਦਾ ਹੈ ਜੋ ਸਾਨੂੰ ਜੀਵ ਦੇ ਪ੍ਰਤੀ ਪ੍ਰੇਮ ਦਾ ਅਧਾਰ ਦਿੰਦੇ ਹੋਏ ਜੀਵ ਦੀ ਏਕਤਾ ਦਾ ਆਭਾਸ ਕਰਵਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਲਈ, ਸਾਨੂੰ ਯੋਗ ਦੇ ਮਾਧਿਅਮ ਨਾਲ ਆਪਣੇ ਅੰਤਰਵਿਰੋਧਾਂ, ਰੁਕਾਵਟਾਂ ਅਤੇ ਪ੍ਰਤੀਰੋਧਾਂ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ, “ਸਾਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦੁਨੀਆ ਦੇ ਸਾਹਮਣੇ ਇੱਕ ਉਦਾਹਰਣ ਦੇ ਰੂਪ ਵਿੱਚ ਪੇਸ਼ ਕਰਨਾ ਹੈ।”
ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯੋਗ ਬਾਰੇ ਇੱਕ ਸਲੋਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਰਮ ਵਿੱਚ ਕੌਸ਼ਲ ਹੀ ਯੋਗ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇਹ ਮੰਤਰ ਸਾਰਿਆਂ ਦੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਯੋਗ ਦੀ ਸਿੱਧੀ ਤਦ ਪ੍ਰਾਪਤ ਹੁੰਦੀ ਹੈ ਜਦੋਂ ਵਿਅਕਤੀ ਵਾਸਤਵ ਵਿੱਚ ਆਪਣੇ ਕਰਤੱਵਾਂ ਦੇ ਪ੍ਰਤੀ ਸਮਰਪਿਤ ਹੁੰਦਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ, “ਯੋਗ ਦੇ ਮਾਧਿਅਮ ਨਾਲ, ਅਸੀਂ ਨਿਰਸੁਆਰਥ ਕਰਮ ਨੂੰ ਜਾਣਦੇ ਹਾਂ, ਅਸੀਂ ਕਰਮ ਤੋਂ ਕਰਮਯੋਗ ਤੱਕ ਦੀ ਯਾਤਰਾ ਤੈਅ ਕਰਦੇ ਹਾਂ।” ਉਨ੍ਹਾਂ ਨੇ ਕਿਹਾ ਕਿ ਯੋਗ ਨਾਲ ਅਸੀਂ ਆਪਣੀ ਸਿਹਤ ਵਿੱਚ ਸੁਧਾਰ ਕਰਾਂਗੇ ਅਤੇ ਇਨ੍ਹਾਂ ਸੰਕਲਪਾਂ ਨੂੰ ਵੀ ਆਤਮਸਾਤ ਕਰਾਂਗੇ। ਪ੍ਰਧਾਨ ਮੰਤਰੀ ਨੇ ਨਿਸ਼ਕਰਸ਼ ਦੇ ਰੂਪ ਵਿੱਚ ਕਿਹਾ, “ਸਾਡੀ ਸਰੀਰਕ ਸ਼ਕਤੀ, ਸਾਡਾ ਮਾਨਸਿਕ ਵਿਸਤਾਰ ਇੱਕ ਵਿਕਸਿਤ ਭਾਰਤ ਦਾ ਅਧਾਰ ਬਣੇਗਾ।”