ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚੋਂ ਅਲੋਪ ਹੋ ਚੁੱਕੇ ਜੰਗਲੀ ਚੀਤਿਆਂ ਨੂੰ ਅੱਜ ਕੂਨੋ ਨੈਸ਼ਨਲ ਪਾਰਕ ਵਿੱਚ ਛੱਡਿਆ। ਨਾਮੀਬੀਆ ਤੋਂ ਲਿਆਂਦੇ ਗਏ ਚੀਤੇ ਵੱਡੇ ਮਾਸਾਹਾਰੀ ਜੰਗਲੀ ਜਾਨਵਰਾਂ ਦੇ ਅੰਤਰ-ਮਹਾਦੀਪੀ ਵਸੇਬਾ ਬਦਲੀ ਦੇ ਦੁਨੀਆ ਦੇ ਪਹਿਲੇ 'ਪ੍ਰੋਜੈਕਟ ਚੀਤਾ' ਦੇ ਤਹਿਤ ਭਾਰਤ ਵਿੱਚ ਪੇਸ਼ ਕੀਤੇ ਜਾ ਰਹੇ ਹਨ। ਇਨ੍ਹਾਂ ਅੱਠ ਚੀਤਿਆਂ ਵਿੱਚੋਂ ਪੰਜ ਮਾਦਾ ਅਤੇ ਤਿੰਨ ਨਰ ਹਨ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਚੀਤਿਆਂ ਨੂੰ ਕੂਨੋ ਨੈਸ਼ਨਲ ਪਾਰਕ ਦੇ ਦੋ ਰੀਲੀਜ਼ ਬਿੰਦੂਆਂ 'ਤੇ ਛੱਡਿਆ। ਪ੍ਰਧਾਨ ਮੰਤਰੀ ਨੇ ਇਸ ਸਥਾਨ 'ਤੇ ਚੀਤਾ ਮਿੱਤਰਾਂ, ਚੀਤਾ ਪੁਨਰਵਾਸ ਪ੍ਰਬੰਧਨ ਸਮੂਹ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ। ਇਸ ਇਤਿਹਾਸਿਕ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ।
ਕੂਨੋ ਨੈਸ਼ਨਲ ਪਾਰਕ ਵਿੱਚ ਜੰਗਲੀ ਚੀਤਿਆਂ ਨੂੰ ਛੱਡਣ ਦਾ ਪ੍ਰਧਾਨ ਮੰਤਰੀ ਦਾ ਕਦਮ ਭਾਰਤ ਦੇ ਜੰਗਲੀ ਜੀਵਨ ਅਤੇ ਵਸੇਬਾ ਸਥਾਨਾਂ ਨੂੰ ਮੁੜ ਸੁਰਜੀਤ ਕਰਨ ਅਤੇ ਵਿਵਿਧਤਾ ਲਈ ਉਨ੍ਹਾਂ ਦੇ ਯਤਨਾਂ ਦਾ ਹਿੱਸਾ ਹੈ। 1952 ਵਿੱਚ ਭਾਰਤ ਵਿੱਚ ਚੀਤੇ ਨੂੰ ਅਲੋਪ ਹੋਣ ਦਾ ਐਲਾਨ ਕੀਤਾ ਗਿਆ ਸੀ। ਜਿਨ੍ਹਾਂ ਚੀਤਿਆਂ ਨੂੰ ਛੱਡਿਆ ਗਿਆ ਹੈ, ਉਹ ਨਾਮੀਬੀਆ ਤੋਂ ਲਿਆਂਦੇ ਗਏ ਹਨ ਅਤੇ ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਹਸਤਾਖਰ ਕੀਤੇ ਗਏ ਇੱਕ ਸਮਝੌਤੇ ਦੇ ਤਹਿਤ ਭਾਰਤ ਲਿਆਂਦਾ ਗਿਆ ਹੈ। ਚੀਤਿਆਂ ਨੂੰ ਵੱਡੇ ਮਾਸਾਹਾਰੀ ਜੰਗਲੀ ਜਾਨਵਰਾਂ ਦੇ ਅੰਤਰ-ਮਹਾਦੀਪੀ ਵਸੇਬਾ ਬਦਲੀ ਦੇ ਦੁਨੀਆ ਦੇ ਪਹਿਲੇ 'ਪ੍ਰੋਜੈਕਟ ਚੀਤਾ' ਦੇ ਤਹਿਤ ਭਾਰਤ ਵਿੱਚ ਲਿਆਂਦਾ ਜਾ ਰਿਹਾ ਹੈ।
ਇਹ ਚੀਤੇ ਭਾਰਤ ਵਿੱਚ ਖੁੱਲ੍ਹੇ ਜੰਗਲ ਅਤੇ ਘਾਹ ਦੇ ਮੈਦਾਨਾਂ ਦੀ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਮਦਦ ਕਰਨਗੇ। ਇਹ ਜੈਵ ਵਿਵਿਧਤਾ ਦੀ ਸੰਭਾਲ਼ ਵਿੱਚ ਮਦਦ ਕਰੇਗਾ ਅਤੇ ਵਾਤਾਵਰਣ ਪ੍ਰਣਾਲੀ ਸੇਵਾਵਾਂ ਜਿਵੇਂ ਕਿ ਜਲ ਸੁਰੱਖਿਆ, ਕਾਰਬਨ ਭੰਡਾਰਨ ਅਤੇ ਮਿੱਟੀ ਦੀ ਨਮੀ ਦੀ ਸੰਭਾਲ਼ ਵਿੱਚ ਵਾਧਾ ਕਰੇਗਾ, ਜਿਸ ਨਾਲ ਸਮਾਜ ਨੂੰ ਵੱਡੇ ਪੱਧਰ 'ਤੇ ਲਾਭ ਹੋਵੇਗਾ। ਇਹ ਯਤਨ ਵਾਤਾਵਰਣ ਅਤੇ ਜੰਗਲੀ ਜੀਵ ਸੁਰੱਖਿਆ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦੇ ਅਨੁਸਾਰ ਹੈ ਅਤੇ ਵਾਤਾਵਰਣ-ਅਨੁਕੂਲ ਵਿਕਾਸ ਅਤੇ ਵਾਤਾਵਰਣ ਟੂਰਿਜ਼ਮ ਗਤੀਵਿਧੀਆਂ ਰਾਹੀਂ ਸਥਾਨਕ ਭਾਈਚਾਰੇ ਦੇ ਆਜੀਵਿਕਾ ਦੇ ਮੌਕਿਆਂ ਨੂੰ ਵਧਾਏਗਾ।
ਚੀਤਿਆਂ ਨੂੰ ਭਾਰਤੀ ਧਰਤੀ 'ਤੇ ਮੁੜ ਲਿਆਉਣ ਦਾ ਇਹ ਇਤਿਹਾਸਿਕ ਕਦਮ ਪਿਛਲੇ ਅੱਠ ਸਾਲਾਂ ਦੌਰਾਨ ਸਥਿਰਤਾ ਅਤੇ ਵਾਤਾਵਰਣ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਪਾਵਾਂ ਦੀ ਲੰਮੀ ਲੜੀ ਦਾ ਹਿੱਸਾ ਹੈ, ਜਿਸ ਦੇ ਨਤੀਜੇ ਵਜੋਂ ਵਾਤਾਵਰਣ ਸੁਰੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹੋਈਆਂ ਹਨ। ਸੁਰੱਖਿਅਤ ਖੇਤਰਾਂ ਦਾ ਘੇਰਾ ਜੋ ਸਾਲ 2014 ਵਿੱਚ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 4.90 ਫੀਸਦੀ ਸੀ, ਹੁਣ ਵਧ ਕੇ 5.03 ਫੀਸਦੀ ਹੋ ਗਿਆ ਹੈ। ਸਾਲ 2014 ਵਿੱਚ ਜਿੱਥੇ ਕੁੱਲ 1,61,081.62 ਵਰਗ ਕਿਲੋਮੀਟਰ ਖੇਤਰਫਲ ਵਾਲੇ 740 ਸੁਰੱਖਿਅਤ ਖੇਤਰ ਸਨ, ਉੱਥੇ ਹੁਣ ਕੁੱਲ 1,71,921 ਵਰਗ ਕਿਲੋਮੀਟਰ ਖੇਤਰਫਲ ਵਾਲੇ 981 ਸੁਰੱਖਿਅਤ ਖੇਤਰ ਹੋ ਗਏ ਹਨ।
ਪਿਛਲੇ ਚਾਰ ਸਾਲਾਂ ਵਿੱਚ ਜੰਗਲਾਂ ਅਤੇ ਰੁੱਖਾਂ ਦਾ ਘੇਰਾ 16,000 ਵਰਗ ਕਿਲੋਮੀਟਰ ਵਧਿਆ ਹੈ। ਭਾਰਤ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਜੰਗਲਾਂ ਦਾ ਘੇਰਾ ਲਗਾਤਾਰ ਵਧ ਰਿਹਾ ਹੈ।
ਕਮਿਊਨਿਟੀ ਰਿਜ਼ਰਵ ਦੀ ਗਿਣਤੀ ਵੀ ਵਧੀ ਹੈ। ਸਾਲ 2014 ਵਿੱਚ ਜਿੱਥੇ ਸਿਰਫ਼ 43 ਕਮਿਊਨਿਟੀ ਰਿਜ਼ਰਵ ਸਨ, 2019 ਵਿੱਚ ਇਨ੍ਹਾਂ ਦੀ ਗਿਣਤੀ 100 ਤੋਂ ਵੱਧ ਹੋ ਗਈ ਹੈ।
ਭਾਰਤ ਵਿੱਚ 52 ਟਾਈਗਰ ਰਿਜ਼ਰਵ ਹਨ, ਜੋ ਕਿ 18 ਰਾਜਾਂ ਵਿੱਚ ਲਗਭਗ 75,000 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੇ ਹੋਏ ਹਨ। ਦੁਨੀਆ ਦੇ ਲਗਭਗ 75 ਫੀਸਦੀ ਜੰਗਲੀ ਬਾਘ ਇੱਥੇ ਰਹਿੰਦੇ ਹਨ। ਭਾਰਤ ਨੇ ਸਾਲ 2022 ਦੇ ਲਕਸ਼ ਤੋਂ ਚਾਰ ਸਾਲ ਪਹਿਲਾਂ, 2018 ਵਿੱਚ ਹੀ ਬਾਘਾਂ ਦੀ ਆਬਾਦੀ ਨੂੰ ਦੁੱਗਣਾ ਕਰਨ ਦਾ ਲਕਸ਼ ਹਾਸਲ ਕਰ ਲਿਆ। ਭਾਰਤ ਵਿੱਚ ਬਾਘਾਂ ਦੀ ਆਬਾਦੀ 2014 ਵਿੱਚ 2,226 ਤੋਂ ਵੱਧ ਕੇ 2018 ਵਿੱਚ 2,967 ਹੋ ਗਈ ਹੈ।
ਬਾਘਾਂ ਦੀ ਸੁਰੱਖਿਆ ਲਈ ਬਜਟ ਐਲੋਕੇਸ਼ਨ 2014 ਵਿੱਚ 185 ਕਰੋੜ ਰੁਪਏ ਤੋਂ ਵਧ ਕੇ 2022 ਵਿੱਚ 300 ਕਰੋੜ ਰੁਪਏ ਹੋ ਗਈ ਹੈ।
ਏਸ਼ਿਆਈ ਸ਼ੇਰਾਂ ਦੀ ਗਿਣਤੀ ਵਿੱਚ 28.87 ਪ੍ਰਤੀਸ਼ਤ ਦੀ ਵਾਧਾ ਦਰ (ਹੁਣ ਤੱਕ ਦੀਆਂ ਸਭ ਤੋਂ ਵੱਧ ਵਾਧਾ ਦਰਾਂ ਵਿੱਚੋਂ ਇੱਕ) ਦੇ ਨਾਲ ਲਗਾਤਾਰ ਵਾਧਾ ਹੋਇਆ ਹੈ। ਏਸ਼ਿਆਈ ਸ਼ੇਰਾਂ ਦੀ ਗਿਣਤੀ 2015 ਵਿੱਚ 523 ਤੋਂ ਵੱਧ ਕੇ 674 ਹੋ ਗਈ ਹੈ।
ਭਾਰਤ ਵਿੱਚ ਹੁਣ (2020) ਤੇਂਦੂਏ ਦੀ ਗਿਣਤੀ 12,852 ਹੈ, ਜਦ ਕਿ 2014 ਦੇ ਪਿਛਲੇ ਅਨੁਮਾਨਾਂ ਦੇ ਅਨੁਸਾਰ ਇਹ ਗਿਣਤੀ ਸਿਰਫ 7910 ਸੀ। ਤੇਂਦੂਏ ਦੀ ਗਿਣਤੀ ਵਿੱਚ 60 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ; ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ; ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਭੂਪੇਂਦਰ ਯਾਦਵ, ਸ਼੍ਰੀ ਜਯੋਤਿਰਾਦਿੱਤਿਆ ਐੱਮ ਸਿੰਧੀਆ ਅਤੇ ਸ਼੍ਰੀ ਅਸ਼ਵਿਨੀ ਚੌਬੇ ਮੌਜੂਦ ਸਨ।