ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭੂਟਾਨ ਦੇ ਮਹਾਰਾਜਾ ਜਿਗਮੇ ਖੇਸਰ ਨਮਗਿਯਾਲ ਵਾਂਗਚੁਕ (Jigme Khesar Namgyel Wangchuck) ਅਤੇ ਭੂਟਾਨ ਦੀ ਮਹਾਰਾਣੀ ਜੇਤਸੁਨ ਪੇਮਾ ਵਾਂਗਚੁਕ (Jetsun Pema Wangchuck) ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮਾਰਚ 2024, ਦੇ ਆਪਣੇ ਸਰਕਾਰੀ ਦੌਰੇ ਦੌਰਾਨ ਭੂਟਾਨ ਦੀ ਸਰਕਾਰ ਅਤੇ ਲੋਕਾਂ ਵੱਲੋਂ ਕੀਤੀ ਗਈ ਬੇਮਿਸਾਲ ਨਿੱਘੀ ਮੇਜ਼ਬਾਨੀ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਅਤੇ ਮਹਾਰਾਜਾ ਨੇ ਵਿਕਾਸ ਸਹਿਯੋਗ, ਸਵੱਛ ਊਰਜਾ ਸਾਂਝੇਦਾਰੀ, ਵਪਾਰ ਅਤੇ ਨਿਵੇਸ਼, ਪੁਲਾੜ ਅਤੇ ਟੈਕਨੋਲੋਜੀ ਸਹਿਯੋਗ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਸ਼ਾਮਲ ਕਰਦੇ ਹੋਏ ਦੁਵੱਲੇ ਸਬੰਧਾਂ ਦੀ ਸ਼ਾਨਦਾਰ ਸਥਿਤੀ 'ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਸਾਰੇ ਖੇਤਰਾਂ ਵਿੱਚ ਇਸ ਮਿਸਾਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।
ਦੋਵੇਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸੰਪਰਕ ਵਧਾਉਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ, ਅਤੇ ਭੂਟਾਨ ਦੇ ਵਿਕਾਸ ਨੂੰ ਉਤਪ੍ਰੇਰਿਤ ਕਰਨ ਅਤੇ ਭਾਰਤ ਦੇ ਨਾਲ ਲਗਦੇ ਸਰਹੱਦੀ ਖੇਤਰਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹਾਮਹਿਮ ਦੁਆਰਾ ਅਗਵਾਈ ਕੀਤੀ ਗਈ ਇੱਕ ਦੂਰਅੰਦੇਸ਼ੀ ਪ੍ਰੋਜੈਕਟ ਗੇਲੇਫੂ ਮਾਈਂਡਫੁਲਨਸ ਸਿਟੀ ਪਹਿਲ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਭੂਟਾਨ ਵਿੱਚ ਆਰਥਿਕ ਵਿਕਾਸ ਲਈ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦੁਹਰਾਇਆ, ਭੂਟਾਨ ਦੇ ਵਿਕਾਸ ਨੂੰ 13ਵੀਂ ਪੰਜ ਵਰ੍ਹਿਆਂ ਯੋਜਨਾ ਦੀ ਮਿਆਦ ਲਈ ਭਾਰਤ ਦੇ ਸਮਰਥਨ ਨੂੰ ਰੇਖਾਂਕਿਤ ਕੀਤਾ। ਮਹਾਰਾਜਾ ਨੇ ਖੁਸ਼ੀ, ਪ੍ਰਗਤੀ ਅਤੇ ਖੁਸ਼ਹਾਲੀ ਲਈ ਭੂਟਾਨ ਦੀਆਂ ਇੱਛਾਵਾਂ ਦੇ ਦ੍ਰਿੜ੍ਹ ਸਮਰਥਨ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ।
ਬੈਠਕ ਦੇ ਬਾਅਦ ਪ੍ਰਧਾਨ ਮੰਤਰੀ ਦੁਆਰਾ ਮਹਾਰਾਜਾ ਅਤੇ ਮਹਾਰਾਣੀ ਦੇ ਸਨਮਾਨ ਵਿੱਚ ਆਯੋਜਿਤ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ ਗਿਆ।
ਬੈਠਕ ਵਿੱਚ ਭਾਰਤ ਅਤੇ ਭੂਟਾਨ ਦਰਮਿਆਨ ਨਿਯਮਿਤ ਉੱਚ ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਨੂੰ ਰੇਖਾਂਕਿਤ ਕੀਤਾ, ਜੋ ਆਪਸੀ ਵਿਸ਼ਵਾਸ, ਸਹਿਯੋਗ ਅਤੇ ਡੂੰਘੀ ਸਮਝ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ ਜੋ ਦੋਵੇਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਦਰਸਾਉਂਦਾ ਹੈ।