ਪ੍ਰਧਾਨ ਮੰਤਰੀ , ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਸਮੇਤ ਦੇਸ਼ ਭਰ ਤੋਂ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀਆਂ ਨੇ ਹਿੱਸਾ ਲਿਆ।
ਆਈਜ਼ੌਲ, ਮਿਜ਼ੋਰਮ ਦੇ ਸ਼੍ਰੀ ਸ਼ੁਆਯਾ ਰਾਲਤੇ (Shuyaya Ralte), ਜੋ 2017 ਤੋਂ ਜੈਵਿਕ ਕਿਸਾਨ ਹਨ, ਨੇ ਪ੍ਰਧਾਨ ਮੰਤਰੀ ਨੂੰ ਅਦਰਕ, ਮਿਜ਼ੋ ਮਿਰਚ ਅਤੇ ਹੋਰ ਸਬਜ਼ੀਆਂ ਦੇ ਉਤਪਾਦਨ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਉਪਜ ਨਵੀਂ ਦਿੱਲੀ ਤੱਕ ਸਥਿਤ ਕੰਪਨੀਆਂ ਨੂੰ ਵੇਚ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਬਹੁਤ ਵਾਧਾ ਹੋਇਆ ਹੈ, ਜੋ ਕਿ 20,000 ਰੁਪਏ ਤੋਂ 1,50,000 ਰੁਪਏ ਕੀਤਾ ਗਿਆ ਹੈ।
ਬਜ਼ਾਰ ਵਿੱਚ ਆਪਣੀ ਉਪਜ ਵੇਚਣ ਬਾਰੇ ਪ੍ਰਧਾਨ ਮੰਤਰੀ ਦੇ ਸਵਾਲ ‘ਤੇ ਸ਼੍ਰੀ ਰਾਲਤੇ ਨੇ ਕਿਹਾ ਕਿ ਮਿਸ਼ਨ ਆਰਗੇਨਿਕ ਵੈਲਿਯੂ ਚੇਨ ਡਿਵੈਲਪਮੈਂਟ ਦੇ ਤਹਿਤ ਉੱਤਰ ਪੂਰਬੀ ਖੇਤਰ ਵਿੱਚ ਇੱਕ ਬਜ਼ਾਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਕਿਸਾਨ ਬਿਨਾ ਕਿਸੇ ਪਰੇਸ਼ਾਨੀ ਦੇ ਆਪਣੀ ਉਪਜ ਵੇਚ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਸੰਤੋਸ਼ ਜਤਾਇਆ ਕਿ ਦੇਸ਼ ਵਿੱਚ ਕਈ ਕਿਸਾਨ ਜੈਵਿਕ ਖੇਤੀ ਵੱਲ ਵਧ ਰਹੇ ਹਨ ਅਤੇ ਉੱਤਰ ਪੂਰਬ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਕਿਸਾਨ ਸ਼੍ਰੀ ਰਾਲਤੇ (Ralte) ਇਸ ਦਿਸ਼ਾ ਵਿੱਚ ਅੱਗੇ ਵਧ ਰਹੇ ਹਨ।
ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੈਵਿਕ ਖੇਤੀ ਲੋਕਾਂ ਅਤੇ ਜ਼ਮੀਨ ਦੋਹਾਂ ਦੀ ਸਿਹਤ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 9 ਵਰ੍ਹਿਆਂ ਵਿੱਚ, ਰਸਾਇਣ ਮੁਕਤ ਉਪਜ ਦਾ ਬਜ਼ਾਰ 7 ਗੁਣਾ ਵਧ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ ਅਤੇ ਉਪਭੋਗਤਾਵਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਨੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵੀ ਇਸ ਨਾਲ ਜੁੜਨ ਦੀ ਤਾਕੀਦ ਕੀਤੀ।