ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਟਲੀ ਦੇ ਅਪੁਲੀਆ ਵਿੱਚ ਆਯੋਜਿਤ ਜੀ7 ਸਮਿਟ ਵਿੱਚ ਅੱਜ ‘ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਐਨਰਜੀ, ਅਫਰੀਕਾ ਐਂਡ ਦ ਮੈਡੀਟੇਰਿਯਨ’ ‘ਤੇ ਆਊਟਰੀਚ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਮੂਹ ਨੂੰ ਉਸ ਦੀ 50ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਨਵ ਜਾਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੋਕਤੰਤਰੀ ਪ੍ਰਕਿਰਿਆ ਦੇ ਤਹਿਤ ਇੱਕ ਵਾਰ ਫਿਰ ਤੋਂ ਚੁਣੇ ਜਾਣ ਦੇ ਬਾਅਦ ਇਸ ਸਮਿਟ ਵਿੱਚ ਹਿੱਸਾ ਲੈਣਾ ਉਨ੍ਹਾਂ ਲਈ ਬਹੁਤ ਸੰਤੋਸ਼ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਨੂੰ ਸਫਲ ਬਣਾਉਣ ਲਈ ਉਸ ਨੂੰ ਮਾਨਵ –ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਜਨਤਕ ਸੇਵਾਵਾਂ ਦੀ ਡਿਲੀਵਰੀ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਲੈਣ ਵਿੱਚ ਭਾਰਤ ਦੀ ਸਫਲਤਾ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ‘ਏਆਈ ਫਾਰ ਆਲ’ ਯਾਨੀ ਸਾਰਿਆ ਲਈ ਏਆਈ ‘ਤੇ ਅਧਾਰਿਤ ਭਾਰਤ ਏਆਈ ਮਿਸ਼ਨ ਬਾਰੇ ਦੱਸਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਇਸ ਟੈਕਨੋਲੋਜੀ ਦਾ ਉਦੇਸ਼ ਸਾਰਿਆਂ ਦੀ ਤਰੱਕੀ ਅਤੇ ਭਲਾਈ ਨੂੰ ਹੁਲਾਰਾ ਦੇਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸੇ ਵਿਆਪਕ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਗਲੋਬਲ ਪਾਰਟਨਰ ਫਾਰ ਏਆਈ ਦੇ ਫਾਉਂਡਿੰਗ ਮੈਂਬਰ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਊਰਜਾ ਪਰਿਵਰਤਨ ਸਬੰਧੀ ਕਾਰਜਾਂ ‘ਤੇ ਵਿਸਤਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਉਸ ਦਾ ਦ੍ਰਿਸ਼ਟੀਕੋਣ ਉਪਲਬਧਤਾ, ਪਹੁੰਚ, ਕਿਫਾਇਤ ਅਤੇ ਮਨਜ਼ੂਰੀ ‘ਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ 2070 ਤੱਕ ਨੈੱਟ ਜ਼ੀਰੋ ਯਾਨੀ ਜ਼ੀਰੋ ਕਾਰਬਨ ਨਿਕਾਸੀ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਮਿਸ਼ਨ ਲਾਈਫ (ਲਾਈਫਸਟਾਈਲ ਫਾਰ ਇਨਵਾਇਰਮੈਂਟ) ਦਾ ਜ਼ਿਕਰ ਕਰਦੇ ਹੋਏ ਆਲਮੀ ਭਾਈਚਾਰੇ ਨੂੰ ਵਿਸ਼ਵ ਵਾਤਾਵਰਣ ਦਿਵਸ ‘ਤੇ ਪੌਦਾ ਰੋਪਣ ਮੁਹਿੰਮ (tree plantation campaign) – ਪਲਾਂਟ4 ਮਦਰ ("Plant4Mother” [ਏਕ ਪੇੜ ਮਾਂ ਕੇ ਨਾਮ- Ek Pedh Maa Ke Naam]) ਅਭਿਆਨ ਵਿੱਚ ਸ਼ਾਮਲ ਹੋਣ ਅਤੇ ਇਸ ਨੂੰ ਨਿਜੀ ਦਿਲਚਸਪੀ ਅਤੇ ਆਲਮੀ ਜ਼ਿੰਮੇਦਾਰੀ ਦੇ ਨਾਲ ਇੱਕ ਜਨ ਅੰਦੋਲਨ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਹੀ ਇਸ ਪੌਦਾ ਰੋਪਣ ਅਭਿਆਨ ਦੀ ਸ਼ੁਰੂਆਤ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਅਤੇ ਵਿਸ਼ੇਸ਼ ਤੌਰ ‘ਤੇ ਅਫਰੀਕਾ ਦੀਆਂ ਚਿੰਤਾਵਾਂ ਨੂੰ ਪ੍ਰਾਥਮਿਕਤਾ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਯਾਦ ਦਿਲਾਇਆ ਕਿ ਇਹ ਭਾਰਤ ਲਈ ਸਨਮਾਨ ਦੀ ਗੱਲ ਹੈ ਕਿ ਉਸ ਦੀ ਪ੍ਰਧਾਨਗੀ ਵਿੱਚ ਜੀ20 ਦੇ ਸਥਾਈ ਮੈਂਬਰ ਦੇ ਰੂਪ ਵਿੱਚ ਅਫਰੀਕਨ ਯੂਨੀਅਨ ਨੂੰ ਸ਼ਾਮਲ ਕੀਤਾ ਗਿਆ।