ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ- JIA) ਦੇ ਚੇਅਰਮੈਨ ਅਤੇ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ। ਸ਼੍ਰੀ ਸੁਗਾ 100 ਤੋਂ ਅਧਿਕ ਮੈਂਬਰਾਂ ਵਾਲੇ ਇੱਕ ਵਫ਼ਦ ਦੇ ਨਾਲ ਭਾਰਤ ਦੀ ਯਾਤਰਾ ’ਤੇ ਹਨ। ਇਸ ਵਫ਼ਦ ਵਿੱਚ ਸਰਕਾਰੀ ਅਧਿਕਾਰੀ, ਕੀਡਨਰੇਨ (ਜਪਾਨ ਬਿਜ਼ਨਸ ਫੈਡਰੇਸ਼ਨ) ਅਤੇ ਸਾਂਸਦਾਂ ਦੇ “ਗਣੇਸ਼ ਨੋ ਕਾਈ” ਸਮੂਹ (“Ganesha no Kai” group) ਦੇ ਮੈਂਬਰ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਜਪਾਨ-ਇੰਡੀਆ ਐਸੋਸੀਏਸ਼ਨ (ਜੇਆਈਏ- JIA) ਦੇ ਚੇਅਰਮੈਨ ਦੇ ਰੂਪ ਵਿੱਚ ਪਹਿਲੀ ਵਾਰ ਭਾਰਤ ਦੀ ਯਾਤਰਾ ’ਤੇ ਆਏ ਸ਼੍ਰੀ ਸੁਗਾ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਨਿਵੇਸ਼ ਅਤੇ ਆਰਥਿਕ ਸਹਿਯੋਗ,ਰੇਲਵੇ, ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸੰਪਰਕ, ਕੌਸ਼ਲ ਵਿਕਾਸ ਦੇ ਖੇਤਰ ਵਿੱਚ ਸਾਂਝੇਦਾਰੀ ਸਹਿਤ ਭਾਰਤ ਅਤੇ ਜਪਾਨ ਦੇ ਦਰਮਿਆਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਦੋਹਾਂ ਦੇਸ਼ਾਂ ਜੇ ਦਰਮਿਆਨ ਸੰਸਦੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ “ਗਣੇਸ਼ ਨੋ ਕਾਈ” (“Ganesha no Kai”) ਸੰਸਦੀ ਸਮੂਹ ਦੇ ਮੈਂਬਰਾਂ ਦੇ ਨਾਲ ਸਾਰਥਕ ਗੱਲਬਾਤ ਕੀਤੀ। ਉਨ੍ਹਾਂ ਨੇ ਜਪਾਨ ਵਿੱਚ ਯੋਗ ਅਤੇ ਆਯੁਰਵੇਦ ਦੀ ਵਧਦੀ ਮਕਬੂਲੀਅਤ ਦਾ ਸੁਆਗਤ ਕੀਤਾ ਅਤੇ ਭਾਰਤ ਅਤੇ ਜਪਾਨ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕੀਡਨਰੇਨ ਦੇ ਮੈਂਬਰਾਂ (Keidanren members) ਦਾ ਭਾਰਤ ਵਿੱਚ ਸੁਆਗਤ ਕੀਤਾ ਅਤੇ ਕਾਰੋਬਾਰ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿੱਚ ਕੀਤੇ ਗਏ ਵਿਆਪਕ ਸੁਧਾਰਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜਪਾਨੀ ਨਿਵੇਸ਼ਕਾਂ ਨੂੰ ਆਪਣੇ ਮੌਜੂਦਾ ਨਿਵੇਸ਼ ਦਾ ਵਿਸਤਾਰ ਕਰਨ ਅਤੇ ਸਹਿਯੋਗ ਦੇ ਨਵੇਂ ਰਸਤੇ ਤਲਾਸ਼ਣ ਲਈ ਸੱਦਾ ਦਿੱਤਾ।