ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ ਸਾਡੀ ਪ੍ਰਾਥਮਿਕਤਾ ਹੈ, ਇਸ ਖੇਤਰ ਵਿੱਚ ਅੱਜ ਸ਼ੁਰੂ ਕੀਤੀ ਗਈ ਪਹਿਲ ਨਾਲ ਨਾਗਰਿਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਅਤੇ ਸਸਤੀਆਂ ਸੁਵਿਧਾਵਾਂ ਮਿਲਣਗੀਆਂ: ਪ੍ਰਧਾਨ ਮੰਤਰੀ
ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਆਯੁਰਵੇਦ ਦਿਵਸ ਮਨਾਇਆ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਹੁਣ ਦੇਸ਼ ਦੇ 70 ਵਰ੍ਹੇ ਤੋਂ ਉੱਪਰ ਦੇ ਹਰ ਸੀਨੀਅਰ ਸਿਟੀਜ਼ਨ ਨੂੰ ਹਸਪਤਾਲ ਵਿੱਚ ਮੁਫਤ ਇਲਾਜ ਮਿਲੇਗਾ, ਅਜਿਹੇ ਸੀਨੀਅਰ ਸਿਟੀਜ਼ਨਾਂ ਨੂੰ ਆਯੁਸ਼ਮਾਨ ਵਯਾ (Vaya) ਵੰਦਨਾ ਕਾਰਡ ਦਿੱਤਾ ਜਾਵੇਗਾ: ਪ੍ਰਧਾਨ ਮੰਤਰੀ
ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਮਿਸ਼ਨ ਇੰਦ੍ਰਧਨੁਸ਼ ਕੈਂਪੇਨ ਚਲਾ ਰਹੀ ਹੈ, ਪ੍ਰਧਾਨ ਮੰਤਰੀ
ਸਾਡੀ ਸਰਕਾਰ ਸਿਹਤ ਖੇਤਰ ਵਿੱਚ ਟੈਕਨੋਲੋਜੀ ਦਾ ਜ਼ਿਆਦਾ ਉਪਯੋਗ ਕਰਕੇ ਦੇਸ਼ਵਾਸੀਆਂ ਦਾ ਪੈਸਾ ਬਚਾ ਰਹੀ ਹੈ: ਪ੍ਰਧਾਨ ਮੰਤਰੀ
ਉਨ੍ਹਾਂ ਨੇ ਦੇਸ਼ ਦੇ ਸਾਰੇ ਵਪਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਿਨ ਲੋਕ ਆਪਣੇ ਘਰਾਂ ਲਈ ਕੁਝ ਨਵਾਂ ਖਰੀਦਦੇ ਹਨ। ਉਨ੍ਹਾਂ ਨੇ ਦੀਵਾਲੀ ਦੀਆਂ ਐਡਵਾਂਸ ਵਿੱਚ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਧਨਵੰਤਰੀ ਜਯੰਤੀ ਅਤੇ 9ਵੇਂ ਆਯੁਰਵੇਦ ਦਿਵਸ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ (AIIA) ਵਿੱਚ ਲਗਭਗ 12,850 ਕਰੋੜ ਰੁਪਏ ਦੇ ਸਿਹਤ ਖੇਤਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ, ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਉਪਸਥਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਧਨਵੰਤਰੀ ਜਯੰਤੀ ਅਤੇ ਧਨਤੇਰਸ ਦੇ ਮੌਕੇ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਦੇ ਸਾਰੇ ਵਪਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦਿਨ ਲੋਕ ਆਪਣੇ ਘਰਾਂ ਲਈ ਕੁਝ ਨਵਾਂ ਖਰੀਦਦੇ ਹਨ। ਉਨ੍ਹਾਂ ਨੇ ਦੀਵਾਲੀ ਦੀਆਂ ਐਡਵਾਂਸ ਵਿੱਚ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੀਵਾਲੀ ਇਤਿਹਾਸਿਕ ਹੈ, ਕਿਉਂਕਿ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਮੰਦਰ ਹਜ਼ਾਰਾਂ ਦੀਵਿਆਂ ਨਾਲ ਜਗਮਗਾਏਗਾ, ਜਿਸ ਨਾਲ ਉਤਸਵ ਬੇਮਿਸਾਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸਾਲ ਦੀ ਦੀਵਾਲੀ ‘ਤੇ ਭਗਵਾਨ ਰਾਮ ਇੱਕ ਵਾਰ ਫਿਰ ਆਪਣੇ ਨਿਵਾਸ ਸਥਾਨ ‘ਤੇ ਵਾਪਸ ਆਏ ਹਨ।” ਉਨ੍ਹਾਂ ਕਿਹਾ ਕਿ ਆਖਰਕਾਰ 14 ਸਾਲ ਬਾਅਦ ਨਹੀਂ, ਸਗੋਂ 500 ਸਾਲ ਬਾਅਦ ਇੰਤਜ਼ਾਰ ਖਤਮ ਹੋਇਆ।

 

ਸ਼੍ਰੀ ਮੋਦੀ ਨੇ ਕਿਹਾ, ਇਹ ਕੋਈ ਸੰਜੋਗ ਨਹੀਂ ਹੈ ਕਿ ਇਸ ਵਰ੍ਹੇ ਧਨਤੇਰਸ ਦਾ ਤਿਓਹਾਰ ਸਮ੍ਰਿੱਧੀ ਅਤੇ ਸਿਹਤ ਦਾ ਸੰਯੋਜਨ ਹੈ, ਸਗੋਂ ਭਾਰਤ ਦੇ ਸੱਭਿਆਚਾਰ ਅਤੇ ਜੀਵਨ ਦਰਸ਼ਨ ਦਾ ਵੀ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸਾਧੂ-ਸੰਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿਹਤ ਨੂੰ ਸਭ ਤੋਂ ਵੱਡਾ ਧਨ ਮੰਨਿਆ ਜਾਂਦਾ ਹੈ ਅਤੇ ਇਹ ਪ੍ਰਾਚੀਨ ਅਵਧਾਰਨਾ ਯੋਗ ਦੇ ਵਜੋਂ ਦੁਨੀਆ ਭਰ ਵਿੱਚ ਸਵੀਕ੍ਰਿਤੀ ਪ੍ਰਾਪਤ ਕਰ ਰਹੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ 150 ਤੋਂ ਵੱਧ ਦੇਸ਼ਾਂ ਵਿੱਚ ਆਯੁਰਵੇਦ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਇਹ ਆਯੁਰਵੇਦ ਦੇ ਪ੍ਰਤੀ ਵਧਦੀ ਰੁਚੀ ਅਤੇ ਪ੍ਰਾਚੀਨ ਕਾਲ ਤੋਂ ਦੁਨੀਆ ਵਿੱਚ ਭਾਰਤ ਦੇ ਯੋਗਦਾਨ ਦਾ ਪ੍ਰਮਾਣ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਆਧੁਨਿਕ ਮੈਡੀਸਨ ਦੇ ਨਾਲ ਆਯੁਰਵੇਦ ਦੇ ਗਿਆਨ ਦੇ ਏਕੀਕਰਨ ਨਾਲ ਸਿਹਤ ਖੇਤਰ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਇਸ ਚੈਪਟਰ ਦਾ ਕੇਂਦਰ ਬਿੰਦੂ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸੱਤ ਵਰ੍ਹੇ ਪਹਿਲਾਂ ਆਯੁਰਵੇਦ ਦਿਵਸ 'ਤੇ ਉਨ੍ਹਾਂ ਨੂੰ ਸੰਸਥਾ ਦੇ ਪਹਿਲੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਅੱਜ ਭਗਵਾਨ ਧਨਵੰਤਰੀ ਦੇ ਆਸ਼ੀਰਵਾਦ ਨਾਲ ਉਹ ਸੰਸਥਾ ਦੇ ਦੂਜੇ ਪੜਾਅ ਦਾ ਉਦਘਾਟਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿੱਚ ਆਯੁਰਵੇਦ ਅਤੇ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਐਡਵਾਂਸ ਰਿਸਰਚ ਸਟਡੀਜ਼ ਦੇ ਨਾਲ-ਨਾਲ ਆਧੁਨਿਕ ਖੋਜ ਨਾਲ ਲੈਸ ਪੰਚਕਰਮ ਜਿਹੀਆਂ ਪ੍ਰਾਚੀਨ ਤਕਨੀਕਾਂ ਨੂੰ ਦੇਖਣਾ ਸੰਭਵ ਹੋਵੇਗਾ। ਸ਼੍ਰੀ ਮੋਦੀ ਨੇ ਇਸ ਪ੍ਰਗਤੀ ਲਈ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ।

ਇਹ ਦੇਖਦੇ ਹੋਏ ਕਿ ਕਿਸੇ ਵੀ ਰਾਸ਼ਟਰ ਦੀ ਪ੍ਰਗਤੀ ਸਿੱਧੇ ਉਸ ਦੇ ਨਾਗਰਿਕਾਂ ਦੀ ਸਿਹਤ ‘ਤੇ ਨਿਰਭਰ ਕਰਦੀ ਹੈ, ਪ੍ਰਧਾਨ ਮੰਤਰੀ ਨੇ ਆਪਣੇ ਨਾਗਰਿਕਾਂ ਦੀ ਸਿਹਤ ਪ੍ਰਤੀ ਸਰਕਾਰ ਦੀ ਪ੍ਰਾਥਮਿਕਤਾ ‘ਤੇ ਪ੍ਰਕਾਸ਼ ਪਾਇਆ ਅਤੇ ਹੈਲਥ ਪੌਲਿਸੀ ਦੇ ਪੰਜ ਥੰਮ੍ਹਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਨ੍ਹਾਂ ਪੰਜ ਥੰਮ੍ਹਾਂ ਦਾ ਜ਼ਿਕਰ ਕੀਤਾ- ਨਿਵਾਰਕ ਸਿਹਤ ਸੰਭਾਲ, ਬਿਮਾਰੀਆਂ ਦਾ ਜਲਦੀ ਪਤਾ ਲਗਾਉਣਾ, ਮੁਫਤ ਅਤੇ ਘੱਟ ਲਾਗਤ ਵਾਲੇ ਇਲਾਜ ਅਤੇ ਦਵਾਈਆਂ, ਛੋਟੇ ਸ਼ਹਿਰਾਂ ਵਿੱਚ ਡਾਕਟਰਾਂ ਦੀ ਉਪਲਬਧਤਾ ਅਤੇ ਅੰਤ ਵਿੱਚ ਸਿਹਤ ਸੇਵਾਵਾਂ ਵਿੱਚ ਟੈਕਨੋਲੋਜੀ ਦਾ ਵਿਸਤਾਰ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਸਿਹਤ  ਖੇਤਰ ਨੂੰ ਸਮਗ੍ਰ ਸਿਹਤ ਦੇ ਰੂਪ ਵਿੱਚ ਦੇਖਦਾ ਹੈ।”  ਸ਼੍ਰੀ ਮੋਦੀ ਨੇ ਕਿਹਾ, ਅੱਜ ਦੇ ਪ੍ਰੋਜੈਕਟਸ ਇਨ੍ਹਾਂ ਪੰਜ ਥੰਮ੍ਹਾਂ ਨੂੰ ਉਜਾਗਰ ਕਰਦੇ ਹਨ।  13,000 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਆਯੁਸ਼ ਸਿਹਤ ਯੋਜਨਾ ਦੇ ਤਹਿਤ ਉਤਕ੍ਰਿਸ਼ਟਤਾ ਦੇ ਚਾਰ ਕੇਂਦਰਾਂ ਦੀ ਸਥਾਪਨਾ, ਡਰੋਨ ਦੀ ਵਰਤੋਂ ਦੇ ਨਾਲ ਸਿਹਤ ਸੇਵਾਵਾਂ ਦਾ ਵਿਸਤਾਰ, ਰਿਸ਼ੀਕੇਸ਼ ਵਿੱਚ ਏਮਜ਼ ਵਿੱਚ ਹੈਲੀਕੌਪਟਰ ਸੇਵਾ ਦਾ ਜ਼ਿਕਰ ਕੀਤਾ। ਨਵੀਂ ਦਿੱਲੀ ਅਤੇ ਏਮਜ਼, ਬਿਲਾਸਪੁਰ ਵਿੱਚ ਨਵਾਂ ਬੁਨਿਆਦੀ ਢਾਂਚਾ, ਦੇਸ਼ ਦੇ ਪੰਜ ਹੋਰ ਏਮਜ਼ ਦੀਆਂ ਸੇਵਾਵਾਂ ਦਾ ਵਿਸਤਾਰ, ਮੈਡੀਕਲ ਕਾਲਜਾਂ ਦੀ ਸਥਾਪਨਾ, ਨਰਸਿੰਗ ਕਾਲਜਾਂ ਦੇ ਉਦਘਾਟਨ ਅਤੇ ਸਿਹਤ ਖੇਤਰ ਨਾਲ ਸਬੰਧਿਤ ਹੋਰ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਮਜ਼ਦੂਰਾਂ ਦੇ ਇਲਾਜ ਲਈ ਕੁਝ ਹਸਪਤਾਲਾਂ ਦੀ ਸਥਾਪਨਾ 'ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਮਜ਼ਦੂਰਾਂ ਦੇ ਇਲਾਜ ਲਈ ਕੇਂਦਰ ਬਣ ਜਾਣਗੇ। ਉਨ੍ਹਾਂ ਨੇ ਫਾਰਮਾ ਯੂਨਿਟਾਂ ਦੇ ਉਦਘਾਟਨ 'ਤੇ ਵੀ ਗੱਲ ਕੀਤੀ ਜੋ ਉੱਨਤ ਦਵਾਈਆਂ ਅਤੇ ਉੱਚ ਗੁਣਵੱਤਾ ਵਾਲੇ ਸਟੈਂਟਾਂ ਅਤੇ ਇੰਪਲਾਂਟ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ ਅਤੇ ਭਾਰਤ ਦੇ ਵਿਕਾਸ ਨੂੰ ਗਤੀ ਦੇਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਅਜਿਹੇ ਪਿਛੋਕੜ ਤੋਂ ਆਉਂਦੇ ਹਨ ਜਿੱਥੇ ਬਿਮਾਰੀ ਦਾ ਮਤਲਬ ਪੂਰੇ ਪਰਿਵਾਰ ‘ਤੇ ਬਿਜਲੀ ਡਿੱਗਣਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਇੱਕ ਗਰੀਬ ਪਰਿਵਾਰ ਵਿੱਚ, ਜੇ ਕੋਈ ਗੰਭੀਰ ਬਿਮਾਰੀਆਂ ਨਾਲ ਪੀੜ੍ਹਿਤ ਹੈ, ਤਾਂ ਉਸ ਦੇ ਪਰਿਵਾਰ ਦਾ ਹਰੇਕ ਮੈਂਬਰ ਇਸ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ, ਇੱਕ ਸਮਾਂ ਸੀ, ਜਦੋਂ ਲੋਕ ਇਲਾਜ ਦੇ ਲਈ ਆਪਣੇ  ਘਰ, ਜ਼ਮੀਨ, ਗਹਿਣੇ, ਸਭ ਕੁਝ ਵੇਚ ਦਿੰਦੇ ਸਨ ਅਤੇ ਆਪਣੀ ਜੇਬ ਨਾਲ ਭਾਰੀ ਖਰਚੇ ਕਰਨ ਵਿੱਚ ਅਸਮਰੱਥ ਸਨ, ਜਦਕਿ ਗਰੀਬ ਲੋਕਾਂ ਨੂੰ ਸਿਹਤ ਦੇਖਭਾਲ ਅਤੇ ਹੋਰ ਪਰਿਵਾਰਕ ਪ੍ਰਾਥਮਿਕਤਾਵਾਂ ਵਿੱਚੋਂ ਚੋਣ ਕਰਨੀ ਪੈਂਦੀ ਸੀ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ਼ਰੀਬਾਂ ਦੀ ਨਿਰਾਸ਼ਾ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਆਯੁਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਸਰਕਾਰ ਗ਼ਰੀਬਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ 5 ਲੱਖ ਰੁਪਏ ਤੱਕ ਦਾ ਖਰਚ ਉਠਾਏਗੀ। ਪ੍ਰਧਾਨ ਮੰਤਰੀ ਨੇ ਸੰਤੋਸ਼ ਪ੍ਰਗਟ ਕੀਤਾ ਕਿ ਦੇਸ਼ ਦੇ ਲਗਭਗ 4 ਕਰੋੜ ਗਰੀਬ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਮਿਲਿਆ ਹੈ ਅਤੇ ਉਨ੍ਹਾਂ ਨੂੰ ਇੱਕ ਵੀ ਰੁਪਿਆ ਖਰਚ ਕੀਤੇ ਬਿਨਾਂ ਇਲਾਜ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਯੁਸ਼ਮਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਮਿਲਦੇ ਹਨ, ਤਾਂ ਉਨ੍ਹਾਂ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਇਹ ਯੋਜਨਾ ਇਸ ਨਾਲ ਜੁੜੇ ਹਰ ਵਿਅਕਤੀ ਲਈ ਵਰਦਾਨ ਹੈ, ਭਾਵੇਂ ਉਹ ਡਾਕਟਰ ਹੋਵੇ ਜਾਂ ਪੈਰਾ-ਮੈਡੀਕਲ ਸਟਾਫ।

ਆਯੁਸ਼ਮਾਨ ਯੋਜਨਾ ਦੇ ਵਿਸਤਾਰ 'ਤੇ ਸੰਤੋਸ਼ ਵਿਅਕਤ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਹਰ ਬਜ਼ੁਰਗ ਇਸ ਯੋਜਨਾ ਲਈ ਉਤਸੁਕ ਹੈ ਅਤੇ ਤੀਜੀ ਵਾਰ ਚੁਣੇ ਜਾਣ ‘ਤੇ 70 ਸਾਲ ਤੋਂ ਵੱਧ ਦੀ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਆਯੁਸ਼ਮਾਨ ਯੋਜਨਾ ਦੇ ਤਹਿਤ ਲਿਆਉਣ ਦੀ ਚੋਣ ਦੀ ਗਾਰੰਟੀ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 70 ਸਾਲ ਤੋਂ ਵੱਧ ਉਮਰ ਦੇ ਹਰੇਕ ਬਜ਼ੁਰਗ ਦਾ ਆਯੁਸ਼ਮਾਨ ਵਯ ਵੰਦਨਾ ਕਾਰਡ ਰਾਹੀਂ ਹਸਪਤਾਲ ਵਿੱਚ ਮੁਫ਼ਤ ਇਲਾਜ ਕੀਤਾ ਜਾਵੇਗਾ। ਮੋਦੀ ਨੇ ਕਿਹਾ, ਇਹ ਕਾਰਡ ਯੂਨੀਵਰਸਲ ਹੈ ਅਤੇ ਇਸ ਵਿੱਚ ਕੋਈ ਆਮਦਨ ਸੀਮਾ ਨਹੀਂ ਹੈ, ਭਾਵੇਂ ਇਹ ਗਰੀਬ ਹੋਵੇ ਜਾਂ ਮੱਧ ਵਰਗ ਜਾਂ ਉੱਚ ਵਰਗ।  ਇਹ ਜਾਣਕਾਰੀ ਦਿੰਦੇ ਹੋਏ ਕਿ ਇਹ ਯੋਜਨਾ ਵਿਆਪਕ ਕਵਰੇਜ਼ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ, ਸ਼੍ਰੀ ਮੋਦੀ ਨੇ ਕਿਹਾ ਕਿ ਘਰ ਦੇ ਬਜ਼ੁਰਗਾਂ ਲਈ ਆਯੁਸ਼ਮਾਨ ਵਯ ਵੰਦਨਾ ਕਾਰਡ ਨਾਲ ਜੇਬ ਤੋਂ ਹੋਣ ਵਾਲਾ ਖਰਚਾ ਕਾਫੀ ਹੱਦ ਤੱਕ ਘਟ ਹੋ ਜਾਵੇਗਾ। ਉਨ੍ਹਾਂ ਨੇ ਇਸ ਯੋਜਨਾ ਲਈ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਇਹ ਯੋਜਨਾ ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਲਾਗੂ ਨਹੀਂ ਕੀਤੀ ਗਈ ਹੈ।

ਗਰੀਬਾਂ ਅਤੇ ਮੱਧ ਵਰਗ ਲਈ ਇਲਾਜ ਦੀ ਲਾਗਤ ਨੂੰ ਘਟਾਉਣ ਲਈ ਸਰਕਾਰ ਦੀ ਤਰਜੀਹ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਦੇਸ਼ ਭਰ ਵਿੱਚ 14,000 ਤੋਂ ਵੱਧ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਸ਼ੁਰੂ ਕੀਤੇ ਗਏ ਹਨ, ਜਿੱਥੇ ਦਵਾਈਆਂ 80 ਫੀਸਦੀ ਦੀ ਛੋਟ 'ਤੇ ਉਪਲਬਧ ਹਨ। ਉਨ੍ਹਾਂ ਨੇ ਦੱਸਿਆ ਕਿ ਸਸਤੀਆਂ ਦਵਾਈਆਂ ਦੀ ਉਪਲਬਧਤਾ ਕਾਰਨ ਗਰੀਬ ਅਤੇ ਮੱਧ ਵਰਗ 30,000 ਕਰੋੜ ਰੁਪਏ ਦੀ ਬੱਚਤ ਕਰਨ ਵਿੱਚ ਸਫਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਟੈਂਟ ਅਤੇ ਗੋਡਿਆਂ ਦੇ ਇੰਪਲਾਂਟ (stents and knee implants) ਵਰਗੇ ਉਪਕਰਣਾਂ ਦੀ ਕੀਮਤ ਘਟਾਈ ਗਈ ਹੈ, ਜਿਸ ਨਾਲ ਆਮ ਨਾਗਰਿਕਾਂ ਦਾ 80,000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਤੋਂ  ਰੋਕਿਆ ਜਾ ਸਕਿਆ ਹੈ। ਉਨ੍ਹਾਂ ਨੇ ਗੰਭੀਰ ਬਿਮਾਰੀਆਂ ਨੂੰ ਰੋਕਣ ਅਤੇ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਜਾਨ ਬਚਾਉਣ ਲਈ ਮੁਫ਼ਤ ਡਾਇਲਸਿਸ ਸਕੀਮ ਅਤੇ ਮਿਸ਼ਨ ਇੰਦ੍ਰਧਨੁਸ਼ ਕੈਂਪੇਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਮਹਿੰਗੇ ਇਲਾਜ ਦੇ ਬੋਝ ਤੋਂ ਮੁਕਤ ਨਹੀਂ ਕੀਤਾ ਜਾਂਦਾ।

 

ਪ੍ਰਧਾਨ ਮੰਤਰੀ ਨੇ ਬਿਮਾਰੀਆਂ ਨਾਲ ਜੁੜੇ ਜੋਖਮਾਂ ਅਤੇ ਅਸੁਵਿਧਾਵਾਂ ਨੂੰ ਘਟਾਉਣ ਲਈ ਸਮੇਂ ਸਿਰ ਨਿਦਾਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਛੇਤੀ ਨਿਦਾਨ ਅਤੇ ਇਲਾਜ ਦੀ ਸੁਵਿਧਾ ਲਈ ਦੇਸ਼ ਭਰ ਵਿੱਚ ਦੋ ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ, ਇਹ ਸਿਹਤ ਮੰਦਰ ਕਰੋੜਾਂ ਨਾਗਰਿਕਾਂ ਨੂੰ ਕੈਂਸਰ, ਹਾਈਪਰਟੈਂਸ਼ਨ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦੀ ਆਸਾਨੀ ਨਾਲ ਜਾਂਚ ਕਰਵਾਉਣ ਦੇ ਯੋਗ ਬਣਾਉਂਦੇ ਹਨ। ਉਨ੍ਹਾਂ ਕਿਹਾ, ਸਮੇਂ ਸਿਰ ਨਿਦਾਨ ਕਰਨ ਨਾਲ ਤੁਰੰਤ ਇਲਾਜ ਹੁੰਦਾ ਹੈ, ਜਿਸ ਨਾਲ ਅੰਤ ਵਿੱਚ ਮਰੀਜ਼ਾਂ ਦੇ ਖਰਚੇ ਦੀ ਬੱਚਤ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਸਰਕਾਰ ਈ-ਸੰਜੀਵ ਯੋਜਨਾ ਦੇ ਤਹਿਤ ਸਿਹਤ ਸੰਭਾਲ ਨੂੰ ਵਧਾਉਣ ਅਤੇ ਨਾਗਰਿਕਾਂ ਦੇ ਪੈਸਾ ਬਚਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਹੀ ਹੈ, ਜਿਸ ਵਿੱਚ 30 ਕਰੋੜ ਤੋਂ ਵੱਧ ਲੋਕਾਂ ਨੇ ਔਨਲਾਈਨ ਡਾਕਟਰਾਂ ਦੀ ਸਲਾਹ ਲਈ ਹੈ। ਉਨ੍ਹਾਂ ਨੇ ਕਿਹਾ, "ਡਾਕਟਰਾਂ ਦੀ ਮੁਫਤ ਅਤੇ ਸਹੀ ਸਲਾਹ ਨੇ ਸਿਹਤ ਸੰਭਾਲ ਦੀ ਲਾਗਤ ਵਿੱਚ ਕਾਫ਼ੀ ਕਮੀ ਕੀਤੀ ਹੈ,"। ਸ਼੍ਰੀ ਮੋਦੀ ਨੇ U-WIN ਪਲੈਟਫਾਰਮ ਦੇ ਲਾਂਚ ਦੀ ਘੋਸ਼ਣਾ ਕੀਤੀ, ਜੋ ਭਾਰਤ ਨੂੰ ਸਿਹਤ ਖੇਤਰ ਵਿੱਚ ਟੈਕਨੋਲੋਜੀ ਦੇ ਮਾਮਲੇ ਵਿੱਚ ਇੱਕ ਉੱਨਤ ਇੰਟਰਫੇਸ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ "ਦੁਨੀਆ ਨੇ ਮਹਾਮਾਰੀ ਦੇ ਦੌਰਾਨ ਸਾਡੇ ਕੋ-ਵਿਨ ਪਲੈਟਫਾਰਮ ਦੀ ਸਫਲਤਾ ਦੇਖੀ ਹੈ ਅਤੇ ਯੂਪੀਆਈ (UPI) ਭੁਗਤਾਨ ਪ੍ਰਣਾਲੀ ਦੀ ਸਫਲਤਾ ਇੱਕ ਗਲੋਬਲ ਕਹਾਣੀ ਬਣ ਗਈ ਹੈ," ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਉਦੇਸ਼ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਸਿਹਤ ਸੰਭਾਲ ਖੇਤਰ ਵਿੱਚ ਇਸ ਸਫਲਤਾ ਨੂੰ ਦੁਹਰਾਉਣਾ ਹੈ।

ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਸਿਹਤ ਖੇਤਰ ਵਿੱਚ ਹੋਈ ਬੇਮਿਸਾਲ ਤਰੱਕੀ ‘ਤੇ ਪ੍ਰਕਾਸ਼ ਪਾਇਆ, ਜੋ ਕਿ ਪਿਛਲੇ ਛੇ ਤੋਂ ਸੱਤ ਦਹਾਕਿਆਂ ਵਿੱਚ ਪ੍ਰਾਪਤ ਸੀਮਿਤ ਸਫਲਤਾਵਾਂ ਦੇ ਉਲਟ ਹੈ, ਉਨ੍ਹਾਂ ਕਿਹਾ, ‘ਪਿਛਲੇ 10 ਵਰ੍ਹਿਆਂ ਵਿੱਚ, ਅਸੀਂ ਰਿਕਾਰਡ ਸੰਖਿਆ ਵਿੱਚ ਨਵੇਂ ਏਮਜ਼ ਅਤੇ ਮੈਡੀਕਲ ਕਾਲਜ ਸਥਾਪਿਤ ਕੀਤੇ ਹਨ।’ ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਗਰਾਮ ਦਾ ਜਿਕਰ ਕਰਦੇ ਹੋਏ ਕਿਹਾ  ਕਰਨਾਟਕ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਹਸਪਤਾਲਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਰਨਾਟਕ ਵਿੱਚ ਨਰਸਾਪੁਰ ਅਤੇ ਬੌਮਾਸੰਦ੍ਰਾ, ਮੱਧ ਪ੍ਰਦੇਸ਼ ਵਿੱਚ ਅਚਿਥਾਪੁਰਮ ਅਤੇ ਹਰਿਆਣਾ ਵਿੱਚ ਫਰੀਦਾਬਾਦ ਵਿੱਚ ਨਵੇਂ ਮੈਡੀਕਲ ਕਾਲਜਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ‘ਇਸ ਦੇ ਇਲਾਵਾ, ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਨਵੇਂ ਈਐੱਸਆਈਸੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਸਪਤਾਲਾਂ ਦੀ ਵਧਦੀ ਸੰਖਿਆ ਮੈਡੀਕਲ ਸੀਟਾਂ ਵਿੱਚ ਅਨੁਪਾਤੀ ਵਾਧੇ ਨੂੰ ਦਰਸਾਉਂਦੀ ਹੈ। 

  

 ਉਨ੍ਹਾਂ ਨੇ  ਪੁਸ਼ਟੀ ਕੀਤੀ ਕਿ ਕਿਸੇ ਵੀ ਗਰੀਬ ਬੱਚੇ ਦਾ ਡਾਕਟਰ ਬਣਨ ਦਾ ਸੁਪਨਾ ਨਹੀਂ ਟੁੱਟੇਗਾ ਅਤੇ ਕਿਸੇ ਵੀ ਮੱਧ ਵਰਗ ਦੇ ਵਿਦਿਆਰਥੀ ਨੂੰ ਭਾਰਤ ਵਿੱਚ ਵਿਕਲਪਾਂ ਦੀ ਘਾਟ ਕਾਰਨ ਵਿਦੇਸ਼ ਵਿੱਚ ਪੜ੍ਹਨ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਲਗਭਗ 1 ਲੱਖ ਨਵੀਆਂ ਐੱਮਬੀਬੀਐੱਸ ਅਤੇ ਐੱਮਡੀ ਸੀਟਾਂ ਜੋੜੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਅਗਲੇ ਪੰਜ ਵਰ੍ਹਿਆਂ ਵਿੱਚ 75,000 ਹੋਰ ਸੀਟਾਂ ਦਾ ਐਲਾਨ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। 

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ 7.5 ਲੱਖ ਰਜਿਸਟਰਡ ਆਯੁਸ਼ ਪ੍ਰੈਕਟੀਸ਼ਨਰਜ਼ ਹੈਲਥ ਸਰਵਿਸਿਜ਼ ਦੇ ਰਹੇ ਹਨ। ਉਨ੍ਹਾਂ ਨੇ ਇਸ ਸੰਖਿਆ ਨੂੰ ਹੋਰ ਵਧਾਉਣ ‘ਤੇ ਜ਼ੋਰ ਦਿੱਤਾ ਅਤੇ ਭਾਰਤ ਵਿੱਚ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਦੀ ਵਧਦੀ ਮੰਗ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਨਿਵਾਰਕ ਕਾਰਡੀਓਲੌਜੀ, ਆਯੁਰਵੈਦਿਕ ਔਰਥੋਪੈਡਿਕਸ ਅਤੇ ਆਯੁਰਵੇਦਿਕ ਪੁਨਰਵਾਸ ਕੇਂਦਰ ਜਿਹੇ ਖੇਤਰਾਂ ਦੇ ਵਿਸਤਾਰ ਦੇ ਲਈ ਨੌਜਵਾਨਾਂ ਅਤੇ ਆਯੁਸ਼ ਪ੍ਰੈਕਟੀਸ਼ਨਰਜ਼ ਲਈ ਉਚਿਤ ਅਵਸਰ ਪੈਦਾ ਕੀਤੇ ਜਾ ਰਹੇ ਹਨ। ਇਨ੍ਹਾਂ ਅਵਸਰਾਂ ਦੇ ਮਾਧਿਅਮ ਨਾਲ ਸਾਡੇ ਯੁਵਾ ਨਾ ਕੇਵਲ ਖੁਦ ਨੂੰ ਅੱਗੇ ਵਧਾਉਣਗੇ ਬਲਕਿ ਮਾਨਵਤਾ ਦੀ ਵੀ ਮਹਾਨ ਸੇਵਾ ਕਰਨਗੇ।”

ਪ੍ਰਧਾਨ ਮੰਤਰੀ ਮੋਦੀ ਨੇ 21ਵੀਂ ਸਦੀ ਦੇ ਦੌਰਾਨ ਮੈਡੀਕਲ ਸੈਕਟਰ ਵਿੱਚ ਤੇਜ਼ੀ ਨਾਲ ਪ੍ਰਗਤੀ ਦਾ ਜ਼ਿਕਰ ਕੀਤਾ, ਜਿਸ ਵਿੱਚ ਪਹਿਲਾਂ ਤੋਂ ਅਸਾਧਾਰਣ ਬਿਮਾਰੀਆਂ ਦੇ ਇਲਾਜ ਵਿੱਚ ਵੀ ਤਰੱਕੀ ਹੋਈ। ਉਨ੍ਹਾਂ ਨੇ ਕਿਹਾ ਕਿ ‘ਜਿੱਥੇ ਦੁਨੀਆ ਇਲਾਜ ਦੇ ਨਾਲ-ਨਾਲ ਵੈਲਨੈੱਸ ਨੂੰ ਵੀ ਅਹਿਮੀਅਤ ਦਿੰਦੀ ਹੈ, ਉਹੀ ਭਾਰਤ ਦੇ ਕੋਲ ਇਸ ਖੇਤਰ ਵਿੱਚ ਹਜ਼ਾਰਾਂ ਵਰ੍ਹਿਆਂ ਦਾ ਗਿਆਨ ਹੈ।’ ਪ੍ਰਧਾਨ ਮੰਤਰੀ ਨੇ ਪ੍ਰਕਿਰਤੀ ਪਰੀਕਸ਼ਨ ਅਭਿਯਾਨ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਆਯੁਰਵੇਦ ਦੇ ਸਿਧਾਂਤਾਂ ਦੀ ਵਰਤੋਂ ਕਰਕੇ ਵਿਅਕਤੀਆਂ ਲਈ ਆਦਰਸ਼ ਜੀਵਨਸ਼ੈਲੀ ਅਤੇ ਜੋਖਮ ਦਾ ਵਿਸ਼ਲੇਸ਼ਣ ਤਿਆਰ ਕਰਨਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲ ਵਿਸ਼ਵ ਪੱਧਰ ‘ਤੇ ਹੈਲਥਕੇਅਰ ਸੈਕਟਰ ਨੂੰ ਮੁੜ ਤੋਂ ਪਰਿਭਾਸ਼ਿਤ ਕਰ ਸਕਦੀ ਹੈ ਅਤੇ ਪੂਰੀ ਦੁਨੀਆ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰ ਸਕਦੀ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਉੱਚ ਪ੍ਰਭਾਵ ਵਾਲੇ ਵਿਗਿਆਨਿਕ ਅਧਿਐਨਾਂ ਦੇ ਮਾਧਿਅਮ ਨਾਲ ਅਸ਼ਵਗੰਧਾ, ਹਲਦੀ ਅਤੇ ਕਾਲੀ ਮਿਰਚ ਵਰਗੀਆਂ ਟ੍ਰੈਡੀਸ਼ਨਲ ਹਰਬਜ਼ ਨੂੰ ਮਾਨਤਾ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ , ‘ਸਾਡੇ ਟ੍ਰੈਡੀਸ਼ਨਲ ਹੈਲਥਕੇਅਰ ਸਿਸਟਮ ਦੀ ਪ੍ਰਯੋਗਸ਼ਾਲਾ ਮਾਨਤਾ ਨਾ ਕੇਵਲ ਇਨ੍ਹਾਂ ਜੜ੍ਹੀਆਂ-ਬੂਟੀਆਂ ਦੀ ਕੀਮਤ ਨੂੰ ਵਧਾਏਗੀ, ਸਗੋਂ ਇੱਕ ਮਹੱਤਵਪੂਰਨ ਬਜ਼ਾਰ ਵੀ ਤਿਆਰ ਕਰੇਗੀ।’ ਉਨ੍ਹਾਂ ਨੇ ਅਸ਼ਵਗੰਧਾ ਦੀ ਵਧਦੀ ਮੰਗ ‘ਤੇ ਗੌਰ ਕੀਤਾ, ਜਿਸ ਦੇ ਇਸ ਦਹਾਕੇ ਦੇ ਅੰਤ ਤੱਕ 2.5 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। 

 

ਇਸ ਗੱਲ ਉੱਪਰ ਜ਼ੋਰ ਦਿੰਦੇ ਹੋਏ ਕਿ ਆਯੁਸ਼ ਦੀ ਸਫਲਤਾ ਨਾ ਕੇਵਲ ਹੈਲਥ ਸੈਕਟਰ ਸਗੋਂ ਅਰਥਵਿਵਸਥਾ ਨੰ ਵੀ ਬਦਲ ਰਹੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ ਉਤਪਾਦ ਖੇਤਰ 2014 ਵਿੱਚ 3 ਬਿਲੀਅਨ ਡਾਲਰ ਤੋਂ ਵਧ ਕੇ ਵਰਤਮਾਨ ਵਿੱਚ ਲਗਭਗ 24 ਬਿਲੀਅਨ ਡਾਲਰ ਹੋ ਗਿਆ ਹੈ, ਜੋ ਕਿ ਸਿਰਫ 10 ਵਰ੍ਹੇ ਵਿੱਚ 8 ਗੁਣਾ ਵਾਧਾ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਭਾਰਤ ਵਿੱਚ 900 ਤੋਂ ਵੱਧ ਆਯੁਸ਼ ਸਟਾਰਟਅੱਪਸ ਕੰਮ ਕਰ ਰਹੇ ਹਨ, ਜੋ ਨੌਜਵਾਨਾਂ ਦੇ ਲਈ ਨਵੇਂ ਅਵਸਰ ਪੈਦਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ 150 ਦੇਸ਼ਾਂ ਵਿੱਚ ਆਯੁਸ਼ ਉਤਪਾਦਾਂ ਦੇ ਆਲਮੀ ਨਿਰਯਾਤ ‘ਤੇ ਚਾਨਣਾ ਪਾਇਆ, ਜਿਸ ਨਾਲ ਸਥਾਨਕ ਜੜੀਆਂ –ਬੂਟੀਆਂ ਅਤੇ ਸੁਪਰਫੂਡਸ ਨੂੰ ਆਲਮੀ ਵਸਤੂਆਂ ਵਿੱਚ ਬਦਲ ਕੇ ਭਾਰਤੀ ਕਿਸਾਨਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਨੇ ਨਮਾਮੀ ਗੰਗੇ ਪ੍ਰੋਜੈਕਟ ਵਰਗੀ ਪਹਿਲ ਵੱਲ ਇਸ਼ਾਰਾ ਕੀਤਾ, ਜੋ ਗੰਗਾ ਨਦੀ ਦੇ ਕਿਨਾਰੇ ਕੁਦਰਤੀ ਖੇਤੀ ਅਤੇ ਜੜੀਆਂ-ਬੂਟੀਆਂ ਦੀ ਖੇਤੀ ਨੂੰ ਪ੍ਰੋਤਸਾਹਨ ਦਿੰਦੀ ਹੈ। 

ਸਿਹਤ ਅਤੇ ਭਲਾਈ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, ‘ਇਹ ਭਾਰਤ ਦੇ ਰਾਸ਼ਟਰੀ ਚਰਿੱਤਰ ਅਤੇ ਸਮਾਜਿਕ ਤਾਨੇ-ਬਾਨੇ ਦੀ ਆਤਮਾ ਹੈ।’ ਉਨ੍ਹਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਦੀਆਂ ਨੀਤੀਆਂ ਨੂੰ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਦਰਸ਼ਨ ਦੇ ਨਾਲ ਜੋੜਿਆ ਹੈ। ਸ਼੍ਰੀ ਮੋਦੀ ਨੇ ਸਿੱਟਾ ਨਿਕਾਲਿਆ,  ‘ਇਹ ਪ੍ਰਯਾਸ ਅਗਲੇ 25 ਵਰ੍ਹਿਆਂ ਵਿੱਚ ਇੱਕ ਵਿਕਸਿਤ ਅਤੇ ਸਵਸਥ ਭਾਰਤ ਦੇ ਲਈ ਇੱਕ ਮਜ਼ਬੂਤ ਨੀਂਹ ਰੱਖਣਗੇ।’

ਇਸ ਅਵਸਰ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜੇ.ਪੀ. ਨੱਡਾ, ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ  ਡਾ. ਮਨਸੁਖ ਮਾਂਡਵੀਆ ਸਹਿਤ ਹੋਰ ਪਤਵੰਤੇ ਵੀ ਮੌਜੂਦ ਸਨ। 

ਪਿਛੋਕੜ

ਪ੍ਰਮੁੱਖ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (PM-JAY) ਵਿੱਚ ਇੱਕ ਵੱਡਾ ਯੋਗਦਾਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ 70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਹੈਲਥ ਕਵਰ ਪ੍ਰਦਾਨ ਕਰਨਾ ਸ਼ੁਰੂ ਕੀਤਾ ਹੈ। ਇਸ ਨਾਲ ਸਾਰੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੀ ਆਮਦਨ ਦੀ ਪਰਵਾਹ ਕੀਤੇ ਬਗੈਰ ਹੈਲਥ ਕਵਰ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਦਾ ਇਹ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਦੇਸ਼ ਭਰ ਵਿੱਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣ। ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਪੈਮਾਣੇ ‘ਤੇ ਹੁਲਾਰਾ ਦੇਣ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਨੇ ਕਈ ਹੈਲਥ ਕੇਅਰ ਇੰਸਟੀਟਿਊਸ਼ਨਜ਼ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ ਦੇ ਦੂਜੇ ਫੇਜ ਦਾ ਉਦਘਾਟਨ ਕੀਤਾ। ਇਸ ਵਿੱਚ ਇੱਕ ਪੰਚਕਰਮ ਹਸਪਤਾਲ, ਦਵਾ ਨਿਰਮਾਣ ਲਈ ਇੱਕ ਆਯੁਰਵੈਦਿਕ ਫਾਰਮੈਸੀ, ਇੱਕ ਸਪੋਰਟਸ ਮੈਡੀਕਲ ਯੂਨਿਟ, ਇੱਕ ਸੈਂਟਰਲ ਲਾਇਬ੍ਰੇਰੀ, ਇੱਕ ਆਈਟੀ ਅਤੇ ਸਟਾਰਟਅੱਪ ਇਨਕਿਊਬੇਸ਼ਨ ਸੈਂਚਰ ਅਤੇ ਇੱਕ 500 ਸੀਟਾਂ ਵਾਲਾ ਆਡੀਟੋਰੀਅਮ ਸ਼ਾਮਲ ਹਨ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿੱਚ ਮੰਦਸੌਰ, ਨੀਮਚ ਅਤੇ ਸਿਵਨੀ ਵਿੱਚ ਤਿੰਨ ਮੈਡੀਕਲ ਕਾਲਜਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ, ਪੱਛਮੀ ਬੰਗਾਲ ਦੇ ਕਲਿਆਣੀ, ਬਿਹਾਰ ਦੇ ਪਟਨਾ, ਉੱਤਰ ਪ੍ਰਦੇਸ਼ ਦੇ ਗੋਰਖਪੁਰ, ਮੱਧ ਪ੍ਰਦੇਸ਼ ਦੇ ਭੋਪਾਲ, ਅਸਾਮ ਦੇ ਗੁਵਾਹਾਟੀ ਅਤੇ ਨਵੀਂ ਦਿੱਲੀ ਵਿੱਚ ਏਮਜ਼ ਵਿੱਚ ਵੱਖ-ਵੱਖ ਸੁਵਿਧਾਵਾਂ ਅਤੇ ਸੇਵਾ ਦਾ ਵਿਸਤਾਰ ਅਤੇ ਉਦਘਾਟਨ ਕੀਤਾ, ਜਿਸ ਵਿੱਚ ਇੱਕ ਜਨ ਔਸ਼ਧੀ ਕੇਂਦਰ ਵੀ ਸ਼ਾਮਲ ਹੋਵੇਗਾ। ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਵਿੱਚ ਇੱਕ ਸੁਪਰ ਸਪੈਸ਼ਿਲਿਟੀ ਬਲੌਕ ਅਤੇ ਓਡੀਸ਼ਾ ਦੇ ਬਾਰਗੜ੍ਹ ਵਿੱਚ ਇੱਕ ਕ੍ਰਿਟੀਕਲ ਕੇਅਰ ਬਲੌਕ ਦਾ ਵੀ ਉਦਘਾਟਨ ਕੀਤਾ। 

 

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਰਤਲਾਮ, ਖੰਡਵਾ, ਰਾਜਗੜ੍ਹ ਅਤੇ ਮੰਦਸੌਰ ਵਿੱਚ ਪੰਜ ਨਰਸਿੰਗ ਕਾਲਜਾਂ, ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (PM-ABHIM) ਦੇ ਤਹਿਤ ਹਿਮਾਚਲ ਪ੍ਰਦੇਸ਼, ਕਰਨਾਟਕ, ਮਣੀਪੁਰ, ਤਮਿਲਨਾਡੂ ਅਤੇ ਰਾਜਸਥਾਨ ਵਿੱਚ 21 ਕ੍ਰਿਟੀਕਲ ਕੇਅਰ ਬਲਾਕਾਂ ਦਾ ਉਦਘਾਟਨ ਕੀਤਾ ਅਤੇ ਨਵੇਂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਏਮਜ਼ ਵਿੱਚ ਕਈ ਸਹੂਲਤਾਵਾਂ ਅਤੇ ਸੇਵਾ ਵਿਸਤਾਰਾਂ ਦਾ ਨੀਂਹ ਪੱਥਰ ਵੀ ਰੱਖਿਆ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਈਐੱਸਆਈਸੀ ਹਸਪਤਾਲ ਦਾ ਵੀ ਉਦਘਾਟਨ ਕੀਤਾ ਅਤੇ ਹਰਿਆਣਾ ਦੇ ਫਰੀਦਾਬਾਦ, ਕਰਨਾਟਕ ਦੇ ਬੋੱਮਾਸੰਦਰਾ ਅਤੇ ਨਰਸਾਪੁਰ, ਮੱਧ ਪ੍ਰਦੇਸ਼ ਦੇ ਇੰਦੌਰ, ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਆਂਧਰਾ ਪ੍ਰਦੇਸ਼ ਦੇ ਅਚੁਤਾਪੁਰਮ ਵਿੱਚ ਈਐੱਸਆਈਸੀ ਹਸਪਤਾਲਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਯੋਜਨਾਵਾਂ ਤੋਂ ਲਗਭਗ 55 ਲੱਖ ਈਐੱਸਆਈ ਲਾਭਪਾਤਰੀਆਂ ਨੂੰ ਸਿਹਤ ਸਬੰਧੀ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਵੱਖ-ਵੱਖ ਖੇਤਰਾਂ ਵਿੱਚ ਸੇਵਾ ਵੰਡ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਵਧਾਉਣ ਦੇ ਪ੍ਰਬਲ ਸਮਰਥਕ ਰਹੇ ਹਨ। ਸਿਹਤ ਸੰਭਾਲ ਨੂੰ ਹੋਰ ਵਧ ਪਹੁੰਚਯੋਗ ਬਣਾਉਣ ਅਤੇ ਸੇਵਾ ਪ੍ਰਦਾਨ ਕਰਨ ਨੂੰ ਵਧਾਉਣ ਲਈ ਡਰੋਨ ਟੈਕਨੋਲੋਜੀ ਦੀ ਨਵੀਨਤਾਕਾਰੀ ਵਰਤੋਂ ਵਿੱਚ, ਪ੍ਰਧਾਨ ਮੰਤਰੀ ਨੇ 11 ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਡਰੋਨ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਹ ਹਨ ਉੱਤਰਾਖੰਡ ਵਿੱਚ ਏਮਜ਼ ਰਿਸ਼ੀਕੇਸ਼, ਤੇਲੰਗਾਨਾ ਵਿੱਚ ਏਮਜ਼ ਬੀਬੀਨਗਰ, ਅਸਾਮ ਵਿੱਚ ਏਮਜ਼ ਗੁਹਾਟੀ, ਮੱਧ ਪ੍ਰਦੇਸ਼ ਵਿੱਚ ਏਮਜ਼ ਭੋਪਾਲ, ਰਾਜਸਥਾਨ ਵਿੱਚ ਏਮਜ਼ ਜੋਧਪੁਰ, ਬਿਹਾਰ ਵਿੱਚ ਏਮਜ਼ ਪਟਨਾ, ਹਿਮਾਚਲ ਪ੍ਰਦੇਸ਼ ਵਿੱਚ ਏਮਜ਼ ਬਿਲਾਸਪੁਰ,ਉੱਤਰ ਪ੍ਰਦੇਸ਼ ਵਿੱਚ ਏਮਜ਼ ਰਾਏਬਰੇਲੀ, ਛੱਤੀਸਗੜ੍ਹ ਵਿੱਚ ਏਮਜ਼ ਰਾਏਪੁਰ, ਆਂਧਰਾ ਪ੍ਰਦੇਸ਼ ਵਿੱਚ ਏਮਜ਼ ਮੰਗਲਗਿਰੀ ਅਤੇ ਮਣੀਪੁਰ ਵਿੱਚ ਰਿਮਸ ਇੰਫਾਲ। ਉਨ੍ਹਾਂ ਨੇ ਤੁਰੰਤ ਚਿਕਿਤਸਾ ਦੇਖਭਾਲ ਪ੍ਰਦਾਨ ਕਰਨ ਵਿੱਚ ਮਦਦ ਲਈ ਰਿਸ਼ੀਕੇਸ਼ ਦੇ ਏਮਜ਼ ਹਸਪਤਾਲ ਤੋਂ ਹੈਲੀਕੌਪਟਰ ਦੁਆਰਾ ਐਮਰਜੈਂਸੀ ਮੈਡੀਕਲ ਸਰਵਿਸ ਵੀ ਸ਼ੁਰੂ ਕੀਤੀ।

ਪ੍ਰਧਾਨ ਮੰਤਰੀ ਨੇ ਯੂ-ਵਿਨ ਪੋਰਟਲ ਲਾਂਚ ਕੀਤਾ। ਇਹ ਟੀਕਾਕਰਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਕਰਕੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਲਾਭ ਪਹੁੰਚਾਏਗਾ। ਇਹ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ (ਜਨਮ ਤੋਂ 16 ਸਾਲ ਤੱਕ) ਨੂੰ 12 ਵੈਕਸੀਨ-ਰੋਕਥਾਮ ਯੋਗ ਬਿਮਾਰੀਆਂ ਦੇ ਵਿਰੁੱਧ ਜੀਵਨ-ਰੱਖਿਅਕ ਟੀਕਿਆਂ ਦੀ ਸਮੇਂ ਸਿਰ ਡਿਲੀਵਰੀ ਨੂੰ ਸੁਨਿਸ਼ਚਿਤ ਕਰੇਗਾ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਸਹਾਇਕ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸੰਸਥਾਵਾਂ ਲਈ ਇੱਕ ਪੋਰਟਲ ਵੀ ਲਾਂਚ ਕੀਤਾ। ਇਹ ਮੌਜੂਦਾ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸੰਸਥਾਵਾਂ ਦੇ ਕੇਂਦਰੀਕ੍ਰਿਤ ਡੇਟਾਬੇਸ ਵਜੋਂ ਕੰਮ ਕਰੇਗਾ।

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਸਿਹਤ  ਦੇਖਭਾਲ ਈਕੋਸਿਸਟਮ ਵਿੱਚ ਸੁਧਾਰ ਲਈ ਖੋਜ ਅਤੇ ਵਿਕਾਸ ਅਤੇ ਟੈਸਟਿੰਗ ਇਨਫ੍ਰਾਸਟ੍ਰਕਚਰ ਨੂੰ ਮਜਬੂਤ ਕਰਨ ਲਈ ਕਈ ਪਹਿਲਾਂ ਸ਼ੁਰੂ ਕੀਤੀਆਂ। ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਭੁਵਨੇਸ਼ਵਰ ਦੇ ਗੋਥਾਪਟਨਾ ਵਿੱਚ ਸੈਂਟਰਲ ਡ੍ਰੱਗਜ ਟੈਸਟਿੰਗ ਲੈਬੋਰਟਰੀ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਉੜੀਸਾ ਦੇ ਖੋਰਧਾ ਅਤੇ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਯੋਗ ਅਤੇ ਨੈਚਰੋਪੈਥੀ ਦੇ ਦੋ ਕੇਂਦਰੀ ਖੋਜ ਸੰਸਥਾਨਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਮੈਡੀਕਲ ਉਪਕਰਣਾਂ ਲਈ ਗੁਜਰਾਤ ਦੇ NIPER ਅਹਿਮਦਾਬਾਦ ਵਿਖੇ, ਬਲਕ ਡ੍ਰੱਗਜ਼ ਲਈ ਤੇਲੰਗਾਨਾ ਦੇ NIPER ਹੈਦਰਾਬਾਦ, ਫਾਈਟੋਫਾਰਮਾਸਿਊਟਿਕਲ ਲਈ ਅਸਾਮ ਦੇ NIPER ਗੁਹਾਟੀ ਅਤੇ ਐਂਟੀ-ਬੈਕਟੀਰੀਅਲ ਐਂਟੀ-ਵਾਇਰਲ ਡਰੱਗ ਖੋਜ ਅਤੇ ਵਿਕਾਸ ਲਈ ਪੰਜਾਬ ਦੇ NIPER ਮੋਹਾਲੀ ਵਿਖੇ ਚਾਰ ਉਤਕ੍ਰਿਸ਼ਟਤਾ ਕੇਂਦਰਾਂ ਦਾ ਨੀਂਹ ਪੱਥਰ ਵੀ ਰੱਖਿਆ।

 

ਪ੍ਰਧਾਨ ਮੰਤਰੀ ਨੇ ਚਾਰ ਆਯੁਸ਼ ਉਤਕ੍ਰਿਸ਼ਟਤਾ ਕੇਂਦਰਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿੱਚ ਬੈਂਗਲੁਰੂ ਵਿੱਚ ਸ਼ੂਗਰ ਅਤੇ ਮੈਟਾਬੋਲਿਕ ਵਿਕਾਰਾਂ ਲਈ ਉਤਕ੍ਰਿਸ਼ਟਤਾ ਕੇਂਦਰ, ਆਈਆਈਟੀ ਦਿੱਲੀ ਵਿੱਚ ਨਵੀਨ ਤਕਨੀਕੀ ਸਮਾਧਾਨ, ਸਟਾਰਟਅੱਪ ਸਮਰਥਨ ਅਤੇ ਨੈੱਟ ਜ਼ੀਰੋ ਸਸਟੇਨੇਬਲ ਸੌਲਿਊਸ਼ਨਜ਼ ਲਈ ਟਿਕਾਊ ਆਯੁਸ਼ ਉਤਕ੍ਰਿਸ਼ਟਤਾ ਕੇਂਦਰ; ਕੇਂਦਰੀ ਔਸ਼ਧੀ ਖੋਜ ਸੰਸਧਾਨ, ਲਖਨਊ ਵਿੱਚ ਆਯੁਰਵੇਦ ਵਿੱਚ ਬੁਨਿਆਦੀ ਅਤੇ ਪਰਿਵਰਤਨਕਾਰੀ ਖੋਜ ਲਈ ਉਤਕ੍ਰਿਸ਼ਟਤਾ ਕੇਂਦਰ ਅਤੇ ਜੇਐੱਨਯੂ, ਨਵੀਂ ਦਿੱਲੀ ਵਿੱਚ ਆਯੁਰਵੇਦ ਅਤੇ ਸਿਸਟਮ ਮੈਡੀਸਨ ‘ਤੇ ਉਤਕ੍ਰਿਸ਼ਟਤਾ ਕੇਂਦਰ ਸ਼ਾਮਲ ਹਨ।

ਸਿਹਤ ਸੇਵਾ ਖੇਤਰ ਵਿੱਚ ਮੇਕ ਇਨ ਇੰਡੀਆ ਪਹਿਲ ਨੂੰ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਵਾਪੀ, ਤੇਲੰਗਾਨਾ ਦੇ ਹੈਦਰਾਬਾਦ, ਕਰਨਾਟਕ ਦੇ ਬੈਂਗਲੁਰੂ, ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਚਿਕਿਤਸਾ ਉਪਕਰਣਾਂ ਅਤੇ ਬਲਕ ਡ੍ਰੱਗਸ ਦੇ ਲਈ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਤਹਿਤ ਪੰਜ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹ ਯੂਨਿਟਾਂ ਮਹੱਤਵਪੂਰਨ ਬਲਕ ਡ੍ਰੱਗਸ ਦੇ ਨਾਲ ਨਾਲ ਬੌਡੀ ਇੰਪਲਾਂਟ ਅਤੇ ਕ੍ਰਿਟੀਕਲ ਕੇਅਰ ਉਪਕਰਣ ਵਰਗੇ ਮਹੱਤਵਪੂਰਨ ਚਿਕਿਤਸਾ ਉਪਕਰਣਾਂ ਦਾ ਨਿਰਮਾਣ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਵਿੱਚ ਸਿਹਤ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇੱਕ ਰਾਸ਼ਟਰ ਵਿਆਪੀ ਮੁਹਿੰਮ, “ਦੇਸ਼ ਕਾ ਪ੍ਰਕ੍ਰਿਤੀ ਪ੍ਰੀਕਸ਼ਨ ਅਭਿਆਨ” (Desh Ka Prakriti Parikshan Abhiyan) ਵੀ ਸ਼ੁਰੂ ਕੀਤਾ ਜਿਸ ਦਾ ਉਦੇਸ਼ ਨਾਗਰਿਕਾਂ ਵਿੱਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ।  ਉਹਨਾਂ ਨੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ 'ਤੇ ਰਾਜ-ਵਿਸ਼ੇਸ਼ ਕਾਰਜ ਯੋਜਨਾਵਾਂ ਵੀ ਲਾਂਚ ਕੀਤੀਆਂ, ਜੋ ਕਿ ਜਲਵਾਯੂ ਤਬਦੀਲੀ ਦੇ ਅਨੁਕੂਲ ਸਿਹਤ ਸੇਵਾਵਾਂ ਨੂੰ ਵਿਕਾਸ ਲਈ ਰਣਨੀਤੀਆਂ ਤਿਆਰ ਕਰਨਗੀਆਂ।

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi