ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ 8,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ, ਸੜਕ, ਬਿਜਲੀ, ਹਾਊਸਿੰਗ ਅਤੇ ਵਿੱਤ ਖੇਤਰਾਂ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਮੋਦੀ ਨੇ ਅਹਿਮਦਾਬਾਦ ਅਤੇ ਭੁਜ ਵਿਚਕਾਰ ਭਾਰਤ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਾਗਪੁਰ ਤੋਂ ਸਿਕੰਦਰਾਬਾਦ, ਕੋਲ੍ਹਾਪੁਰ ਤੋਂ ਪੁਣੇ, ਆਗਰਾ ਕੈਂਟ ਤੋਂ ਬਨਾਰਸ, ਦੁਰਗ ਤੋਂ ਵਿਸ਼ਾਖਾਪਟਨਮ, ਪੁਣੇ ਤੋਂ ਹੁਬਲੀ ਅਤੇ ਵਾਰਾਣਸੀ ਤੋਂ ਦਿੱਲੀ ਤੱਕ ਦੀ ਪਹਿਲੀ 20 ਡੱਬਿਆਂ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਦੀ ਸਿੰਗਲ ਵਿੰਡੋ ਆਈਟੀ ਸਿਸਟਮ (ਐੱਸਡਬਲਿਊਆਈਟੀਐੱਸ) ਦੀ ਸ਼ੁਰੂਆਤ ਕੀਤੀ।
ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਗਣਪਤੀ ਮਹੋਤਸਵ ਅਤੇ ਮਿਲਾਦ-ਉਨ-ਨਬੀ ਦੇ ਸ਼ੁਭ ਮੌਕਿਆਂ ਅਤੇ ਦੇਸ਼ ਭਰ ਵਿੱਚ ਮਨਾਏ ਜਾ ਰਹੇ ਵੱਖ-ਵੱਖ ਤਿਉਹਾਰਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਤਿਉਹਾਰਾਂ ਦੇ ਇਸ ਸਮੇਂ ਦੌਰਾਨ, ਰੇਲ, ਸੜਕ ਅਤੇ ਮੈਟਰੋ ਦੇ ਖੇਤਰਾਂ ਵਿੱਚ ਲਗਭਗ 8,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰਾਂ ਦੇ ਨਾਲ ਭਾਰਤ ਦੇ ਵਿਕਾਸ ਦਾ ਤਿਉਹਾਰ ਵੀ ਚੱਲ ਰਿਹਾ ਹੈ। ਨਮੋ ਭਾਰਤ ਰੈਪਿਡ ਰੇਲ ਦੇ ਉਦਘਾਟਨ ਨੂੰ ਗੁਜਰਾਤ ਦੇ ਸਨਮਾਨ ਵਿੱਚ ਇੱਕ ਨਵਾਂ ਸਿਤਾਰਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੇ ਸ਼ਹਿਰੀ ਸੰਪਰਕ ਵਿੱਚ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਸ਼੍ਰੀ ਮੋਦੀ ਨੇ ਨੋਟ ਕੀਤਾ ਕਿ ਅੱਜ ਹਜ਼ਾਰਾਂ ਪਰਿਵਾਰ ਆਪਣੇ ਨਵੇਂ ਘਰਾਂ ਵਿੱਚ ਦਾਖਲ ਹੋ ਰਹੇ ਹਨ ਜਦਕਿ ਹਜ਼ਾਰਾਂ ਹੋਰ ਪਰਿਵਾਰਾਂ ਲਈ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਵਿਸ਼ਵਾਸ਼ ਨਾਲ ਕਿਹਾ ਕਿ ਇਹ ਪਰਿਵਾਰ ਆਉਣ ਵਾਲੇ ਤਿਉਹਾਰ ਨਵਰਾਤਰੀ, ਦੁਸਹਿਰਾ, ਦੁਰਗਾ ਪੂਜਾ, ਧਨਤੇਰਸ, ਦੀਵਾਲੀ ਆਪਣੇ ਨਵੇਂ ਘਰਾਂ ਵਿੱਚ ਇਸੇ ਧੂਮ-ਧਾਮ ਨਾਲ ਬਿਤਾਉਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਤੁਹਾਡੇ ਸ਼ੁਭ ਗ੍ਰਹਿ ਪ੍ਰਵੇਸ਼ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਨੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਲਈ ਗੁਜਰਾਤ ਅਤੇ ਭਾਰਤ ਦੇ ਲੋਕਾਂ ਨੂੰ ਵਧਾਈ ਦਿੱਤੀ, ਖਾਸ ਤੌਰ 'ਤੇ ਮਹਿਲਾਵਾਂ ਜੋ ਹੁਣ ਘਰ ਦੀ ਮਾਲਕ ਬਣ ਚੁੱਕੀਆਂ ਹਨ।
ਦੁੱਖ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਤਿਉਹਾਰਾਂ ਦੌਰਾਨ, ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਹੜ੍ਹ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਗੁਜਰਾਤ ਦੇ ਕੋਨੇ-ਕੋਨੇ ਵਿੱਚ ਥੋੜ੍ਹੇ ਸਮੇਂ ਵਿੱਚ ਇੰਨੀ ਲਗਾਤਾਰ ਬਾਰਿਸ਼ ਹੋਈ ਹੈ। ਉਨ੍ਹਾਂ ਨੇ ਹੜ੍ਹਾਂ ਕਾਰਨ ਜਾਨ ਗੁਆਉਣ ਵਾਲੇ ਨਾਗਰਿਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਪ੍ਰਭਾਵਿਤਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ ਹਨ। ਉਨ੍ਹਾਂ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਮੇਰੀ ਗੁਜਰਾਤ ਦੀ ਪਹਿਲੀ ਫੇਰੀ ਹੈ।" ਉਨ੍ਹਾਂ ਨੇ ਕਿਹਾ ਕਿ ਗੁਜਰਾਤ ਉਨ੍ਹਾਂ ਦਾ ਜਨਮ ਸਥਾਨ ਹੈ ਜਿੱਥੇ ਉਨ੍ਹਾਂ ਨੇ ਜੀਵਨ ਦੇ ਸਾਰੇ ਸਬਕ ਸਿੱਖੇ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਉਨ੍ਹਾਂ 'ਤੇ ਆਪਣੇ ਪਿਆਰ ਦੀ ਵਰਖਾ ਕੀਤੀ ਹੈ ਅਤੇ ਇਹ ਭਾਵਨਾ ਇੱਕ ਪੁੱਤਰ ਵਰਗੀ ਹੈ ਜੋ ਘਰ ਪਰਤ ਕੇ ਨਵੀਂ ਊਰਜਾ ਅਤੇ ਉਤਸ਼ਾਹ ਨਾਲ ਮੁੜ ਸੁਰਜੀਤ ਹੋ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਲੋਕ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਇੰਨੀ ਵੱਡੀ ਗਿਣਤੀ ਵਿੱਚ ਸਾਹਮਣੇ ਆਏ ਹਨ।
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਦੀ ਇੱਛਾ ਜ਼ਾਹਰ ਕੀਤੀ, ਜਿਨ੍ਹਾਂ ਨੇ ਚਾਹਿਆ ਕਿ ਉਹ ਤੀਜੀ ਵਾਰ ਸਹੁੰ ਚੁੱਕਣ ਤੋਂ ਬਾਅਦ ਜਲਦੀ ਤੋਂ ਜਲਦੀ ਰਾਜ ਦਾ ਦੌਰਾ ਕਰਨ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਕੁਦਰਤੀ ਹੈ, ਜਿਵੇਂ ਕਿ ਭਾਰਤ ਦੇ ਲੋਕਾਂ ਨੇ ਸੱਠ ਸਾਲਾਂ ਬਾਅਦ ਇੱਕ ਹੀ ਸਰਕਾਰ ਨੂੰ ਰਿਕਾਰਡ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦੇ ਕੇ ਇਤਿਹਾਸ ਰਚਿਆ ਹੈ”, ਉਨ੍ਹਾਂ ਨੇ ਨੋਟ ਕੀਤਾ ਕਿ ਇਹ ਭਾਰਤ ਦੇ ਲੋਕਤੰਤਰ ਦੀ ਇੱਕ ਮਹੱਤਵਪੂਰਨ ਘਟਨਾ ਹੈ। ਉਨ੍ਹਾਂ ਨੇ ਕਿਹਾ, "ਇਹ ਗੁਜਰਾਤ ਦੇ ਉਹੀ ਲੋਕ ਹਨ ਜਿਨ੍ਹਾਂ ਨੇ ਮੈਨੂੰ ਰਾਸ਼ਟਰ ਪ੍ਰਥਮ ਦੇ ਸੰਕਲਪ ਦਾ ਵਾਅਦਾ ਕਰਕੇ ਦਿੱਲੀ ਭੇਜਿਆ ਸੀ।" ਸਰਕਾਰ ਦੇ ਪਹਿਲੇ ਸੌ ਦਿਨਾਂ ਵਿੱਚ ਅਹਿਮ ਫ਼ੈਸਲੇ ਲੈਣ ਬਾਰੇ ਲੋਕ ਸਭਾ ਚੋਣਾਂ ਦੌਰਾਨ ਭਾਰਤ ਦੇ ਲੋਕਾਂ ਨੂੰ ਦਿੱਤੀ ਗਈ ਗਰੰਟੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਚਾਹੇ ਉਹ ਭਾਰਤ ਹੋਵੇ ਜਾਂ ਵਿਦੇਸ਼। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ 100 ਦਿਨ ਲੋਕ ਭਲਾਈ ਅਤੇ ਰਾਸ਼ਟਰੀ ਹਿੱਤਾਂ ਲਈ ਨੀਤੀਆਂ ਬਣਾਉਣ ਅਤੇ ਫ਼ੈਸਲੇ ਲੈਣ ਲਈ ਸਮਰਪਿਤ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 100 ਦਿਨਾਂ ਵਿੱਚ 15 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਇਹ ਦੱਸਦਿਆਂ ਕਿ ਚੋਣਾਂ ਦੌਰਾਨ ਦੇਸ਼ ਨਾਲ 3 ਕਰੋੜ ਨਵੇਂ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਸ ਦਿਸ਼ਾ ਵਿੱਚ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਸਮਾਗਮ ਵਿੱਚ ਮੌਜੂਦ ਗੁਜਰਾਤ ਦੇ ਹਜ਼ਾਰਾਂ ਪਰਿਵਾਰਾਂ ਨੂੰ ਉਨ੍ਹਾਂ ਦੇ ਪੱਕੇ ਮਕਾਨ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਵਿੱਚ ਵੀ ਹਜ਼ਾਰਾਂ ਪਰਿਵਾਰ ਨਵੇਂ ਪੱਕੇ ਮਕਾਨਾਂ ਦੇ ਲਾਭਪਾਤਰੀ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਵਿੱਚ ਹੋਵੇ ਜਾਂ ਸ਼ਹਿਰ ਵਿੱਚ, ਸਾਰਿਆਂ ਨੂੰ ਬਿਹਤਰ ਵਾਤਾਵਰਣ ਪ੍ਰਦਾਨ ਕਰਨ ਵਿੱਚ ਲਗਾਤਾਰ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ, ਚਾਹੇ ਉਹ ਸ਼ਹਿਰੀ ਮੱਧ ਵਰਗ ਦੇ ਘਰਾਂ ਲਈ ਵਿੱਤੀ ਮਦਦ ਲਈ ਹੋਵੇ, ਮਜ਼ਦੂਰਾਂ ਨੂੰ ਵਾਜਬ ਕਿਰਾਏ 'ਤੇ ਚੰਗੇ ਮਕਾਨ ਮੁਹੱਈਆ ਕਰਵਾਉਣ ਦੀ ਮੁਹਿੰਮ ਹੋਵੇ ਜਾਂ ਫਿਰ ਕਾਰਖਾਨਿਆਂ ਵਿੱਚ ਕੰਮ ਕਰਨ ਵਾਲਿਆਂ ਲਈ ਵਿਸ਼ੇਸ਼ ਰਿਹਾਇਸ਼ ਬਣਾਉਣਾ ਹੋਵੇ ਜਾਂ ਕੰਮਕਾਜੀ ਮਹਿਲਾਵਾਂ ਲਈ ਦੇਸ਼ ਵਿੱਚ ਨਵੇਂ ਹੋਸਟਲ ਬਣਾਉਣਾ ਹੋਵੇ।
ਕੁਝ ਦਿਨ ਪਹਿਲਾਂ ਗਰੀਬਾਂ ਅਤੇ ਮੱਧ ਵਰਗ ਦੀ ਸਿਹਤ ਨੂੰ ਲੈ ਕੇ ਲਏ ਗਏ ਵੱਡੇ ਫ਼ੈਸਲੇ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ 70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦੇ ਆਪਣੇ ਵਾਅਦੇ ਨੂੰ ਯਾਦ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮੱਧ ਵਰਗ ਦੇ ਧੀਆਂ-ਪੁੱਤਾਂ ਨੂੰ ਆਪਣੇ ਮਾਪਿਆਂ ਦੇ ਇਲਾਜ ਦੀ ਚਿੰਤਾ ਨਹੀਂ ਕਰਨੀ ਪਵੇਗੀ।
ਪਿਛਲੇ 100 ਦਿਨਾਂ ਵਿੱਚ ਨੌਜਵਾਨਾਂ ਦੇ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਵਿਕਾਸ ਲਈ ਲਏ ਗਏ ਮਹੱਤਵਪੂਰਨ ਫੈਸਲਿਆਂ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ 2 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਪ੍ਰਧਾਨ ਮੰਤਰੀ ਪੈਕੇਜ ਦੀ ਘੋਸ਼ਣਾ ਦਾ ਜ਼ਿਕਰ ਕੀਤਾ ਜਿਸ ਨਾਲ 4 ਤੋਂ ਵੱਧ ਕਰੋੜ ਨੌਜਵਾਨ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੰਪਨੀਆਂ ਨੌਜਵਾਨਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ ਤਾਂ ਸਰਕਾਰ ਪਹਿਲੀ ਨੌਕਰੀ ਲਈ ਪਹਿਲੀ ਤਨਖਾਹ ਵੀ ਦੇਵੇਗੀ। ਉਨ੍ਹਾਂ ਨੇ ਮੁਦਰਾ ਲੋਨ ਦੀ ਸੀਮਾ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਵੀ ਜ਼ਿਕਰ ਕੀਤਾ।
ਮਹਿਲਾ ਸਸ਼ਕਤੀਕਰਣ ਦੀਆਂ ਪਹਿਲਕਦਮੀਆਂ 'ਤੇ ਪ੍ਰਤੀਬਿੰਬਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 3 ਕਰੋੜ ਲਖਪਤੀ ਦੀਦੀ ਬਣਾਉਣ ਦੀ ਗਰੰਟੀ ਨੂੰ ਯਾਦ ਕੀਤਾ। ਉਨ੍ਹਾਂ ਨੇ ਤਸੱਲੀ ਨਾਲ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਇਨ੍ਹਾਂ ਦੀ ਗਿਣਤੀ 1 ਕਰੋੜ ਤੱਕ ਪਹੁੰਚ ਗਈ ਹੈ ਜਦਕਿ ਸਰਕਾਰ ਦੇ ਪਹਿਲੇ ਸੌ ਦਿਨਾਂ ਵਿੱਚ ਦੇਸ਼ ਵਿੱਚ 11 ਲੱਖ ਨਵੀਆਂ ਲਖਪਤੀ ਦੀਦੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਤੇਲ ਬੀਜ ਕਿਸਾਨਾਂ ਦੇ ਹਿੱਤ ਵਿੱਚ ਸਰਕਾਰ ਵਲੋਂ ਲਏ ਗਏ ਹਾਲ ਹੀ ਦੇ ਫੈਸਲਿਆਂ ਦਾ ਵੀ ਜ਼ਿਕਰ ਕੀਤਾ ਤਾਂ ਜੋ ਉਨ੍ਹਾਂ ਨੂੰ ਵਧੇ ਹੋਏ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਕੀਮਤ ਮਿਲ ਸਕੇ। ਉਨ੍ਹਾਂ ਨੇ ਦੱਸਿਆ ਕਿ ਸੋਇਆਬੀਨ ਅਤੇ ਸੂਰਜਮੁਖੀ ਵਰਗੀਆਂ ਫਸਲਾਂ ਉਗਾਉਣ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਖਾਣ ਵਾਲੇ ਤੇਲ ਦੇ ਉਤਪਾਦਨ ਵਿੱਚ ‘ਆਤਮਨਿਰਭਰ ਬਣਨ ਨੂੰ ਗਤੀ ਦੇਣ ਲਈ ਵਿਦੇਸ਼ੀ ਤੇਲ ਦੇ ਆਯਾਤ‘ਤੇ ਡਿਊਟੀ ਵਧਾਈ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਬਾਸਮਤੀ ਚੌਲ ਅਤੇ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਹਟਾ ਦਿੱਤੀ ਹੈ, ਜਿਸ ਨਾਲ ਵਿਦੇਸ਼ਾਂ 'ਚ ਭਾਰਤੀ ਚੌਲਾਂ ਅਤੇ ਪਿਆਜ਼ ਦੀ ਮੰਗ ਵਧ ਗਈ ਹੈ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 100 ਦਿਨਾਂ ਵਿੱਚ ਰੇਲ, ਸੜਕ,ਪੋਰਟ, ਹਵਾਈ ਅੱਡੇ ਅਤੇ ਮੈਟਰੋ ਨਾਲ ਸਬੰਧਿਤ ਦਰਜਨਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਪ੍ਰੋਗਰਾਮ ਵਿੱਚ ਵੀ ਇਸ ਦੀ ਝਲਕ ਦੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਗੁਜਰਾਤ ਵਿੱਚ ਕਈ ਕਨੈਕਟੀਵਿਟੀ ਨਾਲ ਸਬੰਧਿਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਨੇਅੱਗੇ ਕਿਹਾ ਕਿ ਉਸਨੇ ਇਸ ਸਮਾਗਮ ਤੋਂ ਪਹਿਲਾਂ ਗਿਫਟ ਸਿਟੀ ਸਟੇਸ਼ਨ ਤੱਕ ਮੈਟਰੋ ਰਾਹੀਂ ਯਾਤਰਾ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਬਹੁਤ ਸਾਰੇ ਲੋਕਾਂ ਨੇ ਮੈਟਰੋ ਦੀ ਸਵਾਰੀ ਦੌਰਾਨ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਹਰ ਕੋਈ ਅਹਿਮਦਾਬਾਦ ਮੈਟਰੋ ਦੇ ਵਿਸਤਾਰ ਤੋਂ ਖੁਸ਼ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਪਿਛਲੇ 100 ਦਿਨਾਂ ਵਿੱਚ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਮੈਟਰੋ ਦੇ ਵਿਸਤਾਰ ਨਾਲ ਸਬੰਧਿਤ ਫ਼ੈਸਲੇ ਲਏ ਗਏ ਹਨ।
ਅੱਜ ਦੇ ਦਿਨ ਨੂੰ ਗੁਜਰਾਤ ਲਈ ਵਿਸ਼ੇਸ਼ ਦਿਨ ਦੇ ਤੌਰ 'ਤੇ ਦੱਸਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਨਮੋ ਭਾਰਤ ਰੈਪਿਡ ਰੇਲ ਨੇ ਅਹਿਮਦਾਬਾਦ ਅਤੇ ਭੁਜ ਦਰਮਿਆਨ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਮੋ ਭਾਰਤ ਰੈਪਿਡ ਰੇਲ ਮੱਧ ਵਰਗ ਦੇ ਪਰਿਵਾਰਾਂ ਲਈ ਬਹੁਤ ਸੁਵਿਧਾਜਨਕ ਹੋਵੇਗੀ ਜੋ ਹਰ ਰੋਜ਼ ਦੇਸ਼ ਦੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦੇ ਹਨ ਅਤੇ ਨੌਕਰੀਆਂ, ਕਾਰੋਬਾਰ ਅਤੇ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਸ਼੍ਰੀ ਮੋਦੀ ਨੇ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਨਮੋ ਭਾਰਤ ਰੈਪਿਡ ਰੇਲ ਦੇਸ਼ ਦੇ ਕਈ ਸ਼ਹਿਰਾਂ ਨੂੰ ਜੋੜ ਕੇ ਬਹੁਤ ਸਾਰੇ ਲੋਕਾਂ ਨੂੰ ਲਾਭ ਪਹੁੰਚਾਏਗੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਇਨ੍ਹਾਂ 100 ਦਿਨਾਂ ਵਿੱਚ ਵੰਦੇ ਭਾਰਤ ਨੈੱਟਵਰਕ ਦਾ ਵਿਸਤਾਰ ਬੇਮਿਸਾਲ ਹੈ।" ਊਨਾ ਨੇ 15 ਤੋਂ ਵੱਧ ਨਵੇਂ ਵੰਦੇ ਭਾਰਤ ਰੇਲ ਮਾਰਗਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਝਾਰਖੰਡ ਅਤੇ ਨਾਗਪੁਰ-ਸਿਕੰਦਰਾਬਾਦ, ਕੋਲ੍ਹਾਪੁਰ-ਪੁਣੇ, ਆਗਰਾ ਕੈਂਟ-ਬਨਾਰਸ, ਦੁਰਗ-ਵਿਸ਼ਾਖਾਪਟਨਮ, ਪੁਣੇ-ਹੁਬਲੀ ਵੰਦੇ ਭਾਰਤ ਤੋਂ ਕਈ ਵੰਦੇ ਭਾਰਤ ਟਰੇਨਾਂ ਨੂੰ ਅੱਜ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦਿੱਲੀ-ਵਾਰਾਣਸੀ ਵੰਦੇ ਭਾਰਤ ਟ੍ਰੇਨ ਬਾਰੇ ਵੀ ਦੱਸਿਆ ਜਿਸ ਵਿੱਚ ਹੁਣ 20 ਕੋਚ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ 125 ਤੋਂ ਵੱਧ ਵੰਦੇ ਭਾਰਤ ਟ੍ਰੇਨਾਂ ਹਰ ਰੋਜ਼ ਹਜ਼ਾਰਾਂ ਲੋਕਾਂ ਲਈ ਬਿਹਤਰ ਯਾਤਰਾ ਦੇ ਯੋਗ ਬਣ ਰਹੀਆਂ ਹਨ।
ਇਹ ਉਜਾਗਰ ਕਰਦੇ ਹੋਏ ਕਿ ਗੁਜਰਾਤ ਦੇ ਲੋਕ ਸਮੇਂ ਦੀ ਕੀਮਤ ਨੂੰ ਸਮਝਦੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਸਮਾਂ ਭਾਰਤ ਦਾ ਸੁਨਹਿਰੀ ਕਾਲ ਜਾਂ ਅੰਮ੍ਰਿਤ ਕਾਲ ਹੈ। ਉਨ੍ਹਾਂ ਨੇ ਲੋਕਾਂ ਨੂੰ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਵਿਕਸਤ ਬਣਾਉਣ ਦਾ ਸੱਦਾ ਦਿੱਤਾ ਅਤੇ ਇਸ ਵਿੱਚ ਗੁਜਰਾਤ ਦੀ ਬਹੁਤ ਵੱਡੀ ਭੂਮਿਕਾ ਹੈ। ਸ਼੍ਰੀ ਮੋਦੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਗੁਜਰਾਤ ਅੱਜ ਨਿਰਮਾਣ ਦਾ ਬਹੁਤ ਵੱਡਾ ਹੱਬ ਬਣ ਰਿਹਾ ਹੈ ਅਤੇ ਭਾਰਤ ਦੇ ਸਭ ਤੋਂ ਵੱਧ ਜੁੜੇ ਹੋਏ ਰਾਜਾਂ ਵਿੱਚੋਂ ਇੱਕ ਹੈ। ਉਮੀਦ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਘੋਸ਼ਣਾ ਕੀਤੀ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ ਭਾਰਤ ਨੂੰ ਆਪਣਾ ਪਹਿਲਾ ਮੇਡ-ਇਨ-ਇੰਡੀਆ ਟ੍ਰਾਂਸਪੋਰਟ ਏਅਰਕ੍ਰਾਫਟ ਸੀ-295 ਦੇਵੇਗਾ। ਉਨ੍ਹਾਂ ਨੇ ਸੈਮੀਕੰਡਕਟਰ ਮਿਸ਼ਨ ਵਿੱਚ ਗੁਜਰਾਤ ਦੀ ਅਗਵਾਈ ਨੂੰ ਬੇਮਿਸਾਲ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਗੁਜਰਾਤ ਵਿੱਚ ਪੈਟਰੋਲੀਅਮ, ਫੋਰੈਂਸਿਕ ਤੋਂ ਲੈ ਕੇ ਵੈੱਲਨੈਸ ਤੱਕ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ ਅਤੇ ਹਰ ਆਧੁਨਿਕ ਵਿਸ਼ੇ ਦਾ ਅਧਿਐਨ ਕਰਨ ਲਈ ਗੁਜਰਾਤ ਵਿੱਚ ਵਧੀਆ ਮੌਕੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦੇਸ਼ੀ ਯੂਨੀਵਰਸਿਟੀਆਂ ਇੱਥੇ ਗੁਜਰਾਤ ਵਿੱਚ ਆਪਣੇ ਕੈਂਪਸ ਖੋਲ੍ਹ ਰਹੀਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਮਾਣ ਜ਼ਾਹਰ ਕੀਤਾ ਕਿ ਗੁਜਰਾਤ ਸੱਭਿਆਚਾਰ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ਵਿੱਚ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਹੁਣ ਵਿਦੇਸ਼ਾਂ ਵਿੱਚ ਫਸਲਾਂ ਅਤੇ ਅਨਾਜ ਦੀ ਬਰਾਮਦ ਕਰ ਰਿਹਾ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਅਤੇ ਇਹ ਸਭ ਗੁਜਰਾਤ ਦੇ ਲੋਕਾਂ ਦੀ ਦ੍ਰਿੜਤਾ ਅਤੇ ਮਿਹਨਤੀ ਸੁਭਾਅ ਕਾਰਨ ਸੰਭਵ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਪੀੜ੍ਹੀ ਗੁਜ਼ਰੀ ਹੈ ਜਿਸ ਨੇ ਸੂਬੇ ਦੇ ਵਿਕਾਸ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਅਤੇ ਸੂਬੇ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਹੋਰ ਵਿਸ਼ਵਾਸ ਪ੍ਰਗਟਾਇਆ ਹੈ। ਭਾਰਤ ਵਿੱਚ ਨਿਰਮਿਤ ਉਤਪਾਦਾਂ ਦੀ ਗੁਣਵੱਤਾ ਬਾਰੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਦੀ ਯਾਦ ਦਿਵਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਮਾਨਸਿਕਤਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਕਿ ਜਿਹੜੇ ਉਤਪਾਦ ਨਿਰਯਾਤ ਨਹੀਂ ਕੀਤੇ ਜਾ ਰਹੇ ਹਨ ਉਹ ਘਟੀਆ ਗੁਣਵੱਤਾ ਦੇ ਹਨ। ਉਨ੍ਹਾਂ ਨੇ ਗੁਜਰਾਤ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਉੱਚ ਗੁਣਵੱਤਾ ਵਾਲੇ ਉਤਪਾਦਾਂ ਦਾ ਇੱਕ ਬੀਕਨ ਬਣਨ ਦੀ ਇੱਛਾ ਜ਼ਾਹਰ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਭਾਰਤ ਨਵੇਂ ਸੰਕਲਪਾਂ ਨਾਲ ਕੰਮ ਕਰ ਰਿਹਾ ਹੈ, ਉਹ ਦੁਨੀਆ 'ਚ ਆਪਣੀ ਪਛਾਣ ਬਣਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਸਾਰੇ ਵੱਡੇ ਪਲੈਟਫਾਰਮਾਂ 'ਤੇ ਭਾਰਤ ਦੀ ਨੁਮਾਇੰਦਗੀ ਕਰਦਿਆਂ ਦੇਖਿਆ ਜਾ ਸਕਦਾ ਹੈ ਕਿ ਭਾਰਤ ਨੂੰ ਏਨਾ ਸਨਮਾਨ ਮਿਲਦਾ ਹੈ, ਦੁਨੀਆ ਵਿੱਚ ਹਰ ਕੋਈ ਭਾਰਤ ਅਤੇ ਭਾਰਤੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹਰ ਕੋਈ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ। ਦੁਨੀਆ ਦੇ ਲੋਕ ਸੰਕਟ ਦੇ ਸਮੇਂ ਹੱਲ ਲਈ ਭਾਰਤ ਵੱਲ ਦੇਖਦੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਇੱਕ ਸਥਿਰ ਸਰਕਾਰ ਬਣਾਉਣ ਦੇ ਨਾਲ ਦੁਨੀਆ ਦੀਆਂ ਉਮੀਦਾਂ ਹੋਰ ਵੀ ਵਧੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਤੇ ਨੌਜਵਾਨ ਇਸ ਭਰੋਸੇ ਦੇ ਸਿੱਧੇ ਲਾਭਪਾਤਰੀ ਹਨ ਕਿਉਂਕਿ ਹੁਨਰਮੰਦ ਨੌਜਵਾਨਾਂ ਦੀ ਮੰਗ ਵਧਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਸ਼ਵਾਸ ਵਿੱਚ ਵਾਧਾ ਨਿਰਯਾਤ ਨੂੰ ਵਧਾਉਂਦਾ ਹੈ ਅਤੇ ਵਿਦੇਸ਼ੀ ਨਿਵੇਸ਼ਕਾਂ ਲਈ ਮੌਕੇ ਪੈਦਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿੱਥੇ ਇੱਕ ਪਾਸੇ ਦੇਸ਼ ਦਾ ਹਰ ਨਾਗਰਿਕ ਆਪਣੇ ਦੇਸ਼ ਦੀ ਤਾਕਤ ਨੂੰ ਅੱਗੇ ਵਧਾਉਣ ਵਿੱਚ ਜੁਟ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਬ੍ਰਾਂਡ ਅੰਬੈਸਡਰ ਬਣਨਾ ਚਾਹੁੰਦਾ ਹੈ, ਉੱਥੇ ਦੇਸ਼ ਵਿੱਚ ਕੁਝ ਲੋਕ ਨਕਾਰਾਤਮਕਤਾ ਵਾਲੇ ਹਨ ਅਤੇ ਇਸ ਦੇ ਬਿਲਕੁਲ ਉਲਟ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕ ਦੇਸ਼ ਦੀ ਏਕਤਾ 'ਤੇ ਹਮਲਾ ਕਰ ਰਹੇ ਹਨ। ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਸਰਦਾਰ ਪਟੇਲ ਨੇ 500 ਤੋਂ ਵੱਧ ਰਿਆਸਤਾਂ ਨੂੰ ਮਿਲਾ ਕੇ ਭਾਰਤ ਨੂੰ ਇਕਜੁੱਟ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸੱਤਾ ਦੇ ਭੁੱਖੇ ਲੋਕ ਭਾਰਤ ਦੇ ਟੁਕੜੇ-ਟੁਕੜੇ ਕਰਨਾ ਚਾਹੁੰਦੇ ਹਨ। ਸ਼੍ਰੀ ਮੋਦੀ ਨੇ ਗੁਜਰਾਤ ਦੇ ਲੋਕਾਂ ਨੂੰ ਅਜਿਹੇ ਫੁੱਟ ਪਾਉਣ ਵਾਲੇ ਤੱਤਾਂ ਤੋਂ ਸਾਵਧਾਨ ਰਹਿਣ ਅਤੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿਕਾਸ ਦੇ ਰਾਹ 'ਤੇ ਹੈ ਅਤੇ ਅਜਿਹੀਆਂ ਨਕਾਰਾਤਮਕ ਸ਼ਕਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੇ ਸਮਰੱਥ ਹੈ। “ਭਾਰਤ ਕੋਲ ਹੁਣ ਗੁਆਉਣ ਲਈ ਸਮਾਂ ਨਹੀਂ ਹੈ। ਅਸੀਂ ਭਾਰਤ ਪ੍ਰਤੀ ਭਾਰਤ ਦੀ ਭਰੋਸੇਯੋਗਤਾ ਨੂੰ ਵਧਾਉਣਾ ਹੈ ਅਤੇ ਹਰ ਭਾਰਤੀ ਨੂੰ ਸਨਮਾਨ ਦਾ ਜੀਵਨ ਪ੍ਰਦਾਨ ਕਰਨਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗੁਜਰਾਤ ਇਸ ਵਿੱਚ ਵੀ ਇੱਕ ਨੇਤਾ ਵਜੋਂ ਉਭਰੇਗਾ। ਸਾਡੇ ਸਾਰਿਆਂ ਦੇ ਯਤਨਾਂ ਨਾਲ ਸਾਡਾ ਹਰ ਸੰਕਲਪ ਪੂਰਾ ਹੋਵੇਗਾ। ਉਨ੍ਹਾਂ ਨੇ ਅੰਤ ਵਿੱਚ ਕਿਹਾ, "ਸਾਡੇ ਸਾਰੇ ਸੰਕਲਪ ਸਬਕਾ ਪ੍ਰਯਾਸ ਨਾਲ ਪੂਰੇ ਹੋਣਗੇ।"
ਇਸ ਮੌਕੇ 'ਤੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਵੀ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਸਮਖਿਆਲੀ-ਗਾਂਧੀਧਾਮ ਅਤੇ ਗਾਂਧੀਧਾਮ-ਆਦੀਪੁਰ ਰੇਲਵੇ ਲਾਈਨਾਂ ਨੂੰ ਚਾਰ ਮਾਰਗੀ ਕਰਨ, ਏਐੱਮਸੀ, ਅਹਿਮਦਾਬਾਦ ਵਿੱਚ ਆਈਕਾਨਿਕ ਸੜਕਾਂ ਦਾ ਵਿਕਾਸ ਅਤੇ ਬਕਰੋਲ, ਹਥੀਜਾਨ, ਰਾਮੋਲ, ਅਤੇ ਪੰਜਰਪੋਲ ਜੰਕਸ਼ਨ 'ਤੇ ਫਲਾਈਓਵਰ ਪੁਲਾਂ ਦਾ ਨਿਰਮਾਣ ਸਮੇਤ ਕਈ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ ਕੱਛ ਲਿਗਨਾਈਟ ਥਰਮਲ ਪਾਵਰ ਸਟੇਸ਼ਨ, ਕੱਛ ਵਿਖੇ 30 ਮੈਗਾਵਾਟ ਸੋਲਰ ਸਿਸਟਮ, 35 ਮੈਗਾਵਾਟ ਬੀਈਐੱਸਐੱਸ ਸੋਲਰ ਪੀਵੀ ਪ੍ਰੋਜੈਕਟ ਅਤੇ ਮੋਰਬੀ ਅਤੇ ਰਾਜਕੋਟ ਵਿਖੇ 220 ਕਿਲੋਵੋਲਟ ਸਬਸਟੇਸ਼ਨਾਂ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਅਥਾਰਿਟੀ ਦੀ ਸਿੰਗਲ ਵਿੰਡੋ ਆਈਟੀ ਸਿਸਟਮ (ਐੱਸਡਬਲਿਊਆਈਟੀਐੱਸ) ਲਾਂਚ ਕੀਤਾ, ਜੋ ਵਿੱਤੀ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਪੀਐੱਮ ਆਵਾਸ ਯੋਜਨਾ- ਗ੍ਰਾਮੀਣ ਦੇ ਤਹਿਤ 30,000 ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਅਤੇ ਇਨ੍ਹਾਂ ਘਰਾਂ ਲਈ ਪਹਿਲੀ ਕਿਸ਼ਤ ਜਾਰੀ ਕੀਤੀ। ਉਨ੍ਹਾਂ ਨੇ ਪੀਐੱਮਏਵਾਈ ਯੋਜਨਾ ਦੇ ਤਹਿਤ ਮਕਾਨਾਂ ਦੀ ਉਸਾਰੀ ਦੀ ਵੀ ਸ਼ੁਰੂਆਤ ਕੀਤੀ ਅਤੇ ਪੀਐੱਮਏਵਾਈ ਦੇ ਸ਼ਹਿਰੀ ਅਤੇ ਗ੍ਰਾਮੀਣ ਦੋਹਾਂ ਹਿੱਸਿਆਂ ਦੇ ਅਧੀਨ ਮੁਕੰਮਲ ਹੋਏ ਮਕਾਨ ਰਾਜ ਦੇ ਲਾਭਪਾਤਰੀਆਂ ਨੂੰ ਸੌਂਪੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅਹਿਮਦਾਬਾਦ ਅਤੇ ਭੁਜ ਦਰਮਿਆਨ ਭਾਰਤ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ, ਅਤੇ ਕਈ ਵੰਦੇ ਭਾਰਤ ਰੇਲਾਂ - ਨਾਗਪੁਰ ਤੋਂ ਸਿਕੰਦਰਾਬਾਦ, ਕੋਲ੍ਹਾਪੁਰ ਤੋਂ ਪੁਣੇ, ਆਗਰਾ ਕੈਂਟ ਤੋਂ ਬਨਾਰਸ, ਦੁਰਗ ਤੋਂ ਵਿਸ਼ਾਖਾਪਟਨਮ, ਪੁਣੇ ਤੋਂ ਹੁਬਲੀ ਅਤੇ ਵਾਰਾਣਸੀ ਤੋਂ ਦਿੱਲੀ ਲਈ ਪਹਿਲੀ 20 ਕੋਚ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿਖਾਈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
गरीब और मिडल क्लास के स्वास्थ्य से जुड़ा बहुत बड़ा फैसला... pic.twitter.com/SKJnu9aeqr
— PMO India (@PMOIndia) September 16, 2024
नमो भारत रैपिड रेल मिडिल क्लास परिवारों को बहुत सुविधा देने वाली है। pic.twitter.com/rUFnko3Tbr
— PMO India (@PMOIndia) September 16, 2024
भारत के लिए ये समय... भारत का golden period है... भारत का अमृतकाल है: PM @narendramodi pic.twitter.com/6oqSPRrMDN
— PMO India (@PMOIndia) September 16, 2024
दुनिया में भारत को कितना मान-सम्मान मिल रहा है: PM @narendramodi pic.twitter.com/OnMXWfuGHW
— PMO India (@PMOIndia) September 16, 2024