


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਭਗਵਾਨ ਸਿੰਘਾਚਲਮ ਵਰਾਹਾ ਲਕਸ਼ਮੀ ਨਰਸਿਮ੍ਹਾ ਸਵਾਮੀ ਨੂੰ ਨਮਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 60 ਸਾਲਾਂ ਦੇ ਅੰਤਰਾਲ ਤੋਂ ਬਾਅਦ, ਲੋਕਾਂ ਦੇ ਆਸ਼ੀਰਵਾਦ ਨਾਲ, ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਇੱਕ ਕੇਂਦਰ ਸਰਕਾਰ ਚੁਣੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਧਿਕਾਰਤ ਤੌਰ 'ਤੇ, ਇਹ ਸਰਕਾਰ ਦੇ ਗਠਨ ਤੋਂ ਬਾਅਦ ਆਂਧਰ ਪ੍ਰਦੇਸ਼ ਵਿੱਚ ਉਨ੍ਹਾਂ ਦਾ ਪਹਿਲਾ ਪ੍ਰੋਗਰਾਮ ਹੈ। ਸ਼੍ਰੀ ਮੋਦੀ ਨੇ ਸਮਾਗਮ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਉਨ੍ਹਾਂ ਦੇ ਸ਼ਾਨਦਾਰ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਭਾਸ਼ਣ ਦੌਰਾਨ ਸ਼੍ਰੀ ਚੰਦਰਬਾਬੂ ਨਾਇਡੂ ਦੇ ਹਰ ਸ਼ਬਦ ਅਤੇ ਭਾਵਨਾ ਦਾ ਸਤਿਕਾਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਅਤੇ ਭਾਰਤ ਦੇ ਲੋਕਾਂ ਦੇ ਸਮਰਥਨ ਨਾਲ ਸ਼੍ਰੀ ਨਾਇਡੂ ਵਲੋਂ ਦੱਸੇ ਗਏ ਸਾਰੇ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ।
ਸ਼੍ਰੀ ਮੋਦੀ ਨੇ ਕਿਹਾ, "ਸਾਡਾ ਆਂਧਰ ਪ੍ਰਦੇਸ਼ ਸੰਭਾਵਨਾਵਾਂ ਅਤੇ ਮੌਕਿਆਂ ਦਾ ਰਾਜ ਹੈ।" ਉਨ੍ਹਾਂ ਟਿੱਪਣੀ ਕੀਤੀ ਕਿ ਜਦੋਂ ਇਹ ਸੰਭਾਵਨਾਵਾਂ ਅਮਲੀ ਰੂਪ ਧਾਰਨ ਕਰ ਜਾਣਗੀਆਂ, ਤਾਂ ਆਂਧਰ ਪ੍ਰਦੇਸ਼ ਦਾ ਵਿਕਾਸ ਹੋਵੇਗਾ, ਅਤੇ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਂਧਰ ਪ੍ਰਦੇਸ਼ ਦਾ ਵਿਕਾਸ ਸਾਡਾ ਦ੍ਰਿਸ਼ਟੀਕੋਣ ਹੈ ਅਤੇ ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਸਾਡੀ ਵਚਨਬੱਧਤਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਂਧਰ ਪ੍ਰਦੇਸ਼ ਨੇ 2047 ਤੱਕ 2.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਜ਼ਨ ਨੂੰ ਸਾਕਾਰ ਕਰਨ ਲਈ, ਸ਼੍ਰੀ ਚੰਦਰਬਾਬੂ ਨਾਇਡੂ ਦੀ ਸਰਕਾਰ ਨੇ 'ਸਵਰਨ ਆਂਧਰ@2047' ਪਹਿਲਕਦਮੀ ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਹਰ ਟੀਚੇ ਨੂੰ ਪ੍ਰਾਪਤ ਕਰਨ ਲਈ ਆਂਧਰ ਪ੍ਰਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਅਤੇ ਕਿਹਾ ਕਿ ਕੇਂਦਰ ਸਰਕਾਰ ਲੱਖਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਵਿੱਚ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, 2 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ ਉਨ੍ਹਾਂ ਨੇ ਆਂਧਰ ਪ੍ਰਦੇਸ਼ ਦੇ ਲੋਕਾਂ ਅਤੇ ਪੂਰੇ ਦੇਸ਼ ਨੂੰ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਲਈ ਵਧਾਈ ਦਿੱਤੀ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਆਂਧਰ ਪ੍ਰਦੇਸ਼, ਆਪਣੀ ਨਵੀਨਤਾਕਾਰੀ ਪ੍ਰਕਿਰਤੀ ਦੇ ਕਾਰਨ, ਆਈਟੀ ਅਤੇ ਟੈਕਨੋਲੋਜੀ ਲਈ ਇੱਕ ਮਹੱਤਵਪੂਰਨ ਹੱਬ ਹੈ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਹੁਣ ਸਮਾਂ ਆ ਗਿਆ ਹੈ ਕਿ ਆਂਧਰ ਪ੍ਰਦੇਸ਼ ਭਵਿੱਖ ਦੀਆਂ ਟੈਕਨੋਲੋਜੀਆਂ ਦਾ ਕੇਂਦਰ ਬਣੇ"। ਉਨ੍ਹਾਂ ਨੇ ਉੱਭਰ ਰਹੀਆਂ ਟੈਕਨੋਲੋਜੀਆਂ, ਜਿਵੇਂ ਕਿ ਗ੍ਰੀਨ ਹਾਈਡ੍ਰੋਜਨ ਵਿੱਚ ਅਗਵਾਈ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ 2023 ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸਦਾ ਟੀਚਾ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਗ੍ਰੀਨ ਹਾਈਡ੍ਰੋਜਨ ਪੈਦਾ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂਆਤੀ ਪੜਾਅ ਵਿੱਚ, ਦੋ ਗ੍ਰੀਨ ਹਾਈਡ੍ਰੋਜਨ ਹੱਬ ਸਥਾਪਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ ਇੱਕ ਵਿਸ਼ਾਖਾਪਟਨਮ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਾਖਾਪਟਨਮ ਵਿਸ਼ਵ ਪੱਧਰ 'ਤੇ ਵੱਡੇ ਪੱਧਰ 'ਤੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਸਹੂਲਤਾਂ ਵਾਲੇ ਕੁਝ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਗ੍ਰੀਨ ਹਾਈਡ੍ਰੋਜਨ ਹੱਬ ਆਂਧਰ ਪ੍ਰਦੇਸ਼ ਵਿੱਚ ਕਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਇੱਕ ਨਿਰਮਾਣ ਈਕੋਸਿਸਟਮ ਵਿਕਸਿਤ ਕਰੇਗਾ।
ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਨੱਕਾਪੱਲੀ ਵਿੱਚ ਬਲਕ ਡਰੱਗ ਪਾਰਕ ਪ੍ਰੋਜੈਕਟ ਲਈ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਂਧਰ ਪ੍ਰਦੇਸ਼ ਦੇਸ਼ ਦੇ ਤਿੰਨ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਅਜਿਹਾ ਪਾਰਕ ਸਥਾਪਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਰਕ ਨਿਰਮਾਣ ਅਤੇ ਖੋਜ ਲਈ ਸ਼ਾਨਦਾਰ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ, ਨਿਵੇਸ਼ਕਾਂ ਦੇ ਉਤਸ਼ਾਹ ਅਤੇ ਵਿਸ਼ਵਾਸ ਨੂੰ ਵਧਾਏਗਾ ਜਦੋਂ ਕਿ ਸਥਾਨਕ ਫਾਰਮਾ ਕੰਪਨੀਆਂ ਨੂੰ ਲਾਭ ਪਹੁੰਚਾਏਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸ਼ਹਿਰੀਕਰਨ ਨੂੰ ਇੱਕ ਮੌਕੇ ਵਜੋਂ ਦੇਖਦੀ ਹੈ ਅਤੇ ਆਂਧਰ ਪ੍ਰਦੇਸ਼ ਨੂੰ ਨਵੇਂ ਯੁੱਗ ਦੇ ਸ਼ਹਿਰੀਕਰਨ ਦੀ ਇੱਕ ਉਦਾਹਰਣ ਬਣਾਉਣ ਦਾ ਉਦੇਸ਼ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ, ਕ੍ਰਿਸ਼ਨਾਪਟਨਮ ਉਦਯੋਗਿਕ ਖੇਤਰ, ਜਿਸਨੂੰ ਕ੍ਰਿਸ ਸਿਟੀ ਵੀ ਕਿਹਾ ਜਾਂਦਾ ਹੈ, ਦਾ ਨੀਂਹ ਪੱਥਰ ਅੱਜ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਮਾਰਟ ਸਿਟੀ ਚੇਨਈ-ਬੈਂਗਲੁਰੂ ਉਦਯੋਗਿਕ ਕੌਰੀਡੋਰ ਦਾ ਹਿੱਸਾ ਹੋਵੇਗਾ, ਜੋ ਹਜ਼ਾਰਾਂ ਕਰੋੜਾਂ ਦੇ ਨਿਵੇਸ਼ ਨੂੰ ਆਕਰਸ਼ਿਤ ਕਰੇਗਾ ਅਤੇ ਆਂਧਰ ਪ੍ਰਦੇਸ਼ ਵਿੱਚ ਲੱਖਾਂ ਉਦਯੋਗਿਕ ਨੌਕਰੀਆਂ ਪੈਦਾ ਕਰੇਗਾ।
ਇਹ ਟਿੱਪਣੀ ਕਰਦੇ ਹੋਏ ਕਿ ਆਂਧਰ ਪ੍ਰਦੇਸ਼ ਪਹਿਲਾਂ ਹੀ ਸ਼੍ਰੀ ਸਿਟੀ ਤੋਂ ਇੱਕ ਨਿਰਮਾਣ ਕੇਂਦਰ ਵਜੋਂ ਲਾਭ ਪ੍ਰਾਪਤ ਕਰ ਰਿਹਾ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਦੇਸ਼ ਆਂਧਰ ਪ੍ਰਦੇਸ਼ ਨੂੰ ਉਦਯੋਗਿਕ ਅਤੇ ਨਿਰਮਾਣ ਖੇਤਰਾਂ ਵਿੱਚ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚ ਸ਼ਾਮਲ ਕਰਨਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਉਤਪਾਦਨ ਲਿੰਕਡ ਇੰਸੈਂਟਿਵ (ਪੀਐੱਲਆਈ) ਯੋਜਨਾ ਵਰਗੀਆਂ ਪਹਿਲਕਦਮੀਆਂ ਰਾਹੀਂ ਨਿਰਮਾਣ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਵੱਖ-ਵੱਖ ਉਤਪਾਦਾਂ ਦੇ ਨਿਰਮਾਣ ਲਈ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਦੱਖਣੀ ਤੱਟ ਰੇਲਵੇ ਜ਼ੋਨ ਹੈੱਡਕੁਆਰਟਰ ਲਈ ਨੀਂਹ ਪੱਥਰ ਵਿਸ਼ਾਖਾਪਟਨਮ ਦੇ ਨਵੇਂ ਸ਼ਹਿਰ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਨੇ ਆਂਧਰ ਪ੍ਰਦੇਸ਼ ਲਈ ਇਸ ਵਿਕਾਸ ਦੇ ਮਹੱਤਵ ਨੂੰ ਉਜਾਗਰ ਕੀਤਾ, ਜਿਸ ਨਾਲ ਇੱਕ ਵੱਖਰੇ ਰੇਲਵੇ ਜ਼ੋਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੱਖਣੀ ਤੱਟ ਰੇਲਵੇ ਜ਼ੋਨ ਹੈੱਡਕੁਆਰਟਰ ਦੀ ਸਥਾਪਨਾ ਖੇਤਰ ਵਿੱਚ ਖੇਤੀਬਾੜੀ ਅਤੇ ਵਪਾਰਕ ਗਤੀਵਿਧੀਆਂ ਦਾ ਵਿਸਥਾਰ ਕਰੇਗੀ ਅਤੇ ਸੈਰ-ਸਪਾਟਾ ਅਤੇ ਸਥਾਨਕ ਅਰਥਵਿਵਸਥਾ ਲਈ ਨਵੇਂ ਮੌਕੇ ਪ੍ਰਦਾਨ ਕਰੇਗੀ। ਉਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਸੰਪਰਕ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਆਂਧਰ ਪ੍ਰਦੇਸ਼ ਉਨ੍ਹਾਂ ਰਾਜਾਂ ਵਿੱਚੋਂ ਇੱਕ ਹੈ ਜਿੱਥੇ 100% ਰੇਲਵੇ ਬਿਜਲੀਕਰਨ ਹੋਇਆ ਹੈ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 70 ਤੋਂ ਵੱਧ ਰੇਲਵੇ ਸਟੇਸ਼ਨ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਂਧਰ ਪ੍ਰਦੇਸ਼ ਦੇ ਲੋਕਾਂ ਲਈ ਯਾਤਰਾ ਦੀ ਸਹੂਲਤ ਲਈ ਸੱਤ ਵੰਦੇ ਭਾਰਤ ਟ੍ਰੇਨਾਂ ਅਤੇ ਅੰਮ੍ਰਿਤ ਭਾਰਤ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ, "ਆਂਧਰ ਪ੍ਰਦੇਸ਼ ਵਿੱਚ ਬੁਨਿਆਦੀ ਢਾਂਚੇ ਦੀ ਕ੍ਰਾਂਤੀ, ਬਿਹਤਰ ਸੰਪਰਕ ਅਤੇ ਸਹੂਲਤਾਂ ਦੇ ਨਾਲ, ਰਾਜ ਦੇ ਦ੍ਰਿਸ਼ ਨੂੰ ਬਦਲ ਦੇਵੇਗੀ"। ਉਨ੍ਹਾਂ ਕਿਹਾ ਕਿ ਇਹ ਵਿਕਾਸ ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਏਗਾ, ਜੋ ਆਂਧਰ ਪ੍ਰਦੇਸ਼ ਦੀ 2.5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀ ਨੀਂਹ ਬਣਾਏਗਾ।
ਇਹ ਨੋਟ ਕਰਦੇ ਹੋਏ ਕਿ ਵਿਸ਼ਾਖਾਪਟਨਮ ਅਤੇ ਆਂਧਰ ਪ੍ਰਦੇਸ਼ ਦਾ ਤੱਟ ਸਦੀਆਂ ਤੋਂ ਭਾਰਤ ਦੇ ਵਪਾਰ ਲਈ ਪ੍ਰਵੇਸ਼ ਦੁਆਰ ਰਿਹਾ ਹੈ ਅਤੇ ਮਹੱਤਵਪੂਰਨ ਮਹੱਤਵ ਰੱਖਦਾ ਹੈ, ਪ੍ਰਧਾਨ ਮੰਤਰੀ ਨੇ ਸਮੁੰਦਰੀ ਮੌਕਿਆਂ ਦੀ ਪੂਰੀ ਵਰਤੋਂ ਲਈ ਮਿਸ਼ਨ ਮੋਡ ਵਿੱਚ ਨੀਲੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੱਛੀ ਪਾਲਣ ਵਿੱਚ ਸ਼ਾਮਲ ਲੋਕਾਂ ਦੀ ਆਮਦਨ ਅਤੇ ਕਾਰੋਬਾਰ ਨੂੰ ਵਧਾਉਣ ਲਈ ਵਿਸ਼ਾਖਾਪਟਨਮ ਫਿਸ਼ਿੰਗ ਹਾਰਬਰ ਦੇ ਆਧੁਨਿਕੀਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਛੇਰਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸਹੂਲਤਾਂ ਦੀ ਵਿਵਸਥਾ ਅਤੇ ਸਮੁੰਦਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ।
ਸ਼੍ਰੀ ਮੋਦੀ ਨੇ ਇਹ ਯਕੀਨੀ ਬਣਾਉਂਦੇ ਹੋਏ ਕਿ ਵਿਕਾਸ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ, ਹਰ ਖੇਤਰ ਵਿੱਚ ਸਮਾਵੇਸ਼ੀ ਅਤੇ ਸਰਵਪੱਖੀ ਵਿਕਾਸ ਪ੍ਰਤੀ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਖੁਸ਼ਹਾਲ ਅਤੇ ਆਧੁਨਿਕ ਆਂਧਰ ਪ੍ਰਦੇਸ਼ ਬਣਾਉਣ ਲਈ ਕੇਂਦਰ ਸਰਕਾਰ ਦੇ ਸਮਰਪਣ ਨੂੰ ਦੁਹਰਾਇਆ। ਭਾਸ਼ਣ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਅੱਜ ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ, ਜੋ ਆਂਧਰ ਪ੍ਰਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਹਨ।
ਇਸ ਸਮਾਗਮ ਵਿੱਚ ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਐੱਸ ਅਬਦੁਲ ਨਜ਼ੀਰ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਕਿੰਜਾਰਾਪੂ ਰਾਮਮੋਹਨ ਨਾਇਡੂ, ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ ਚੰਦਰਬਾਬੂ ਨਾਇਡੂ, ਉਪ ਮੁੱਖ ਮੰਤਰੀ ਸ਼੍ਰੀ ਪਵਨ ਕਲਿਆਣ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਪਿਛੋਕੜ
ਹਰਿਤ ਊਰਜਾ ਅਤੇ ਟਿਕਾਊ ਭਵਿੱਖ ਲਈ ਆਪਣੀ ਵਚਨਬੱਧਤਾ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਨੇੜੇ ਪੁਡੀਮਾਡਾਕਾ ਵਿਖੇ ਅਤਿ-ਆਧੁਨਿਕ ਐੱਨਟੀਪੀਸੀ ਗ੍ਰੀਨ ਐਨਰਜੀ ਲਿਮਟਿਡ ਗ੍ਰੀਨ ਹਾਈਡ੍ਰੋਜਨ ਹੱਬ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ, ਜੋ ਕਿ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਪਹਿਲਾ ਗ੍ਰੀਨ ਹਾਈਡ੍ਰੋਜਨ ਹੱਬ ਹੈ। ਇਸ ਪ੍ਰੋਜੈਕਟ ਵਿੱਚ ਲਗਭਗ ₹1,85,000 ਕਰੋੜ ਦਾ ਨਿਵੇਸ਼ ਸ਼ਾਮਲ ਹੈ। ਇਸ ਵਿੱਚ 20 ਗੀਗਾਵਾਟ ਅਖੁੱਟ ਊਰਜਾ ਸਮਰੱਥਾਵਾਂ ਵਿੱਚ ਨਿਵੇਸ਼ ਸ਼ਾਮਲ ਹੈ, ਜੋ ਇਸ ਨੂੰ ਭਾਰਤ ਦੇ ਸਭ ਤੋਂ ਵੱਡੇ ਏਕੀਕ੍ਰਿਤ ਗ੍ਰੀਨ ਹਾਈਡ੍ਰੋਜਨ ਉਤਪਾਦਨ ਸਹੂਲਤਾਂ ਵਿੱਚੋਂ ਇੱਕ ਬਣਾਉਂਦਾ ਹੈ ਜਿਸਦੀ ਸਮਰੱਥਾ 1500 ਟੀਪੀਡੀ ਗ੍ਰੀਨ ਹਾਈਡ੍ਰੋਜਨ ਅਤੇ 7500 ਟੀਪੀਡੀ ਗ੍ਰੀਨ ਹਾਈਡ੍ਰੋਜਨ ਡੈਰੀਵੇਟਿਵਜ਼, ਜਿਸ ਵਿੱਚ ਗ੍ਰੀਨ ਮੀਥੇਨੌਲ, ਗ੍ਰੀਨ ਯੂਰੀਆ ਅਤੇ ਸਸਟੇਨੇਬਲ ਏਵੀਏਸ਼ਨ ਫਿਊਲ ਸ਼ਾਮਲ ਹਨ, ਜੋ ਮੁੱਖ ਤੌਰ 'ਤੇ ਨਿਰਯਾਤ ਬਾਜ਼ਾਰ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਪ੍ਰੋਜੈਕਟ 2030 ਤੱਕ ਭਾਰਤ ਦੇ 500 ਗੀਗਾਵਾਟ ਦੇ ਗੈਰ-ਜੀਵਾਸ਼ਮ ਊਰਜਾ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।
ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਵਿੱਚ 19,500 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਰੇਲਵੇ ਅਤੇ ਸੜਕ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ, ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ, ਜਿਸ ਵਿੱਚ ਵਿਸ਼ਾਖਾਪਟਨਮ ਵਿਖੇ ਦੱਖਣੀ ਤੱਟ ਰੇਲਵੇ ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ, ਜਿਸ ਵਿੱਚ ਕਈ ਹੋਰ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਭੀੜ-ਭੜੱਕੇ ਨੂੰ ਘਟਾਉਣਗੇ, ਸੰਪਰਕ ਵਿੱਚ ਸੁਧਾਰ ਕਰਨਗੇ ਅਤੇ ਖੇਤਰੀ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਵਧਾਉਣਗੇ।
ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੰਭਾਲ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਅਨਾਕਾਪੱਲੀ ਜ਼ਿਲ੍ਹੇ ਦੇ ਨੱਕਾਪੱਲੀ ਵਿਖੇ ਬਲਕ ਡਰੱਗ ਪਾਰਕ ਦੀ ਨੀਂਹ ਰੱਖੀ। ਵਿਸ਼ਾਖਾਪਟਨਮ-ਚੇਨਈ ਉਦਯੋਗਿਕ ਕੌਰੀਡੋਰ (ਵੀਸੀਆਈਸੀ) ਅਤੇ ਵਿਸ਼ਾਖਾਪਟਨਮ-ਕਾਕੀਨਾਡਾ ਪੈਟਰੋਲੀਅਮ, ਰਸਾਇਣ ਅਤੇ ਪੈਟਰੋ ਕੈਮੀਕਲ ਨਿਵੇਸ਼ ਖੇਤਰ ਦੇ ਨੇੜੇ ਹੋਣ ਕਾਰਨ, ਬਲਕ ਡਰੱਗ ਪਾਰਕ ਹਜ਼ਾਰਾਂ ਨੌਕਰੀਆਂ ਸਿਰਜੇਗਾ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਵਿੱਚ ਚੇਨਈ ਬੰਗਲੁਰੂ ਉਦਯੋਗਿਕ ਕੌਰੀਡੋਰ ਦੇ ਅਧੀਨ ਕ੍ਰਿਸ਼ਨਾਪਟਨਮ ਉਦਯੋਗਿਕ ਖੇਤਰ (ਕ੍ਰਿਸ ਸਿਟੀ) ਦਾ ਨੀਂਹ ਪੱਥਰ ਵੀ ਰੱਖਿਆ। ਕ੍ਰਿਸ਼ਨਾਪਟਨਮ ਉਦਯੋਗਿਕ ਖੇਤਰ (ਕ੍ਰਿਸ ਸਿਟੀ) ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਪ੍ਰੋਗਰਾਮ ਦੇ ਤਹਿਤ ਇੱਕ ਪ੍ਰਮੁੱਖ ਪ੍ਰੋਜੈਕਟ ਹੈ, ਜਿਸ ਦੀ ਇੱਕ ਗ੍ਰੀਨਫੀਲਡ ਇੰਡਸਟਰੀਅਲ ਸਮਾਰਟ ਸਿਟੀ ਵਜੋਂ ਕਲਪਨਾ ਕੀਤੀ ਗਈ ਹੈ। ਇਹ ਪ੍ਰੋਜੈਕਟ ਲਗਭਗ ₹10,500 ਕਰੋੜ ਦੇ ਮਹੱਤਵਪੂਰਨ ਨਿਰਮਾਣ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹੈ ਅਤੇ ਇਸ ਨਾਲ ਲਗਭਗ 1 ਲੱਖ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਪੈਦਾ ਹੋਣ ਦਾ ਵੀ ਅਨੁਮਾਨ ਹੈ, ਜਿਸ ਨਾਲ ਰੋਜ਼ੀ-ਰੋਟੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਖੇਤਰੀ ਤਰੱਕੀ ਨੂੰ ਹੁਲਾਰਾ ਮਿਲੇਗਾ।
Click here to read full text speech
The development of Andhra Pradesh is our vision. Serving the people of Andhra Pradesh is our commitment: PM @narendramodi pic.twitter.com/rmdbfEzMM0
— PMO India (@PMOIndia) January 8, 2025
Andhra will emerge as the centre for futuristic technologies. pic.twitter.com/zolvOnzcYp
— PMO India (@PMOIndia) January 8, 2025
Our government views urbanisation as an opportunity: PM @narendramodi pic.twitter.com/kwDChDViiw
— PMO India (@PMOIndia) January 8, 2025
We are promoting the blue economy to fully harness ocean-related opportunities. pic.twitter.com/DqbMweIFTc
— PMO India (@PMOIndia) January 8, 2025