ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਥੂਥੁਕੁਡੀ (Thoothukudi) ਵਿੱਚ 17,300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਈ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਵੀ.ਓ. ਚਿਦੰਬਰਨਾਰ ਪੋਰਟ ‘ਤੇ ਆਊਟਰ ਹਾਰਬਰ ਕੰਟੇਨਰ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਹਰਿਤ ਨੌਕਾ ਪਹਿਲ ਦੇ ਤਹਿਤ ਭਾਰਤ ਦਾ ਪਹਿਲਾ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਵਾਟਰਵੇਅਜ਼ ਵੇਸਲ ਵੀ ਲਾਂਚ ਕੀਤਾ। ਉਨ੍ਹਾਂ ਨੇ 10 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਪ੍ਰਕਾਸ਼ ਥੰਮ੍ਹਾਂ ਵਿੱਚ ਟੂਰਿਸਟ ਸੁਵਿਧਾਵਾਂ ਸਮਰਪਿਤ ਕੀਤੀਆਂ। ਉਨ੍ਹਾਂ ਨੇ ਵਾਂਚੀ ਮਨਿਯਾੱਚੀ-ਨਾਗਰਕੋਇਲ ਰੇਲਵੇ ਲਾਇਨ ਦੇ ਡਬਲਿੰਗ ਦੇ ਰੇਲ ਪ੍ਰੋਜੈਕਟਸ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਸ ਵਿੱਚ ਮਨਿਯਾੱਚੀ-ਤਿਰੂਨੇਲਵੇਲੀ ਸੈਕਸ਼ਨ ਅਤੇ ਮੇਲਾੱਪਲਾਯਮ-ਅਰਲਵਾਯਮੋਲੀ ਸੈਕਸ਼ਨ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿਖੇ ਲਗਭਗ 4586 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿਕਸਿਤ ਚਾਰ ਰੋਡ ਪ੍ਰੋਜੈਕਟ ਵੀ ਰਾਸ਼ਟਰ ਨੂੰ ਸਮਰਪਿਤ ਕੀਤੇ।
ਮੌਜੂਦ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨਾਡੂ ਥੂਥੁਕੁਡੀ (Thoothukudi) ਵਿੱਚ ਵਿਕਾਸ ਦਾ ਇੱਕ ਨਵਾਂ ਅਧਿਆਏ ਲਿਖ ਰਿਹਾ ਹੈ ਕਿਉਂਕਿ ਵਿਕਸਿਤ ਭਾਰਤ ਦੇ ਰੋਡ ਮੈਪ ਦੀ ਦਿਸ਼ਾ ਵਿੱਚ ਕਈ ਵਿਕਾਸ ਪ੍ਰੋਜਕੈਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਦੇਖੀ ਜਾ ਸਕਦੀ ਹੈ, ਭਾਵੇਂ ਇਹ ਪ੍ਰੋਜੈਕਟਸ ਥੂਥੁਕੁਡੀ (Thoothukudi) ਵਿੱਚ ਹੋਣ ਪਰੰਤੂ ਇਨ੍ਹਾਂ ਨਾਲ ਪੂਰੇ ਭਾਰਤ ਵਿਖੇ ਕਈ ਥਾਵਾਂ ‘ਤੇ ਵਿਕਾਸ ਨੂੰ ਗਤੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੀ ਯਾਤਰਾ ਅਤੇ ਉਸ ਵਿੱਚ ਤਮਿਲ ਨਾਡੂ ਦੀ ਭੂਮਿਕਾ ਨੂੰ ਦੁਹਰਾਇਆ। ਉਨ੍ਹਾਂ ਨੇ ਦੋ ਵਰ੍ਹੇ ਪਹਿਲਾਂ ਆਪਣੀ ਯਾਤਰਾ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਚਿਦੰਬਰਨਾਰ ਪੋਰਟ ਦੀ ਸਮਰੱਥਾ ਦੇ ਵਿਸਤਾਰ ਲਈ ਕਈ ਪ੍ਰੋਜੈਕਟਾਂ ਨੂੰ ਹਰੀ ਝੰਡੀ ਦਿਖਾਈ ਸੀ ਅਤੇ ਇਸ ਨੂੰ ਸ਼ਿਪਿੰਗ ਦਾ ਇੱਕ ਮੁੱਖ ਕੇਂਦਰ ਬਣਾਉਣ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਉਹ ਗਾਰੰਟੀ ਅੱਜ ਪੂਰੀ ਹੋ ਗਈ ਹੈ। ” ਵੀ.ਓ.ਚਿਦੰਬਰਨਾਰ ਪੋਰਟ ‘ਤੇ ਆਊਟਰ ਹਾਰਬਰ ਕੰਟੇਨਰ ਟਰਮੀਨਲ ਦੇ ਨੀਂਹ ਪੱਥਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ 7,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਅੱਜ 900 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਗਿਆ ਹੈ ਅਤੇ 13 ਪੋਰਟਾਂ ‘ਤੇ 2500 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ ਇਨ੍ਹਾਂ ਪ੍ਰੋਜੈਕਟਾਂ ਨਾਲ ਤਮਿਲ ਨਾਡੂ ਨੂੰ ਲਾਭ ਹੋਵੇਗਾ ਅਤੇ ਰਾਜ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨੇ ਯਾਦ ਦਿਲਾਇਆ ਕਿ ਮੌਜੂਦਾ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਅੱਜ ਦੇ ਵਿਕਾਸ ਪ੍ਰੋਜੈਕਟਾਂ ਦੀ ਮੰਗ ਲੋਕਾਂ ਨੇ ਕੀਤੀ ਹੈ ਪਰੰਤੂ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਬਾਰੇ ਧਿਆਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਇਸ ਜ਼ਮੀਨ ਦੀ ਸੇਵਾ ਲਈ ਅਤੇ ਇਸ ਦੀ ਕਿਸਮਤ ਬਦਲਣ ਲਈ ਤਮਿਲ ਨਾਡੂ ਆਇਆ ਹਾਂ।’
ਹਰਿਤ ਨੌਕਾ ਪਹਿਲ ਦੇ ਤਹਿਤ ਭਾਰਤ ਦੇ ਪਹਿਲੇ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਵਾਟਰਵੇਅਜ਼ ਵੇਸਲ ਬਾਰੇ ਗੱਲ ਕਰਦਿਆਂ, ਪੀਐੱਮ ਮੋਦੀ ਨੇ ਇਸ ਨੂੰ ਕਾਸ਼ੀ ਲਈ ਤਮਿਲ ਨਾਡੂ ਦੇ ਲੋਕਾਂ ਨੂੰ ਤੋਹਫਾ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਸ਼ੀ ਤਮਿਲ ਸੰਗਮ ਵਿੱਚ ਤਮਿਲਨਾਡੂ ਦੇ ਲੋਕਾਂ ਦਾ ਉਤਸ਼ਾਹ ਅਤੇ ਪਿਆਰ ਦੇਖਿਆ ਹੈ। ਪ੍ਰਧਾਨ ਮੰਤਰੀ ਨੇ ਵੀ.ਓ. ਚਿਦੰਬਰਨਾਰ ਪੋਰਟ ਨੂੰ ਦੇਸ਼ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਹੱਬ ਪੋਰਟ ਬਣਾਉਣ ਦੇ ਉਦੇਸ਼ ਨਾਲ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਡਿਸੇਲਿਨੇਸ਼ਨ ਪਲਾਂਟ, ਹਾਈਡ੍ਰੋਜਨ ਪ੍ਰੋਡਕਸ਼ਨ ਅਤੇ ਬੰਕਰਿੰਗ ਸੁਵਿਧਾ ਸ਼ਾਮਲ ਹਨ। ਉਨ੍ਹਾਂ ਕਿਹਾ, ‘ਅੱਜ ਦੁਨੀਆ ਜਿਨ੍ਹਾਂ ਵਿਕਲਪਾਂ ਦੀ ਭਾਲ ਕਰ ਰਹੀ ਹੈ, ਉਨ੍ਹਾਂ ਵਿੱਚ ਤਮਿਲ ਨਾਡੂ ਬਹੁਤ ਅੱਗੇ ਜਾਏਗਾ।’
ਪ੍ਰਧਾਨ ਮੰਤਰੀ ਨੇ ਅੱਜ ਦੇ ਰੇਲ ਅਤੇ ਸੜਕ ਵਿਕਾਸ ਪ੍ਰੋਜੈਕਟਾਂ ‘ਤੇ ਵੀ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਰੇਲਵੇ ਲਾਇਨਾਂ ਦੇ ਇਲੈਕਟ੍ਰੀਫਿਕੇਸ਼ਨ ਅਤੇ ਡਬਲਿੰਗ ਤੋਂ ਦੱਖਣ ਤਮਿਲ ਨਾਡੂ ਅਤੇ ਕੇਰਲ ਦਰਮਿਆਨ ਕਨੈਕਟੀਵਿਟੀ ਹੋਰ ਬਿਹਤਰ ਹੋਵੇਗੀ। ਇਸ ਦੇ ਨਾਲ-ਨਾਲ ਤਿਰੂਨੇਲਵੇਲੀ ਅਤੇ ਨਾਗਰਕੋਇਲ (Tirunelveli and Nagercoil) ਸੈਕਟਰਾਂ ਵਿੱਚ ਭੀੜ ਘੱਟ ਹੋਵੇਗੀ। ਉਨ੍ਹਾਂ ਨੇ ਅੱਜ ਤਮਿਲ ਨਾਡੂ ਵਿੱਚ ਰੋਡਵੇਜ਼ ਦੇ ਆਧੁਨਿਕੀਕਰਣ ਲਈ 4,000 ਕਰੋੜ ਰੁਪਏ ਤੋਂ ਵੱਧ ਦੇ ਚਾਰ ਪ੍ਰਮੁੱਖ ਪ੍ਰੋਜੈਕਟਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ, ਯਾਤਰਾ ਵਿੱਚ ਸਮਾਂ ਘੱਟ ਹੋਵੇਗਾ ਅਤੇ ਰਾਜ ਵਿੱਚ ਟ੍ਰੇਡ ਅਤੇ ਟੂਰਿਜ਼ਮ ਨੂੰ ਪ੍ਰੋਤਸਾਹਨ ਮਿਲੇਗਾ।
ਨਵੇਂ ਭਾਰਤ ਦੇ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਡਵੇਜ਼, ਹਾਈਵੇਅਜ਼ ਅਤੇ ਵਾਟਰਵੇਅਜ਼ ਡਿਪਾਰਟਮੈਂਟਸ ਤਮਿਲ ਨਾਡੂ ਵਿੱਚ ਬਿਹਤਰ ਕਨੈਕਟੀਵਿਟੀ ਅਤੇ ਬਿਹਤਰ ਅਵਸਰ ਪੈਦਾ ਕਰਨ ਲਈ ਕੰਮ ਕਰ ਰਹੇ ਹਨ। ਇਸ ਲਈ, ਰੇਲਵੇ, ਰੋਡ ਅਤੇ ਮੈਰੀਟਾਇਮ ਪ੍ਰੋਜੈਕਟਸ ਇਕੱਠਿਆਂ ਸ਼ੁਰੂ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਮਲਟੀ-ਮਾਡਲ ਅਪ੍ਰੋਚ ਨਾਲ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਇੱਕ ਐਪੀਸੋਡ ਦੌਰਾਨ ਦੇਸ਼ ਦੇ ਪ੍ਰਮੁੱਖ ਪ੍ਰਕਾਸ਼ ਥੰਮਾਂ ਨੂੰ ਟੂਰਿਸਟ ਡੈਸਟੀਨੇਸ਼ਨਸ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਆਪਣੇ ਸੁਝਾਅ ਨੂੰ ਯਾਦ ਕੀਤਾ ਅਤੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਪ੍ਰਕਾਸ਼ ਥੰਮਾਂ ਵਿੱਚ ਟੂਰਿਸਟ ਸੁਵਿਧਾਵਾਂ ਸਮਰਪਿਤ ਕਰਦੇ ਹੋਏ ਮਾਣ ਵਿਅਕਤ ਕੀਤਾ। ਪੀਐੱਮ ਮੋਦੀ ਨੇ ਕਿਹਾ, “ਇਕੱਠਿਆਂ 75 ਥਾਵਾਂ ‘ਤੇ ਵਿਕਾਸ , ਇਹ ਨਵਾਂ ਭਾਰਤ ਹੈ।“ ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ 75 ਸਥਾਨ ਬਹੁਤ ਵੱਡੇ ਟੂਰਿਸਟ ਸੈਂਟਰ ਬਣ ਜਾਣਗੇ।
ਕੇਂਦਰ ਸਰਕਾਰੀ ਦੀਆਂ ਪਹਿਲਕਦਮੀਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਤਮਿਲ ਨਾਡੂ ਵਿਖੇ 1300 ਕਿਲੋਮੀਟਰ ਲੰਬੇ ਰੇਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। 2000 ਕਿਲੋਮੀਟਰ ਰੇਲਵੇ ਦਾ ਇਲੈਕਟ੍ਰੀਫਿਕੇਸ਼ਨ ਕੀਤਾ ਗਿਆ, ਫਲਾਈਓਵਰ ਅਤੇ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਅਤੇ ਕਈ ਰੇਲਵੇ ਸਟੇਸ਼ਨਾਂ ਦਾ ਅੱਪਗ੍ਰੇਡੇਸ਼ਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰੀ ਯਾਤਰਾ ਅਨੁਭਵ ਪ੍ਰਦਾਨ ਕਰਨ ਵਾਲੀਆਂ 5 ਵੰਦੇ ਭਾਰਤ ਟ੍ਰੇਨਾਂ ਰਾਜ ਵਿੱਚ ਦੌੜ ਰਹੀਆਂ ਹਨ। ਭਾਰਤ ਸਰਕਾਰ ਤਮਿਲ ਨਾਡੂ ਦੇ ਰੋਡ ਇਨਫ੍ਰਾਸਟ੍ਰਕਚਰ ਵਿੱਚ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, “ਕਨੈਕਟੀਵਿਟੀ ਵਿੱਚ ਸੁਧਾਰ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਈਜ਼ ਆਫ਼ ਲਿਵਿੰਗ ਵਧ ਰਹੀ ਹੈ।”
ਪ੍ਰਧਾਨ ਮੰਤਰੀ ਨੇ ਦਹਾਕਿਆਂ ਤੋਂ ਭਾਰਤ ਦੇ ਵਾਟਰਵੇਅਜ਼ ਅਤੇ ਮੈਰੀਟਾਈਮ ਸੈਕਟਰ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਸੈਕਟਰ ਅੱਜ ਵਿਕਸਿਤ ਭਾਰਤ ਦਾ ਨੀਂਹ ਪੱਥਰ ਬਣ ਰਹੇ ਹਨ ਅਤੇ ਪੂਰੇ ਦੱਖਣ ਭਾਰਤ ਦੇ ਨਾਲ ਤਮਿਲ ਨਾਡੂ ਇਸ ਦਾ ਸਭ ਤੋਂ ਵੱਡਾ ਲਾਭਾਰਥੀ ਹੈ। ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਤਿੰਨ ਪ੍ਰਮੁੱਖ ਪੋਰਟਸ ਅਤੇ 12 ਤੋਂ ਵੱਧ ਸਮਾਲ ਪੋਰਟਸ ‘ਤੇ ਚਾਨਣਾਂ ਪਾਉਂਦਿਆਂ ਸਾਰੇ ਦੱਖਣ ਰਾਜਾਂ ਲਈ ਇਸ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਦਹਾਕੇ ਵਿੱਚ ਵੀ.ਓ ਚਿਦੰਬਰਨਾਰ ਪੋਰਟ ‘ਤੇ ਟ੍ਰਾਂਸਪੋਰਟੇਸ਼ਨ ਵਿੱਚ 35 ਫੀਸਦੀ ਦੇ ਵਾਧੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ,“ਮੈਰੀਟਾਈਮ ਸੈਕਟਰ ਦੇ ਵਿਕਾਸ ਦਾ ਮਤਲਬ ਤਮਿਲ ਨਾਡੂ ਜਿਹੇ ਰਾਜ ਦਾ ਵਿਕਾਸ ਹੈ।” ਉਨ੍ਹਾਂ ਕਿਹਾ ਕਿ ਇਸ ਪੋਰਟ ਨੇ ਪਿਛਲੇ ਸਾਲ 11 ਫੀਸਦੀ ਦਾ ਸਾਲਾਨਾ ਵਾਧਾ ਦਰਜ ਕਰਦੇ ਹੋਏ 38 ਮਿਲੀਅਨ ਟਨ ਮਾਲ ਦਾ ਰੱਖ ਰਖਾਓ ਕੀਤਾ। ਪ੍ਰਧਾਨ ਮੰਤਰੀ ਨੇ ਸਾਗਰਮਾਲਾ ਜਿਹੇ ਪ੍ਰੋਜੈਕਟਾਂ ਦੀ ਭੂਮਿਕਾ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਦੇ ਨਤੀਜੇ ਦੇਸ਼ ਦੀਆਂ ਹੋਰ ਪ੍ਰਮੁੱਖ ਪੋਰਟਾਂ ਵਿੱਚ ਵੀ ਵੇਖੇ ਜਾ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਾਟਰਵੇਅਜ਼ ਅਤੇ ਮੈਰੀਟਾਈਮ ਸੈਕਟਰਾਂ ਵਿੱਚ ਨਵੇਂ ਕੀਰਤੀਮਾਨ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੌਜਿਸਟਿਕਸ ਪਰਫਾਰਮੈਂਸ ਇੰਡੈਕਸ ਵਿੱਚ ਭਾਰਤ 38ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਇੱਕ ਦਹਾਕੇ ਵਿੱਚ ਪੋਰਟ ਦੀ ਸਮਰੱਥਾ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮਾਂ ਅਵਧੀ ਦੌਰਾਨ ਨੈਸ਼ਨਲ ਵਾਟਰਵੇਅਜ਼ ਵਿੱਚ ਅੱਠ ਗੁਣਾ ਦਾ ਵਾਧਾ ਹੋਇਆ ਹੈ ਅਤੇ ਕਰੂਜ਼ ਯਾਤਰੀਆਂ ਦੀ ਸੰਖਿਆ ਚਾਰ ਗੁਣਾ ਵਧ ਗਈ ਹੈ ਅਤੇ ਨਾਵਿਕਾਂ (seafarers) ਦੀ ਸੰਖਿਆ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਤਰੱਕੀ ਤੋਂ ਤਮਿਲ ਨਾਡੂ ਅਤੇ ਸਾਡੇ ਨੌਜਵਾਨਾਂ ਨੂੰ ਨਿਸ਼ਚਿਤ ਤੌਰ ‘ਤੇ ਲਾਭ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਤਮਿਲ ਨਾਡੂ ਵਿਕਾਸ ਦੇ ਮਾਰਗ ‘ਤੇ ਅੱਗੇ ਵਧੇਗਾ ਅਤੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਜਦੋਂ ਦੇਸ਼ ਸਾਨੂੰ ਤੀਜੀ ਵਾਰ ਸੇਵਾ ਕਰਨ ਦਾ ਮੌਕਾ ਦੇਵੇਗਾ ਤਾਂ ਮੈਂ ਨਵੇਂ ਉਤਸ਼ਾਹ ਨਾਲ ਤੁਹਾਡੇ ਸਾਰਿਆਂ ਦੀ ਸੇਵਾ ਕਰਾਂਗਾ।”
ਆਪਣੀ ਤਮਿਲ ਨਾਡੂ ਦੀ ਮੌਜੂਦਾ ਯਾਤਰਾ ਦੌਰਾਨ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ ਮਿਲ ਪਿਆਰ, ਸਨੇਹ, ਉਤਸ਼ਾਹ ਅਤੇ ਆਸ਼ੀਰਵਾਦ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸਰਕਾਰ ਦੀ ਪ੍ਰਤੀਬੱਧਤਾ ‘ਤੇ ਚਾਨਣਾਂ ਪਾਇਆ ਅਤੇ ਕਿਹਾ ਕਿ ਉਹ ਰਾਜ ਦੇ ਵਿਕਾਸ ਨਾਲ ਲੋਕਾਂ ਦੇ ਹਰ ਪਿਆਰ ਦਾ ਮਿਲਾਨ ਕਰਨਗੇ।
ਅੰਤ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਫੋਨ ਦੀ ਲਾਇਟ ਚਾਲੂ ਕਰਨ ਅਤੇ ਇਹ ਸੰਕੇਤ ਦੇਣ ਲਈ ਕਿਹਾ ਕਿ ਤਮਿਲ ਨਾਡੂ ਅਤੇ ਭਾਰਤ ਸਰਕਾਰ ਵਿਕਾਸ ਦਾ ਤਿਓਹਾਰ ਮਨਾ ਰਹੀ ਹੈ।
ਇਸ ਮੌਕੇ ‘ਤੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ.ਐਨ.ਰਵੀ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਕੇਂਦਰੀ ਰਾਜ ਮੰਤਰੀ, ਡਾ. ਐਲ ਮੁਰਗਨ ਅਤੇ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਨੇ ਵੀ.ਓ.ਚਿਦੰਬਰਨਾਰ ਪੋਰਟ ‘ਤੇ ਆਊਟਰ ਹਾਰਬਰ ਕੰਟੇਨਰ ਟਰਮੀਨਲ ਦਾ ਨੀਂਹ ਪੱਥਰ ਰੱਖਿਆ। ਇਹ ਕੰਟੇਨਰ ਟਰਮੀਨਲ ਵੀ.ਓ. ਚਿਦੰਬਰਨਾਰ ਪੋਰਟ ਨੂੰ ਪੂਰਬੀ ਤਦ ਲਈ ਇੱਕ ਟ੍ਰਾਂਸਸ਼ਿਪਮੈਂਟ ਹੱਬ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਭਾਰਤ ਦੀ ਲੰਬੀ ਤਟਰੇਖਾ ਅਤੇ ਅਨੁਕੂਲ ਭੂਗੋਲਿਕ ਸਥਿਤੀਆਂ ਦਾ ਲਾਭ ਲੈਣ ਅਤੇ ਗਲੋਬਲ ਟ੍ਰੇਡ ਅਰੇਨਾ ਵਿੱਚ ਭਾਰਤ ਦੀ ਕੰਪੈਟੇਟਿਵਨੈੱਸ ਨੂੰ ਮਜ਼ਬੂਤ ਕਰਨਾ ਹੈ। ਇਹ ਪ੍ਰੋਜੈਕਟ ਪ੍ਰਮੁੱਖ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਸੈਕਟਰ ਵਿੱਚ ਰੋਜ਼ਗਾਰ ਸਿਰਜਣਾ ਅਤੇ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਦੇਵੇਗਾ। ਪ੍ਰਧਾਨ ਮੰਤਰੀ ਨੇ ਵੀ.ਓ.ਚਿਦੰਬਰਨਾਰ ਨੂੰ ਦੇਸ਼ ਦਾ ਪਹਿਲਾ ਗ੍ਰੀਨ ਹਾਈਡ੍ਰੋਜਨ ਪੋਰਟ ਬਣਾਉਣ ਦੇ ਉਦੇਸ਼ ਨਾਲ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਡਿਸੇਲਿਨੇਸ਼ਨ ਪਲਾਂਟ, ਹਾਈਡ੍ਰੋਜਨ ਪ੍ਰੋਡਕਸ਼ਨ ਅਤੇ ਬੰਕਰਿੰਗ ਸੁਵਿਧਾ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਹਰਿਤ ਨੌਕਾ ਪਹਿਲ ਤਹਿਤ ਭਾਰਤ ਦਾ ਪਹਿਲਾ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਵਾਟਰਵੇਅਜ਼ ਵੇਸਲ ਵੀ ਲਾਂਚ ਕੀਤਾ। ਇਸ ਵੇਸਲ ਦਾ ਨਿਰਮਾਣ ਕੋਚੀਨ ਸ਼ਿਪਯਾਰਡ ਰਾਹੀਂ ਕੀਤਾ ਗਿਆ ਹੈ ਅਤੇ ਇਹ ਸਵੱਛ ਊਰਜਾ ਸਮਾਧਾਨਾਂ ਨੂੰ ਅਪਣਾਉਣ ਅਤੇ ਦੇਸ਼ ਦੀਆਂ ਨੈੱਟ ਜ਼ੀਰੋ ਕਮਿਟਮੈਂਟਸ ਦੇ ਅਨੁਸਾਰ ਵਧਾਏ ਗਏ ਇੱਕ ਮੋਹਰੀ ਕਦਮ ਨੂੰ ਰੇਖਾਂਕਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 75 ਪ੍ਰਕਾਸ਼ ਥੰਮਾਂ ਵਿੱਚ ਟੂਰਿਸਟ ਸੁਵਿਧਾਵਾਂ ਵੀ ਸਮਰਪਿਤ ਕੀਤੀਆਂ।
ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਨੇ ਵਾਂਚੀ ਮਨਿਯਾੱਚੀ –ਨਾਗਰਕੋਇਲ ਰੇਲਵੇ ਲਾਇਨ ਦੇ ਡਬਲਿੰਗ ਲਈ ਵਾਂਚੀ ਮਨਿਯਾੱਚੀ-ਤਿਰੁਨੇਲਵੇਲੀ ਸੈਕਸ਼ਨ ਅਤੇ ਮੇਲਾੱਪਲਾਯਮ –ਅਰਲਵਾਯਮੋਲੀ ਸੈਕਸ਼ਨ ਸਮੇਤ ਰੇਲਵੇ ਪ੍ਰੋਜੈਕਟਾਂ ਦਾ ਵੀ ਲੋਕਅਰਪਣ ਕੀਤਾ। ਲਗਭਗ 1477 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ, ਡਬਲਿੰਗ ਪ੍ਰੋਜੈਕਟ ਕੰਨਿਆਕੁਮਾਰੀ, ਨਾਗਰਕੋਇਲ ਅਤੇ ਤਿਰੁਨੇਲਵੇਲੀ ਤੋਂ ਚੇਨਈ ਵੱਲ ਜਾਣ ਵਾਲੀਆਂ ਟ੍ਰੇਨਾਂ ਲਈ ਯਾਤਰਾ ਵਿੱਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਕਰੀਬ 4586 ਕਰੋੜ ਦੀ ਲਾਗਤ ਨਾਲ ਵਿਕਸਿਤ ਚਾਰ ਰੋਡ ਪ੍ਰੋਜੈਕਟਾਂ ਦਾ ਵੀ ਲੋਕਅਰਪਣ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨੈਸ਼ਨਲ ਹਾਈਵੇਅਜ਼-844 ਦੇ ਜਿੱਤਨਦਹੱਲੀ-ਧਰਮਪੁਰ ਸੈਕਸ਼ਨ ਨੂੰ ਫੋਰ ਲੇਨ ਦਾ ਬਣਾਉਣਾ, ਨੈਸ਼ਨਲ ਹਾਈਵੇਅਜ਼ 81 ਦੇ ਮੀਨਸੁਰੂੱਟੀ –ਚਿਦੰਬਰਮ ਸੈਕਸ਼ਨ ਨੂੰ ਟੂ-ਲੇਨ ਦਾ ਬਣਾਉਣਾ, ਨੈਸ਼ਨਲ ਹਾਈਵੇਅਜ਼ 83 ਦੇ ਉੱਡਨਚਤ੍ਰਮ –ਮਦਾਥੁਕੁਲਮ ਸੈਕਸ਼ਨ ਨੂੰ ਫੋਰ ਲੇਨ ਦਾ ਬਣਾਉਣਾ ਅਤੇ ਨੈਸ਼ਨਲ ਹਾਈਵੇਅਜ਼ 83 ਦੇ ਨਾਗਪੱਟੀਨਮ-ਤੰਜਾਵੁਰ ਸੈਕਸ਼ਨ ਨੂੰ ਪੇਵਡ ਸੋਲਡਰਸ ਦੇ ਨਾਲ ਟੂ ਲੇਨ ਬਣਾਉਣਾ ਸ਼ਾਮਲ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਕਨੈਕਟੀਵਿਟੀ ਵਿੱਚ ਸੁਧਰ ਕਰਨਾ, ਯਾਤਰਾ ਦੇ ਸਮੇਂ ਨੂੰ ਘੱਟ ਕਰਨਾ, ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਉਣਾ ਅਤੇ ਖੇਤਰ ਵਿੱਚ ਤੀਰਥ ਯਾਤਰਾਵਾਂ ਨੂੰ ਸੁਵਿਧਾਜਨਕ ਬਣਾਉਣਾ ਹੈ।
Today, Tamil Nadu is writing a new chapter of progress in Thoothukudi.
— PMO India (@PMOIndia) February 28, 2024
Many projects are being inaugurated or having foundation stones laid: PM @narendramodi pic.twitter.com/Z8NsYdVfBM
Tamil Nadu will play a crucial role in India's journey of becoming a 'Viksit Bharat'. pic.twitter.com/9s9uno0nET
— PMO India (@PMOIndia) February 28, 2024
Today, the country is working with the 'whole of government' approach. pic.twitter.com/QNcRHViFIx
— PMO India (@PMOIndia) February 28, 2024