ਮੇਰੇ ਪਿਆਰੇ ਦੋਸਤ, ਪ੍ਰਧਾਨ ਮੰਤਰੀ ਸਕੌਟ ਮੌਰੀਸਨ,
ਦੋਸਤੋ,
ਨਮਸਕਾਰ!
ਭਾਰਤ ਦੇ ਲੋਕਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਉਦਘਾਟਨੀ ਸਿਡਨੀ ਡਾਇਲੌਗ ਵਿੱਚ ਮੁੱਖ ਭਾਸ਼ਣ ਦੇਣ ਲਈ ਸੱਦਾ ਦਿੱਤਾ ਹੈ। ਮੈਂ ਇਸਨੂੰ ਇੰਡੋ ਪੈਸੀਫਿਕ ਖੇਤਰ ਅਤੇ ਉੱਭਰ ਰਹੇ ਡਿਜੀਟਲ ਸੰਸਾਰ ਵਿੱਚ ਭਾਰਤ ਦੀ ਕੇਂਦਰੀ ਭੂਮਿਕਾ ਦੀ ਮਾਨਤਾ ਦੇ ਰੂਪ ਵਿੱਚ ਦੇਖਦਾ ਹਾਂ। ਇਹ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਰਣਨੀਤਕ ਭਾਈਵਾਲੀ ਲਈ ਇੱਕ ਸ਼ਰਧਾਂਜਲੀ ਵੀ ਹੈ, ਜੋ ਕਿ ਇਸ ਖੇਤਰ ਅਤੇ ਵਿਸ਼ਵ ਦੀ ਬਿਹਤਰੀ ਦੀ ਸ਼ਕਤੀ ਹੈ। ਮੈਂ ਸਿਡਨੀ ਡਾਇਲੌਗ ਨੂੰ ਉੱਭਰ ਰਹੀਆਂ, ਮਹੱਤਵਪੂਰਨ ਅਤੇ ਸਾਈਬਰ ਟੈਕਨੋਲੋਜੀਆਂ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਲਈ ਵਧਾਈਆਂ ਦਿੰਦਾ ਹਾਂ।
ਦੋਸਤੋ,
ਅਸੀਂ ਬਦਲਾਅ ਦੇ ਸਮੇਂ ਵਿੱਚ ਹਾਂ ਜੋ ਕਿ ਯੁਗ ਵਿੱਚ ਇੱਕ ਵਾਰ ਵਾਪਰਦਾ ਹੈ। ਡਿਜੀਟਲ ਯੁਗ ਸਾਡੇ ਆਸ ਪਾਸ ਦੇ ਸਭ ਕੁਝ ਨੂੰ ਬਦਲ ਰਿਹਾ ਹੈ। ਇਸ ਨੇ ਰਾਜਨੀਤੀ, ਅਰਥਵਿਵਸਥਾ ਅਤੇ ਸਮਾਜ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਇਹ ਪ੍ਰਭੂਸੱਤਾ, ਸ਼ਾਸਨ, ਨੈਤਿਕਤਾ, ਕਾਨੂੰਨ, ਅਧਿਕਾਰਾਂ ਅਤੇ ਸੁਰੱਖਿਆ 'ਤੇ ਨਵੇਂ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ। ਇਹ ਅੰਤਰਰਾਸ਼ਟਰੀ ਮੁਕਾਬਲੇ, ਸ਼ਕਤੀ ਅਤੇ ਲੀਡਰਸ਼ਿਪ ਨੂੰ ਨਵਾਂ ਰੂਪ ਦੇ ਰਿਹਾ ਹੈ। ਇਸ ਨੇ ਪ੍ਰਗਤੀ ਅਤੇ ਸਮ੍ਰਿੱਧੀ ਦੇ ਅਵਸਰਾਂ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਪਰ, ਅਸੀਂ ਸਮੁੰਦਰੀ ਤਲ ਤੋਂ ਲੈ ਕੇ ਸਾਈਬਰ ਤੋਂ ਪੁਲਾੜ ਤੱਕ ਕਈ ਤਰ੍ਹਾਂ ਦੇ ਖਤਰਿਆਂ ਵਿੱਚ ਨਵੇਂ ਜੋਖਮਾਂ ਅਤੇ ਸੰਘਰਸ਼ਾਂ ਦੇ ਨਵੇਂ ਰੂਪਾਂ ਦਾ ਵੀ ਸਾਹਮਣਾ ਕਰਦੇ ਹਾਂ। ਟੈਕਨੋਲੋਜੀ ਪਹਿਲਾਂ ਹੀ ਵਿਸ਼ਵ ਪੱਧਰੀ ਮੁਕਾਬਲੇ ਦਾ ਇੱਕ ਵੱਡਾ ਸਾਧਨ ਬਣ ਚੁੱਕੀ ਹੈ ਅਤੇ ਭਵਿੱਖ ਦੀ ਅੰਤਰਰਾਸ਼ਟਰੀ ਵਿਵਸਥਾ ਨੂੰ ਰੂਪ ਦੇਣ ਦੀ ਕੁੰਜੀ ਬਣ ਚੁੱਕੀ ਹੈ। ਟੈਕਨੋਲੋਜੀ ਅਤੇ ਡੇਟਾ ਨਵੇਂ ਹਥਿਆਰ ਬਣ ਰਹੇ ਹਨ। ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਖੁੱਲ੍ਹਾਪਣ ਹੈ। ਇਸਦੇ ਨਾਲ ਹੀ, ਸਾਨੂੰ ਕੁਝ ਸੁਆਰਥੀ ਹਿੱਤਾਂ ਨੂੰ ਇਸ ਖੁੱਲ੍ਹੇਪਣ ਦੀ ਦੁਰਵਰਤੋਂ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ।
ਦੋਸਤੋ,
ਇੱਕ ਲੋਕਤੰਤਰ ਅਤੇ ਇੱਕ ਡਿਜੀਟਲ ਲੀਡਰ ਦੇ ਰੂਪ ਵਿੱਚ, ਭਾਰਤ ਸਾਡੀ ਸਾਂਝੀ ਸਮ੍ਰਿਧੀ ਅਤੇ ਸੁਰੱਖਿਆ ਲਈ ਭਾਈਵਾਲਾਂ ਨਾਲ ਕੰਮ ਕਰਨ ਲਈ ਤਿਆਰ ਹੈ। ਭਾਰਤ ਦੀ ਡਿਜੀਟਲ ਕ੍ਰਾਂਤੀ ਦੀ ਜੜ੍ਹ ਸਾਡੇ ਲੋਕਤੰਤਰ, ਸਾਡੇ ਜਨ ਅੰਕਣ ਅਤੇ ਸਾਡੀ ਅਰਥਵਿਵਸਥਾ ਦੇ ਪੈਮਾਨੇ ਵਿੱਚ ਸਥਿਤ ਹੈ। ਇਹ ਸਾਡੇ ਨੌਜਵਾਨਾਂ ਦੇ ਉੱਦਮ ਅਤੇ ਇਨੋਵੇਸ਼ਨ ਦੁਆਰਾ ਸੰਚਾਲਿਤ ਹੈ। ਅਸੀਂ ਅਤੀਤ ਦੀਆਂ ਚੁਣੌਤੀਆਂ ਨੂੰ ਭਵਿੱਖ ਵਿੱਚ ਛਲਾਂਗ ਮਾਰਨ ਦੇ ਮੌਕੇ ਵਿੱਚ ਬਦਲ ਰਹੇ ਹਾਂ। ਭਾਰਤ ਵਿੱਚ ਪੰਜ ਮਹੱਤਵਪੂਰਨ ਤਬਦੀਲੀਆਂ ਹੋ ਰਹੀਆਂ ਹਨ। ਇੱਕ, ਅਸੀਂ ਦੁਨੀਆ ਦਾ ਸਭ ਤੋਂ ਵਿਆਪਕ ਜਨਤਕ ਸੂਚਨਾ ਬੁਨਿਆਦੀ ਢਾਂਚਾ ਬਣਾ ਰਹੇ ਹਾਂ। 1.3 ਬਿਲੀਅਨ ਤੋਂ ਵੱਧ ਭਾਰਤੀਆਂ ਦੀ ਇੱਕ ਵਿਲੱਖਣ ਡਿਜੀਟਲ ਪਹਿਚਾਣ ਹੈ। ਅਸੀਂ ਛੇ ਲੱਖ ਪਿੰਡਾਂ ਨੂੰ ਬ੍ਰੌਡਬੈਂਡ ਨਾਲ ਜੋੜਨ ਦੇ ਰਾਹ 'ਤੇ ਹਾਂ। ਅਸੀਂ ਦੁਨੀਆ ਦਾ ਸਭ ਤੋਂ ਦਕਸ਼ ਭੁਗਤਾਨ ਬੁਨਿਆਦੀ ਢਾਂਚਾ, ਯੂਪੀਆਈ (UPI) ਬਣਾਇਆ ਹੈ। 800 ਮਿਲੀਅਨ ਤੋਂ ਵੱਧ ਭਾਰਤੀ ਇੰਟਰਨੈਟ ਦੀ ਵਰਤੋਂ ਕਰਦੇ ਹਨ; 750 ਮਿਲੀਅਨ ਸਮਾਰਟ ਫੋਨ 'ਤੇ ਹਨ। ਅਸੀਂ ਪ੍ਰਤੀ ਵਿਅਕਤੀ ਡੇਟਾ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹਾਂ ਅਤੇ ਸਾਡੇ ਪਾਸ ਦੁਨੀਆ ਵਿੱਚ ਸਭ ਤੋਂ ਸਸਤਾ ਡੇਟਾ ਹੈ। ਦੋ, ਅਸੀਂ ਸ਼ਾਸਨ, ਸ਼ਮੂਲੀਅਤ, ਸਸ਼ਕਤੀਕਰਨ, ਸੰਪਰਕ, ਲਾਭਾਂ ਦੀ ਡਿਲਿਵਰੀ ਅਤੇ ਕਲਿਆਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰਕੇ ਲੋਕਾਂ ਦੇ ਜੀਵਨ ਨੂੰ ਬਦਲ ਰਹੇ ਹਾਂ। ਹਰ ਕਿਸੇ ਨੇ ਭਾਰਤ ਦੇ ਵਿੱਤੀ ਸਮਾਵੇਸ਼, ਬੈਂਕਿੰਗ ਅਤੇ ਡਿਜੀਟਲ ਭੁਗਤਾਨ ਕ੍ਰਾਂਤੀ ਬਾਰੇ ਸੁਣਿਆ ਹੈ। ਹਾਲ ਹੀ ਵਿੱਚ, ਅਸੀਂ ਆਰੋਗਯਾਸੇਤੂ ਅਤੇ ਕੋਵਿਨ ਪਲੈਟਫਾਰਮਾਂ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਵਿਆਪਕ ਭੂਗੋਲ ਵਿੱਚ, ਟੀਕਿਆਂ ਦੀਆਂ 1.1 ਬਿਲੀਅਨ ਤੋਂ ਵੱਧ ਖੁਰਾਕਾਂ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਸਾਡੇ ਅਰਬਾਂ ਤੋਂ ਵੱਧ ਲੋਕਾਂ ਲਈ ਕਿਫ਼ਾਇਤੀ ਅਤੇ ਸਰਬਵਿਆਪਕ ਸਿਹਤ ਸੰਭਾਲ਼ ਲਈ ਅਸੀਂ ਇੱਕ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਵੀ ਬਣਾ ਰਹੇ ਹਾਂ। ਸਾਡਾ ਇੱਕ ਰਾਸ਼ਟਰ, ਇੱਕ ਕਾਰਡ ਦੇਸ਼ ਵਿੱਚ ਕਿਧਰੇ ਵੀ ਲੱਖਾਂ ਕਾਮਿਆਂ ਨੂੰ ਲਾਭ ਪ੍ਰਦਾਨ ਕਰੇਗਾ। ਤਿੰਨ, ਭਾਰਤ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸਟਾਰਟਅੱਪ ਈਕੋ-ਸਿਸਟਮ ਹੈ। ਨਵੇਂ ਯੂਨੀਕੌਰਨ ਹਰ ਕੁਝ ਹਫ਼ਤਿਆਂ ਵਿੱਚ ਸਾਹਮਣੇ ਆ ਰਹੇ ਹਨ। ਉਹ ਸਿਹਤ ਅਤੇ ਸਿੱਖਿਆ ਤੋਂ ਲੈ ਕੇ ਰਾਸ਼ਟਰੀ ਸੁਰੱਖਿਆ ਤੱਕ ਹਰ ਚੀਜ਼ ਦਾ ਸਮਾਧਾਨ ਪ੍ਰਦਾਨ ਕਰ ਰਹੇ ਹਨ।
ਚਾਰ, ਭਾਰਤ ਦੇ ਉਦਯੋਗ ਅਤੇ ਸੇਵਾ ਖੇਤਰ, ਇੱਥੋਂ ਤੱਕ ਕਿ ਖੇਤੀਬਾੜੀ, ਵੱਡੇ ਪੱਧਰ 'ਤੇ ਡਿਜੀਟਲ ਤਬਦੀਲੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ। ਅਸੀਂ ਸਵੱਛ ਊਰਜਾ ਪਰਿਵਰਤਨ, ਸੰਸਾਧਨਾਂ ਦੇ ਪਰਿਵਰਤਨ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਲਈ ਵੀ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ। ਪੰਜ, ਭਾਰਤ ਨੂੰ ਭਵਿੱਖ ਲਈ ਤਿਆਰ ਕਰਨ ਲਈ ਇੱਕ ਵੱਡੀ ਕੋਸ਼ਿਸ਼ ਜਾਰੀ ਹੈ। ਅਸੀਂ ਦੂਰਸੰਚਾਰ ਟੈਕਨੋਲੋਜੀ ਜਿਵੇਂ ਕਿ 5ਜੀ ਅਤੇ 6ਜੀ ਵਿੱਚ ਸਵਦੇਸ਼ੀ ਸਮਰੱਥਾ ਵਿਕਸਿਤ ਕਰਨ ਵਿੱਚ ਨਿਵੇਸ਼ ਕਰ ਰਹੇ ਹਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਿੱਚ ਭਾਰਤ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ, ਖਾਸ ਤੌਰ'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਾਨਵ-ਕੇਂਦ੍ਰਿਤ ਅਤੇ ਨੈਤਿਕ ਵਰਤੋਂ ਵਿੱਚ। ਅਸੀਂ ਕਲਾਉਡ ਪਲੇਟਫਾਰਮਾਂ ਅਤੇ ਕਲਾਉਡ ਕੰਪਿਊਟਿੰਗ ਵਿੱਚ ਮਜ਼ਬੂਤ ਸਮਰੱਥਾਵਾਂ ਵਿਕਸਿਤ ਕਰ ਰਹੇ ਹਾਂ।
ਇਹ ਲਚੀਲੇਪਣ ਅਤੇ ਡਿਜੀਟਲ ਪ੍ਰਭੂਸੱਤਾ ਦੀ ਕੁੰਜੀ ਹੈ। ਅਸੀਂ ਕੁਆਂਟਮ ਕੰਪਿਊਟਿੰਗ ਵਿੱਚ ਵਿਸ਼ਵ ਪੱਧਰੀ ਸਮਰੱਥਾਵਾਂ ਦਾ ਨਿਰਮਾਣ ਕਰ ਰਹੇ ਹਾਂ। ਭਾਰਤ ਦਾ ਪੁਲਾੜ ਪ੍ਰੋਗਰਾਮ ਸਾਡੀ ਅਰਥਵਿਵਸਥਾ ਅਤੇ ਸੁਰੱਖਿਆ ਦਾ ਅਹਿਮ ਹਿੱਸਾ ਹੈ। ਇਹ ਹੁਣ ਨਿਜੀ ਖੇਤਰ ਤੋਂ ਇਨੋਵੇਸ਼ਨ ਅਤੇ ਨਿਵੇਸ਼ ਲਈ ਖੁੱਲ੍ਹਾ ਹੈ। ਭਾਰਤ ਪਹਿਲਾਂ ਹੀ ਦੁਨੀਆ ਭਰ ਦੇ ਕਾਰਪੋਰੇਟਾਂ ਨੂੰ ਸਾਈਬਰ ਸੁਰੱਖਿਆ ਸਮਾਧਾਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਪ੍ਰਮੁੱਖ ਕੇਂਦਰ ਹੈ। ਅਸੀਂ ਭਾਰਤ ਨੂੰ ਸਾਈਬਰ ਸੁਰੱਖਿਆ ਲਈ ਇੱਕ ਗਲੋਬਲ ਹੱਬ ਬਣਾਉਣ ਲਈ ਆਪਣੇ ਉਦਯੋਗ ਨਾਲ ਇੱਕ ਟਾਸਕ ਫੋਰਸ ਦੀ ਸਥਾਪਨਾ ਕੀਤੀ ਹੈ। ਸਾਨੂੰ ਸਾਡੇ ਕੌਸ਼ਲ ਅਤੇ ਵਿਸ਼ਵ ਭਰੋਸੇ ਦਾ ਲਾਭ ਹੋਇਆ ਹੈ। ਅਤੇ ਹੁਣ, ਅਸੀਂ ਹਾਰਡਵੇਅਰ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਸੀਂ ਸੈਮੀ-ਕੰਡਕਟਰਾਂ ਦਾ ਮੁੱਖ ਨਿਰਮਾਤਾ ਬਣਨ ਲਈ ਪ੍ਰੋਤਸਾਹਨ ਦਾ ਇੱਕ ਪੈਕੇਜ ਤਿਆਰ ਕਰ ਰਹੇ ਹਾਂ। ਇਲੈਕਟ੍ਰੌਨਿਕਸ ਅਤੇ ਟੈਲੀਕੌਮ ਵਿੱਚ ਸਾਡੀਆਂ ਉਤਪਾਦਨ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਪਹਿਲਾਂ ਹੀ ਭਾਰਤ ਵਿੱਚ ਅਧਾਰ ਸਥਾਪਿਤ ਕਰਨ ਲਈ ਸਥਾਨਕ ਅਤੇ ਗਲੋਬਲ ਖਿਡਾਰੀਆਂ ਨੂੰ ਆਕਰਸ਼ਿਤ ਕਰ ਰਹੀਆਂ ਹਨ।
ਦੋਸਤੋ,
ਅੱਜ ਟੈਕਨੋਲੋਜੀ ਦਾ ਸਭ ਤੋਂ ਵੱਡਾ ਉਤਪਾਦ ਡੇਟਾ ਹੈ। ਭਾਰਤ ਵਿੱਚ, ਅਸੀਂ ਡੇਟਾ ਸੁਰੱਖਿਆ, ਗੋਪਨੀਅਤਾ ਅਤੇ ਸੁਰੱਖਿਆ ਦਾ ਇੱਕ ਮਜ਼ਬੂਤ ਫਰੇਮਵਰਕ ਬਣਾਇਆ ਹੈ। ਅਤੇ ਇਸ ਦੇ ਨਾਲ ਹੀ, ਅਸੀਂ ਲੋਕਾਂ ਦੇ ਸਸ਼ਕਤੀਕਰਣ ਦੇ ਇੱਕ ਸਰੋਤ ਵਜੋਂ ਡੇਟਾ ਦੀ ਵਰਤੋਂ ਕਰਦੇ ਹਾਂ। ਭਾਰਤ ਪਾਸ ਵਿਅਕਤੀਗਤ ਅਧਿਕਾਰਾਂ ਦੀ ਮਜ਼ਬੂਤ ਗਰੰਟੀ ਦੇ ਨਾਲ ਲੋਕਤਾਂਤਰਿਕ ਢਾਂਚੇ ਵਿੱਚ ਅਜਿਹਾ ਕਰਨ ਦਾ ਬੇਮਿਸਾਲ ਤਜ਼ਰਬਾ ਹੈ।
ਦੋਸਤੋ,
ਇੱਕ ਦੇਸ਼ ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰਦਾ ਹੈ, ਇਸ ਦੀਆਂ ਕਦਰਾਂ-ਕੀਮਤਾਂ ਅਤੇ ਵਿਜ਼ਨ ਨਾਲ ਜੁੜਿਆ ਹੋਇਆ ਹੈ। ਭਾਰਤ ਦੀਆਂ ਲੋਕਤੰਤਰੀ ਪਰੰਪਰਾਵਾਂ ਪੁਰਾਣੀਆਂ ਹਨ; ਇਸ ਦੀਆਂ ਆਧੁਨਿਕ ਸੰਸਥਾਵਾਂ ਮਜ਼ਬੂਤ ਹਨ। ਅਤੇ, ਅਸੀਂ ਹਮੇਸ਼ਾ ਇੱਕ ਪਰਿਵਾਰ ਦੇ ਰੂਪ ਵਿੱਚ ਦੁਨੀਆ ਵਿੱਚ ਵਿਸ਼ਵਾਸ ਕੀਤਾ ਹੈ। ਭਾਰਤ ਦੀ ਆਈਟੀ ਪ੍ਰਤਿਭਾ ਨੇ ਗਲੋਬਲ ਡਿਜੀਟਲ ਅਰਥਵਿਵਸਥਾ ਬਣਾਉਣ ਵਿੱਚ ਮਦਦ ਕੀਤੀ ਹੈ। ਇਸ ਨੇ ਵਾਈ2ਕੇ (Y2K) ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਕੀਤੀ। ਇਸਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਟੈਕਨੋਲੋਜੀਆਂ ਅਤੇ ਸੇਵਾਵਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਅੱਜ, ਅਸੀਂ ਆਪਣੇ ਕੋਵਿਨ (CoWin) ਪਲੈਟਫਾਰਮ ਨੂੰ ਪੂਰੀ ਦੁਨੀਆ ਨੂੰ ਮੁਫ਼ਤ ਵਿੱਚ ਪੇਸ਼ ਕੀਤਾ ਹੈ ਅਤੇ ਇਸਨੂੰ ਓਪਨ ਸੋਰਸ ਸੌਫਟਵੇਅਰ ਬਣਾਇਆ ਹੈ। ਜਨਤਾ ਦੇ ਭਲੇ, ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਣ ਲਈ ਟੈਕਨੋਲੋਜੀ ਅਤੇ ਨੀਤੀ ਦੀ ਵਰਤੋਂ ਨਾਲ ਭਾਰਤ ਦਾ ਵਿਸਤ੍ਰਿਤ ਅਨੁਭਵ ਵਿਕਾਸਸ਼ੀਲ ਦੇਸ਼ਾਂ ਲਈ ਬਹੁਤ ਮਦਦਗਾਰ ਹੋ ਸਕਦਾ ਹੈ। ਅਸੀਂ ਰਾਸ਼ਟਰਾਂ ਅਤੇ ਉਨ੍ਹਾਂ ਦੇ ਲੋਕਾਂ ਨੂੰ ਸਸ਼ਕਤ ਕਰਨ ਲਈ ਮਿਲ ਕੇ ਕੰਮ ਕਰ ਸਕਦੇ ਹਾਂ, ਅਤੇ ਉਨ੍ਹਾਂ ਨੂੰ ਇਸ ਸਦੀ ਦੇ ਅਵਸਰਾਂ ਲਈ ਤਿਆਰ ਕਰ ਸਕਦੇ ਹਾਂ। ਇਹ ਇਸ ਸੰਸਾਰ ਦੇ ਭਵਿੱਖ ਦੇ ਨਿਰਮਾਣ ਲਈ ਵੀ ਮਹੱਤਵਪੂਰਨ ਹੈ ਜੋ ਸਾਡੇ ਲੋਕਤੰਤਰੀ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਦਾ ਹੈ। ਇਹ ਸਾਡੀ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਸਮ੍ਰਿੱਧੀ ਜਿੰਨਾ ਹੀ ਮਹੱਤਵਪੂਰਨ ਹੈ।
ਦੋਸਤੋ,
ਇਸ ਲਈ, ਲੋਕਤੰਤਰਾਂ ਲਈ ਇਕੱਠੇ ਕੰਮ ਕਰਨਾ ਜ਼ਰੂਰੀ ਹੈ: ਭਵਿੱਖ ਦੀ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ ਵਿੱਚ ਇਕੱਠੇ ਨਿਵੇਸ਼ ਕਰਨ ਲਈ; ਭਰੋਸੇਮੰਦ ਮੈਨੂਫੈਕਚਰਿੰਗ ਬੇਸ ਅਤੇ ਭਰੋਸੇਮੰਦ ਸਪਲਾਈ ਚੇਨਾਂ ਨੂੰ ਵਿਕਸਿਤ ਕਰਨ ਲਈ; ਸਾਈਬਰ ਸੁਰੱਖਿਆ 'ਤੇ ਖੁਫ਼ੀਆ ਅਤੇ ਸੰਚਾਲਨ ਸਹਿਯੋਗ ਨੂੰ ਗਹਿਰਾ ਕਰਨ, ਮਹੱਤਵਪੂਰਨ ਜਾਣਕਾਰੀ ਦੇ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਲਈ; ਜਨਤਾ ਦੀ ਰਾਏ ਵਿੱਚ ਹੇਰਾਫੇਰੀ ਕੀਤੇ ਜਾਣ ਨੂੰ ਰੋਕਣ ਲਈ; ਸਾਡੀਆਂ ਲੋਕਤਾਂਤਰਿਕ ਕਦਰਾਂ-ਕੀਮਤਾਂ ਦੇ ਨਾਲ ਇਕਸਾਰ ਤਕਨੀਕੀ ਅਤੇ ਸ਼ਾਸਨ ਦੇ ਮਿਆਰਾਂ ਅਤੇ ਨਿਯਮਾਂ ਨੂੰ ਵਿਕਸਿਤ ਕਰਨ ਲਈ; ਅਤੇ, ਡੇਟਾ ਗਵਰਨੈੱਸ ਅਤੇ ਅੰਤਰ-ਸਰਹੱਦ ਦੇ ਪ੍ਰਵਾਹ ਲਈ ਮਿਆਰ ਅਤੇ ਮਾਪਦੰਡ ਬਣਾਉਣ ਲਈ ਜੋ ਡੇਟਾ ਦੀ ਰੱਖਿਆ ਅਤੇ ਸੁਰੱਖਿਅਤ ਕਰਦੇ ਹਨ। ਇਸ ਨੂੰ ਰਾਸ਼ਟਰੀ ਅਧਿਕਾਰਾਂ ਨੂੰ ਵੀ ਮਾਨਤਾ ਦੇਣੀ ਚਾਹੀਦੀ ਹੈ ਅਤੇ, ਉਸੇ ਸਮੇਂ, ਵਪਾਰ, ਨਿਵੇਸ਼ ਅਤੇ ਵੱਡੇ ਜਨਤਕ ਭਲੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਦਾਹਰਣ ਲਈ ਕ੍ਰਿਪਟੋ-ਕਰੰਸੀ ਜਾਂ ਬਿਟਕੋਇਨ ਲਓ। ਇਹ ਜ਼ਰੂਰੀ ਹੈ ਕਿ ਸਾਰੇ ਲੋਕਤੰਤਰੀ ਰਾਸ਼ਟਰ ਇਸ 'ਤੇ ਮਿਲ ਕੇ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਇਹ ਗ਼ਲਤ ਹੱਥਾਂ ਵਿੱਚ ਨਾ ਜਾਵੇ, ਜੋ ਸਾਡੀ ਜਵਾਨੀ ਨੂੰ ਖ਼ਰਾਬ ਕਰ ਸਕਦਾ ਹੈ।
ਦੋਸਤੋ,
ਅਸੀਂ ਚੋਣ ਦੇ ਇਤਿਹਾਸਿਕ ਪਲ 'ਤੇ ਹਾਂ। ਕੀ ਸਾਡੇ ਯੁਗ ਦੀ ਟੈਕਨੋਲੋਜੀ ਦੀਆਂ ਸਾਰੀਆਂ ਸ਼ਾਨਦਾਰ ਸ਼ਕਤੀਆਂ ਸਹਿਯੋਗ ਜਾਂ ਸੰਘਰਸ਼, ਜ਼ਬਰਦਸਤੀ ਜਾਂ ਪਸੰਦ, ਦਬਦਬਾ ਜਾਂ ਵਿਕਾਸ, ਉਤਪੀੜਨ ਜਾਂ ਅਵਸਰ ਦਾ ਸਾਧਨ ਹੋਣਗੀਆਂ। ਭਾਰਤ, ਆਸਟ੍ਰੇਲੀਆ ਅਤੇ ਇੰਡੋ ਪੈਸੀਫਿਕ ਖੇਤਰ ਅਤੇ ਇਸ ਤੋਂ ਪਰੇ ਦੇ ਸਾਡੇ ਭਾਈਵਾਲ ਸਾਡੇ ਸਮਿਆਂ ਦੀ ਪੁਕਾਰ ਨੂੰ ਸੁਣਦੇ ਹਨ। ਅਤੇ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਿਆਰ ਹਾਂ। ਮੈਨੂੰ ਭਰੋਸਾ ਹੈ ਕਿ ਸਿਡਨੀ ਡਾਇਲੌਗ ਇਸ ਯੁਗ ਲਈ ਸਾਡੀ ਭਾਈਵਾਲੀ ਨੂੰ ਆਕਾਰ ਦੇਣ ਅਤੇ ਸਾਡੇ ਰਾਸ਼ਟਰਾਂ ਅਤੇ ਵਿਸ਼ਵ ਦੇ ਭਵਿੱਖ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਾਡੀ ਮਦਦ ਕਰਨ ਲਈ ਇੱਕ ਸ਼ਾਨਦਾਰ ਪਲੈਟਫਾਰਮ ਹੋਵੇਗਾ।
ਤੁਹਾਡਾ ਧੰਨਵਾਦ।