ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ’ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ਗਾਹ ’ਤੇ ਆਯੋਜਿਤ ‘ਦੀਵਾਲੀ ਮਿਲਨ’ ਮੌਕੇ ‘ਪ੍ਰਧਾਨ ਮੰਤਰੀ ਦਫ਼ਤਰ’ (ਪੀਐੱਮਓ) ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਮੌਕੇ ਹਰੇਕ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਮਹਾਮਾਰੀ ਵਿਰੁੱਧ ਦੇਸ਼ ਦੀ ਜੰਗ ਬਾਰੇ ਵਿਚਾਰ–ਵਟਾਂਦਰਾ ਕੀਤਾ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬਿਨਾ ਚਿਹਰੇ ਵਾਲੇ ਦੁਸ਼ਮਣ ਨਾਲ ਲੜਦਿਆਂ ਦੇਸ਼ ਨੇ ਕਿਵੇਂ ਏਕਤਾ ਤੇ ਭਾਈਚਾਰੇ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਮਹਾਮਾਰੀ ਕਾਰਣ ਸਮਾਜ ਤੇ ਸ਼ਾਸਨ ’ਚ ਆਈਆਂ ਸਕਾਰਾਤਮਕ ਤਬਦੀਲੀਆਂ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਤਬਦੀਲੀਆਂ ਨੇ ਸਮਾਜਾਂ ਨੂੰ ਵਧੇਰੇ ਸਹਿਣਸ਼ੀਲ ਬਣਾ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਕਿਵੇਂ ਔਖੇ ਵੇਲੇ ਅਕਸਰ ਲੋਕਾਂ, ਪ੍ਰਕਿਰਿਆਵਾਂ ਤੇ ਸੰਸਥਾਨਾਂ ਵਿਚਲੀ ਪੁਸ਼ਤੈਨੀ ਸੰਭਾਵਨਾ ਸਾਕਾਰ ਹੋਣ ਲਗਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਇਸ ਭਾਵਨਾ ਤੋਂ ਪ੍ਰੇਰਨਾ ਲੈਣ ਦੀ ਸਲਾਹ ਦਿੱਤੀ।
ਇਸ ਦਹਾਕੇ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ 2047 ਤੇ ਉਸ ਤੋਂ ਅਗਾਂਹ ਲਈ ਰਾਸ਼ਟਰ ਹਿਤ ਵਿੱਚ ਮਜ਼ਬੂਤ ਨੀਂਹ ਰੱਖਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਭ ਨੂੰ ਪ੍ਰਧਾਨ ਮੰਤਰੀ ਦਫ਼ਤਰ ’ਚ ਇਕਜੁੱਟਤਾ ਨਾਲ ਪੂਰਾ ਤਾਣ ਲਾ ਕੇ ਕੰਮ ਕਰਨਾ ਚਾਹੀਦਾ ਹੈ ਤੇ ਮਹਾਨ ਸਿਖ਼ਰਾਂ ਤੱਕ ਪੁੱਜਣ ਵਿੱਚ ਰਾਸ਼ਟਰ ਦੀ ਮਦਦ ਕਰਨੀ ਚਾਹੀਦੀ ਹੈ।