ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਕਲਿਆਣ ਮਾਰਗ ਵਿਖੇ ਸਾਲ 2020 ਤੇ 2021 ਲਈ ਨਾਰੀ ਸ਼ਕਤੀ ਪੁਰਸਕਾਰ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਦਾ ਇੱਕ ਸੈਸ਼ਨ ਕੀਤਾ। ਇਹ ਗੱਲਬਾਤ ਪ੍ਰਧਾਨ ਮੰਤਰੀ ਦੁਆਰਾ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਕੀਤੇ ਨਿਰੰਤਰ ਪ੍ਰਯਤਨਾਂ ਦਾ ਇੱਕ ਹੋਰ ਪ੍ਰਮਾਣ ਸੀ।
ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਮਾਜ ਦੇ ਨਾਲ-ਨਾਲ ਦੇਸ਼ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਕੰਮ ਵਿੱਚ ਸੇਵਾ ਦੀ ਭਾਵਨਾ ਹੈ, ਉੱਥੇ ਹੀ ਉਨ੍ਹਾਂ ਦੇ ਕੰਮ ਵਿੱਚ ਜੋ ਗੱਲ ਸਾਫ਼ ਨਜ਼ਰ ਆਉਂਦੀ ਹੈ, ਉਹ ਹੈ ਇਨੋਵੇਸ਼ਨ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਖੇਤਰ ਅਜਿਹਾ ਨਹੀਂ ਹੈ, ਜਿੱਥੇ ਮਹਿਲਾਵਾਂ ਨੇ ਆਪਣੀ ਪਹਿਚਾਣ ਨਾ ਬਣਾਈ ਹੋਵੇ ਅਤੇ ਦੇਸ਼ ਦਾ ਨਾਮ ਰੋਸ਼ਨ ਨਾ ਕੀਤਾ ਹੋਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਦੀ ਸਮਰੱਥਾ ਨੂੰ ਸਾਕਾਰ ਕਰਨ ਹਿਤ ਕੰਮ ਕਰਨ ਲਈ ਪ੍ਰਤੀਬੱਧ ਹੈ ਅਤੇ ਅਜਿਹੀਆਂ ਨੀਤੀਆਂ ਘੜ ਰਹੀ ਹੈ ਜਿਸ ਰਾਹੀਂ ਅਜਿਹੀਆਂ ਸੰਭਾਵਨਾਵਾਂ ਦੀ ਪਹਿਚਾਣ ਕੀਤੀ ਜਾ ਸਕੇ। ਉਨ੍ਹਾਂ ਨੋਟ ਕੀਤਾ ਕਿ ਇਹ ਯਕੀਨੀ ਬਣਾਉਣਾ ਅਹਿਮ ਹੈ ਕਿ ਸਾਰੀਆਂ ਮਹਿਲਾਵਾਂ ਪਰਿਵਾਰਕ ਪੱਧਰ 'ਤੇ ਫ਼ੈਸਲੇ ਲੈਣ ਦਾ ਹਿੱਸਾ ਬਣਨ, ਜੋ ਕਿ ਉਨ੍ਹਾਂ ਦੇ ਆਰਥਿਕ ਸਸ਼ਕਤੀਕਰਣ ਦੇ ਨਤੀਜੇ ਵਜੋਂ ਚੱਲਣਗੀਆਂ।
ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੌਰਾਨ 'ਸਬਕਾ ਪ੍ਰਯਾਸ' 'ਤੇ ਸਰਕਾਰ ਦੇ ਫੋਕਸ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ‘ਵੋਕਲ ਫੌਰ ਲੋਕਲ’ ਜਿਹੇ ਸਰਕਾਰ ਦੇ ਪ੍ਰਯਤਨਾਂ ਦੀ ਸਫ਼ਲਤਾ ਮਹਿਲਾਵਾਂ ਦੇ ਯੋਗਦਾਨ 'ਤੇ ਨਿਰਭਰ ਕਰਦੀ ਹੈ।
ਪੁਰਸਕਾਰ ਜੇਤੂਆਂ ਨੇ ਉਨ੍ਹਾਂ ਨੂੰ ਅਜਿਹਾ ਮੰਚ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜਿੱਥੇ ਉਨ੍ਹਾਂ ਦੀ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਦੁਆਰਾ ਸੁਣੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਇੱਕ ਸੁਪਨਾ ਸੀ। ਉਨ੍ਹਾਂ ਸਰਕਾਰ ਦੀਆਂ ਪਹਿਲਾਂ ਦੀ ਸ਼ਲਾਘਾ ਕੀਤੀ, ਜੋ ਉਨ੍ਹਾਂ ਦੇ ਪ੍ਰਯਤਨਾਂ ਵਿੱਚ ਵੱਡੀ ਮਦਦ ਕਰ ਰਹੀਆਂ ਹਨ। ਉਨ੍ਹਾਂ ਆਪਣੇ ਹੁਣ ਤੱਕ ਦੇ ਸਫ਼ਰ ਅਤੇ ਉਨ੍ਹਾਂ ਦੁਆਰਾ ਕੀਤੇ ਕੰਮਾਂ ਬਾਰੇ ਵਿਸਤਾਰ ਵਿੱਚ ਗੱਲਬਾਤ ਕੀਤੀ। ਉਨ੍ਹਾਂ ਆਪਣੇ ਕਾਰਜ ਖੇਤਰ ਦੇ ਸਬੰਧ ’ਚ ਕਈ ਜਾਣਕਾਰੀਆਂ ਤੇ ਸੁਝਾਅ ਵੀ ਦਿੱਤੇ।