ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਏਸ਼ੀਅਨ ਪੈਰਾ ਗੇਮਸ ਦੇ ਭਾਰਤੀ ਦਲ ਨਾਲ ਗੱਲਬਾਤ ਕੀਤੀ ਅਤੇ ਸੰਬੋਧਨ ਕੀਤਾ। ਇਹ ਸਮਾਗਮ ਪ੍ਰਧਾਨ ਮੰਤਰੀ ਵੱਲੋਂ ਏਸ਼ੀਅਨ ਪੈਰਾ ਗੇਮਸ 2022 ਵਿੱਚ ਐਥਲੀਟਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦੇਣ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਪ੍ਰੇਰਿਤ ਕਰਨ ਦਾ ਇੱਕ ਯਤਨ ਹੈ।
ਪ੍ਰਧਾਨ ਮੰਤਰੀ ਨੇ ਪੈਰਾ-ਐਥਲੀਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨੂੰ ਮਿਲਣ ਅਤੇ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਉਤਸੁਕ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਵੀ ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਨਵੀਆਂ ਉਮੀਦਾਂ ਅਤੇ ਨਵਾਂ ਉਤਸ਼ਾਹ ਲਿਆਉਂਦੇ ਹੋ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਇੱਥੇ ਸਿਰਫ਼ ਇੱਕ ਚੀਜ਼ ਲਈ ਆਏ ਹਨ ਅਤੇ ਉਹ ਹੈ ਪੈਰਾ-ਐਥਲੀਟਾਂ ਨੂੰ ਉਨ੍ਹਾਂ ਦੀਆਂ ਸਫ਼ਲਤਾਵਾਂ ਲਈ ਵਧਾਈ ਦੇਣਾ। ਉਨ੍ਹਾਂ ਨੇ ਕਿਹਾ ਕਿ ਉਹ ਏਸ਼ੀਅਨ ਪੈਰਾ ਗੇਮਸ ਦੇ ਵਿਕਾਸ ਨੂੰ ਨੇੜਿਓਂ ਹੀ ਨਹੀਂ ਦੇਖ ਰਹੇ, ਸਗੋਂ ਇਸ ਨੂੰ ਜੀਅ ਵੀ ਰਹੇ ਸਨ। ਉਨ੍ਹਾਂ ਖਿਡਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਕੋਚਾਂ ਅਤੇ ਪਰਿਵਾਰਾਂ ਨੂੰ ਵੀ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਦੇਸ਼ ਦੇ 140 ਕਰੋੜ ਨਾਗਰਿਕਾਂ ਦੀ ਤਰਫੋਂ ਆਭਾਰ ਪ੍ਰਗਟ ਕੀਤਾ।
ਖੇਡਾਂ ਦੀ ਉੱਚ ਪ੍ਰਤੀਯੋਗੀ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਐਥਲੀਟਾਂ ਵਿੱਚ ਅੰਦਰੂਨੀ ਮੁਕਾਬਲੇ ਨੂੰ ਵੀ ਨੋਟ ਕੀਤਾ ਕਿਉਂਕਿ ਉਹ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਹਨ। ਉਨ੍ਹਾਂ ਐਥਲੀਟਾਂ ਦੇ ਉੱਚ ਪੱਧਰੀ ਅਭਿਆਸ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, "ਇੱਥੇ ਮੌਜੂਦ ਤੁਸੀਂ ਸਾਰੇ ਜਿੱਤੇ ਹੋ, ਕੁਝ ਤਜ਼ਰਬਿਆਂ ਤੋਂ ਸਮਝਦਾਰ ਹੋਏ ਹੋ, ਪਰ ਕੋਈ ਵੀ ਹਾਰਿਆ ਨਹੀਂ ਹੈ।" ਖੇਡਾਂ ਵਿੱਚ ਸ਼ਾਮਲ ਸਿੱਖਣ ਦੀ ਪ੍ਰਕਿਰਿਆ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਖੇਡਾਂ ਵਿੱਚ ਕੋਈ ਹਾਰ ਨਹੀਂ ਹੁੰਦੀ, ਸਿਰਫ਼ ਜਿੱਤ ਜਾਂ ਸਿੱਖਣਾ ਹੁੰਦਾ ਹੈ।" ਉਨ੍ਹਾਂ ਨੇ 140 ਕਰੋੜ ਨਾਗਰਿਕਾਂ ਵਿੱਚੋਂ ਚੁਣੇ ਜਾਣ ਨੂੰ ਪੈਰਾ-ਐਥਲੀਟਾਂ ਲਈ ਵੱਡੀ ਪ੍ਰਾਪਤੀ ਦੱਸਿਆ। ਕੁੱਲ 111 ਮੈਡਲਾਂ ਨਾਲ ਰਿਕਾਰਡ ਤੋੜ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀਮਾਨ ਮੋਦੀ ਨੇ ਕਿਹਾ, "ਤੁਹਾਡੀ ਸਫ਼ਲਤਾ ਪੂਰੇ ਦੇਸ਼ ਨੂੰ ਪ੍ਰੇਰਿਤ ਕਰਦੀ ਹੈ ਅਤੇ ਨਾਗਰਿਕਾਂ ਵਿੱਚ ਮਾਣ ਦੀ ਭਾਵਨਾ ਵੀ ਪੈਦਾ ਕਰਦੀ ਹੈ।"
ਐਥਲੀਟਾਂ ਦੇ ਰਿਕਾਰਡ ਤੋੜ ਪ੍ਰਦਰਸ਼ਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਗੁਜਰਾਤ ਤੋਂ ਲੋਕ ਸਭਾ ਵਿੱਚ ਰਿਕਾਰਡ ਚੋਣ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਇਸੇ ਤਰ੍ਹਾਂ ਵਧਾਈ ਦਿੱਤੀ ਸੀ। ਉਨ੍ਹਾਂ ਕਿਹਾ, "ਇਹ 111 ਮੈਡਲ ਸਿਰਫ਼ ਇੱਕ ਨੰਬਰ ਨਹੀਂ, ਬਲਕਿ 140 ਕਰੋੜ ਸੁਪਨੇ ਹਨ।" ਉਨ੍ਹਾਂ ਕਿਹਾ ਕਿ ਇਹ ਸੰਖਿਆ 2014 ਵਿੱਚ ਜਿੱਤੇ ਗਏ ਮੈਡਲਾਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਵਧ ਹੈ ਜਦਕਿ ਸੋਨੇ ਦੇ ਮੈਡਲਾਂ ਦੀ ਗਿਣਤੀ ਦਸ ਗੁਣਾ ਵਧ ਹੈ ਅਤੇ ਭਾਰਤ ਮੈਡਲ ਸੂਚੀ ਵਿੱਚ 15ਵੇਂ ਸਥਾਨ ਤੋਂ ਚੋਟੀ ਦੇ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਖੇਡਾਂ ਦੇ ਖੇਤਰ ਵਿੱਚ ਭਾਰਤ ਦੀਆਂ ਤਾਜ਼ਾ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਕਿਹਾ, "ਪੈਰਾ ਏਸ਼ੀਅਨ ਗੇਮਸ ਵਿੱਚ ਤੁਹਾਡੀ ਸਫ਼ਲਤਾ ਸੋਨੇ 'ਤੇ ਸੁਹਾਗਾ ਹੈ।" ਉਨ੍ਹਾਂ ਅਗਸਤ ਵਿੱਚ ਬੁਡਾਪੇਸਟ ਵਿੱਚ ਹੋਈ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ, ਏਸ਼ੀਅਨ ਗੇਮਸ ਵਿੱਚ ਬੈਡਮਿੰਟਨ ਪੁਰਸ਼ ਟੀਮ ਦਾ ਪਹਿਲਾ ਗੋਲਡ ਮੈਡਲ, ਟੇਬਲ ਟੈਨਿਸ ਵਿੱਚ ਮਹਿਲਾ ਜੋੜੀ ਦਾ ਪਹਿਲਾ ਮੈਡਲ, ਪੁਰਸ਼ ਬੈਡਮਿੰਟਨ ਟੀਮ ਦੀ ਥੌਮਸ ਕੱਪ ਜਿੱਤ, ਏਸ਼ੀਅਨ ਗੇਮਸ ਵਿੱਚ 28 ਗੋਲਡ ਸਮੇਤ ਰਿਕਾਰਡ 107 ਤਮਗੇ ਅਤੇ ਏਸ਼ੀਅਨ ਪੈਰਾ ਗੇਮਸ ਵਿੱਚ ਸਭ ਤੋਂ ਸਫ਼ਲ ਮੈਡਲ ਸੂਚੀ ਦਾ ਜ਼ਿਕਰ ਕੀਤਾ।
ਪੈਰਾ ਗੇਮਸ ਦੀ ਵਿਸ਼ੇਸ਼ ਪ੍ਰਕਿਰਤੀ ਨੂੰ ਪਹਿਚਾਣਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਦਿਵਿਯਾਂਗ ਵਿਅਕਤੀ ਦੁਆਰਾ ਖੇਡਾਂ ਵਿੱਚ ਜਿੱਤ ਨਾ ਸਿਰਫ਼ ਖੇਡਾਂ ਵਿੱਚ ਇੱਕ ਪ੍ਰੇਰਣਾ ਹੈ, ਬਲਕਿ ਇਹ ਜੀਵਨ ਵਿੱਚ ਇੱਕ ਪ੍ਰੇਰਨਾ ਵੀ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, "ਤੁਹਾਡਾ ਪ੍ਰਦਰਸ਼ਨ ਕਿਸੇ ਵੀ ਵਿਅਕਤੀ ਨੂੰ ਨਵੀਂ ਊਰਜਾ ਨਾਲ ਭਰ ਸਕਦਾ ਹੈ, ਭਾਵੇਂ ਉਹ ਕਿੰਨਾ ਵੀ ਉਦਾਸ ਕਿਉਂ ਨਾ ਹੋਵੇ।" ਪ੍ਰਧਾਨ ਮੰਤਰੀ ਨੇ ਇੱਕ ਖੇਡ ਸਮਾਜ ਅਤੇ ਖੇਡ ਸੱਭਿਆਚਾਰ ਦੇ ਰੂਪ ਵਿੱਚ ਭਾਰਤ ਵਿੱਚ ਹੋਈ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ 2030 ਯੂਥ ਓਲੰਪਿਕ ਅਤੇ 2036 ਓਲੰਪਿਕ ਦੇ ਆਯੋਜਨ ਦੀ ਕੋਸ਼ਿਸ਼ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਕੋਈ ਸ਼ੌਰਟਕੱਟ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਆਪਣੀ ਕਾਬਲੀਅਤ 'ਤੇ ਨਿਰਭਰ ਕਰਦੇ ਹਨ ਪਰ ਜੇਕਰ ਥੋੜ੍ਹੀ ਜਿਹੀ ਮਦਦ ਕੀਤੀ ਜਾਵੇ ਤਾਂ ਇਸ ਦਾ ਕਈ ਗੁਣਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਪਰਿਵਾਰਾਂ, ਸਮਾਜ, ਸੰਸਥਾਵਾਂ ਅਤੇ ਹੋਰ ਸਹਾਇਕ ਵਾਤਾਵਰਣ ਪ੍ਰਣਾਲੀਆਂ ਦੇ ਸਮੂਹਿਕ ਸਮਰਥਨ ਦੀ ਮੰਗ ਕੀਤੀ। ਉਨ੍ਹਾਂ ਪਰਿਵਾਰਾਂ ਵਿੱਚ ਖੇਡਾਂ ਪ੍ਰਤੀ ਬਦਲਦੇ ਨਜ਼ਰੀਏ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਪਹਿਲਾਂ ਦੇ ਉਲਟ, ਸਮਾਜ ਨੇ ਹੁਣ ਖੇਡਾਂ ਨੂੰ ਇੱਕ ਪੇਸ਼ੇ ਵਜੋਂ ਮਾਨਤਾ ਦੇਣਾ ਸ਼ੁਰੂ ਕਰ ਦਿੱਤਾ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਸਰਕਾਰਾਂ ਦਾ ਰਵੱਈਆ 'ਸਰਕਾਰ ਲਈ ਐਥਲੀਟ' ਸੀ, ਇਸ ਦੀ ਬਜਾਏ ਮੌਜੂਦਾ ਸਰਕਾਰ ਨੇ 'ਐਥਲੀਟਾਂ ਲਈ ਸਰਕਾਰ' ਵਾਲਾ ਰਵੱਈਆ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਐਥਲੀਟਾਂ ਦੀ ਸਫ਼ਲਤਾ ਲਈ ਸਰਕਾਰ ਦੀ ਇਸ ਸੰਵੇਦਨਸ਼ੀਲਤਾ ਨੂੰ ਸਿਹਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਐਥਲੀਟਾਂ ਦੇ ਸੁਪਨਿਆਂ ਅਤੇ ਸੰਘਰਸ਼ਾਂ ਨੂੰ ਪਛਾਣ ਲੈਂਦੀ ਹੈ ਤਾਂ ਇਸ ਦਾ ਪ੍ਰਭਾਵ ਇਸ ਦੀਆਂ ਨੀਤੀਆਂ, ਰਵੱਈਏ ਅਤੇ ਸੋਚ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਵੱਲੋਂ ਐਥਲੀਟਾਂ ਲਈ ਨੀਤੀਆਂ, ਬੁਨਿਆਦੀ ਢਾਂਚੇ, ਕੋਚਿੰਗ ਸਹੂਲਤਾਂ ਅਤੇ ਵਿੱਤੀ ਸਹਾਇਤਾ ਦੀ ਘਾਟ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਸਫਲਤਾ ਪ੍ਰਾਪਤੀ ਵਿੱਚ ਇੱਕ ਵੱਡੀ ਰੁਕਾਵਟ ਬਣ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਦੇਸ਼ ਪੁਰਾਣੀ ਵਿਵਸਥਾ ਅਤੇ ਨਜ਼ਰੀਏ ਤੋਂ ਬਾਹਰ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੱਖ-ਵੱਖ ਐਥਲੀਟਾਂ 'ਤੇ 4-5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਸਰਕਾਰ ਦੀ ਪਹੁੰਚ ਐਥਲੀਟ-ਕੇਂਦ੍ਰਿਤ ਹੈ।" ਉਨ੍ਹਾਂ ਨੇ ਕਿਹਾ ਕਿ ਸਰਕਾਰ ਰੁਕਾਵਟਾਂ ਨੂੰ ਦੂਰ ਕਰਕੇ ਉਨ੍ਹਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ। ਖੇਲੋ ਇੰਡੀਆ ਸਕੀਮ ਦਾ ਹਵਾਲਾ ਦਿੰਦੇ ਹੋਏ, ਜਿਸ ਨੇ ਹੇਠਲੇ ਪੱਧਰ 'ਤੇ ਐਥਲੀਟਾਂ ਦੀ ਪਛਾਣ ਕਰਕੇ ਅਤੇ ਉਨ੍ਹਾਂ ਦੀ ਪ੍ਰਤਿਭਾ ਦਾ ਪਾਲਣ ਪੋਸ਼ਣ ਕਰਕੇ ਸਫ਼ਲਤਾ ਪ੍ਰਾਪਤ ਕੀਤੀ ਹੈ, ਪ੍ਰਧਾਨ ਮੰਤਰੀ ਨੇ ਕਿਹਾ, "ਯੋਗਤਾ ਪਲੱਸ ਪਲੈਟਫਾਰਮ, ਪ੍ਰਦਰਸ਼ਨ ਦੇ ਬਰਾਬਰ ਹੈ। ਜਦੋਂ ਕਾਬਲੀਅਤ ਨੂੰ ਉਹ ਮੰਚ ਮਿਲਦਾ ਹੈ ਜਿਸ ਦਾ ਉਹ ਹੱਕਦਾਰ ਹੁੰਦਾ ਹੈ, ਤਾਂ ਪ੍ਰਦਰਸ਼ਨ ਨੂੰ ਬਹੁਤ ਹੁਲਾਰਾ ਮਿਲਦਾ ਹੈ।” ਉਨ੍ਹਾਂ ਟੌਪਸ ਪਹਿਲਾਂ ਅਤੇ ਇੱਕ ਅਪੰਗਤਾ ਖੇਡ ਸਿਖਲਾਈ ਕੇਂਦਰ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਐਥਲੀਟਾਂ ਦਾ ਅਦਭੁਤ ਸਾਹਸ ਦੇਸ਼ ਲਈ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਦੁੱਤੀ ਰੁਕਾਵਟਾਂ ਨੂੰ ਪਾਰ ਕੀਤਾ ਹੈ। ਇਹ ਪ੍ਰੇਰਨਾ ਹਰ ਜਗ੍ਹਾ ਸਵੀਕਾਰ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਪੈਰਾ-ਐਥਲੀਟਾਂ ਦੀ ਪ੍ਰਸ਼ੰਸਾ ਦਾ ਜ਼ਿਕਰ ਕੀਤਾ। ਪੈਰਾ ਐਥਲੀਟਾਂ ਤੋਂ ਸਮਾਜ ਦਾ ਹਰ ਵਰਗ ਪ੍ਰੇਰਣਾ ਲੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹਰ ਟੂਰਨਾਮੈਂਟ ਵਿੱਚ ਤੁਹਾਡੀ ਭਾਗੀਦਾਰੀ ਇਨਸਾਨੀ ਸੁਪਨਿਆਂ ਦੀ ਜਿੱਤ ਹੈ। ਇਹ ਤੁਹਾਡੀ ਸਭ ਤੋਂ ਵੱਡੀ ਵਿਰਾਸਤ ਹੈ। ਅਤੇ ਇਸ ਲਈ ਮੈਨੂੰ ਭਰੋਸਾ ਹੈ ਕਿ ਤੁਸੀਂ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਦੇ ਰਹੋਗੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹੋਗੇ। ਸਾਡੀ ਸਰਕਾਰ ਤੁਹਾਡੇ ਨਾਲ ਹੈ, ਦੇਸ਼ ਤੁਹਾਡੇ ਨਾਲ ਹੈ।"
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾ ਦੀ ਸ਼ਕਤੀ ਨੂੰ ਦੁਹਰਾਉਂਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇੱਕ ਰਾਸ਼ਟਰ ਵਜੋਂ ਅਸੀਂ ਕਿਸੇ ਵੀ ਪ੍ਰਾਪਤੀ 'ਤੇ ਨਹੀਂ ਰੁਕਦੇ ਅਤੇ ਨਾ ਹੀ ਆਪਣੀਆਂ ਪ੍ਰਾਪਤੀਆਂ 'ਤੇ ਟਿਕਦੇ ਆਰਾਮ ਕਰਦੇ ਹਾਂ। ਉਨ੍ਹਾਂ ਨੇ ਕਿਹਾ, "ਅਸੀਂ ਚੋਟੀ ਦੀਆਂ 5 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਗਏ ਹਾਂ। ਮੈਂ ਦ੍ਰਿੜ੍ਹਤਾ ਨਾਲ ਕਹਿੰਦਾ ਹਾਂ ਕਿ ਅਸੀਂ ਇਸ ਦਹਾਕੇ ਵਿੱਚ ਹੀ ਚੋਟੀ ਦੀਆਂ 3 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਵਾਂਗੇ ਅਤੇ 2047 ਵਿੱਚ ਇਹ ਦੇਸ਼ ਵਿਕਸਿਤ ਭਾਰਤ ਬਣ ਜਾਵੇਗਾ।"
ਇਸ ਮੌਕੇ 'ਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਦੀਪਾ ਮਲਿਕ, ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਮੌਜੂਦ ਸਨ।
ਪਿਛੋਕੜ
ਭਾਰਤ ਨੇ ਏਸ਼ੀਅਨ ਪੈਰਾ ਗੇਮਸ 2022 ਵਿੱਚ 29 ਗੋਲਡ ਮੈਡਲਾਂ ਸਮੇਤ ਕੁੱਲ 111 ਮੈਡਲ ਜਿੱਤੇ। ਏਸ਼ੀਅ ਪੈਰਾ ਗੇਮਜ਼ 2022 ਵਿੱਚ ਸਮੁੱਚੇ ਮੈਡਲਾਂ ਦੀ ਗਿਣਤੀ ਵਿੱਚ ਪਿਛਲੇ ਸਰਵੋਤਮ ਪ੍ਰਦਰਸ਼ਨ (2018 ਵਿੱਚ) ਦੇ ਮੁਕਾਬਲੇ 54% ਦਾ ਵਾਧਾ ਹੋਇਆ ਹੈ ਅਤੇ 29 ਗੋਲਡ ਮੈਡਲਾਂ ਦੀ ਮੌਜੂਦਾ ਗਿਣਤੀ 2018 ਦੇ ਮੁਕਾਬਲੇ ਲਗਭਗ ਦੁੱਗਣੀ ਹੈ।
ਇਸ ਸਮਾਗਮ ਵਿੱਚ ਐਥਲੀਟ, ਉਨ੍ਹਾਂ ਦੇ ਕੋਚ, ਭਾਰਤੀ ਪੈਰਾਲੰਪਿਕ ਕਮੇਟੀ ਅਤੇ ਭਾਰਤੀ ਓਲੰਪਿਕ ਯੂਨੀਅਨ ਦੇ ਅਧਿਕਾਰੀ, ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਦੇ ਨੁਮਾਇੰਦੇ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਹੋਏ।
Achieving a total of 111 medals at the Asian Para Games is truly a remarkable accomplishment worth celebrating. pic.twitter.com/RjtCqcV96O
— PMO India (@PMOIndia) November 1, 2023
Your performance has left the entire nation thrilled: PM @narendramodi to Indian contingent for Asian Para Games pic.twitter.com/DptI3tRiJM
— PMO India (@PMOIndia) November 1, 2023
Nowadays, sports is also being accepted as a profession. pic.twitter.com/DZg9aCah5Z
— PMO India (@PMOIndia) November 1, 2023
Our Government's approach is athlete centric: PM @narendramodi pic.twitter.com/StqsblJY0D
— PMO India (@PMOIndia) November 1, 2023