



ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਲੋਕ ਕਲਿਆਣ ਮਾਰਗ ਵਿਖੇ ਆਪਣੇ ਨਿਵਾਸ ਸਥਾਨ 'ਤੇ ਦਾਊਦੀ ਬੋਹਰਾ ਭਾਈਚਾਰੇ ਦੇ ਮੈਂਬਰਾਂ ਦੇ ਇੱਕ ਵਫ਼ਦ ਨਾਲ ਗੱਲਬਾਤ ਕੀਤੀ।
ਵਫ਼ਦ ਵਿੱਚ ਕਾਰੋਬਾਰੀ ਨੇਤਾ, ਪੇਸ਼ੇਵਰ, ਡਾਕਟਰ, ਸਿੱਖਿਅਕ ਅਤੇ ਦਾਊਦੀ ਬੋਹਰਾ ਭਾਈਚਾਰੇ ਦੇ ਵੱਖ-ਵੱਖ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸੰਘਰਸ਼ਾਂ ਬਾਰੇ ਦੱਸਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਭਾਈਚਾਰੇ ਦੇ ਮੈਂਬਰਾਂ ਦੀਆਂ ਜਾਇਦਾਦਾਂ 'ਤੇ ਵਕਫ਼ ਨੇ ਗਲਤ ਦਾਅਵਾ ਕੀਤਾ। ਉਨ੍ਹਾਂ ਨੇ ਵਕਫ਼ ਸੰਸ਼ੋਧਨ ਐਕਟ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਲੰਬੇ ਸਮੇਂ ਤੋਂ ਉਨ੍ਹਾਂ ਦੀ ਮੰਗ ਸੀ।
ਉਨ੍ਹਾਂ ਨੇ ਦਾਊਦੀ ਬੋਹਰਾ ਭਾਈਚਾਰੇ ਨਾਲ ਪ੍ਰਧਾਨ ਮੰਤਰੀ ਦੇ ਲੰਬੇ ਸਮੇਂ ਤੋਂ ਚੱਲ ਰਹੇ ਵਿਸ਼ੇਸ਼ ਸਬੰਧਾਂ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਸਕਾਰਾਤਮਕ ਕੰਮਾਂ ਬਾਰੇ ਚਰਚਾ ਕੀਤੀ। ਆਪਣੇ ਭਾਈਚਾਰੇ ਲਈ ਐਕਟ ਦੇ ਲਾਭਾਂ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਹ ਐਕਟ ਨਾ ਸਿਰਫ਼ ਘੱਟ ਗਿਣਤੀਆਂ ਲਈ ਸਗੋਂ ਘੱਟ ਗਿਣਤੀਆਂ ਦੇ ਅੰਦਰ ਘੱਟ ਗਿਣਤੀਆਂ ਦੇ ਲਾਭਾਂ ਲਈ ਲਿਆਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਉਨ੍ਹਾਂ ਦੀ ਪਹਿਚਾਣ ਨੂੰ ਵਧਣ-ਫੁੱਲਣ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ, ਉਹ ਸਮਾਵੇਸ਼ ਦੀ ਭਾਵਨਾ ਮਹਿਸੂਸ ਕਰਦੇ ਹਨ।
ਪ੍ਰਧਾਨ ਮੰਤਰੀ ਦੇ ਵਰ੍ਹੇ 2047 ਤੱਕ ਵਿਕਸਿਤ ਭਾਰਤ ਦੀ ਕਲਪਨਾ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਭਾਰਤ ਨੂੰ ਵਿਕਸਿਤ ਬਣਾਉਣ ਦੀ ਦਿਸ਼ਾ ਵਿੱਚ ਪ੍ਰਤੀਨਬੱਧਤਾ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਦੀ ਲੀਡਰਸ਼ਿਪ ਦੀ ਵੀ ਪ੍ਰਸ਼ੰਸਾ ਕੀਤੀ ਜੋ ਇਸ ਪਹਿਲੂ 'ਤੇ ਕੇਂਦ੍ਰਿਤ ਹੈ ਕਿ ਸੱਚਾ ਵਿਕਾਸ ਲੋਕਾਂ ‘ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਆਤਮਨਿਰਭਰ ਭਾਰਤ, ਐੱਮਐੱਸਐੱਮਈ ਆਦਿ ਦੇ ਸਮਰਥਨ ਜਿਹੀਆਂ ਕਈ ਪ੍ਰਮੁੱਖ ਪਹਿਲਕਦਮੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਖਾਸ ਕਰਕੇ ਛੋਟੇ ਕਾਰੋਬਾਰਾਂ ਲਈ ਬਹੁਤ ਮਦਦਗਾਰ ਰਹੀਆਂ ਹਨ। ਉਨ੍ਹਾਂ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਹੋਰ ਉਪਾਵਾਂ ਦੀ ਵੀ ਪ੍ਰਸ਼ੰਸਾ ਕੀਤੀ।
ਪ੍ਰਧਾਨ ਮੰਤਰੀ ਨੇ ਵਕਫ਼ ਸੰਸ਼ੋਧਨ ਐਕਟ ਨੂੰ ਲਿਆਉਣ ਦੇ ਪਿੱਛੇ ਵਰ੍ਹਿਆਂ ਦੀ ਮਿਹਨਤ ਬਾਰੇ ਦੱਸਿਆ। ਉਨ੍ਹਾਂ ਨੇ ਵਕਫ਼ ਦੇ ਕਾਰਨ ਲੋਕਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਇਸ ਐਕਟ ਨੂੰ ਲਿਆਉਣ ਦੇ ਪਿੱਛੇ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਪ੍ਰਚਲਿਤ ਪ੍ਰਣਾਲੀ ਤੋਂ ਸਭ ਤੋਂ ਵੱਧ ਮਹਿਲਾਵਾਂ, ਵਿਸ਼ੇਸ਼ ਤੌਰ ‘ਤੇ ਵਿਧਵਾਵਾਂ ਪੀੜ੍ਹਤ ਸਨ।
ਪ੍ਰਧਾਨ ਮੰਤਰੀ ਨੇ ਦਾਊਦੀ ਬੋਹਰਾ ਭਾਈਚਾਰੇ ਦੇ ਮੈਂਬਰਾਂ ਨਾਲ ਆਪਣੇ ਮਜ਼ਬੂਤ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਸਮਾਜਿਕ ਭਲਾਈ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਭਾਈਚਾਰੇ ਦੀ ਪਰੰਪਰਾ ਦੀ ਪ੍ਰਸ਼ੰਸਾ ਕੀਤੀ, ਜਿਸ ਨੂੰ ਉਨ੍ਹਾਂ ਨੇ ਵਰ੍ਹਿਆਂ ਤੋਂ ਦੇਖਿਆ ਹੈ। ਉਨ੍ਹਾਂ ਨੇ ਐਕਟ ਨੂੰ ਲਿਆਉਣ ਵਿੱਚ ਭਾਈਚਾਰੇ ਦੇ ਵਿਸ਼ੇਸ਼ ਯੋਗਦਾਨ 'ਤੇ ਵੀ ਚਾਨਣਾ ਪਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਵਕਫ਼ ਸੰਸ਼ੋਧਨ ਐਕਟ ਲਿਆਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਹੋਇਆ, ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨਾਲ ਇਸ ਬਾਰੇ ਚਰਚਾ ਕੀਤੀ, ਉਨ੍ਹਾਂ ਵਿੱਚੋਂ ਇੱਕ ਸਯਦਨਾ ਮੁਫੱਦਲ ਸੈਫੂਦੀਨ (Syedna Mufaddal Saifuddin) ਸਨ, ਜਿਨ੍ਹਾਂ ਨੇ ਐਕਟ ਦੀਆਂ ਵੱਖ-ਵੱਖ ਬਾਰੀਕੀਆਂ ਬਾਰੇ ਵਿਸਤ੍ਰਿਤ ਸੁਝਾਅ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
Had a wonderful meeting with members of the Dawoodi Bohra community! We talked about a wide range of issues during the interaction.@Dawoodi_Bohras pic.twitter.com/OC09EgcJPG
— Narendra Modi (@narendramodi) April 17, 2025