ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਡਬਲਿਊਟੀਐੱਸਏ) 2024 ਦਾ ਉਦਘਾਟਨ ਕੀਤਾ। ਪ੍ਰੋਗਰਾਮ ਦੇ ਦੌਰਾਨ ਸ਼੍ਰੀ ਮੋਦੀ ਨੇ 8ਵੇਂ ਇੰਡੀਆ ਮੋਬਾਈਲ ਕਾਂਗਰਸ ਦਾ ਭੀ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ , ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਚੰਦਰਸ਼ੇਖਰ ਪੇਮਾਸਾਨੀ, ਆਈਟੀਯੂ ਦੀ ਮਹਾ ਸਕੱਤਰ ਸੁਸ਼੍ਰੀ ਡੋਰੇਨ ਬੋਗਦਾਨ - ਮਾਰਟਿਨ , ਵਿਭਿੰਨ ਦੇਸ਼ਾਂ ਦੇ ਮੰਤਰੀਆਂ ਅਤੇ ਪਤਵੰਤਿਆਂ, ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ, ਦੂਰਸੰਚਾਰ ਮਾਹਿਰਾਂ, ਸਟਾਰਟਅੱਪ ਜਗਤ ਦੇ ਨੌਜਵਾਨਾਂ ਅਤੇ ਡਬਲਿਊਟੀਐੱਸਏ ਅਤੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਵਿੱਚ ਉਪਸਥਿਤ ਲੋਕਾਂ ਦਾ ਸੁਆਗਤ ਕੀਤਾ। ਆਈਟੀਯੂ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਸ਼੍ਰੀ ਮੋਦੀ ਨੇ ਪਹਿਲੀ ਡਬਲਿਊਟੀਐੱਸਏ ਮੀਟਿੰਗ ਲਈ ਭਾਰਤ ਨੂੰ ਮੰਜ਼ਿਲ -ਬਿੰਦੂ ਦੇ ਰੂਪ ਵਿੱਚ ਚੁਣਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਸਰਾਹਨਾ ਕੀਤੀ।
ਸ਼੍ਰੀ ਮੋਦੀ ਨੇ ਕਿਹਾ, “ਜਦੋਂ ਦੂਰਸੰਚਾਰ ਅਤੇ ਇਸ ਨਾਲ ਸਬੰਧਿਤ ਟੈਕਨੋਲੋਜੀਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਸਭ ਤੋਂ ਅਧਿਕ ਗਤੀਵਿਧੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਦੀਆਂ ਉਪਲੱਬਧੀਆਂ ਬਾਰੇ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਮੋਬਾਈਲ ਫੋਨ ਉਪਯੋਗਕਰਤਾਵਾਂ ਦੀ ਸੰਖਿਆ 120 ਕਰੋੜ ਹੈ ਇੰਟਰਨੈਟ ਉਪਯੋਗਕਰਤਾਵਾਂ ਦੀ ਸੰਖਿਆ 95 ਕਰੋੜ ਹੈ ਅਤੇ ਦੇਸ਼ ਵਿੱਚ ਵਾਸਤਵਿਕ ਸਮੇਂ ਵਿੱਚ ਪੂਰੀ ਦੁਨੀਆ ਦੇ 40 % ਤੋਂ ਅਧਿਕ ਡਿਜੀਟਲ ਲੈਣ ਦੇਣ ਹੁੰਦੇ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਡਿਜੀਟਲ ਸੰਪਰਕ ਅੰਤਿਮ ਵਿਅਕਤੀ ਤੱਕ ਸੁਵਿਧਾ ਉਪਲੱਬਧ ਕਰਵਾਉਣ ਦਾ ਇੱਕ ਪ੍ਰਭਾਵੀ ਸਾਧਨ ਬਣ ਗਿਆ ਹੈ। ਉਨ੍ਹਾਂ ਨੇ ਗਲੋਬਲ ਦੂਰਸੰਚਾਰ ਮਾਣਕ ‘ਤੇ ਅਤੇ ਗਲੋਬਲ ਭਲਾਈ ਲਈ ਦੂਰਸੰਚਾਰ ਦੇ ਭਵਿੱਖ ‘ਤੇ ਚਰਚਾ ਕਰਨ ਲਈ ਭਾਰਤ ਨੂੰ ਮੰਜ਼ਿਲ - ਬਿੰਦੂ ਦੇ ਰੂਪ ਵਿੱਚ ਚੁਣਨ ਲਈ ਸਾਰੀਆਂ ਨੂੰ ਵਧਾਈ ਦਿੱਤੀ।
ਡਬਲਿਊਟੀਐੱਸਏ ਅਤੇ ਇੰਡੀਆ ਮੋਬਾਈਲ ਕਾਂਗਰਸ ਦੇ ਸੰਯੁਕਤ ਆਯੋਜਨ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲਿਊਟੀਐੱਸਏ ਦਾ ਉਦੇਸ਼ ਗਲੋਬਲ ਮਾਨਕਾਂ ‘ਤੇ ਕੰਮ ਕਰਨਾ ਹੈ ਜਦੋਂ ਕਿ ਇੰਡੀਆ ਮੋਬਾਈਲ ਕਾਂਗਰਸ ਦੀ ਭੂਮਿਕਾ ਸੇਵਾਵਾਂ ਨਾਲ ਜੁੜੀ ਹੈ। ਉਨ੍ਹਾਂ ਨੇ ਕਿਹਾ ਕਿ ਆਯੋਜਨ ਗਲੋਬਲ ਮਾਪਦੰਡਾਂ ਅਤੇ ਸੇਵਾਵਾਂ ਨੂੰ ਇੱਕ ਮੰਚ ‘ਤੇ ਲਿਆਦਾ ਹੈ। ਗੁਣਵੱਤਾਪੂਰਣ ਸੇਵਾ ਅਤੇ ਮਾਪਦੰਡਾਂ ‘ਤੇ ਭਾਰਤ ਦੇ ਵਿਸ਼ੇਸ਼ ਧਿਆਨ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲਿਊਟੀਐੱਸਏ ਦਾ ਅਨੁਭਵ ਭਾਰਤ ਨੂੰ ਨਵੀਂ ਊਰਜਾ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ ਇਸ ਬਾਤ ਨੂੰ ਰੇਖਾਂਕਿਤ ਕੀਤਾ ਕਿ ਡਬਲਿਊਟੀਐੱਸਏ ਆਮ ਸਹਿਮਤੀ ਦੇ ਮਾਧਿਅਮ ਨਾਲ ਦੁਨੀਆ ਨੂੰ ਸਸ਼ਕਤ ਬਣਾਉਂਦਾ ਹੈ ਜਦ ਕਿ ਇੰਡੀਆ ਮੋਬਾਈਲ ਕਾਂਗਰਸ ਸੰਚਾਰ - ਸੰਪਰਕ ਦੇ ਮਾਧਿਅਮ ਨਾਲ ਦੁਨੀਆ ਨੂੰ ਮਜਬੂਤ ਬਣਾਉਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਆਯੋਜਨ ਵਿੱਚ ਆਮ ਸਹਿਮਤੀ ਅਤੇ ਸੰਪਰਕ ਦਾ ਤਾਲਮੇਲ ਹੈ।
ਉਨ੍ਹਾਂ ਨੇ ਅੱਜ ਦੇ ਸੰਘਰਸ਼ ਨਾਲ ਗ੍ਰਸਤ ਸੰਸਾਰ ਵਿੱਚ ਸੰਯੋਜਨ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਕਿਹਾ ਕਿ ਭਾਰਤ ਵਸੁਧੈਵ ਕੁਟੁੰਬਕਮ ਦੇ ਅਮਰ ਸੰਦੇਸ਼ ਦੇ ਮਾਧਿਅਮ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਆਯੋਜਿਤ ਜੀ-20 ਸਿਖਰ ਸੰਮੇਲਨ ਦਾ ਜ਼ਿਕਰ ਕੀਤਾ ਅਤੇ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਦੀ ਬਾਤ ਕਹੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤ ਦੁਨੀਆ ਨੂੰ ਸੰਘਰਸ਼ ਤੋਂ ਬਾਹਰ ਕੱਢਣ ਅਤੇ ਉਸ ਨੂੰ ਜੋੜਨ ਵਿੱਚ ਲਗਿਆ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਚਾਹੇ ਉਹ ਪ੍ਰਾਚੀਨ ਰੇਸ਼ਮ ਮਾਰਗ ਹੋਵੇ ਜਾਂ ਅੱਜ ਟੈਕਨੋਲੋਜੀ ਮਾਰਗ, ਭਾਰਤ ਦਾ ਇੱਕ ਮਾਤਰ ਮਿਸ਼ਨ ਦੁਨੀਆ ਨੂੰ ਜੋੜਨਾ ਅਤੇ ਪ੍ਰਗਤੀ ਦੇ ਨਵੇਂ ਦ੍ਵਾਰ ਖੋਲ੍ਹਣਾ ਹੈ। ਅਜਿਹੇ ਵਿੱਚ, ਡਬਲਿਊਟੀਐੱਸਏ ਅਤੇ ਆਈਐੱਮਸੀ ਦੀ ਇਹ ਸਾਂਝੇਦਾਰੀ ਇੱਕ ਬੜਾ ਸੰਦੇਸ਼ ਹੈ ਜਿੱਥੇ ਸਥਾਨਕ ਅਤੇ ਗਲੋਬਲ ਦੋਨੋਂ ਮਿਲ ਕੇ ਨਾ ਕੇਵਲ ਇੱਕ ਦੇਸ਼ ਨੂੰ ਬਲਕਿ ਪੂਰੀ ਦੁਨੀਆ ਨੂੰ ਲਾਭ ਪਹੁੰਚਾਉਂਦੇ ਹਨ।
ਸ਼੍ਰੀ ਮੋਦੀ ਨੇ ਕਿਹਾ , 21ਵੀਂ ਸਦੀ ਵਿੱਚ ਭਾਰਤ ਦੀ ਮੋਬਾਈਲ ਅਤੇ ਦੂਰਸੰਚਾਰ ਯਾਤਰਾ ਪੂਰੀ ਦੁਨੀਆ ਲਈ ਅਧਿਐਨ ਦਾ ਵਿਸ਼ਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੋਬਾਈਲ ਅਤੇ ਦੂਰਸੰਚਾਰ ਨੂੰ ਦੁਨੀਆ ਭਰ ਵਿੱਚ ਇੱਕ ਸੁਵਿਧਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ , ਲੇਕਿਨ ਭਾਰਤ ਵਿੱਚ ਦੂਰਸੰਚਾਰ ਕੇਵਲ ਸੰਪਰਕ ਦਾ ਮਾਧਿਅਮ ਨਹੀਂ ਹੈ ਬਲਕਿ ਸਮਾਨਤਾ ਅਤੇ ਅਵਸਰ ਦਾ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਮਾਧਿਅਮ ਦੇ ਰੂਪ ਵਿੱਚ ਦੂਰਸੰਚਾਰ ਅੱਜ ਪਿੰਡਾਂ ਅਤੇ ਸ਼ਹਿਰਾਂ, ਅਮੀਰ ਅਤੇ ਗ਼ਰੀਬ ਦਰਮਿਆਨ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ ।
ਇੱਕ ਦਹਾਕੇ ਪਹਿਲਾਂ ਡਿਜੀਟਲ ਇੰਡੀਆ ਦੇ ਵਿਜ਼ਨ ‘ਤੇ ਆਪਣੀ ਪ੍ਰਸਤੁਤੀ ਨੂੰ ਯਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਨੂੰ ਕਈ ਹਿੱਸਿਆਂ ਦੇ ਬਜਾਏ ਸਮੁੱਚੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਣਾ ਹੋਵੇਗਾ। ਸ਼੍ਰੀ ਮੋਦੀ ਨੇ ਡਿਜੀਟਲ ਇੰਡੀਆ ਦੇ ਚਾਰ ਥੰਮ੍ਹਾਂ - ਘੱਟ ਕੀਮਤ ਵਾਲੇ ਉਪਕਰਣ, ਦੇਸ਼ ਦੇ ਹਰ ਕੋਨੇ ਵਿੱਚ ਡਿਜੀਟਲ ਸੰਚਾਰ-ਸੰਪਰਕ ਦੀ ਵਿਆਪਕ ਪਹੁੰਚ ਆਸਾਨੀ ਨਾਲ ਸੁਲਭ ਡੇਟਾ ਅਤੇ ‘ਡਿਜੀਟਲ ਫਰਸਟ’ ਦੇ ਲਕਸ਼ ਦੀ ਬਾਤ ਕਹੀ , ਜਿਨ੍ਹਾਂ ਦੀ ਪਹਿਚਾਣ ਕੀਤੀ ਗਈ ਅਤੇ ਇਨ੍ਹਾਂ ‘ਤੇ ਇਕੱਠੇ ਕੰਮ ਕੀਤਾ ਗਿਆ ਜਿਸ ਦੇ ਨਾਲ ਚੰਗੇ ਪਰਿਣਾਮ ਸਾਹਮਣੇ ਆਏ।
ਪ੍ਰਧਾਨ ਮੰਤਰੀ ਨੇ ਸੰਚਾਰ-ਸੰਪਰਕ ਅਤੇ ਦੂਰਸੰਚਾਰ ਸੁਧਾਰਾਂ ਵਿੱਚ ਭਾਰਤ ਦੀਆਂ ਪਰਿਵਰਤਨਕਾਰੀ ਉਪਲੱਬਧੀਆਂ ‘ਤੇ ਚਾਨਣਾ ਪਾਇਆ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸ ਤਰ੍ਹਾਂ ਦੇਸ਼ ਨੇ ਦੂਰਦੁਰਾਡੇ ਦੇ ਕਬਾਇਲੀਆਂ, ਪਹਾੜੀ ਅਤੇ ਸੀਮਾਵਰਤੀ ਖੇਤਰਾਂ ਵਿੱਚ ਹਜ਼ਾਰਾਂ ਮੋਬਾਈਲ ਟਾਵਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਹੈ , ਜਿਸ ਦੇ ਨਾਲ ਹਰ ਘਰ ਵਿੱਚ ਸੰਚਾਰ - ਸੰਪਰਕ ਸੁਵਿਧਾ ਸੁਨਿਸ਼ਚਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪੂਰੇ ਦੇਸ਼ ਵਿੱਚ ਮੋਬਾਈਲ ਟਾਵਰਾਂ ਦਾ ਇੱਕ ਮਜਬੂਤ ਨੈੱਟਵਰਕ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਇਨਫ੍ਰਾਸਟ੍ਰਕਚਰ ਵਿੱਚ ਹੋਈ ਜ਼ਿਕਰਯੋਗ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਜਿਸ ਵਿੱਚ ਰੇਲਵੇ ਸਟੇਸ਼ਨ ਜਿਵੇਂ ਜਨਤਕ ਸਥਾਨਾਂ ‘ਤੇ ਵਾਈ-ਫਾਈ ਸੁਵਿਧਾਵਾਂ ਦੀ ਤੇਜ਼ੀ ਨਾਲ ਸਥਾਪਨਾ ਅਤੇ ਅੰਡੇਮਾਨ-ਨਿਕੋਬਾਰ ਅਤੇ ਲਕਸ਼ਦ੍ਵੀਪ ਜਿਹੇ ਦ੍ਵੀਪਾਂ ਨੂੰ ਸਮੁੰਦਰ ਦੇ ਅੰਦਰ ਵਿਛਾਏ ਕੇਬਲ ਦੇ ਮਾਧਿਅਮ ਨਾਲ ਜੋੜਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕੇਵਲ 10 ਵਰ੍ਹਿਆਂ ਵਿੱਚ ਭਾਰਤ ਨੇ ਜੋ ਆਪਟੀਕਲ ਫਾਈਬਰ ਵਿਛਾਇਆ ਹੈ ਉਸ ਦੀ ਲੰਬਾਈ ਧਰਤੀ ਅਤੇ ਚੰਦਰਮਾ ਦਰਮਿਆਨ ਦੀ ਦੂਰੀ ਤੋਂ ਅੱਠ ਗੁਣੀ ਹੈ।
ਸ਼੍ਰੀ ਮੋਦੀ ਨੇ ਭਾਰਤ ਦੁਆਰਾ 5ਜੀ ਟੈਕਨੋਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ 5ਜੀ ਟੈਕਨੋਲੋਜੀ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਲਗਭਗ ਹਰ ਜ਼ਿਲ੍ਹਾ ਇਸ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ 5ਜੀ ਬਜ਼ਾਰ ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ 6ਜੀ ਟੈਕਨੋਲੋਜੀ ਦੇ ਵੱਲ ਵਧ ਰਿਹਾ ਹੈ ਜਿਸ ਦੇ ਨਾਲ ਭਵਿੱਖ ਲਈ ਤਿਆਰ ਇਨਫ੍ਰਾਸਟ੍ਰਕਚਰ ਸੁਨਿਸ਼ਚਿਤ ਹੁੰਦਾ ਹੈ।
ਦੂਰਸੰਚਾਰ ਖੇਤਰ ਦੇ ਸੁਧਾਰਾਂ ‘ਤੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡੇਟਾ ਲਾਗਤ ਨੂੰ ਘੱਟ ਕਰਨ ਵਿੱਚ ਭਾਰਤ ਦੇ ਪ੍ਰਯਾਸਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਇੰਟਰਨੈਟ ਡੇਟਾ ਦੀ ਕੀਮਤ ਹੁਣ 12 ਸੇਂਟ ਪ੍ਰਤੀ ਜੀਬੀ ਤੱਕ ਕਿਫਾਇਤੀ ਹੈ ਜਦੋਂ ਕਿ ਹੋਰ ਦੇਸ਼ਾਂ ਵਿੱਚ ਪ੍ਰਤੀ ਜੀਬੀ ਡੇਟਾ 10 ਤੋਂ 20 ਗੁਣਾ ਅਧਿਕ ਮਹਿੰਗਾ ਹੈ। ਉਨ੍ਹਾਂ ਨੇ ਕਿਹਾ, ਅੱਜ ਹਰੇਕ ਭਾਰਤੀ ਹਰ ਮਹੀਨੇ ਔਸਤਨ ਲਗਭਗ 30 ਜੀਬੀ ਡੇਟਾ ਦਾ ਉਪਭੋਗ ਕਰਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਾਰੇ ਪ੍ਰਯਾਸਾਂ ਨੂੰ ਚੌਥੇ ਥੰਮ੍ਹ ਯਾਨੀ ਡਿਜੀਟਲ ਫਸਟ ਦੀ ਭਾਵਨਾ ਨੇ ਬੜੇ ਪੈਮਾਨੇ ‘ਤੇ ਪਹੁੰਚਾਇਆ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਡਿਜੀਟਲ ਟੈਕਨੋਲੋਜੀ ਦਾ ਲੋਕਤੰਤਰੀਕਰਣ ਕੀਤਾ ਹੈ ਅਤੇ ਡਿਜੀਟਲ ਪਲੈਟਫਾਰਮ ਬਣਾਏ ਹਨ ਜਿੱਥੇ ਇਸ ਪਲੈਟਫਾਰਮ ‘ਤੇ ਇਨੋਵੇਸ਼ਨ ਨੇ ਲੱਖਾਂ ਨਵੇਂ ਅਵਸਰ ਪੈਦਾ ਕੀਤੇ। ਸ਼੍ਰੀ ਮੋਦੀ ਨੇ ਜੇਏਐੱਮ ਟ੍ਰਿਨਿਟੀ -ਜਨ ਧਨ, ਆਧਾਰ ਅਤੇ ਮੋਬਾਈਲ ਦੀ ਪਰਿਵਰਤਨਕਾਰੀ ਸ਼ਕਤੀ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਨੇ ਅਣਗਿਣਤ ਇਨੋਵੇਸ਼ਨ ਦੀ ਨੀਂਹ ਰੱਖੀ ਹੈ।
ਉਨ੍ਹਾਂ ਨੇ ਏਕੀਕ੍ਰਿਤ ਭੁਗਤਾਨ ਇੰਟਰਫੇਸ (ਯੂਪੀਆਈ) ਦਾ ਜ਼ਿਕਰ ਕੀਤਾ ਜਿਸ ਨੇ ਕਈ ਕੰਪਨੀਆਂ ਲਈ ਨਵੇਂ ਅਵਸਰ ਪ੍ਰਦਾਨ ਕੀਤੇ ਹਨ ਅਤੇ ਓਐੱਨਡੀਸੀ ਬਾਰੇ ਗੱਲ ਕੀਤੀ ਜੋ ਡਿਜੀਟਲ ਵਣਜ ਵਿੱਚ ਕ੍ਰਾਂਤੀ ਲਾਏਗਾ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਡਿਜੀਟਲ ਪਲੈਟਫਾਰਮਾਂ ਦੀ ਭੂਮਿਕਾ ਦਾ ਜ਼ਿਕਰ ਕੀਤਾ ਜਿਸ ਨੇ ਜ਼ਰੂਰਤਮੰਦਾ ਨੂੰ ਵਿੱਤੀ ਟ੍ਰਾਂਸਫਰ, ਦਿਸ਼ਾਨਿਰਦੇਸ਼ਾਂ ਦੀ ਵਾਸਤਵਿਕ ਸਮੇਂ ‘ਤੇ ਜਾਣਕਾਰੀ ਦੇਣ ਟੀਕਾਕਰਣ ਅਭਿਯਾਨ ਅਤੇ ਡਿਜੀਟਲ ਵੈਕਸੀਨ ਪ੍ਰਮਾਣ ਪੱਤਰ ਸੌਂਪਣ ਵਰਗੀਆਂ ਨਿਰਵਿਘਨ ਪ੍ਰਕਿਰਿਆਵਾਂ ਨੂੰ ਸੁਨਿਸ਼ਚਿਤ ਕੀਤਾ ।
ਭਾਰਤ ਦੀ ਸਫਲਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਗਲੋਬਲ ਪੱਧਰ ‘ਤੇ ਆਪਣੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਨੁਭਵ ਨੂੰ ਸਾਂਝਾ ਕਰਨ ਦੀ ਦੇਸ਼ ਦੀ ਇੱਛਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਗੁਲਦਸਤਾ ਦੁਨੀਆ ਭਰ ਵਿੱਚ ਕਲਿਆਣਕਾਰੀ ਯੋਜਨਾਵਾਂ ਨੂੰ ਅੱਗੇ ਵਧਾ ਸਕਦਾ ਹੈ। ਇਹ ਜੀ20 ਪ੍ਰਧਾਨਗੀ ਦੇ ਦੌਰਾਨ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ‘ਤੇ ਦਿੱਤੇ ਗਏ ਭਾਰਤ ਦੇ ਵਿਸ਼ੇਸ਼ ਧਿਆਨ ਨੂੰ ਵੀ ਰੇਖਾਂਕਿਤ ਕਰਦਾ ਹੈ । ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਦੇਸ਼ ਆਪਣੇ ਡੀਪੀਆਈ ਗਿਆਨ ਨੂੰ ਸਾਰੇ ਦੇਸ਼ਾਂ ਦੇ ਨਾਲ ਸਾਂਝਾ ਕਰਨ ਵਿੱਚ ਪ੍ਰਸੰਨਤਾ ਦਾ ਅਨੁਭਵ ਕਰਦਾ ਹੈ।
ਡਬਲਿਊਟੀਐੱਸਏ ਦੌਰਾਨ ਮਹਿਲਾਵਾਂ ਦੇ ਨੈੱਟਵਰਕ ਪਹਿਲ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ਨੂੰ ਉਜਾਗਰ ਕੀਤਾ ਕਿ ਭਾਰਤ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ‘ਤੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਇਸ ਪ੍ਰਤੀਬੱਧਤਾ ਨੂੰ ਅੱਗੇ ਵਧਾਇਆ ਗਿਆ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਟੈਕਨੋਲੋਜੀ ਪਲੈਟਫਾਰਮਾਂ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਬਣਾ ਕੇ ਟੈਕਨੋਲੋਜੀ ਸੈਕਟਰ ਨੂੰ ਸਮਾਵੇਸ਼ੀ ਬਣਾਉਣ ਦੇ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪੁਲਾੜ ਮਿਸ਼ਨਾਂ ਵਿੱਚ ਮਹਿਲਾ ਵਿਗਿਆਨਿਕਾਂ ਦੀ ਮਹੱਤਵਪੂਰਨ ਭੂਮਿਕਾ, ਭਾਰਤ ਦੇ ਸਟਾਰਟ-ਅੱਪਸ ਵਿੱਚ ਮਹਿਲਾ ਸਹਿ-ਸੰਸਥਾਪਕਾਂ ਦੀ ਵਧਦੀ ਸੰਖਿਆ ‘ਤੇ ਚਾਣਨਾ ਪਾਇਆ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਐੱਸਟੀਈਐੱਮ ਸਿੱਖਿਆ ਵਿੱਚ ਵਿਦਿਆਰਥੀਆਂ ਦੀ ਹਿੱਸੇਦਾਰੀ 40 ਪ੍ਰਤੀਸ਼ਤ ਹੈ ਅਤੇ ਭਾਰਤ ਟੈਕਨੋਲੋਜੀ ਲੀਡਰਸ਼ਿਪ ਦੇ ਰੂਪ ਵਿੱਚ ਮਹਿਲਾਵਾਂ ਦੇ ਲਈ ਅਸੰਖਯ ਅਵਸਰ ਪੈਦਾ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਖੇਤੀਬਾੜੀ ਵਿੱਚ ਡ੍ਰੋਨ ਕ੍ਰਾਂਤੀ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਨਮੋ ਡ੍ਰੋਨ ਦੀਦੀ ਪ੍ਰੋਗਰਾਮ ਨੂੰ ਵੀ ਉਜਾਗਰ ਕੀਤਾ, ਜਿਸ ਦੀ ਅਗਵਾਈ ਭਾਰਤ ਦੀਆਂ ਗ੍ਰਾਮੀਣ ਮਹਿਲਾਵਾਂ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਡਿਜੀਟਲ ਬੈਂਕਿੰਗ ਅਤੇ ਡਿਜੀਟਲ ਭੁਗਤਾਨ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਬੈਂਕ ਸਖੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ, ਜਿਸ ਨਾਲ ਡਿਜੀਟਲ ਜਾਗਰੂਕਤਾ ਵਧੀ ਹੈ।
ਭਾਰਤ ਦੀ ਪ੍ਰਾਇਮਰੀ ਹੈਲਥ ਕੇਅਰ, ਮਾਤ੍ਰੱਵ ਅਤੇ ਬਾਲ ਦੇਖਭਾਲ ਵਿੱਚ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਇਹ ਵਰਕਰ ਟੈਬ ਅਤੇ ਐਪ ਦੇ ਮਾਧਿਅਮ ਨਾਲ ਸਾਰੇ ਕੰਮਾਂ ‘ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਮਹਿਲਾ ਈ-ਹਾਟ ਪ੍ਰੋਗਰਾਮ ਵੀ ਚਲ ਰਿਹਾ ਹੈ, ਜੋ ਮਹਿਲਾ ਉੱਦਮੀਆਂ ਲਈ ਇੱਕ ਔਨਲਾਈਨ ਮਾਰਕਿਟ ਪਲੈਟਫਾਰਮ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਲਪਨਾ ਕਰਨਾ ਮੁਸ਼ਕਿਲ ਹੈ ਕਿ ਅੱਜ ਭਾਰਤ ਦੇ ਹਰ ਪਿੰਡ ਵਿੱਚ ਮਹਿਲਾਵਾਂ ਅਜਿਹੀ ਤਕਨੀਕ ‘ਤੇ ਕੰਮ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਆਪਣਾ ਦਾਇਰਾ ਹੋਰ ਵਧਾਏਗੀ, ਜਿੱਥੇ ਭਾਰਤ ਦੀ ਹਰ ਬੇਟੀ ਤਕਨੀਕ ਦੀ ਲੀਡਰ ਹੋਵੇਗੀ।
ਪ੍ਰਧਾਨ ਮੰਤਰੀ ਨੇ ਡਿਜੀਟਲ ਟੈਕਨੋਲੋਜੀ ਲਈ ਗਲੋਬਲ ਫਾਰਮੈਟ ਸਥਾਪਿਤ ਕਰਨ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਸ਼ੇ ਨੂੰ ਭਾਰਤ ਨੇ ਆਪਣੀ ਜੀ-20 ਪ੍ਰਧਾਨਗੀ ਦੌਰਾਨ ਉਠਾਇਆ ਸੀ ਅਤੇ ਗਲੋਬਲ ਸੰਸਥਾਵਾਂ ਤੋਂ ਗਲੋਬਲ ਗਵਰਨੈਂਸ ਲਈ ਇਸ ਦੇ ਮਹੱਤਵ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਗਲੋਬਲ ਸੰਸਥਾਵਾਂ ਲਈ ਗਲੋਬਲ ਗਵਰਨੈਂਸ ਦੇ ਮਹੱਤਵ ਨੂੰ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ।”
ਗਲੋਬਲ ਪੱਧਰ ‘ਤੇ ਟੈਕਨੋਲੋਜੀ ਲਈ ‘ਕੀ ਕਰੀਏ ਅਤੇ ਕੀ ਨਾ ਕਰੀਏ’ ਤਿਆਰ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਡਿਜੀਟਲ ਉਪਕਰਣਾਂ ਅਤੇ ਐਪਲੀਕੇਸ਼ਨਾਂ ਦੀ ਸੀਮਾਰਹਿਤ ਪ੍ਰਕ੍ਰਿਰਤੀ ‘ਤੇ ਚਾਣਨਾ ਪਾਇਆ ਅਤੇ ਸਾਈਬਰ ਖ਼ਤਰਿਆਂ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਗਲੋਬਲ ਸੰਸਥਾਵਾਂ ਦੁਆਰਾ ਸਮੂਹਿਕ ਕਾਰਵਾਈ ਦੀ ਅਪੀਲ ਕੀਤੀ।
ਉਨ੍ਹਾਂ ਨੇ ਹਵਾਬਾਜ਼ੀ ਖੇਤਰ ਦੇ ਨਾਲ ਸਮਾਨਤਾਵਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਪਹਿਲਾਂ ਤੋਂ ਹੀ ਸੁਸਥਾਪਿਤ ਫਾਰਮੈਟ ਮੌਜੂਦ ਹੈ। ਪ੍ਰਧਾਨ ਮੰਤਰੀ ਮੋਦੀ ਨੇ ਡਬਲਿਊਟੀਐੱਸਏ ਤੋਂ ਦੂਰ ਸੰਚਾਰ ਲਈ ਇੱਕ ਸੁਰੱਖਿਅਤ ਡਿਜੀਟਲ ਈਕੋਸਿਸਟਮ ਅਤੇ ਸੁਰੱਖਿਅਤ ਚੈਨਲ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਇੱਕ ਦੂਸਰੇ ਨਾਲ ਜੁੜੀ ਦੁਨੀਆ ਵਿੱਚ, ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਰਤ ਦਾ ਡੇਟਾ ਪ੍ਰੋਟੈਕਸ਼ਨ ਐਕਟ ਅਤੇ ਰਾਸ਼ਟਰੀ ਸਾਈਬਰ ਸੁਰੱਖਿਆ ਰਣਨੀਤੀ ਇੱਕ ਸੁਰੱਖਿਅਤ ਡਿਜੀਟਲ ਵਾਤਾਵਰਣ ਬਣਾਉਣ ਦੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।”
ਪ੍ਰਧਾਨ ਮੰਤਰੀ ਨੇ ਸਭਾ ਦੇ ਮੈਂਬਰਾਂ ਨੂੰ ਅਜਿਹੇ ਮਾਪਦੰਡ ਬਣਾਉਣ ਦੀ ਅਪੀਲ ਕੀਤੀ ਜੋ ਸਮਾਵੇਸ਼ੀ, ਸੁਰੱਖਿਅਤ ਅਤੇ ਭਵਿੱਖ ਦੀਆਂ ਚੁਣੌਤੀਆਂ ਦੇ ਅਨੁਕੂਲ ਹੋਣ, ਜਿਸ ਵਿੱਚ ਨੈਤਿਕ ਏਆਈ ਅਤੇ ਡੇਟਾ ਗੋਪਨੀਯਤਾ ਮਾਪਦੰਡ ਸ਼ਾਮਲ ਹਨ, ਜੋ ਰਾਸ਼ਟਰਾਂ ਦੀ ਵਿਵਿਧਤਾ ਦਾ ਸਨਮਾਨ ਕਰਦੇ ਹੋਣ।
ਪ੍ਰਧਾਨ ਮੰਤਰੀ ਨੇ ਵਰਤਮਾਨ ਤਕਨੀਕੀ ਕ੍ਰਾਂਤੀ ਦੇ ਲਈ ਮਾਨਵ-ਕੇਂਦ੍ਰਿਤ ਆਯਾਮ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਜ਼ਿੰਮੇਦਾਰ ਅਤੇ ਸਥਾਈ ਇਨੋਵੇਸ਼ਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੱਜ ਨਿਰਧਾਰਿਤ ਮਾਪਦੰਡ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨਗੇ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਸੁਰੱਖਿਆ, ਸਨਮਾਨ ਅਤੇ ਸਮਾਨਤਾ ਦੇ ਸਿਧਾਤ ਸਾਡੀਆਂ ਚਰਚਾਵਾਂ ਦੇ ਕੇਂਦਰ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਲਕਸ਼ ਇਹ ਹੋਣਾ ਚਾਹੀਦਾ ਹੈ ਕਿ ਕੋਈ ਵੀ ਦੇਸ਼, ਕੋਈ ਭੀ ਖੇਤਰ ਅਤੇ ਕੋਈ ਵੀ ਸਮੁਦਾਇ ਇਸ ਡਿਜੀਟਲ ਪਰਿਵਰਤਨ ਵਿੱਚ ਪਿੱਛੇ ਨਾ ਛੁੱਟ ਜਾਵੇ ਅਤੇ ਸਮਾਵੇਸ਼ ਦੇ ਨਾਲ ਸੰਤੁਲਿਤ ਇਨੋਵੇਸ਼ਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਕਿ ਭਵਿੱਖ ਤਕਨੀਕੀ ਤੌਰ ‘ਤੇ ਅਤੇ ਨੈਤਿਕ ਤੌਰ ‘ਤੇ ਮਜ਼ਬੂਤ ਹੋਵੇ, ਜਿਸ ਵਿੱਚ ਇਨੋਵੇਸ਼ਨ ਦੇ ਨਾਲ-ਨਾਲ ਸਮਾਵੇਸ਼ ਵੀ ਮੌਜੂਦ ਹੋਵੇ। ਆਪਣੇ ਸੰਬੋਧਨ ਦੇ ਸਮਾਪਨ ਵਿੱਚ, ਪ੍ਰਧਾਨ ਮੰਤਰੀ ਨੇ ਡਬਲਿਊਟੀਐੱਸਏ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਦੇ ਪ੍ਰਤੀ ਆਪਣਾ ਸਮਰਥਨ ਵੀ ਵਿਅਕਤ ਕੀਤਾ।
ਇਸ ਅਵਸਰ ‘ਤੇ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧਿਆ ਅਤੇ ਕੇਂਦਰੀ ਸੰਚਾਰ ਰਾਜ ਮੰਤਰੀ ਸ਼੍ਰੀ ਚੰਦਰ ਸ਼ੇਖਰ ਪੇਮਾਸਾਨੀ ਸਮੇਤ ਉਦਯੋਗ ਜਗਤ ਦੇ ਮੋਹਰੀ ਵਿਅਕਤੀ ਮੌਜੂਦ ਸਨ।
ਪਿਛੋਕੜ
ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ ਜਾਂ ਡਬਲਿਊਟੀਐੱਸਏ, ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ, ਡਿਜੀਟਲ ਟੈਕਨੋਲੋਜੀਆਂ ਲਈ ਸੰਯੁਕਤ ਰਾਸ਼ਟਰ ਏਜੰਸੀ ਦੇ ਸਟੈਂਡਰਡਾਈਜ਼ੇਸ਼ਨ ਕੰਮਾਂ ਲਈ ਗਵਰਨਿੰਗ ਕਾਨਫਰੰਸ ਹੈ, ਜੋ ਹਰ ਚਾਰ ਸਾਲ ਵਿੱਚ ਆਯੋਜਿਤ ਕੀਤੀ ਜਾਂਦੀ ਹੈ। ਇਹ ਪਹਿਲੀ ਵਾਰ ਹੈ ਕਿ ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਭਾਰਤ ਅਤੇ ਏਸ਼ੀਆ-ਪੈਸੀਫਿਕ ਵਿੱਚ ਕੀਤਾ ਜਾ ਰਿਹਾ ਹੈ। ਇਹ ਇੱਕ ਮਹੱਤਵਪੂਰਨ ਆਲਮੀ ਆਯੋਜਨ ਹੈ, ਜਿਸ ਵਿੱਚ ਦੂਰਸੰਚਾਰ, ਡਿਜੀਟਲ ਅਤੇ ਆਈਸੀਟੀ ਖੇਤਰਾਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ 190 ਤੋਂ ਅਧਿਕ ਦੇਸ਼ਾਂ ਦੇ 3,000 ਤੋਂ ਅਧਿਕ ਉਦਯੋਗ ਜਗਤ ਦੇ ਦਿੱਗਜ, ਨੀਤੀ-ਨਿਰਮਾਤਾ ਅਤੇ ਤਕਨੀਕੀ ਮਾਹਿਰ ਇਕੱਠੇ ਆਉਣਗੇ।
ਡਬਲਿਊਟੀਐੱਸਏ 2024 ਦੇਸ਼ਾਂ ਨੂੰ 6ਜੀ, ਏਆਈ, ਆਈਓਟੀ, ਬਿਗ ਡੇਟਾ, ਸਾਈਬਰ ਸੁਰੱਖਿਆ ਜਿਹੀ ਅਗਲੀ ਪੀੜ੍ਹੀ ਦੀਆਂ ਮਹੱਤਵਪੂਰਨ ਟੈਕਨੋਲੋਜੀਆਂ ਦੇ ਮਾਪਦੰਡਾਂ ਦੇ ਭਵਿੱਖ ‘ਤੇ ਚਰਚਾ ਕਰਨ ਅਤੇ ਨਿਰਣੇ ਲੈਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਭਾਰਤ ਵਿੱਚ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਨਾਲ, ਦੇਸ਼ ਨੂੰ ਗਲੋਬਲ ਟੈਲੀਕੋਮ ਏਜੰਡੇ ਨੂੰ ਸਵਰੂਪ ਦੇਣ ਅਤੇ ਭਵਿੱਖ ਦੀਆਂ ਟੈਕਨੋਲੋਜੀਆਂ ਦੀ ਦਿਸ਼ਾ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਅਵਸਰ ਮਿਲੇਗਾ। ਭਾਰਤੀ ਸਟਾਰਟਅੱਪਸ ਅਤੇ ਖੋਜ ਸੰਸਥਾਵਾਂ ਬੌਧਿਕ ਸੰਪਦਾ ਅਧਿਕਾਰ ਅਤੇ ਮਿਆਰੀ ਜ਼ਰੂਰੀ ਪੇਂਟੈਂਟ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਅੰਤਰਦ੍ਰਿਸ਼ਟੀ ਪ੍ਰਾਪਤ ਕਰਨਗੇ।
ਇੰਡੀਆ ਮੋਬਾਈਲ ਕਾਂਗਰਸ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰੇਗੀ, ਜਿੱਥੇ ਮੋਹਰੀ ਦੂਰਸੰਚਾਰ ਕੰਪਨੀਆਂ ਅਤੇ ਨਵੀਨਤਾਕਾਰੀ ਕੁਆਂਟਮ ਟੈਕਨੋਲੋਜੀ ਅਤੇ ਸਰਕੂਲਰ ਈਕੌਨਮੀ ਵਿੱਚ ਪ੍ਰਗਤੀ ਦੇ ਨਾਲ-ਨਾਲ 6ਜੀ, 5ਜੀ ਉਪਯੋਗ ਦੀ ਉਦਾਹਰਣ, ਕਲਾਊਡ ਅਤੇ ਐਜ ਕੰਪਿਊਟਿੰਗ, ਆਈਓਟੀ, ਸੈਮੀਕੰਡਕਟਰ, ਸਾਈਬਰ ਸੁਰੱਖਿਆ, ਗ੍ਰੀਨ ਟੇਕ, ਸੈੱਚਕੌਮ ਅਤੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ‘ਤੇ ਚਾਣਨਾ ਪਾਉਣਗੇ।
ਏਸ਼ੀਆ ਦਾ ਸਭ ਤੋਂ ਬੜਾ ਡਿਜੀਟਲ ਟੈਕਨੋਲੋਜੀ ਪਲੈਟਫਾਰਮ, ਇੰਡੀਆ ਮੋਬਾਈਲ ਕਾਂਗਰਸ, ਟੈਕਨੋਲੋਜੀ ਅਤੇ ਟੈਲੀਕੌਮ ਈਕੋਸਿਸਟਮ ਦੇ ਖੇਤਰ ਵਿੱਚ ਉਦਯੋਗ ਜਗਤ, ਸਰਕਾਰ, ਅਕਾਦਮਿਕਾਂ, ਸਟਾਰਟਅੱਪਸ ਅਤੇ ਹੋਰ ਪ੍ਰਮੁੱਖ ਹਿਤਧਾਰਕਾਂ ਦੇ ਲਈ ਅਭਿਨਵ ਸਮਾਧਾਨ, ਸੇਵਾਵਾਂ ਅਤੇ ਅਤਿਆਧੁਨਿਕ ਉਪਯੋਗ ਦੇ ਮਾਮਲਿਆਂ ਨੂੰ ਪ੍ਰਦਰਸ਼ਿਤ ਕਰਨ ਦਾ ਦੁਨੀਆ ਭਰ ਵਿੱਚ ਇੱਕ ਪ੍ਰਸਿੱਧ ਪਲੈਟਫਾਰਮ ਬਣ ਗਿਆ ਹੈ। ਇੰਡੀਆ ਮੋਬਾਈਲ ਕਾਂਗਰਸ ਵਿੱਚ 400 ਤੋਂ ਅਧਿਕ ਪ੍ਰਦਰਸ਼ਕ,ਲਗਭਗ 900 ਸਟਾਰਟਅੱਪ, ਅਤੇ 120 ਤੋਂ ਅਧਿਕ ਦੇਸ਼ਾਂ ਦੀ ਭਾਗੀਦਾਰੀ ਹੋਵੇਗੀ। ਇਸ ਪ੍ਰੋਗਰਾਮ ਦਾ ਉਦੇਸ਼ ਟੈਕਨੋਲੋਜੀ ਉਪਯੋਗ ਦੇ 900 ਤੋਂ ਅਧਿਕ ਮਾਮਲਿਆਂ ਨਾਲ ਜੁੜੇ ਲੈਂਡਸਕੇਪ ਨੂੰ ਪ੍ਰਦਰਸ਼ਿਤ ਕਰਨਾ, 100 ਤੋਂ ਅਧਿਕ ਸੈਸ਼ਨਾਂ ਦੀ ਮੇਜ਼ਬਾਨੀ ਕਰਨਾ ਅਤੇ 600 ਤੋਂ ਅਧਿਕ ਗਲੋਬਲ ਅਤੇ ਭਾਰਤੀ ਵਕਤਾਵਾਂ ਦੇ ਨਾਲ ਚਰਚਾ ਕਰਨਾ ਹੈ।