ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੁਜਰਾਤ ਦੇ ਅਡਾਲਜ ਵਿਖੇ ਸ਼੍ਰੀ ਅੰਨਪੂਰਨਧਾਮ ਟਰੱਸਟ ਦੇ ਹੋਸਟਲ ਅਤੇ ਸਿੱਖਿਆ ਕੰਪਲੈਕਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਜਨਸਹਾਇਕ ਟਰੱਸਟ ਦੇ ਹੀਰਾਮਣੀ ਅਰੋਗਯ ਧਾਮ ਦਾ ਭੂਮੀਪੂਜਨ ਵੀ ਕੀਤਾ। ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ 'ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਸ਼੍ਰੀ ਅੰਨਪੂਰਨਧਾਮ ਦੇ ਬ੍ਰਹਮ, ਅਧਿਆਤਮਿਕ ਅਤੇ ਸਮਾਜਿਕ ਉੱਦਮਾਂ ਨਾਲ ਲੰਬੇ ਸਮੇਂ ਤੱਕ ਜੁੜੇ ਰਹਿਣ 'ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਅਤੇ ਪੋਸ਼ਣ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਗੁਜਰਾਤ ਦਾ ਸੁਭਾਅ ਰਿਹਾ ਹੈ। ਸਾਰੇ ਭਾਈਚਾਰਿਆਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਆਪਣੀ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਪਾਟੀਦਾਰ ਭਾਈਚਾਰਾ ਸਮਾਜ ਲਈ ਆਪਣੀ ਭੂਮਿਕਾ ਨਿਭਾਉਣ ਵਿੱਚ ਕਦੇ ਵੀ ਪਿੱਛੇ ਨਹੀਂ ਰਹਿੰਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮ੍ਰਿਧੀ ਦੀ ਦੇਵੀ ਮਾਂ ਅੰਨਪੂਰਨਾ ਸਾਰਿਆਂ ਦੁਆਰਾ ਅਤੇ ਵਿਸ਼ੇਸ਼ ਤੌਰ 'ਤੇ ਪਾਟੀਦਾਰ ਭਾਈਚਾਰੇ ਦੁਆਰਾ ਬਹੁਤ ਸਤਿਕਾਰਤ ਹੈ ਜੋ ਰੋਜ਼ਾਨਾ ਜੀਵਨ ਦੀਆਂ ਅਸਲੀਅਤਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਅੰਨਪੂਰਨਾ ਦੀ ਪ੍ਰਤਿਮਾ ਨੂੰ ਹਾਲ ਹੀ ਵਿੱਚ ਕੈਨੇਡਾ ਤੋਂ ਕਾਸ਼ੀ ਵਾਪਸ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ “ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸੱਭਿਆਚਾਰ ਦੇ ਅਜਿਹੇ ਦਰਜਨਾਂ ਪ੍ਰਤੀਕ ਵਿਦੇਸ਼ਾਂ ਤੋਂ ਵਾਪਸ ਲਿਆਂਦੇ ਗਏ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਭੋਜਨ, ਸਿਹਤ ਅਤੇ ਸਿੱਖਿਆ ਨੂੰ ਹਮੇਸ਼ਾ ਹੀ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਅਤੇ ਅੱਜ ਸ਼੍ਰੀ ਅੰਨਪੂਰਨਧਾਮ ਨੇ ਇਨ੍ਹਾਂ ਤੱਤਾਂ ਦਾ ਵਿਸਤਾਰ ਕੀਤਾ ਹੈ। ਜੋ ਨਵੀਆਂ ਸੁਵਿਧਾਵਾਂ ਆ ਰਹੀਆਂ ਹਨ, ਉਨ੍ਹਾਂ ਨਾਲ ਗੁਜਰਾਤ ਦੇ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ, ਖ਼ਾਸ ਤੌਰ 'ਤੇ ਇੱਕੋ ਸਮੇਂ 14 ਵਿਅਕਤੀਆਂ ਦੇ ਡਾਇਲਸਿਸ ਦੀ ਸੁਵਿਧਾ, 24 ਘੰਟੇ ਖੂਨ ਦੀ ਸਪਲਾਈ ਦੀ ਸੁਵਿਧਾ ਵਾਲਾ ਬਲੱਡ ਬੈਂਕ ਵੱਡੀ ਲੋੜ ਪੂਰੀ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਫ਼ਤ ਡਾਇਲਸਿਸ ਦੀ ਸੁਵਿਧਾ ਸ਼ੁਰੂ ਕੀਤੀ ਹੈ।
ਗੁਜਰਾਤੀ ਭਾਸ਼ਾ ਵਿੱਚ ਬੋਲਦਿਆਂ, ਪ੍ਰਧਾਨ ਮੰਤਰੀ ਨੇ ਟਰੱਸਟ ਅਤੇ ਇਸਦੀ ਲੀਡਰਸ਼ਿਪ ਦੀ ਉਨ੍ਹਾਂ ਦੇ ਚੰਗੇ ਕੰਮ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦੀ ਵਿਸ਼ੇਸ਼ਤਾ ਲਹਿਰ (ਅੰਦੋਲਨ) ਨੂੰ ਉਸਾਰੂ ਕਾਰਜਾਂ ਨਾਲ ਜੋੜਨਾ ਹੈ। 'ਨਰਮ ਪਰ ਦ੍ਰਿੜ੍ਹ' ਮੁੱਖ ਮੰਤਰੀ ਦੀ ਲੀਡਰਸ਼ਿਪ ਅਤੇ ਕੁਦਰਤੀ ਖੇਤੀ 'ਤੇ ਜ਼ੋਰ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ, ਪ੍ਰਧਾਨ ਮੰਤਰੀ ਨੇ ਸਭਾ ਨੂੰ, ਜਿੱਥੇ ਵੀ ਸੰਭਵ ਹੋ ਸਕੇ, ਕੁਦਰਤੀ ਖੇਤੀ ਨੂੰ ਅੱਗੇ ਵਧਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਵਿਕਾਸ ਦੀ ਸਮ੍ਰਿਧ ਪਰੰਪਰਾ ਨੂੰ ਨੋਟ ਕੀਤਾ ਜਿੱਥੇ ਹਮੇਸ਼ਾਂ ਵਿਕਾਸ ਦੇ ਨਵੇਂ ਮਾਨਕ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੀ ਇਸ ਪਰੰਪਰਾ ਨੂੰ ਮੁੱਖ ਮੰਤਰੀ ਅੱਗੇ ਲੈ ਕੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ਸਟੈਚੂ ਆਵ੍ ਯੂਨਿਟੀ ਜ਼ਰੀਏ ਭਾਰਤ ਨੇ ਸਰਦਾਰ ਪਟੇਲ ਨੂੰ ਬਹੁਤ ਵੱਡੀ ਸ਼ਰਧਾਂਜਲੀ ਅਰਪਿਤ ਕੀਤੀ ਹੈ, ਜਿਨ੍ਹਾਂ ਦਾ ਨਾਮ ਪੂਰੀ ਦੁਨੀਆ ਵਿੱਚ ਪਹੁੰਚਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ, ਜੋ ਕਿ ਮਾਂ ਅੰਨਪੂਰਨਾ ਦੀ ਧਰਤੀ ਹੈ, ਵਿੱਚ ਕੁਪੋਸ਼ਣ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਕਸਰ ਕੁਪੋਸ਼ਣ ਅਗਿਆਨਤਾ ਕਾਰਨ ਵੀ ਹੁੰਦਾ ਹੈ। ਉਨ੍ਹਾਂ ਸੰਤੁਲਿਤ ਖੁਰਾਕ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਭੋਜਨ ਨੂੰ ਸਿਹਤ ਦੀ ਦਿਸ਼ਾ ਵਿੱਚ ਪਹਿਲਾ ਕਦਮ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਪੋਸ਼ਣ ਅਕਸਰ ਭੋਜਨ ਦੀ ਕਮੀ ਦੀ ਬਜਾਏ ਭੋਜਨ ਬਾਰੇ ਗਿਆਨ ਦੀ ਘਾਟ ਦਾ ਨਤੀਜਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ, ਸਰਕਾਰ ਦੁਆਰਾ 80 ਕਰੋੜ ਤੋਂ ਵੱਧ ਲੋਕਾਂ ਲਈ ਮੁਫ਼ਤ ਅਨਾਜ ਯਕੀਨੀ ਬਣਾਉਣ ਦਾ ਜ਼ਿਕਰ ਕੀਤਾ। ਬੀਤੀ ਰਾਤ ਅਮਰੀਕੀ ਰਾਸ਼ਟਰਪਤੀ ਨਾਲ ਹੋਈ ਆਪਣੀ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ ਕਿ ਜੇਕਰ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਭਾਰਤ ਦੂਸਰੇ ਦੇਸ਼ਾਂ ਨੂੰ ਅਨਾਜ ਭੇਜਣ ਦੀ ਪੇਸ਼ਕਸ਼ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਅੰਨਪੂਰਨਾ ਦੀ ਕਿਰਪਾ ਨਾਲ ਭਾਰਤੀ ਕਿਸਾਨ ਪਹਿਲਾਂ ਹੀ ਦੁਨੀਆ ਦੀ ਦੇਖਭਾਲ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਟੀਕਾਕਰਣ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਉਦਯੋਗਿਕ ਵਿਕਾਸ ਦੇ ਨਵੀਨਤਮ ਰੁਝਾਨਾਂ ਦੀਆਂ ਲੋੜਾਂ ਅਨੁਸਾਰ ਕੌਸ਼ਲ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਨੂੰ ਵੀ ਦੁਹਰਾਇਆ। ਫਾਰਮੇਸੀ ਕਾਲਜ ਬਣਾਉਣ ਦੀ ਸ਼ੁਰੂਆਤੀ ਪ੍ਰੇਰਣਾ ਦਾ ਹਵਾਲਾ ਦਿੰਦੇ ਹੋਏ, ਜਿਸ ਨੇ ਫਾਰਮਾ ਉਦਯੋਗ ਵਿੱਚ ਰਾਜ ਦੀ ਪ੍ਰਮੁੱਖ ਭੂਮਿਕਾ ਨਿਭਾਈ, ਉਨ੍ਹਾਂ ਕਿਹਾ ਕਿ ਕੌਸ਼ਲ ਵਿਕਾਸ ਵਿੱਚ ਭਾਈਚਾਰੇ ਅਤੇ ਸਰਕਾਰ ਦੇ ਪ੍ਰਯਤਨਾਂ ਦਾ ਬਹੁਪੱਖੀ ਪ੍ਰਭਾਵ ਹੈ। ਗੁਜਰਾਤ ਨੂੰ ਉਦਯੋਗ 4.0 ਦੇ ਸਟੈਂਡਰਡਜ਼ ਨੂੰ ਪ੍ਰਾਪਤ ਕਰਨ ਵਿੱਚ ਦੇਸ਼ ਦੀ ਅਗਵਾਈ ਕਰਨੀ ਚਾਹੀਦੀ ਹੈ, ਕਿਉਂਕਿ ਰਾਜ ਪਾਸ ਅਜਿਹਾ ਕਰਨ ਦੀ ਸਮਰੱਥਾ ਅਤੇ ਸੁਭਾਅ ਹੈ।
ਡਾਇਲਸਿਸ ਦੇ ਮਰੀਜ਼ਾਂ ਦੇ ਵਿੱਤ 'ਤੇ ਮਾੜੇ ਪ੍ਰਭਾਵ ਨੂੰ ਨੋਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੁਫ਼ਤ ਡਾਇਲਸਿਸ ਦੀ ਸੁਵਿਧਾ ਨੂੰ ਫੈਲਾਉਣ 'ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਜਨ ਔਸ਼ਧੀ ਕੇਂਦਰ ਸਸਤੀਆਂ ਦਵਾਈਆਂ ਮੁਹੱਈਆ ਕਰਵਾ ਕੇ ਮਰੀਜ਼ਾਂ ਲਈ ਲਾਗਤ ਘਟਾ ਰਹੇ ਹਨ। ਸਵੱਛਤਾ, ਪੋਸ਼ਣ, ਜਨ ਔਸ਼ਧੀ, ਡਾਇਲਸਿਸ ਮੁਹਿੰਮ, ਸਟੈਂਟ ਅਤੇ ਗੋਡਿਆਂ ਦੇ ਇੰਪਲਾਂਟ ਦੀਆਂ ਕੀਮਤਾਂ ਵਿੱਚ ਕਮੀ ਵਰਗੇ ਉਪਾਵਾਂ ਨੇ ਆਮ ਲੋਕਾਂ 'ਤੇ ਬੋਝ ਘਟਾਇਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਆਯੁਸ਼ਮਾਨ ਭਾਰਤ ਯੋਜਨਾ ਨੇ ਗ਼ਰੀਬ ਅਤੇ ਮੱਧ ਵਰਗ ਦੇ ਮਰੀਜ਼ਾਂ ਖ਼ਾਸ ਕਰਕੇ ਮਹਿਲਾਵਾਂ ਦੀ ਮਦਦ ਕੀਤੀ ਹੈ।
ਹੋਸਟਲ ਅਤੇ ਸਿੱਖਿਆ ਕੰਪਲੈਕਸ ਵਿੱਚ 600 ਵਿਦਿਆਰਥੀਆਂ ਲਈ 150 ਕਮਰਿਆਂ ਦੀ ਰਿਹਾਇਸ਼ ਅਤੇ ਰਹਿਣ ਦੀ ਸੁਵਿਧਾ ਹੈ। ਹੋਰ ਸੁਵਿਧਾਵਾਂ ਵਿੱਚ ਜੀਪੀਐੱਸਸੀ, ਯੂਪੀਐੱਸਸੀ ਪ੍ਰੀਖਿਆਵਾਂ ਲਈ ਟ੍ਰੇਨਿੰਗ ਕੇਂਦਰ, ਈ-ਲਾਇਬ੍ਰੇਰੀ, ਕਾਨਫ਼ਰੰਸ ਰੂਮ, ਸਪੋਰਟਸ ਰੂਮ, ਟੀਵੀ ਰੂਮ ਅਤੇ ਵਿਦਿਆਰਥੀਆਂ ਲਈ ਪ੍ਰਾਇਮਰੀ ਸਿਹਤ ਸੁਵਿਧਾਵਾਂ ਆਦਿ ਸ਼ਾਮਲ ਹਨ।
ਜਨਸਹਾਇਕ ਟਰੱਸਟ ਹੀਰਾਮਣੀ ਅਰੋਗਯ ਧਾਮ ਦਾ ਵਿਕਾਸ ਕਰੇਗਾ। ਇਸ ਵਿੱਚ ਇੱਕ ਸਮੇਂ ਵਿੱਚ 14 ਵਿਅਕਤੀਆਂ ਦੇ ਡਾਇਲਸਿਸ ਦੀ ਸੁਵਿਧਾ, 24 ਘੰਟੇ ਖੂਨ ਦੀ ਸਪਲਾਈ ਦੀ ਸੁਵਿਧਾ ਵਾਲਾ ਬਲੱਡ ਬੈਂਕ, 24 ਘੰਟੇ ਕੰਮ ਕਰਨ ਵਾਲਾ ਮੈਡੀਕਲ ਸਟੋਰ, ਆਧੁਨਿਕ ਪੈਥੋਲੋਜੀ ਲੈਬਾਰਟਰੀ ਅਤੇ ਸਿਹਤ ਜਾਂਚਾਂ ਲਈ ਉੱਚ ਪੱਧਰੀ ਉਪਕਰਣ ਸਮੇਤ ਆਧੁਨਿਕ ਮੈਡੀਕਲ ਸੁਵਿਧਾਵਾਂ ਹੋਣਗੀਆਂ। ਇਹ ਆਯੁਰਵੇਦ, ਹੋਮਿਓਪੈਥੀ, ਐਕਿਊਪੰਕਚਰ, ਯੋਗ ਥੈਰੇਪੀ ਆਦਿ ਲਈ ਉੱਨਤ ਸੁਵਿਧਾਵਾਂ ਵਾਲਾ ਡੇ-ਕੇਅਰ ਸੈਂਟਰ ਹੋਵੇਗਾ। ਇਹ ਫਸਟ ਏਡ ਟਰੇਨਿੰਗ, ਟੈਕਨੀਸ਼ੀਅਨ ਟਰੇਨਿੰਗ ਅਤੇ ਡਾਕਟਰ ਟਰੇਨਿੰਗ ਲਈ ਸੁਵਿਧਾਵਾਂ ਦੀ ਮੇਜ਼ਬਾਨੀ ਕਰੇਗਾ।