ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਪੀਣ ਯੋਗ ਪਾਣੀ ਅਤੇ ਸਿੰਚਾਈ ਵਰਗੇ ਕਈ ਸੈਕਟਰ ਸ਼ਾਮਲ ਹਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 30 ਅਤੇ 31 ਅਕਤੂਬਰ ਦੀਆਂ ਦੋ ਤਾਰੀਖਾਂ ਹਰ ਕਿਸੇ ਲਈ ਬਹੁਤ ਪ੍ਰੇਰਨਾ ਸਰੋਤ ਹਨ, ਕਿਉਂਕਿ ਪਹਿਲਾਂ ਗੋਵਿੰਦ ਗੁਰੂ ਜੀ ਦੀ ਬਰਸੀ ਹੈ ਅਤੇ ਬਾਅਦ ਵਿੱਚ ਸਰਦਾਰ ਪਟੇਲ ਜੀ ਦੀ ਜਯੰਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਪੀੜ੍ਹੀ ਨੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ, ਸਟੈਚਿਊ ਆਫ਼ ਯੂਨਿਟੀ ਬਣਾ ਕੇ ਸਰਦਾਰ ਸਾਹਿਬ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ”। ਉਨ੍ਹਾਂ ਜ਼ਿਕਰ ਕੀਤਾ ਕਿ ਗੋਵਿੰਦ ਗੁਰੂ ਜੀ ਦਾ ਜੀਵਨ ਭਾਰਤ ਦੀ ਆਜ਼ਾਦੀ ਵਿੱਚ ਆਦਿਵਾਸੀ ਸਮਾਜ ਦੇ ਯੋਗਦਾਨ ਅਤੇ ਕੁਰਬਾਨੀ ਦਾ ਵੀ ਪ੍ਰਤੀਕ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਪਿਛਲੇ ਸਾਲਾਂ ਦੌਰਾਨ ਸਰਕਾਰ ਨੇ ਮਾਨਗੜ੍ਹ ਧਾਮ ਦੀ ਮਹੱਤਤਾ ਨੂੰ ਰਾਸ਼ਟਰੀ ਪੱਧਰ 'ਤੇ ਸਥਾਪਿਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਦਿਨ ਦੇ ਸ਼ੁਰੂ ਵਿੱਚ ਅੰਬਾਜੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਨ ਦਾ ਜ਼ਿਕਰ ਕੀਤਾ ਅਤੇ ਦੇਵੀ ਅੰਬਾਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਣ ਲਈ ਆਭਾਰ ਪ੍ਰਗਟਾਇਆ। ਉਨ੍ਹਾਂ ਗੱਬਰ ਪਰਵਤ ਦੇ ਵਿਕਾਸ ਅਤੇ ਇਸ ਦੀ ਸ਼ਾਨ ਨੂੰ ਵਧਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਅੱਜ ਦੇ ਪ੍ਰੋਜੈਕਟਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਅੰਬੇ ਦੇ ਆਸ਼ੀਰਵਾਦ ਨਾਲ ਲਗਭਗ 6000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਕਨੈਕਟਿਵਿਟੀ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਇਸ ਖੇਤਰ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਅੱਗੇ ਕਿਹਾ, "ਮਹਿਸਾਣਾ, ਪਾਟਨ, ਬਨਾਸਕਾਂਠਾ, ਸਾਬਰਕਾਂਠਾ, ਮਹੀਸਾਗਰ, ਅਹਿਮਦਾਬਾਦ ਅਤੇ ਗਾਂਧੀਨਗਰ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਵੀ ਇਹਨਾਂ ਪ੍ਰੋਜੈਕਟਾਂ ਤੋਂ ਲਾਭ ਹੋਵੇਗਾ।" ਉਨ੍ਹਾਂ ਨੇ ਅੱਜ ਦੇ ਪ੍ਰੋਜੈਕਟਾਂ ਲਈ ਗੁਜਰਾਤ ਦੇ ਲੋਕਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ ਦੀ ਵਿਕਾਸ ਗਾਥਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।" ਪ੍ਰਧਾਨ ਮੰਤਰੀ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ ਦੀ ਲੈਂਡਿੰਗ ਅਤੇ ਜੀ-20 ਦੀ ਸਫਲ ਪ੍ਰਧਾਨਗੀ ਦਾ ਜ਼ਿਕਰ ਕੀਤਾ। ਉਨ੍ਹਾਂ ਸੰਕਲਪ ਦੀ ਨਵੀਂ ਭਾਵਨਾ ਦਾ ਜ਼ਿਕਰ ਕੀਤਾ ਅਤੇ ਭਾਰਤ ਦੇ ਕੱਦ ਵਿੱਚ ਹੋਏ ਵਾਧੇ ਲਈ ਲੋਕਾਂ ਦੀ ਤਾਕਤ ਨੂੰ ਸਿਹਰਾ ਦਿੱਤਾ। ਉਨ੍ਹਾਂ ਨੇ ਦੇਸ਼ ਵਿੱਚ ਸਰਵਪੱਖੀ ਵਿਕਾਸ ਨੂੰ ਉਜਾਗਰ ਕੀਤਾ ਅਤੇ ਪਾਣੀ ਦੀ ਸੰਭਾਲ਼, ਸਿੰਚਾਈ ਅਤੇ ਪੀਣਯੋਗ ਪਾਣੀ ਲਈ ਉਪਾਵਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਸੜਕਾਂ, ਰੇਲਗੱਡੀਆਂ ਜਾਂ ਹਵਾਈ ਅੱਡਿਆਂ ਜਿਹੇ ਸਾਰੇ ਖੇਤਰਾਂ ਵਿੱਚ ਬੇਮਿਸਾਲ ਨਿਵੇਸ਼ਾਂ ਨੂੰ ਰੇਖਾਂਕਿਤ ਕੀਤਾ, ਜਿਸ ਨਾਲ ਭਾਰਤ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ।
ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਪਹਿਲਾਂ ਹੀ ਵਿਕਾਸ ਕਾਰਜਾਂ ਨੂੰ ਦੇਖਿਆ ਹੈ, ਜਿਸ ਦਾ ਅੱਜ ਦੇਸ਼ ਦਾ ਬਾਕੀ ਹਿੱਸਾ ਅਨੁਭਵ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਮੋਦੀ ਜੋ ਵੀ ਸੰਕਲਪ ਲੈਂਦਾ ਹੈ, ਉਹ ਉਸ ਨੂੰ ਪੂਰਾ ਕਰਦਾ ਹੈ।" ਉਨ੍ਹਾਂ ਨੇ ਤੇਜ਼ੀ ਨਾਲ ਵਿਕਾਸ ਦਾ ਸਿਹਰਾ ਗੁਜਰਾਤ ਦੇ ਲੋਕਾਂ ਵਲੋਂ ਚੁਣੀ ਗਈ ਸਥਿਰ ਸਰਕਾਰ ਨੂੰ ਦਿੰਦੇ ਹੋਏ ਕਿਹਾ ਕਿ ਉੱਤਰੀ ਗੁਜਰਾਤ ਸਮੇਤ ਪੂਰੇ ਰਾਜ ਨੂੰ ਇਸ ਦਾ ਲਾਭ ਹੋਇਆ ਹੈ।
ਉਸ ਸਮੇਂ ਨੂੰ ਯਾਦ ਕਰਦੇ ਹੋਏ ਜਦੋਂ ਸਮੁੱਚੇ ਉੱਤਰੀ ਗੁਜਰਾਤ ਖੇਤਰ ਵਿੱਚ ਪੀਣ ਅਤੇ ਸਿੰਚਾਈ ਲਈ ਪਾਣੀ ਦੀ ਘਾਟ ਕਾਰਨ ਜੀਵਨ ਮੁਸ਼ਕਲ ਸੀ ਅਤੇ ਇਕਲੌਤੇ ਡੇਅਰੀ ਕਾਰੋਬਾਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਪ੍ਰਤੀ ਸਾਲ ਸਿਰਫ ਇੱਕ ਫਸਲ ਦੀ ਕਟਾਈ ਕਰ ਸਕਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਨਿਸ਼ਚਿਤਤਾ ਦੇ। ਸ਼੍ਰੀ ਮੋਦੀ ਨੇ ਇਸ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਕੀਤੇ ਗਏ ਕੰਮਾਂ ਨੂੰ ਉਜਾਗਰ ਕੀਤਾ ਅਤੇ ਇੱਥੇ ਜਲ ਸਪਲਾਈ ਅਤੇ ਸਿੰਚਾਈ ਲਈ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦਿੱਤਾ, "ਅਸੀਂ ਖੇਤੀਬਾੜੀ ਸੈਕਟਰ ਦੇ ਨਾਲ-ਨਾਲ ਉੱਤਰੀ ਗੁਜਰਾਤ ਦੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਕੰਮ ਕੀਤਾ।" ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਉੱਤਰੀ ਗੁਜਰਾਤ ਦੇ ਲੋਕਾਂ ਲਈ ਕਮਾਈ ਦੇ ਵੱਧ ਤੋਂ ਵੱਧ ਨਵੇਂ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਨੇ ਸੁਜਲਾਮ-ਸੁਫਲਾਮ ਯੋਜਨਾ 'ਚਾਨਣਾ ਪਾਇਆ, ਜੋ ਗੁਜਰਾਤ ਦੇ ਵਿਕਾਸ ਲਈ ਨਰਮਦਾ ਅਤੇ ਮਾਹੀ ਨਦੀਆਂ ਦੇ ਪਾਣੀ ਦੀ ਵਰਤੋਂ ਲਈ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਵੱਧ ਤੋਂ ਵੱਧ ਲਾਭ ਯਕੀਨੀ ਬਣਾਉਣ ਲਈ ਸਾਬਰਮਤੀ 'ਤੇ 6 ਬੈਰਾਜ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ, “ਇਨ੍ਹਾਂ ਵਿੱਚੋਂ ਇੱਕ ਬੈਰਾਜ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਸਾਡੇ ਕਿਸਾਨਾਂ ਅਤੇ ਦਰਜਨਾਂ ਪਿੰਡਾਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ।”
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਸਿੰਚਾਈ ਪ੍ਰੋਜੈਕਟਾਂ ਦੇ ਕਾਰਨ ਉੱਤਰੀ ਗੁਜਰਾਤ ਵਿੱਚ ਸਿੰਚਾਈ ਦਾ ਦਾਇਰਾ 20-22 ਸਾਲਾਂ ਵਿੱਚ ਕਈ ਗੁਣਾ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਪਲਬਧ ਸੂਖ਼ਮ ਸਿੰਚਾਈ ਦੀ ਨਵੀਂ ਤਕਨੀਕ ਨੂੰ ਉੱਤਰੀ ਗੁਜਰਾਤ ਦੇ ਕਿਸਾਨਾਂ ਨੇ ਤੁਰੰਤ ਅਪਣਾਇਆ ਅਤੇ ਤਸੱਲੀ ਪ੍ਰਗਟਾਈ ਕਿ ਬਨਾਸਕਾਂਠਾ ਦਾ 70 ਪ੍ਰਤੀਸ਼ਤ ਖੇਤਰ ਨਵੀਂ ਤਕਨੀਕ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ, “ਕਿਸਾਨ ਹੁਣ ਕਈ ਫਸਲਾਂ ਜਿਵੇਂ ਕਿ ਕਣਕ, ਅਰੰਡੀ, ਮੂੰਗਫਲੀ ਅਤੇ ਛੋਲਿਆਂ ਦੇ ਨਾਲ-ਨਾਲ ਸੌਂਫ, ਜੀਰਾ ਅਤੇ ਹੋਰ ਮਸਾਲਿਆਂ ਦੀ ਕਾਸ਼ਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ 90 ਫੀਸਦੀ ਇਸਬਗੋਲ ਨੂੰ ਗੁਜਰਾਤ ਵਿੱਚ ਪ੍ਰੋਸੈਸ ਕੀਤਾ ਜਾਂਦਾ ਹੈ, ਜਿਸ ਨਾਲ ਇਸ ਨੂੰ ਇੱਕ ਵਿਲੱਖਣ ਪਛਾਣ ਮਿਲਦੀ ਹੈ। ਉਨ੍ਹਾਂ ਵਧ ਰਹੀ ਖੇਤੀ ਉਪਜ ਦਾ ਵੀ ਜ਼ਿਕਰ ਕੀਤਾ ਅਤੇ ਆਲੂ, ਗਾਜਰ, ਅੰਬ, ਆਂਵਲਾ, ਅਨਾਰ, ਅਮਰੂਦ ਅਤੇ ਨਿੰਬੂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੀਸਾ ਨੂੰ ਆਲੂਆਂ ਦੀ ਜੈਵਿਕ ਖੇਤੀ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਬਨਾਸਕਾਂਠਾ ਵਿੱਚ ਆਲੂਆਂ ਦੀ ਪ੍ਰੋਸੈਸਿੰਗ ਲਈ ਇੱਕ ਵਿਸ਼ਾਲ ਪਲਾਂਟ ਸਥਾਪਤ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮਹਿਸਾਣਾ ਵਿੱਚ ਬਣੇ ਐਗਰੋ ਫੂਡ ਪਾਰਕ ਦਾ ਵੀ ਜ਼ਿਕਰ ਕੀਤਾ ਅਤੇ ਉਨ੍ਹਾਂ ਕਿਹਾ ਕਿ ਬਨਾਸਕਾਂਠਾ ਵਿੱਚ ਵੀ ਅਜਿਹਾ ਹੀ ਮੈਗਾ ਫੂਡ ਪਾਰਕ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਸ਼੍ਰੀ ਮੋਦੀ ਨੇ ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਗੱਲ ਆਖੀ ਅਤੇ ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਜਲ ਸੰਭਾਲ਼ ਯੋਜਨਾ ਦਾ ਜ਼ਿਕਰ ਕੀਤਾ, ਜੋ ਹੁਣ ਦੇਸ਼ ਲਈ ਜਲ ਜੀਵਨ ਮਿਸ਼ਨ ਦਾ ਰੂਪ ਲੈ ਚੁੱਕੀ ਹੈ। ਉਨ੍ਹਾਂ ਕਿਹਾ, "ਹਰ ਘਰ ਜਲ ਅਭਿਆਨ, ਗੁਜਰਾਤ ਦੀ ਤਰ੍ਹਾਂ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਦਲ ਰਿਹਾ ਹੈ।"
ਇਹ ਜ਼ਿਕਰ ਕਰਦੇ ਹੋਏ ਕਿ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਦੇ ਵਿਕਾਸ ਵਿੱਚ ਮਹਿਲਾਵਾਂ ਸਭ ਤੋਂ ਵੱਧ ਲਾਭਪਾਤਰੀ ਹਨ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉੱਤਰੀ ਗੁਜਰਾਤ ਵਿੱਚ ਪਿਛਲੇ ਸਾਲਾਂ ਦੌਰਾਨ ਸੈਂਕੜੇ ਨਵੇਂ ਪਸ਼ੂ ਹਸਪਤਾਲ ਬਣਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਪਸ਼ੂਆਂ ਦੀ ਸਿਹਤ ਵਧੀਆ ਰਹਿੰਦੀ ਹੈ ਅਤੇ ਇਸ ਤਰ੍ਹਾਂ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਵਿੱਚ ਉੱਤਰੀ ਗੁਜਰਾਤ ਵਿੱਚ 800 ਤੋਂ ਵੱਧ ਨਵੀਆਂ ਗ੍ਰਾਮੀਣ ਡੇਅਰੀ ਸਹਿਕਾਰੀ ਸਭਾਵਾਂ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ, “ਬਨਾਸ ਡੇਅਰੀ ਹੋਵੇ, ਦੁੱਧ ਸਾਗਰ ਹੋਵੇ ਜਾਂ ਸਾਬਰ ਡੇਅਰੀ ਹੋਵੇ, ਇਨ੍ਹਾਂ ਦਾ ਬੇਮਿਸਾਲ ਵਿਸਥਾਰ ਕੀਤਾ ਜਾ ਰਿਹਾ ਹੈ। ਦੁੱਧ ਤੋਂ ਇਲਾਵਾ, ਇਹ ਕਿਸਾਨਾਂ ਦੀਆਂ ਹੋਰ ਉਪਜਾਂ ਲਈ ਵੀ ਵੱਡੇ ਪ੍ਰੋਸੈਸਿੰਗ ਕੇਂਦਰ ਬਣ ਰਹੇ ਹਨ।” ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਸ਼ੂਆਂ ਦੇ ਮੁਫਤ ਟੀਕਾਕਰਣ ਲਈ ਵੱਡੀ ਮੁਹਿੰਮ ਚਲਾ ਰਹੀ ਹੈ, ਜਿਸ 'ਤੇ 15,000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਦਾ ਟੀਕਾਕਰਣ ਜ਼ਰੂਰ ਕਰਵਾਉਣ। ਉਨ੍ਹਾਂ ਨੇ ਗੋਬਰਧਨ ਯੋਜਨਾ ਤਹਿਤ ਕਈ ਪਲਾਂਟ ਲਗਾਉਣ ਦਾ ਵੀ ਜ਼ਿਕਰ ਕੀਤਾ, ਜਿੱਥੇ ਗਊ ਦੇ ਗੋਹੇ ਤੋਂ ਬਾਇਓ ਗੈਸ ਅਤੇ ਬਾਇਓ ਸੀਐੱਨਜੀ ਬਣਾਈ ਜਾ ਰਹੀ ਹੈ।
ਉੱਤਰੀ ਗੁਜਰਾਤ ਵਿੱਚ ਆਟੋਮੋਬਾਈਲ ਉਦਯੋਗ ਦੇ ਵਿਸਤਾਰ ਬਾਰੇ ਬੋਲਦਿਆਂ, ਸ਼੍ਰੀ ਮੋਦੀ ਨੇ ਮੰਡਲ-ਬੇਚਰਜੀ ਆਟੋਮੋਬਾਈਲ ਹੱਬ ਦੇ ਵਿਕਾਸ ਦਾ ਜ਼ਿਕਰ ਕੀਤਾ, ਜਿਸ ਨਾਲ ਰੋਜ਼ਗਾਰ ਦੇ ਮੌਕੇ ਅਤੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। “ਇੱਥੇ ਉਦਯੋਗਾਂ ਤੋਂ ਆਮਦਨ ਸਿਰਫ 10 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ। ਫੂਡ ਪ੍ਰੋਸੈਸਿੰਗ ਤੋਂ ਇਲਾਵਾ, ਮਹਿਸਾਣਾ ਵਿੱਚ ਫਾਰਮਾਸਿਊਟੀਕਲ ਉਦਯੋਗ ਅਤੇ ਇੰਜੀਨੀਅਰਿੰਗ ਉਦਯੋਗ ਵੀ ਵਿਕਸਿਤ ਹੋਏ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਬਨਾਸਕਾਂਠਾ ਅਤੇ ਸਾਬਰਕਾਂਠਾ ਜ਼ਿਲ੍ਹਿਆਂ ਵਿੱਚ ਸੇਰਾਮਿਕ ਨਾਲ ਸਬੰਧਤ ਉਦਯੋਗਾਂ ਦਾ ਵਿਕਾਸ ਹੋਇਆ ਹੈ।”
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਦੇ 5000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਪ੍ਰੋਜੈਕਟਾਂ 'ਤੇ ਚਾਨਣਾ ਪਾਇਆ ਕੀਤਾ ਅਤੇ ਮਹਿਸਾਣਾ ਅਤੇ ਅਹਿਮਦਾਬਾਦ ਦੇ ਵਿਚਕਾਰ ਸਮਰਪਿਤ ਮਾਲ ਕੌਰੀਡੋਰ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਹ ਉੱਤਰੀ ਗੁਜਰਾਤ ਦੀ ਪੀਪਾਵਾਵ, ਪੋਰਬੰਦਰ ਅਤੇ ਜਾਮਨਗਰ ਵਰਗੀਆਂ ਪ੍ਰਮੁੱਖ ਬੰਦਰਗਾਹਾਂ ਨਾਲ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ, "ਇਹ ਉੱਤਰੀ ਗੁਜਰਾਤ ਵਿੱਚ ਲੌਜਿਸਟਿਕਸ ਅਤੇ ਸਟੋਰੇਜ ਨਾਲ ਸਬੰਧਤ ਸੈਕਟਰ ਨੂੰ ਵੀ ਮਜ਼ਬੂਤ ਬਣਾਏਗਾ।"
ਦੇਸ਼ ਵਿੱਚ ਗ੍ਰੀਨ ਹਾਈਡ੍ਰੋਜਨ ਅਤੇ ਸੌਰ ਊਰਜਾ ਦੇ ਉਤਪਾਦਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਾਟਨ ਅਤੇ ਫਿਰ ਬਨਾਸਕਾਂਠਾ ਵਿੱਚ ਸੋਲਰ ਪਾਰਕ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਮੋਢੇਰਾ ਇੱਕ ਅਜਿਹਾ ਪਿੰਡ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ, ਜੋ 24 ਘੰਟੇ ਸੌਰ ਊਰਜਾ 'ਤੇ ਚੱਲਦਾ ਹੈ। ਉਨ੍ਹਾਂ ਕਿਹਾ, “ਅੱਜ, ਸਰਕਾਰ ਤੁਹਾਨੂੰ ਛੱਤ ਵਾਲੇ ਸੋਲਰ ਲਈ ਵੱਧ ਤੋਂ ਵੱਧ ਵਿੱਤੀ ਸਹਾਇਤਾ ਦੇ ਰਹੀ ਹੈ। ਸਾਡੀ ਕੋਸ਼ਿਸ਼ ਹਰ ਪਰਿਵਾਰ ਦੇ ਬਿਜਲੀ ਬਿੱਲ ਨੂੰ ਘੱਟ ਤੋਂ ਘੱਟ ਕਰਨ ਦੀ ਹੈ।” ਪ੍ਰਧਾਨ ਮੰਤਰੀ ਨੇ ਦੱਸਿਆ, "ਪਿਛਲੇ 9 ਸਾਲਾਂ ਵਿੱਚ, ਲਗਭਗ 2,500 ਕਿਲੋਮੀਟਰ ਪੂਰਬੀ ਅਤੇ ਪੱਛਮੀ ਸਮਰਪਿਤ ਮਾਲ ਕੌਰੀਡੋਰ ਪੂਰੇ ਕੀਤੇ ਗਏ ਹਨ, ਜਿਸ ਨਾਲ ਯਾਤਰੀ ਰੇਲਗੱਡੀਆਂ ਅਤੇ ਮਾਲ ਗੱਡੀਆਂ ਦੋਵਾਂ ਲਈ ਯਾਤਰਾ ਦਾ ਸਮਾਂ ਘਟਿਆ ਹੈ। ਉਨ੍ਹਾਂ ਨੇ ਹਰਿਆਣਾ ਦੇ ਪਾਲਨਪੁਰ ਤੋਂ ਰੇਵਾੜੀ ਤੱਕ ਰੇਲ ਗੱਡੀਆਂ ਰਾਹੀਂ ਦੁੱਧ ਦੀ ਢੋਆ-ਢੁਆਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ, “ਕਟੋਸਨ ਰੋਡ-ਬੇਚਰਾਜੀ ਰੇਲਵੇ ਲਾਈਨ ਅਤੇ ਵੀਰਮਗਾਮ-ਸਮਖਯਾਲੀ ਟ੍ਰੈਕ ਨੂੰ ਡਬਲ ਕਰਨ ਦਾ ਜੋ ਕੰਮ ਇੱਥੇ ਕੀਤਾ ਗਿਆ ਹੈ, ਉਸ ਨਾਲ ਕਨੈਕਟਿਵਿਟੀ ਵੀ ਮਜ਼ਬੂਤ ਹੋਵੇਗੀ।"
ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਸੈਰ ਸਪਾਟੇ ਦੀ ਸੰਭਾਵਨਾ 'ਤੇ ਚਾਨਣਾ ਪਾਇਆ ਅਤੇ ਵਿਸ਼ਵ ਪ੍ਰਸਿੱਧ ਕੱਛ ਰਣ ਉਤਸਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕੱਛ ਦੇ ਢੋਰਡੋ ਪਿੰਡ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਹਾਲ ਹੀ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸੈਲਾਨੀ ਪਿੰਡ ਵਜੋਂ ਮਾਨਤਾ ਮਿਲੀ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਉੱਤਰੀ ਗੁਜਰਾਤ ਦੇਸ਼ ਦਾ ਪ੍ਰਮੁੱਖ ਸੈਰ ਸਪਾਟਾ ਸਥਾਨ ਬਣ ਰਿਹਾ ਹੈ। ਉਨ੍ਹਾਂ ਨਡਾਬੇਟ ਦੀ ਉਦਾਹਰਨ ਦਿੱਤੀ ਜੋ ਕਿ ਇੱਕ ਮਹੱਤਵਪੂਰਨ ਸੈਰ ਸਪਾਟਾ ਕੇਂਦਰ ਬਣ ਰਿਹਾ ਹੈ ਅਤੇ ਧਰੋਈ ਦਾ ਵੀ ਜ਼ਿਕਰ ਕੀਤਾ, ਜਿਸ ਨੂੰ ਇੱਕ ਵੱਡੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਮਹਿਸਾਣਾ ਵਿੱਚ ਮੋਢੇਰਾ ਸੂਰਜ ਮੰਦਰ, ਸ਼ਹਿਰ ਦੇ ਕੇਂਦਰ ਵਿੱਚ ਬਲਦੀ ਅਖੰਡ ਜੋਤੀ, ਵਡਨਗਰ ਦੇ ਕੀਰਤੀ ਤੋਰਨ ਅਤੇ ਵਿਸ਼ਵਾਸ ਅਤੇ ਅਧਿਆਤਮਿਕਤਾ ਦੇ ਹੋਰ ਸਥਾਨਾਂ 'ਤੇ ਵੀ ਰੌਸ਼ਨੀ ਪਾਈ। ਉਨ੍ਹਾਂ ਕਿਹਾ ਕਿ ਵਡਨਗਰ ਪੁਰਾਤਨ ਸੱਭਿਅਤਾ ਦੀਆਂ ਨਿਸ਼ਾਨੀਆਂ ਨੂੰ ਉਜਾਗਰ ਕਰਨ ਵਾਲੀਆਂ ਖੁਦਾਈਆਂ ਦੇ ਹਵਾਲੇ ਨਾਲ ਪੂਰੀ ਦੁਨੀਆ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।ਪ੍ਰਧਾਨ ਮੰਤਰੀ ਨੇ ਰਾਣੀ ਕੀ ਬਾਵ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਕੇਂਦਰ ਸਰਕਾਰ ਨੇ ਇੱਥੇ ਹੈਰੀਟੇਜ ਸਰਕਟ ਦੇ ਤਹਿਤ 1,000 ਕਰੋੜ ਰੁਪਏ ਦੀ ਲਾਗਤ ਨਾਲ ਬਹੁਤ ਸਾਰੀਆਂ ਥਾਵਾਂ ਦਾ ਵਿਕਾਸ ਕੀਤਾ ਹੈ, ਜਿੱਥੇ ਹਰ ਸਾਲ ਔਸਤਨ 3 ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ। ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਵਿਰਾਸਤ ਨੂੰ ਵਿਕਾਸ ਨਾਲ ਜੋੜਨ ਦਾ ਬੇਮਿਸਾਲ ਕੰਮ ਅੱਜ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਇਹ ਵਿਕਸਤ ਭਾਰਤ ਬਣਾਉਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੇ।
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਆਦਿ ਹਾਜ਼ਰ ਸਨ।
ਪਿਛੋਕੜ
ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ, ਉਨ੍ਹਾਂ ਵਿੱਚ ਪੱਛਮੀ ਸਮਰਪਿਤ ਮਾਲ ਕੌਰੀਡੋਰ (ਡਬਲਿਊਡੀਐੱਫਸੀ) ਦਾ ਨਵਾਂ ਭਾਂਡੂ-ਨਿਊ ਸਾਨੰਦ (ਐੱਨ) ਸੈਕਸ਼ਨ; ਵੀਰਮਗਾਮ-ਸਮਖਿਆਲੀ ਰੇਲ ਲਾਈਨ ਨੂੰ ਡਬਲ ਕਰਨਾ; ਕਾਟੋਸਨ ਰੋਡ- ਬੇਚਰਾਜੀ - ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ (ਐੱਮਐੱਸਆਈਐੱਲ ਸਾਈਡਿੰਗ) ਰੇਲ ਪ੍ਰੋਜੈਕਟ; ਵਿਜਾਪੁਰ ਤਾਲੁਕਾ ਅਤੇ ਮਹਿਸਾਣਾ ਅਤੇ ਗਾਂਧੀਨਗਰ ਜ਼ਿਲੇ ਦੇ ਮਨਸਾ ਤਾਲੁਕਾ ਦੇ ਵੱਖ-ਵੱਖ ਪਿੰਡਾਂ ਦੀਆਂ ਝੀਲਾਂ ਦੇ ਰੀਚਾਰਜ ਲਈ ਪ੍ਰੋਜੈਕਟ; ਮਹਿਸਾਣਾ ਜ਼ਿਲ੍ਹੇ ਵਿੱਚ ਸਾਬਰਮਤੀ ਨਦੀ ਉੱਤੇ ਵਲਸਾਨਾ ਬੈਰਾਜ; ਪਾਲਨਪੁਰ, ਬਨਾਸਕਾਂਠਾ ਵਿੱਚ ਪੀਣਯੋਗ ਪਾਣੀ ਦੀ ਵਿਵਸਥਾ ਲਈ ਦੋ ਯੋਜਨਾਵਾਂ; ਅਤੇ ਧਰੋਈ ਡੈਮ ਅਧਾਰਿਤ ਪਾਲਨਪੁਰ ਲਾਈਫਲਾਈਨ ਪ੍ਰੋਜੈਕਟ - ਹੈੱਡ ਵਰਕ (ਐੱਚਡਬਲਿਊ) ਅਤੇ 80 ਐੱਮਐੱਲਡੀ ਸਮਰੱਥਾ ਦਾ ਵਾਟਰ ਟ੍ਰੀਟਮੈਂਟ ਪਲਾਂਟ ਸ਼ਾਮਲ ਹਨ।
ਪ੍ਰਧਾਨ ਮੰਤਰੀ ਵਲੋਂ ਜਿਨ੍ਹਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ ਸਨ, ਉਨ੍ਹਾਂ ਵਿੱਚ ਖੇਰਾਲੂ ਵਿੱਚ ਕਈ ਵਿਕਾਸ ਪ੍ਰੋਜੈਕਟ; ਮਹੀਸਾਗਰ ਜ਼ਿਲ੍ਹੇ ਦੇ ਸੰਤਰਾਮਪੁਰ ਤਾਲੁਕਾ ਵਿੱਚ ਸਿੰਚਾਈ ਸਹੂਲਤਾਂ ਪ੍ਰਦਾਨ ਕਰਨ ਲਈ ਪ੍ਰੋਜੈਕਟ; ਨਰੋਦਾ - ਦੇਹਗਾਮ - ਹਰਸੋਲ - ਧਨਸੁਰਾ ਰੋਡ, ਸਾਬਰਕਾਂਠਾ ਨੂੰ ਚੌੜਾ ਅਤੇ ਮਜ਼ਬੂਤ ਕਰਨਾ; ਗਾਂਧੀਨਗਰ ਜ਼ਿਲ੍ਹੇ ਵਿੱਚ ਕਲੋਲ ਨਗਰਪਾਲਿਕਾ ਸੀਵਰੇਜ ਅਤੇ ਸੈਪਟੇਜ ਪ੍ਰਬੰਧਨ ਲਈ ਪ੍ਰੋਜੈਕਟ; ਅਤੇ ਸਿੱਧਪੁਰ (ਪਟਨ), ਪਾਲਨਪੁਰ (ਬਨਾਸਕਾਂਠਾ), ਬਯਾਦ (ਅਰਾਵਲੀ) ਅਤੇ ਵਡਨਗਰ (ਮਹਿਸਾਣਾ) ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਲਈ ਪ੍ਰੋਜੈਕਟ ਸ਼ਾਮਲ ਹਨ।