ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 17ਵੇਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੱਕ ਯਾਦਗਾਰੀ ਡਾਕ ਟਿਕਟ 'ਸੁਰਕਸ਼ਿਤ ਜਾਏਂ, ਪ੍ਰਸ਼ਿਕਸ਼ਿਤ ਜਾਏਂ' ਰਿਲੀਜ਼ ਕੀਤੀ ਅਤੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ - ਭਾਰਤੀ ਸੁਤੰਤਰਤਾ ਸੰਗ੍ਰਾਮ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ' ਥੀਮ 'ਤੇ ਪਹਿਲੀ ਡਿਜੀਟਲ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਭਾਰਤ ਸਰਕਾਰ ਦਾ ਪ੍ਰਮੁੱਖ ਈਵੈਂਟ ਹੈ ਜੋ ਵਿਦੇਸ਼ਾਂ ਵਿੱਚ ਵੱਸੇ ਭਾਰਤੀਆਂ ਨਾਲ ਜੁੜਨ ਅਤੇ ਸੰਪਰਕ ਬਣਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦਾ ਹੈ ਅਤੇ ਪ੍ਰਵਾਸੀ ਭਾਰਤੀਆਂ ਨੂੰ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਸਮਰੱਥ ਬਣਾਉਂਦਾ ਹੈ। ਇਸ ਪੀਬੀਡੀ ਸੰਮੇਲਨ ਦਾ ਥੀਮ ਹੈ ‘ਪ੍ਰਵਾਸੀ: ਅੰਮ੍ਰਿਤ ਕਾਲ ਵਿੱਚ ਭਾਰਤ ਦੀ ਪ੍ਰਗਤੀ ਲਈ ਭਰੋਸੇਯੋਗ ਭਾਗੀਦਾਰ’। ਲਗਭਗ 70 ਵੱਖੋ-ਵੱਖ ਦੇਸ਼ਾਂ ਦੇ 3,500 ਤੋਂ ਵੱਧ ਪ੍ਰਵਾਸੀ ਭਾਰਤੀ ਮੈਂਬਰਾਂ ਨੇ ਪੀਬੀਡੀ ਸੰਮੇਲਨ ਲਈ ਰਜਿਸਟਰ ਕੀਤਾ ਹੈ।
ਸਭਾ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਦਿਵਸ ਚਾਰ ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ ਪੂਰੀ ਸ਼ਾਨ ਨਾਲ ਆਯੋਜਿਤ ਹੋ ਰਿਹਾ ਹੈ ਅਤੇ ਉਨ੍ਹਾਂ ਵਿਅਕਤੀਗਤ ਗੱਲਬਾਤ ਦੇ ਮਹੱਤਵ ਅਤੇ ਆਨੰਦ ਨੂੰ ਉਜਾਗਰ ਕੀਤਾ। ਇਸ ਮੌਕੇ 'ਤੇ 130 ਕਰੋੜ ਭਾਰਤੀਆਂ ਦੀ ਤਰਫ਼ੋਂ ਸਭ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਈਵੈਂਟ ਮੱਧ ਪ੍ਰਦੇਸ਼ ਦੀ ਧਰਤੀ 'ਤੇ ਹੋ ਰਿਹਾ ਹੈ ਜੋ ਭਾਰਤ ਦੇ ਦਿਲ ਵਜੋਂ ਜਾਣੀ ਜਾਂਦੀ ਹੈ ਅਤੇ ਨਰਮਦਾ ਦੇ ਪਵਿੱਤਰ ਜਲ, ਹਰਿਆਲੀ, ਆਦਿਵਾਸੀਆਂ, ਸੱਭਿਆਚਾਰ ਅਤੇ ਰੂਹਾਨੀਅਤ ਲਈ ਮਕਬੂਲ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸਮਰਪਿਤ ਮਹਾ ਕਾਲ ਮਹਾ ਲੋਕ ਦਾ ਜ਼ਿਕਰ ਕੀਤਾ ਅਤੇ ਆਸ ਪ੍ਰਗਟਾਈ ਕਿ ਪਤਵੰਤੇ ਅਤੇ ਡੈਲੀਗੇਟ ਪਵਿੱਤਰ ਸਥਾਨ ਦਾ ਦੌਰਾ ਕਰਨਗੇ। ਮੇਜ਼ਬਾਨ ਸ਼ਹਿਰ, ਇੰਦੌਰ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਦੌਰ ਇੱਕ ਸ਼ਹਿਰ ਦੇ ਨਾਲ-ਨਾਲ ਇੱਕ ਪੜਾਅ ਵੀ ਹੈ, "ਇਹ ਇੱਕ ਪੜਾਅ ਹੈ ਜੋ ਆਪਣੀ ਵਿਰਾਸਤ ਨੂੰ ਸੰਭਾਲ਼ਦੇ ਹੋਏ ਸਮੇਂ ਤੋਂ ਅੱਗੇ ਚਲਦਾ ਹੈ।" ਉਨ੍ਹਾਂ ਨੇ ਇੰਦੌਰ ਦੇ ਪਕਵਾਨਾਂ ਦੀ ਪ੍ਰਸਿੱਧੀ ਅਤੇ ਸਵੱਛਤਾ ਅੰਦੋਲਨ ਵਿੱਚ ਇਸਦੀ ਪ੍ਰਾਪਤੀ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪ੍ਰਵਾਸੀ ਭਾਰਤੀਯ ਦਿਵਸ ਕਈ ਤਰੀਕਿਆਂ ਨਾਲ ਵਿਸ਼ੇਸ਼ ਹੈ ਕਿਉਂਕਿ ਭਾਰਤ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਥੀਮ 'ਤੇ ਪਹਿਲੀ ਡਿਜੀਟਲ ਪੀਬੀਡੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਜੋ ਸ਼ਾਨਦਾਰ ਯੁੱਗ ਨੂੰ ਇੱਕ ਵਾਰ ਫਿਰ ਸਾਹਮਣੇ ਲਿਆਉਂਦੀ ਹੈ। ਅੰਮ੍ਰਿਤ ਕਾਲ ਦੀ ਯਾਤਰਾ ਦੇ ਅਗਲੇ 25 ਵਰ੍ਹਿਆਂ ਵਿੱਚ ਪ੍ਰਵਾਸੀ ਭਾਰਤੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਲੱਖਣ ਗਲੋਬਲ ਦ੍ਰਿਸ਼ਟੀ ਅਤੇ ਗਲੋਬਲ ਵਿਵਸਥਾ ਵਿੱਚ ਇਸ ਦੀ ਭੂਮਿਕਾ ਨੂੰ ਉਨ੍ਹਾਂ ਦੁਆਰਾ ਮਜ਼ਬੂਤ ਕੀਤਾ ਜਾਵੇਗਾ।
ਸਮੁੱਚੀ ਦੁਨੀਆ ਨੂੰ ਆਪਣਾ ਦੇਸ਼ ਮੰਨਣ ਅਤੇ ਮਾਨਵਤਾ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਵਜੋਂ ਮੰਨਣ ਦੀ ਭਾਰਤੀ ਫਿਲਾਸਫੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਭਾਰਤ ਦੇ ਸੱਭਿਆਚਾਰਕ ਵਿਸਤਾਰ ਦੀ ਨੀਂਹ ਰੱਖੀ ਸੀ। ਅੱਜ ਦੇ ਸੰਸਾਰ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤੀਆਂ ਨੇ ਦੁਨੀਆ ਦੇ ਸਾਰੇ ਹਿੱਸਿਆਂ ਦੀ ਯਾਤਰਾ ਕੀਤੀ ਹੈ, ਅਤੇ ਵੱਖੋ-ਵੱਖ ਸੱਭਿਆਚਾਰਾਂ ਅਤੇ ਪਰੰਪਰਾਵਾਂ ਦੇ ਦਰਮਿਆਨ ਰਹੇ ਹਨ, ਫਿਰ ਵੀ ਵਪਾਰਕ ਭਾਈਵਾਲੀ ਰਾਹੀਂ ਸਮ੍ਰਿੱਧੀ ਦੇ ਦਰਵਾਜ਼ੇ ਖੋਲ੍ਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਦੁਨੀਆ ਦੇ ਨਕਸ਼ੇ 'ਤੇ ਕਰੋੜਾਂ ਪ੍ਰਵਾਸੀ ਭਾਰਤੀ ਦੇਖਦੇ ਹਾਂ, ਤਾਂ ਨਾਲੋ-ਨਾਲ ਅਣਗਿਣਤ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜੋ 'ਵਸੁਧੈਵ ਕੁਟੁੰਬਕਮ' ਦੀ ਤਸਵੀਰ ਨੂੰ ਉਭਾਰਦੀਆਂ ਕਰਦੀਆਂ ਹਨ ਅਤੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੀ ਭਾਵਨਾ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਦੋ ਪ੍ਰਵਾਸੀ ਭਾਰਤੀ ਕਿਸੇ ਵਿਦੇਸ਼ੀ ਜ਼ਮੀਨ 'ਤੇ ਮਿਲਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਲੋਕਤੰਤਰ ਦੀ ਜਨਨੀ ਹੋਣ 'ਤੇ ਮਾਣ ਦੀ ਭਾਵਨਾ ਉਦੋਂ ਵੱਧ ਜਾਂਦੀ ਹੈ ਜਦੋਂ ਪ੍ਰਵਾਸੀਆਂ ਬਾਰੇ ਦੁਨੀਆ ਦੇ ਵੱਖੋ-ਵੱਖ ਹਿੱਸਿਆਂ ਵਿੱਚ ਸਭ ਤੋਂ ਲੋਕਤਾਂਤਰਿਕ, ਸ਼ਾਂਤੀਪੂਰਨ ਅਤੇ ਅਨੁਸ਼ਾਸਿਤ ਨਾਗਰਿਕਾਂ ਵਜੋਂ ਗੱਲ ਕੀਤੀ ਜਾਂਦੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਰ ਪ੍ਰਵਾਸੀ ਭਾਰਤੀ ਨੂੰ ਭਾਰਤ ਦਾ ਰਾਸ਼ਟਰੀ ਰਾਜਦੂਤ ਕਹਿੰਦੇ ਹਨ ਕਿਉਂਕਿ ਜਦੋਂ ਦੁਨੀਆ ਉਨ੍ਹਾਂ ਦੇ ਯੋਗਦਾਨ ਦਾ ਮੁਲਾਂਕਣ ਕਰਦੀ ਹੈ ਤਾਂ ਉਹ ਇੱਕ ਸ਼ਕਤੀਸ਼ਾਲੀ ਅਤੇ ਸਮਰੱਥ ਭਾਰਤ ਦੀ ਆਵਾਜ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਕਿਹਾ “ਤੁਸੀਂ ਭਾਰਤ ਦੀ ਵਿਰਾਸਤ ਦੇ, ਮੇਕ ਇਨ ਇੰਡੀਆ ਦੇ, ਯੋਗ ਅਤੇ ਆਯੁਰਵੇਦ ਦੇ, ਭਾਰਤ ਦੇ ਕੌਟੇਜ ਉਦਯੋਗਾਂ ਅਤੇ ਦਸਤਕਾਰੀ ਦੇ ਰਾਸ਼ਟਰਦੂਤ (ਰਾਸ਼ਟਰੀ ਰਾਜਦੂਤ) ਹੋ।” ਸ਼੍ਰੀ ਮੋਦੀ ਨੇ ਅੱਗੇ ਕਿਹਾ, “ਇਸ ਦੇ ਨਾਲ ਹੀ, ਤੁਸੀਂ ਭਾਰਤ ਦੇ ਬਾਜਰੇ ਦੇ ਬ੍ਰਾਂਡ ਅੰਬੈਸਡਰ ਵੀ ਹੋ।" ਉਨ੍ਹਾਂ ਦੱਸਿਆ ਕਿ 2023 ਨੂੰ ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਐਲਾਨਿਆ ਗਿਆ ਹੈ ਅਤੇ ਸਾਰਿਆਂ ਨੂੰ ਮਿਲਟਸ ਦੇ ਕੁਝ ਉਤਪਾਦ ਘਰ ਵਾਪਸ ਲੈ ਜਾਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਾਰੇ ਹੋਰ ਜਾਣਨ ਦੀ ਦੁਨੀਆ ਦੀ ਇੱਛਾ ਨੂੰ ਪੂਰਾ ਕਰਨ ਲਈ ਪ੍ਰਵਾਸੀ ਭਾਰਤੀਆਂ ਦੀ ਇੱਕ ਹੋਰ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਬੜੀ ਉਤਸੁਕਤਾ ਨਾਲ ਦੇਖ ਰਹੀ ਹੈ ਅਤੇ ਉਨ੍ਹਾਂ ਹਾਲ ਹੀ ਦੇ ਵਰ੍ਹਿਆਂ ਵਿੱਚ ਦੇਸ਼ ਦੀਆਂ ਅਸਾਧਾਰਣ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਵੈਕਸੀਨ ਅਤੇ ਭਾਰਤੀਆਂ ਨੂੰ 220 ਕਰੋੜ ਤੋਂ ਵੱਧ ਮੁਫ਼ਤ ਖੁਰਾਕਾਂ ਦੇ ਰਿਕਾਰਡ ਟੀਕਾਕਰਣ ਦੇ ਅੰਕੜਿਆਂ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਅਸਥਿਰਤਾ ਦੇ ਮੌਜੂਦਾ ਦੌਰ ਵਿੱਚ ਗਲੋਬਲ ਅਰਥਵਿਵਸਥਾ ਵਿੱਚ ਭਾਰਤ ਦੇ ਉਭਰਨ ਅਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਉੱਭਰ ਰਹੇ ਸਟਾਰਟਅੱਪ ਈਕੋਸਿਸਟਮ ਅਤੇ ਮੇਕ ਇਨ ਇੰਡੀਆ ਦੀਆਂ ਉਦਾਹਰਣਾਂ ਵੀ ਦਿੱਤੀਆਂ। ਉਨ੍ਹਾਂ ਤੇਜਸ ਲੜਾਕੂ ਜਹਾਜ਼, ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ ਅਤੇ ਪਰਮਾਣੂ ਪਣਡੁੱਬੀ ਅਰਿਹੰਤ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਦੁਨੀਆ ਦੇ ਲੋਕਾਂ ਵਿੱਚ ਭਾਰਤ ਪ੍ਰਤੀ ਉਤਸੁਕ ਹੋਣਾ ਸੁਭਾਵਿਕ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਨਕਦੀ ਰਹਿਤ ਅਰਥਵਿਵਸਥਾ ਅਤੇ ਫਿਨਟੈੱਕ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੁਨੀਆ ਦੇ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਦਾ 40% ਭਾਰਤ ਵਿੱਚ ਕੀਤਾ ਜਾਂਦਾ ਹੈ। ਪੁਲਾੜ ਟੈਕਨੋਲੋਜੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕੋ ਸਮੇਂ ਸੈਂਕੜੇ ਉਪਗ੍ਰਹਿ ਲਾਂਚ ਕਰਨ ਦੇ ਕਈ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਭਾਰਤ ਦੇ ਸੌਫਟਵੇਅਰ ਅਤੇ ਡਿਜੀਟਲ ਟੈਕਨੋਲੋਜੀ ਉਦਯੋਗ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਸਮੇਂ ਦੇ ਨਾਲ ਇਸ ਦੀ ਸਮਰੱਥਾ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਭਾਰਤ ਦੇ ਸੰਦੇਸ਼ ਦਾ ਆਪਣਾ ਵੱਖਰਾ ਮਹੱਤਵ ਹੈ”, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸ਼ਕਤੀ ਨੂੰ ਭਵਿੱਖ ਵਿੱਚ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਇਸ ਮੌਕੇ ਹਾਜ਼ਰ ਸਭਨਾਂ ਨੂੰ ਨਾ ਸਿਰਫ਼ ਭਾਰਤ ਦੀ ਸੰਸਕ੍ਰਿਤੀ ਅਤੇ ਪਰੰਪਰਾ ਬਾਰੇ, ਬਲਕਿ ਦੇਸ਼ ਦੀ ਪ੍ਰਗਤੀ ਬਾਰੇ ਵੀ ਆਪਣੇ ਗਿਆਨ ਵਿੱਚ ਵਾਧਾ ਕਰਨ ਦੀ ਤਾਕੀਦ ਕੀਤੀ।
ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਇਸ ਵਰ੍ਹੇ ਜੀ-20 ਦੀ ਪ੍ਰਧਾਨਗੀ ਸੰਭਾਲ਼ ਰਿਹਾ ਹੈ ਅਤੇ ਇਹ ਜ਼ਿੰਮੇਵਾਰੀ ਦੁਨੀਆ ਨੂੰ ਇੱਕ ਟਿਕਾਊ ਭਵਿੱਖ ਹਾਸਲ ਕਰਨ ਅਤੇ ਇਨ੍ਹਾਂ ਅਨੁਭਵਾਂ ਤੋਂ ਸਿੱਖਣ ਲਈ ਭਾਰਤ ਦੇ ਅਤੀਤ ਦੇ ਅਨੁਭਵਾਂ ਤੋਂ ਜਾਣੂ ਕਰਵਾਉਣ ਦਾ ਇੱਕ ਵਧੀਆ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜੀ-20 ਸਿਰਫ਼ ਇੱਕ ਕੂਟਨੀਤਕ ਈਵੈਂਟ ਨਹੀਂ ਹੈ ਬਲਕਿ ਇਸ ਨੂੰ ਜਨ ਭਾਗੀਦਾਰੀ ਦੇ ਇੱਕ ਇਤਿਹਾਸਿਕ ਈਵੈਂਟ ਵਿੱਚ ਬਦਲਣਾ ਚਾਹੀਦਾ ਹੈ ਜਿੱਥੇ ਕੋਈ ਵੀ ‘ਅਤਿਥੀ ਦੇਵੋ ਭਾਵ’ ਦੀ ਭਾਵਨਾ ਦੇਖ ਸਕੇ।” ਉਨ੍ਹਾਂ ਨੇ ਦੱਸਿਆ ਕਿ ਜੀ-20 ਸਮਿਟ ਦੇ ਹਿੱਸੇ ਵਜੋਂ 200 ਤੋਂ ਵੱਧ ਬੈਠਕਾਂ ਹੋਣਗੀਆਂ ਜੋ ਭਾਰਤ ਦੇ ਵਿਭਿੰਨ ਸ਼ਹਿਰਾਂ ਵਿੱਚ ਹੋਣਗੀਆਂ ਅਤੇ ਕਿਹਾ ਕਿ ਇਹ ਕਈ ਦੇਸ਼ਾਂ ਦੇ ਡੈਲੀਗੇਟਾਂ ਨਾਲ ਸਾਰਥਕ ਸਬੰਧ ਸਥਾਪਿਤ ਕਰਨ ਦਾ ਵਧੀਆ ਮੌਕਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਪਾਸ ਨਾ ਸਿਰਫ਼ ਗਿਆਨ ਕੇਂਦਰ ਬਲਕਿ ਦੁਨੀਆ ਦੀ ਸਕਿੱਲ ਕੈਪੀਟਲ ਬਣਨ ਦਾ ਮੌਕਾ ਹੈ। ਉਨ੍ਹਾਂ ਭਾਰਤੀ ਨੌਜਵਾਨਾਂ ਦੇ ਕੌਸ਼ਲ, ਕਦਰਾਂ-ਕੀਮਤਾਂ ਅਤੇ ਕਾਰਜ ਨੈਤਿਕਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਹ ਹੁਨਰ ਪੂੰਜੀ ਦੁਨੀਆ ਦੇ ਵਿਕਾਸ ਦਾ ਇੰਜਣ ਬਣ ਸਕਦੀ ਹੈ।" ਪ੍ਰਧਾਨ ਮੰਤਰੀ ਨੇ ਅਗਲੀ ਪੀੜ੍ਹੀ ਦੇ ਪ੍ਰਵਾਸੀ ਭਾਰਤੀ ਨੌਜਵਾਨਾਂ ਵਿੱਚ ਉਤਸ਼ਾਹ ਨੂੰ ਨੋਟ ਕੀਤਾ। ਉਨ੍ਹਾਂ ਨੇ ਸਭਾ ਨੂੰ ਤਾਕੀਦ ਕੀਤੀ ਕਿ ਉਹ ਨੌਜਵਾਨਾਂ ਨੂੰ ਆਪਣੇ ਦੇਸ਼ ਬਾਰੇ ਦੱਸਣ ਅਤੇ ਉਨ੍ਹਾਂ ਨੂੰ ਇੱਥੇ ਆਉਣ ਦੇ ਮੌਕੇ ਵੀ ਪ੍ਰਦਾਨ ਕਰਨ। ਰਵਾਇਤੀ ਸਮਝ ਅਤੇ ਆਧੁਨਿਕ ਪਹੁੰਚ ਨਾਲ, ਇਹ ਨੌਜਵਾਨ ਪ੍ਰਵਾਸੀ ਦੁਨੀਆ ਨੂੰ ਭਾਰਤ ਬਾਰੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਦੱਸਣ ਦੇ ਸਮਰੱਥ ਹੋਣਗੇ।
ਉਨ੍ਹਾਂ ਨੇ ਕਿਹਾ "ਨੌਜਵਾਨਾਂ ਵਿੱਚ ਭਾਰਤ ਬਾਰੇ ਵਧਦੀ ਉਤਸੁਕਤਾ ਨਾਲ ਭਾਰਤ ਦੀ ਟੂਰਿਜ਼ਮ, ਰਿਸਰਚ ਅਤੇ ਸ਼ਾਨ ਵਿੱਚ ਵਾਧਾ ਹੋਵੇਗਾ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਨੌਜਵਾਨ ਤਿਉਹਾਰਾਂ ਦੌਰਾਨ ਭਾਰਤ ਦਾ ਦੌਰਾ ਕਰ ਸਕਦੇ ਹਨ ਜਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨਾਲ ਸਬੰਧਿਤ ਸਮਾਗਮਾਂ ਨਾਲ ਜੁੜ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਯੂਨੀਵਰਸਿਟੀਆਂ ਅਤੇ ਰਿਸਰਚ ਸੰਸਥਾਵਾਂ ਰਾਹੀਂ ਆਪਣੇ-ਆਪਣੇ ਦੇਸ਼ਾਂ ਲਈ ਪ੍ਰਵਾਸੀ ਭਾਰਤੀਆਂ ਦੇ ਜੀਵਨ, ਸੰਘਰਸ਼ ਅਤੇ ਯੋਗਦਾਨ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਨਿਰੰਤਰ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਭਾਰਤਵੰਸ਼ੀ ਪੂਰੇ ਭਾਰਤ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ। ਉਨ੍ਹਾਂ ਨੇ ਕਿਹਾ “ਪਿਛਲੇ 8 ਵਰ੍ਹਿਆਂ ਵਿੱਚ, ਭਾਰਤ ਨੇ ਆਪਣੇ ਪ੍ਰਵਾਸੀ ਭਾਰਤੀਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਅੱਜ ਭਾਰਤ ਦੀ ਪ੍ਰਤੀਬੱਧਤਾ ਹੈ ਕਿ ਤੁਸੀਂ ਜਿੱਥੇ ਵੀ ਹੋ, ਦੇਸ਼ ਤੁਹਾਡੇ ਹਿੱਤਾਂ ਅਤੇ ਉਮੀਦਾਂ ਲਈ ਹੈ।”
ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਮਹਿਮਾਨ ਕੋਆਪ੍ਰੇਟਿਵ ਰਿਪਬਲਿਕ ਆਵ੍ ਗੁਆਨਾ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਮੁਹੰਮਦ ਇਰਫਾਨ ਅਲੀ, ਅਤੇ, ਸੂਰੀਨਾਮ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਚੰਦਰੀਕਾਪਰਸਾਦ ਸੰਤੋਖੀ, ਦਾ ਉਨ੍ਹਾਂ ਦੀਆਂ ਟਿੱਪਣੀਆਂ ਅਤੇ ਸੁਝਾਵਾਂ ਲਈ ਧੰਨਵਾਦ ਕੀਤਾ।
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਵਿਸ਼ੇਸ਼ ਮਹਿਮਾਨ ਕੋਆਪ੍ਰੇਟਿਵ ਰਿਪਬਲਿਕ ਆਵ੍ ਗੁਆਨਾ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਮੁਹੰਮਦ ਇਰਫਾਨ ਅਲੀ, ਅਤੇ, ਸੂਰੀਨਾਮ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਚੰਦਰੀਕਾਪਰਸਾਦ ਸੰਤੋਖੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ, ਕੇਂਦਰੀ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ, ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ, ਸ਼੍ਰੀ ਵੀ ਮੁਰਲੀਧਰਨ ਅਤੇ ਡਾ. ਰਾਜਕੁਮਾਰ ਰੰਜਨ ਸਿੰਘ ਆਦਿ ਹਾਜ਼ਰ ਸਨ।
ਪਿਛੋਕੜ
ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਭਾਰਤ ਸਰਕਾਰ ਦਾ ਪ੍ਰਮੁੱਖ ਈਵੈਂਟ ਹੈ ਜੋ ਵਿਦੇਸ਼ੀਆਂ ਵਿੱਚ ਵੱਸੇ ਭਾਰਤੀਆਂ ਨਾਲ ਜੁੜਨ ਅਤੇ ਸੰਪਰਕ ਬਣਾਉਣ ਅਤੇ ਪ੍ਰਵਾਸੀ ਭਾਰਤੀਆਂ ਨੂੰ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਸਮਰੱਥ ਬਣਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਪ੍ਰਦਾਨ ਕਰਦਾ ਹੈ। 17ਵੀਂ ਪ੍ਰਵਾਸੀ ਭਾਰਤੀਯ ਦਿਵਸ ਸੰਮੇਲਨ ਮੱਧ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ 08-10 ਜਨਵਰੀ 2023 ਤੱਕ ਇੰਦੌਰ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਪੀਬੀਡੀ ਸੰਮੇਲਨ ਦਾ ਥੀਮ ਹੈ "ਪ੍ਰਵਾਸੀ: ਅੰਮ੍ਰਿਤ ਕਾਲ ਵਿੱਚ ਭਾਰਤ ਦੀ ਪ੍ਰਗਤੀ ਲਈ ਭਰੋਸੇਯੋਗ ਭਾਗੀਦਾਰ"। ਲਗਭਗ 70 ਵੱਖੋ-ਵੱਖ ਦੇਸ਼ਾਂ ਦੇ 3,500 ਤੋਂ ਵੱਧ ਡਾਇਸਪੋਰਾ ਮੈਂਬਰਾਂ ਨੇ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਲਈ ਰਜਿਸਟਰ ਕੀਤਾ ਹੈ।
ਸੁਰੱਖਿਅਤ, ਕਾਨੂੰਨੀ, ਵਿਵਸਥਿਤ ਅਤੇ ਕੌਸ਼ਲ ਸੰਪੰਨ ਪ੍ਰਵਾਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਇੱਕ ਯਾਦਗਾਰੀ ਡਾਕ ਟਿਕਟ 'ਸੁਰਕਸ਼ਿਤ ਜਾਏਂ, ਪ੍ਰਸ਼ਿਸ਼ਚਿਤ ਜਾਏਂ' ਵੀ ਰਿਲੀਜ਼ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਭਾਰਤ ਦੀ ਅਜ਼ਾਦੀ ਵਿੱਚ ਸਾਡੇ ਪ੍ਰਵਾਸੀ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ – ਭਾਰਤੀ ਸੁਤੰਤਰਤਾ ਸੈਨਾਨੀਆਂ ਵਿੱਚ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ" ਵਿਸ਼ੇ 'ਤੇ ਪਹਿਲੀ ਡਿਜੀਟਲ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਵਿੱਚ ਪੰਜ ਵਿਸ਼ਾਗਤ ਸੰਪੂਰਨ ਸੈਸ਼ਨ ਹੋਣਗੇ-
-
ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਪ੍ਰਧਾਨਗੀ ਹੇਠ 'ਇਨੋਵੇਸ਼ਨਸ ਅਤੇ ਨਵੀਆਂ ਟੈਕਨੋਲੋਜੀਆਂ ਵਿੱਚ ਪ੍ਰਵਾਸੀ ਨੌਜਵਾਨਾਂ ਦੀ ਭੂਮਿਕਾ' 'ਤੇ ਪਹਿਲਾ ਸੈਸ਼ਨ।
-
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਦੀ ਪ੍ਰਧਾਨਗੀ ਅਤੇ ਵਿਦੇਸ਼ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਦੀ ਸਹਿ-ਪ੍ਰਧਾਨਗੀ ਹੇਠ 'ਅੰਮ੍ਰਿਤ ਕਾਲ: ਵਿਜ਼ਨ @2047 ਵਿੱਚ ਭਾਰਤੀ ਸਿਹਤ ਸੰਭਾਲ਼ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਵਿੱਚ ਭਾਰਤੀ ਡਾਇਸਪੋਰਾ ਦੀ ਭੂਮਿਕਾ' ਵਿਸ਼ੇ 'ਤੇ ਦੂਸਰਾ ਸੈਸ਼ਨ।
-
ਵਿਦੇਸ਼ ਰਾਜ ਮੰਤਰੀ, ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਪ੍ਰਧਾਨਗੀ ਹੇਠ 'ਭਾਰਤ ਦੀ ਸੌਫਟ ਪਾਵਰ ਦਾ ਲਾਭ ਉਠਾਉਣਾ - ਸ਼ਿਲਪਕਾਰੀ, ਪਕਵਾਨ ਅਤੇ ਰਚਨਾਤਮਕਤਾ ਦੁਆਰਾ ਸਦਭਾਵਨਾ' ਵਿਸ਼ੇ 'ਤੇ ਤੀਸਰਾ ਸੈਸ਼ਨ।
-
ਸਿੱਖਿਆ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਪ੍ਰਧਾਨਗੀ ਹੇਠ 'ਭਾਰਤੀ ਕਰਮਚਾਰੀਆਂ ਦੀ ਗਲੋਬਲ ਗਤੀਸ਼ੀਲਤਾ ਨੂੰ ਸਮਰੱਥ ਬਣਾਉਣਾ - ਭਾਰਤੀ ਡਾਇਸਪੋਰਾ ਦੀ ਭੂਮਿਕਾ' 'ਤੇ ਚੌਥਾ ਸੈਸ਼ਨ।
-
ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਹੇਠ 'ਰਾਸ਼ਟਰ ਨਿਰਮਾਣ ਲਈ ਇੱਕ ਸੰਮਲਿਤ ਪਹੁੰਚ ਵੱਲ ਵਿਦੇਸ਼ੀ ਉੱਦਮੀਆਂ ਦੀ ਸੰਭਾਵਨਾ ਨੂੰ ਵਰਤਣ' 'ਤੇ ਪੰਜਵਾਂ ਸੈਸ਼ਨ।
-
ਸਾਰੇ ਸੰਪੂਰਨ ਸੈਸ਼ਨਾਂ ਵਿੱਚ ਉੱਘੇ ਡਾਇਸਪੋਰਾ ਮਾਹਿਰਾਂ ਨੂੰ ਸੱਦਾ ਦੇ ਕੇ ਪੈਨਲ ਚਰਚਾ ਹੋਵੇਗੀ।
17ਵੀਂ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਚਾਰ ਵਰ੍ਹਿਆਂ ਦੇ ਵਕਫੇ ਤੋਂ ਬਾਅਦ ਅਤੇ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਇੱਕ ਫਿਜ਼ੀਕਲ ਈਵੈਂਟ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। 2021 ਵਿੱਚ ਆਖਰੀ ਪ੍ਰਵਾਸੀ ਭਾਰਤੀਯ ਦਿਵਸ (ਪੀਬੀਡੀ) ਸੰਮੇਲਨ ਮਹਾਮਾਰੀ ਦੇ ਦੌਰਾਨ ਵਰਚੁਅਲੀ ਆਯੋਜਿਤ ਕੀਤੀ ਗਈ ਸੀ।
Our Pravasi Bharatiyas have a significant place in India's journey in the 'Amrit Kaal.' pic.twitter.com/OEcKLXvXm2
— PMO India (@PMOIndia) January 9, 2023
हमारे लिए पूरा संसार ही हमारा स्वदेश है। pic.twitter.com/QhD6yZfumn
— PMO India (@PMOIndia) January 9, 2023
प्रवासी भारतीयों को जब हम global map पर देखते हैं, तो कई तस्वीरें एक साथ उभरती हैं। pic.twitter.com/szb6SNPLNO
— PMO India (@PMOIndia) January 9, 2023
Indian diaspora are our 'Rashtradoots.' pic.twitter.com/vwJwLZyXbp
— PMO India (@PMOIndia) January 9, 2023
Today, India is being looked at with hope and curiosity. India's voice is being heard on global stage. pic.twitter.com/rv0CcqTQ0A
— PMO India (@PMOIndia) January 9, 2023
हमें G-20 केवल एक diplomatic event नहीं, बल्कि जन-भागीदारी का एक ऐतिहासिक आयोजन बनाना है। pic.twitter.com/Ai0bhW0ZUX
— PMO India (@PMOIndia) January 9, 2023
India's talented youth are the country's strength. pic.twitter.com/ZHxaBzyUzB
— PMO India (@PMOIndia) January 9, 2023