ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਇਹ ਸੈਸ਼ਨ ਖੇਡਾਂ ਨਾਲ ਸਬੰਧਿਤ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਆਪਸੀ ਤਾਲਮੇਲ ਅਤੇ ਗਿਆਨ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਭਾਰਤ ਵਿੱਚ 40 ਵਰ੍ਹਿਆਂ ਬਾਅਦ ਹੋਣ ਵਾਲੇ ਸੈਸ਼ਨ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਬੜੇ ਸਟੇਡੀਅਮ ਵਿੱਚ ਕ੍ਰਿਕਟ ਵਰਲਡ ਕੱਪ ਦੇ ਮੈਚ ਵਿੱਚ ਭਾਰਤ ਦੀ ਜਿੱਤ ਬਾਰੇ ਭੀ ਦਰਸ਼ਕਾਂ ਨੂੰ ਤਾੜੀਆਂ ਦੀ ਗਰਜ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ, “ਮੈਂ ਟੀਮ ਭਾਰਤ ਅਤੇ ਹਰੇਕ ਭਾਰਤੀ ਨੂੰ ਇਸ ਇਤਿਹਾਸਿਕ ਜਿੱਤ 'ਤੇ ਵਧਾਈਆਂ ਦਿੰਦਾ ਹਾਂ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਡਾਂ ਭਾਰਤ ਦੀ ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਤੁਸੀਂ ਭਾਰਤ ਦੇ ਪਿੰਡਾਂ ਵਿੱਚ ਜਾਂਦੇ ਹੋ, ਕੋਈ ਭੀ ਦੇਖ ਸਕਦਾ ਹੈ ਕਿ ਕੋਈ ਭੀ ਤਿਉਹਾਰ ਖੇਡਾਂ ਤੋਂ ਬਿਨਾ ਅਧੂਰਾ ਰਹਿੰਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤੀ ਸਿਰਫ਼ ਖੇਡ ਪ੍ਰੇਮੀ ਹੀ ਨਹੀਂ ਹਨ, ਬਲਕਿ ਅਸੀਂ ਇਸ ਨੂੰ ਜੀਉਂਦੇ ਵੀ ਹਾਂ।” ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਭਾਰਤ ਦੇ ਹਜ਼ਾਰਾਂ ਸਾਲ ਪੁਰਾਣੇ ਇਤਿਹਾਸ ਵਿੱਚੋਂ ਝਲਕਦਾ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਇਹ ਸਿੰਧੂ ਘਾਟੀ ਦੀ ਸਭਿਅਤਾ ਹੋਵੇ, ਵੈਦਿਕ ਕਾਲ ਹੋਵੇ ਜਾਂ ਇਸ ਤੋਂ ਬਾਅਦ ਦਾ ਯੁਗ, ਭਾਰਤ ਦੀ ਖੇਡ ਵਿਰਾਸਤ ਬਹੁਤ ਸਮ੍ਰਿੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਹਜ਼ਾਰਾਂ ਸਾਲ ਪਹਿਲਾਂ ਲਿਖੇ ਗ੍ਰੰਥਾਂ ਵਿੱਚ ਘੋੜ ਸਵਾਰੀ, ਤੈਰਾਕੀ, ਤੀਰਅੰਦਾਜ਼ੀ, ਕੁਸ਼ਤੀ ਆਦਿ ਖੇਡਾਂ ਸਮੇਤ 64 ਵਿਧਾਵਾਂ ਵਿੱਚ ਨਿਪੁੰਨ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਨਿਪੁੰਨ ਹੋਣ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੀਰਅੰਦਾਜ਼ੀ ਦੀ ਖੇਡ ਸਿੱਖਣ ਲਈ ‘ਧਨੁਰ ਵੇਦ ਸੰਹਿਤਾ’ ਯਾਨੀ ਤੀਰਅੰਦਾਜ਼ੀ ਲਈ ਇੱਕ ਸੰਹਿਤਾ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਤੀਰਅੰਦਾਜ਼ੀ ਸਿੱਖਣ ਲਈ 7 ਲਾਜ਼ਮੀ ਸਕਿੱਲਸ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕਿ ਧਨੁਸ਼ਵਨ, ਚੱਕਰ, ਭਾਲਾ, ਤਲਵਾਰਬਾਜ਼ੀ, ਖੰਜਰ, ਗਦਾ ਅਤੇ ਕੁਸ਼ਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੀ ਇਸ ਪ੍ਰਾਚੀਨ ਖੇਡ ਵਿਰਾਸਤ ਦੇ ਵਿਗਿਆਨਕ ਸਬੂਤ ਪੇਸ਼ ਕੀਤੇ। ਉਨ੍ਹਾਂ ਨੇ ਧੋਲਾਵੀਰਾ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਲ (Dholavira UNESCO World Heritage site) ਦਾ ਜ਼ਿਕਰ ਕੀਤਾ ਅਤੇ ਇਸ 5000 ਸਾਲ ਪੁਰਾਣੇ ਸ਼ਹਿਰ ਦੀ ਸ਼ਹਿਰੀ ਯੋਜਨਾਬੰਦੀ ਵਿੱਚ ਖੇਡ ਬੁਨਿਆਦੀ ਢਾਂਚੇ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੁਦਾਈ ਦੌਰਾਨ ਦੋ ਸਟੇਡੀਅਮ ਮਿਲੇ ਹਨ, ਜਿਨ੍ਹਾਂ ਵਿੱਚੋਂ ਇੱਕ ਉਸ ਸਮੇਂ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਬੜਾ ਸਟੇਡੀਅਮ ਸੀ। ਇਸੇ ਤਰ੍ਹਾਂ ਰਾਖੀਗੜ੍ਹੀ ਵਿੱਚ ਭੀ ਖੇਡਾਂ ਨਾਲ ਸਬੰਧਿਤ ਢਾਂਚਾ ਮਿਲ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, "ਭਾਰਤ ਦੀ ਇਹ ਖੇਡ ਵਿਰਾਸਤ ਪੂਰੀ ਦੁਨੀਆ ਨਾਲ ਸਬੰਧਿਤ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਖੇਡਾਂ ਵਿੱਚ ਕੋਈ ਹਾਰਨ ਵਾਲਾ ਨਹੀਂ ਹੁੰਦਾ, ਸਿਰਫ਼ ਜੇਤੂ ਅਤੇ ਸਿਖਿਆਰਥੀ ਹੁੰਦੇ ਹਨ। ਖੇਡਾਂ ਦੀ ਭਾਸ਼ਾ ਅਤੇ ਭਾਵਨਾ ਸਰਵ ਵਿਆਪਕ ਹੈ। ਖੇਡਾਂ ਸਿਰਫ਼ ਮੁਕਾਬਲਾ ਨਹੀਂ ਹੈ। ਖੇਡਾਂ ਮਾਨਵਤਾ ਨੂੰ ਫੈਲਾਉਣ ਦਾ ਮੌਕਾ ਦਿੰਦੀਆਂ ਹਨ।” ਉਨ੍ਹਾਂ ਨੇ ਅੱਗੇ ਕਿਹਾ “ਇਸੇ ਕਾਰਨ ਗਲੋਬਲ ਪੱਧਰ 'ਤੇ ਰਿਕਾਰਡ ਮਨਾਏ ਜਾਂਦੇ ਹਨ। ਖੇਡਾਂ ‘ਵਸੁਧੈਵ ਕੁਟੁੰਬਕਮ’ – ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਦੀ ਭਾਵਨਾ ਨੂੰ ਭੀ ਮਜ਼ਬੂਤ ਕਰਦੀਆਂ ਹਨ।” ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਖੇਡਾਂ ਦੇ ਵਿਕਾਸ ਲਈ ਹਾਲ ਹੀ ਦੇ ਉਪਾਵਾਂ ਨੂੰ ਭੀ ਸੂਚੀਬੱਧ ਕੀਤਾ। ਉਨ੍ਹਾਂ ਨੇ ਖੇਲੋ ਇੰਡੀਆ ਖੇਡਾਂ, ਖੇਲੋ ਇੰਡੀਆ ਯੁਵਾ ਖੇਡਾਂ, ਖੇਲੋ ਇੰਡੀਆ ਵਿੰਟਰ ਗੇਮਸ, ਸਾਂਸਦ ਖੇਡ ਮੁਕਾਬਲਿਆਂ ਅਤੇ ਆਉਣ ਵਾਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਅਸੀਂ ਭਾਰਤ ਵਿੱਚ ਖੇਡਾਂ ਵਿੱਚ ਸ਼ਮੂਲੀਅਤ ਅਤੇ ਵਿਵਿਧਤਾ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ।"
ਪ੍ਰਧਾਨ ਮੰਤਰੀ ਨੇ ਖੇਡਾਂ ਦੀ ਦੁਨੀਆ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਕਾਰ ਦੇ ਪ੍ਰਯਾਸਾਂ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਓਲੰਪਿਕਸ ਦੇ ਪਿਛਲੇ ਐਡੀਸ਼ਨ ਵਿੱਚ ਕਈ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦ ਕੀਤਾ ਅਤੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਬਿਹਤਰੀਨ ਪ੍ਰਦਰਸ਼ਨ ਅਤੇ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਭਾਰਤ ਦੇ ਯੁਵਾ ਐਥਲੀਟਾਂ ਦੁਆਰਾ ਬਣਾਏ ਗਏ ਨਵੇਂ ਰਿਕਾਰਡਾਂ ਨੂੰ ਭੀ ਉਜਾਗਰ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਕਾਰਾਤਮਕ ਬਦਲਾਅ ਭਾਰਤ ਵਿੱਚ ਖੇਡਾਂ ਦੇ ਤੇਜ਼ੀ ਨਾਲ ਬਦਲ ਰਹੇ ਲੈਂਡਸਕੇਪ ਦਾ ਸੰਕੇਤ ਹਨ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਗਲੋਬਲ ਖੇਡ ਟੂਰਨਾਮੈਂਟ ਆਯੋਜਿਤ ਕਰਨ ਦੀ ਆਪਣੀ ਸਮਰੱਥਾ ਨੂੰ ਸਫ਼ਲਤਾਪੂਰਵਕ ਸਾਬਤ ਕੀਤਾ ਹੈ। ਉਨ੍ਹਾਂ ਹਾਲ ਹੀ ਵਿੱਚ ਮੇਜ਼ਬਾਨੀ ਕੀਤੇ ਗਲੋਬਲ ਟੂਰਨਾਮੈਂਟਾਂ ਜਿਵੇਂ ਕਿ ਸ਼ਤਰੰਜ ਓਲੰਪੀਆਡ, ਜਿਸ ਵਿੱਚ 186 ਦੇਸ਼ਾਂ ਦੀ ਭਾਗੀਦਾਰੀ ਸੀ, ਫੁੱਟਬਾਲ ਅੰਡਰ-17 ਵਿਮਨ ਵਰਲਡ ਕੱਪ, ਹਾਕੀ ਵਰਲਡ ਕੱਪ, ਵਿਮਨਸ ਵਰਲਡ ਬੌਕਸਿੰਗ ਚੈਂਪੀਅਨਸ਼ਿਪ, ਨਿਸ਼ਾਨੇਬਾਜ਼ੀ ਵਰਲਡ ਕੱਪ ਅਤੇ ਚਲ ਰਹੇ ਕ੍ਰਿਕਟ ਵਰਲਡ ਕੱਪ ਦਾ ਜ਼ਿਕਰ ਕੀਤਾ। ਉਨ੍ਹਾਂ ਇਹ ਭੀ ਰੇਖਾਂਕਿਤ ਕੀਤਾ ਕਿ ਦੇਸ਼ ਹਰ ਸਾਲ ਦੁਨੀਆ ਦੀ ਸਭ ਤੋਂ ਬੜੀ ਕ੍ਰਿਕਟ ਲੀਗ ਦਾ ਆਯੋਜਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਈਓਸੀ ਐਗਜ਼ੀਕਿਊਟਿਵ ਬੋਰਡ ਨੇ ਓਲੰਪਿਕਸ ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਸਿਫ਼ਾਰਿਸ਼ਾਂ ਨੂੰ ਸਵੀਕਾਰ ਕੀਤਾ ਜਾਵੇਗਾ।
ਇਸ ਗੱਲ ਨੂੰ ਦਰਸਾਉਂਦੇ ਹੋਏ ਕਿ ਗਲੋਬਲ ਈਵੈਂਟ ਭਾਰਤ ਲਈ ਦੁਨੀਆ ਦਾ ਸੁਆਗਤ ਕਰਨ ਦਾ ਇੱਕ ਮੌਕਾ ਹਨ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਆਪਣੀ ਤੇਜ਼ੀ ਨਾਲ ਫੈਲਦੀ ਅਰਥਵਿਵਸਥਾ ਅਤੇ ਚੰਗੀ ਤਰ੍ਹਾਂ ਵਿਕਸਿਤ ਬੁਨਿਆਦੀ ਢਾਂਚੇ ਦੇ ਕਾਰਨ ਵਿਸ਼ਵ ਪੱਧਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਜੀ20 ਸਮਿਟ ਦੀ ਉਦਾਹਰਣ ਦਿੱਤੀ ਜਿੱਥੇ ਦੇਸ਼ ਦੇ 60 ਤੋਂ ਵੱਧ ਸ਼ਹਿਰਾਂ ਵਿੱਚ ਈਵੈਂਟ ਕਰਵਾਏ ਗਏ ਅਤੇ ਕਿਹਾ ਕਿ ਇਹ ਹਰ ਖੇਤਰ ਵਿੱਚ ਭਾਰਤ ਦੀ ਆਯੋਜਨ ਸਮਰੱਥਾ ਦਾ ਸਬੂਤ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੇ 140 ਕਰੋੜ ਨਾਗਰਿਕਾਂ ਦਾ ਵਿਸ਼ਵਾਸ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ “ਭਾਰਤ ਦੇਸ਼ ਵਿੱਚ ਓਲੰਪਿਕਸ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ। ਭਾਰਤ 2036 ਵਿੱਚ ਓਲੰਪਿਕਸ ਦੇ ਸਫ਼ਲ ਆਯੋਜਨ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡੇਗਾ, ਇਹ 140 ਕਰੋੜ ਭਾਰਤੀਆਂ ਦਾ ਸੁਪਨਾ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰ ਸਾਰੇ ਹਿਤਧਾਰਕਾਂ ਦੇ ਸਹਿਯੋਗ ਨਾਲ ਇਸ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕਰਦਿਆਂ ਕਿਹਾ "ਭਾਰਤ ਸਾਲ 2029 ਵਿੱਚ ਹੋਣ ਵਾਲੇ ਯੂਥ ਓਲੰਪਿਕਸ ਦੀ ਮੇਜ਼ਬਾਨੀ ਕਰਨ ਲਈ ਭੀ ਉਤਸੁਕ ਹੈ” ਅਤੇ ਭਰੋਸਾ ਪ੍ਰਗਟਾਇਆ ਕਿ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਭਾਰਤ ਨੂੰ ਆਪਣਾ ਸਮਰਥਨ ਜਾਰੀ ਰੱਖੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਖੇਡਾਂ ਸਿਰਫ਼ ਮੈਡਲ ਜਿੱਤਣ ਲਈ ਨਹੀਂ ਹਨ, ਬਲਕਿ ਦਿਲ ਜਿੱਤਣ ਦਾ ਮਾਧਿਅਮ ਹਨ। ਖੇਡਾਂ ਸਾਰਿਆਂ ਲਈ ਹਨ, ਸਭ ਦੀਆਂ ਹਨ। ਇਹ ਨਾ ਸਿਰਫ਼ ਚੈਂਪੀਅਨ ਤਿਆਰ ਕਰਦੀਆਂ ਹਨ ਬਲਕਿ ਸ਼ਾਂਤੀ, ਤਰੱਕੀ ਅਤੇ ਤੰਦਰੁਸਤੀ ਨੂੰ ਭੀ ਉਤਸ਼ਾਹਿਤ ਕਰਦੀਆਂ ਹਨ। ਇਸ ਲਈ ਖੇਡਾਂ ਦੁਨੀਆ ਨੂੰ ਇਕਜੁੱਟ ਕਰਨ ਦਾ ਇੱਕ ਹੋਰ ਮਾਧਿਅਮ ਹਨ। ਇੱਕ ਵਾਰ ਫਿਰ ਡੈਲੀਗੇਟਸ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸੈਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰੈਜ਼ੀਡੈਂਟ, ਸ਼੍ਰੀ ਥੌਮਸ ਬਾਖ (Mr Thomas Bach) ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ, ਸ਼੍ਰੀਮਤੀ ਨੀਤਾ ਅੰਬਾਨੀ ਭੀ ਮੌਜੂਦ ਸਨ।
ਪਿਛੋਕੜ
ਆਈਓਸੀ ਸੈਸ਼ਨ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰਾਂ ਦੀ ਇੱਕ ਮੁੱਖ ਬੈਠਕ ਵਜੋਂ ਕੰਮ ਕਰਦਾ ਹੈ। ਓਲੰਪਿਕ ਖੇਡਾਂ ਦੇ ਭਵਿੱਖ ਬਾਰੇ ਮਹੱਤਵਪੂਰਨ ਫ਼ੈਸਲੇ ਆਈਓਸੀ ਸੈਸ਼ਨਾਂ ਵਿੱਚ ਲਏ ਜਾਂਦੇ ਹਨ। ਭਾਰਤ ਲਗਭਗ 40 ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ ਦੂਸਰੀ ਵਾਰ ਆਈਓਸੀ ਸੈਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ। ਆਈਓਸੀ ਦਾ 86ਵਾਂ ਸੈਸ਼ਨ 1983 ਵਿੱਚ ਨਵੀਂ ਦਿੱਲੀ ਵਿੱਚ ਹੋਇਆ ਸੀ।
ਭਾਰਤ ਵਿੱਚ ਆਯੋਜਿਤ ਕੀਤਾ ਜਾ ਰਿਹਾ 141ਵਾਂ ਆਈਓਸੀ ਸੈਸ਼ਨ, ਗਲੋਬਲ ਸਹਿਯੋਗ ਨੂੰ ਉਤਸ਼ਾਹਿਤ ਕਰਨ, ਖੇਡ ਉਤਕ੍ਰਿਸ਼ਟਤਾ ਦਾ ਜਸ਼ਨ ਮਨਾਉਣ ਅਤੇ ਦੋਸਤੀ, ਸਤਿਕਾਰ ਅਤੇ ਉਤਕ੍ਰਿਸ਼ਟਤਾ ਦੇ ਓਲੰਪਿਕ ਆਦਰਸ਼ਾਂ ਨੂੰ ਅੱਗੇ ਵਧਾਉਣ ਲਈ ਰਾਸ਼ਟਰ ਦੇ ਸਮਰਪਣ ਨੂੰ ਦਰਸਾਉਂਦਾ ਹੈ। ਇਹ ਵਿਭਿੰਨ ਖੇਡਾਂ ਨਾਲ ਸਬੰਧਿਤ ਸਟੇਕਹੋਲਡਰਾਂ ਦੇ ਦਰਮਿਆਨ ਆਪਸੀ ਤਾਲਮੇਲ ਅਤੇ ਗਿਆਨ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਸ ਸੈਸ਼ਨ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰੈਜ਼ੀਡੈਂਟ, ਸ਼੍ਰੀ ਥੌਮਸ ਬਾਖ ਅਤੇ ਆਈਓਸੀ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਪ੍ਰਮੁੱਖ ਭਾਰਤੀ ਖੇਡ ਸ਼ਖ਼ਸੀਅਤਾਂ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਸਮੇਤ ਵਿਭਿੰਨ ਸਪੋਰਟਸ ਫੈਡਰੇਸ਼ਨਾਂ ਦੇ ਨੁਮਾਇੰਦਿਆਂ ਨੇ ਭੀ ਸ਼ਿਰਕਤ ਕੀਤੀ।
Sports is an important aspect of Indian culture and lifestyle. pic.twitter.com/3L7zswdgDZ
— PMO India (@PMOIndia) October 14, 2023
In sports there are no losers, there are only winners and learners. pic.twitter.com/6dabjDqLcl
— PMO India (@PMOIndia) October 14, 2023
With special focus on sports, today India is performing brilliantly in international events. pic.twitter.com/9KJZjW6QW0
— PMO India (@PMOIndia) October 14, 2023
India eagerly anticipates hosting the Olympics. pic.twitter.com/NOAIcau7SK
— PMO India (@PMOIndia) October 14, 2023