ਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ, ਉਹ ਹਨ ਵਿਰੁਧੁਨਗਰ, ਨਮਕਕਲ, ਨੀਲਗਿਰੀ, ਤਿਰੁਪੁਰ, ਤਿਰੂਵੱਲੁਰ, ਨਾਗਪੱਟੀਨਮ, ਡਿੰਡੀਗੁਲ, ਕਾਲਾਕੁਰੀਚੀ, ਅਰਿਆਲੂਰ, ਰਾਮਨਾਥਪੁਰਮ ਅਤੇ ਕ੍ਰਿਸ਼ਨਾਗਿਰੀ
ਪਿਛਲੇ ਸੱਤ ਸਾਲਾਂ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 54% ਦੇ ਵਾਧੇ ਨਾਲ 596 ਹੋ ਗਈ ਹੈ ਮੈਡੀਕਲ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸੀਟਾਂ ਲਗਭਗ 1 ਲੱਖ 48 ਹਜ਼ਾਰ ਸੀਟਾਂ 'ਤੇ ਪਹੁੰਚ ਗਈਆਂ ਹਨ, ਜੋ ਕਿ 2014 ਦੀਆਂ 82 ਹਜ਼ਾਰ ਸੀਟਾਂ ਤੋਂ ਲਗਭਗ 80% ਵੱਧ ਹਨ
ਏਮਸ ਦੀ ਸੰਖਿਆ 2014 ਦੀ 7 ਤੋਂ ਵੱਧ ਕੇ ਅੱਜ 22 ਹੋ ਗਈ ਹੈ
“ਭਵਿੱਖ ਉਨ੍ਹਾਂ ਸਮਾਜਾਂ ਦਾ ਹੋਵੇਗਾ, ਜੋ ਸਿਹਤ ਸੰਭਾਲ਼ ਵਿੱਚ ਨਿਵੇਸ਼ ਕਰਦੇ ਹਨ। ਭਾਰਤ ਸਰਕਾਰ ਨੇ ਇਸ ਖੇਤਰ ਵਿੱਚ ਕਈ ਸੁਧਾਰ ਕੀਤੇ ਹਨ”
“ਅਗਲੇ ਪੰਜ ਸਾਲਾਂ ਵਿੱਚ ਤਮਿਲ ਨਾਡੂ ਨੂੰ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਰਾਜ ਭਰ ਵਿੱਚ/ਸ਼ਹਿਰੀ ਹੈਲਥ ਐਂਡ ਵੈੱਲਨੈੱਸ ਸੈਂਟਰਸ, ਜ਼ਿਲ੍ਹਾ ਪਬਲਿਕ ਹੈਲਥ ਲੈਬਾਂ ਅਤੇ ਕ੍ਰਿਟੀਕਲ ਕੇਅਰ ਬਲਾਕਾਂ ਦੀ ਸਥਾਪਨਾ ਵਿੱਚ ਮਦਦ ਕਰੇਗਾ”
“ਮੈਂ ਹਮੇਸ਼ਾ ਤਮਿਲ ਭਾਸ਼ਾ ਅਤੇ ਸੱਭਿਆਚਾਰ ਦੀ ਸਮ੍ਰਿੱਧੀ ਤੋਂ ਪ੍ਰਭਾਵਿਤ ਰਿਹਾ ਹਾਂ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤਮਿਲ ਨਾਡੂ ਵਿੱਚ 11 ਨਵੇਂ ਮੈਡੀਕਲ ਕਾਲਜਾਂ ਤੇ ‘ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ’ (ਸੀਆਈਸੀਟੀ) ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ, ਡਾ. ਐੱਲ. ਮੁਰੂਗਨ ਅਤੇ ਡਾ. ਭਾਰਤੀ ਪਵਾਰ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ. ਕੇ. ਸਟਾਲਿਨ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦਿਆਂਪ ਰਧਾਨ ਮੰਤਰੀ ਨੇ ਕਿਹਾ ਕਿ 11 ਮੈਡੀਕਲ ਕਾਲਜਾਂ ਦੇ ਉਦਘਾਟਨ ਤੇ ‘ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ ਹੈਲਥ ਆਵ੍ ਦ ਸੁਸਾਇਟੀ’ ਦੀ ਨਵੀਂ ਇਮਾਰਤ ਦਾ ਉਦਘਾਟਨ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਾਡਾ ਸਭਿਆਚਾਰ ਮਜ਼ਬੂਤ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਡਾਕਟਰਾਂ ਦੀ ਕਮੀ ਬਹੁਤ ਲੰਬੇ ਸਮੇਂ ਤੋਂ ਇੱਕ ਮੁੱਦਾ ਬਣੀ ਹੋਈ ਹੈ ਅਤੇ ਮੌਜੂਦਾ ਸਰਕਾਰ ਨੇ ਇਸ ਨਾਜ਼ੁਕ ਪਾੜੇ ਨੂੰ ਦੂਰ ਕਰਨ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 2014 ਵਿੱਚ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ। ਪਿਛਲੇ ਸੱਤ ਸਾਲਾਂ ਵਿੱਚ ਹੀ ਇਹ ਸੰਖਿਆ 596 ਮੈਡੀਕਲ ਕਾਲਜਾਂ ਤੱਕ ਪਹੁੰਚ ਗਈ ਹੈ। ਇਹ 54% ਦਾ ਵਾਧਾ ਹੈ। 2014 ਵਿੱਚ, ਭਾਰਤ ਵਿੱਚ ਮੈਡੀਕਲ ਅੰਡਰ–ਗਰੈਜੂਏਟ ਅਤੇ ਪੋਸਟ–ਗ੍ਰੈਜੂਏਟ ਦੀਆਂ ਲਗਭਗ 82 ਹਜ਼ਾਰ ਸੀਟਾਂ ਸਨ। ਪਿਛਲੇ ਸੱਤ ਸਾਲਾਂ ਵਿੱਚ ਇਹ ਸੰਖਿਆ 1 ਲੱਖ 48 ਹਜ਼ਾਰ ਦੇ ਲਗਭਗ ਪਹੁੰਚ ਗਈ ਹੈ। ਇਹ ਲਗਭਗ 80% ਦਾ ਵਾਧਾ ਹੈ। 2014 ਵਿੱਚ ਦੇਸ਼ ਵਿੱਚ ਸਿਰਫ਼ ਸੱਤ ਏਮਸ (AIIMS) ਸਨ। ਪਰ 2014 ਤੋਂ ਬਾਅਦ, ਪ੍ਰਵਾਨਿਤ ਏਮਸ ਦੀ ਸੰਖਿਆ ਵਧ ਕੇ 22 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਕਈ ਸੁਧਾਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਧਿਆਨ ਦਿਵਾਇਆ ਕਿ ਤਮਿਲ ਨਾਡੂ ਵਿੱਚ ਇੱਕ ਵਾਰ ਵਿੱਚ 11 ਮੈਡੀਕਲ ਕਾਲਜਾਂ ਦਾ ਉਦਘਾਟਨ ਕਰ ਕੇ, ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ, ਜਦੋਂ ਉਨ੍ਹਾਂ ਪਿੱਛੇ ਜਿਹੇ ਉੱਤਰ ਪ੍ਰਦੇਸ਼ ਵਿੱਚ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਨੀਲਗਿਰੀ ਦੇ ਪਹਾੜੀ ਜ਼ਿਲ੍ਹੇ ਵਿੱਚ ਇੱਕ ਦੇ ਨਾਲ-ਨਾਲ ਰਾਮਨਾਥਪੁਰਮ ਅਤੇ ਵਿਰੁਧੁਨਗਰ ਦੇ ਦੋ ਖ਼ਾਹਿਸ਼ੀ ਜ਼ਿਲ੍ਹਿਆਂ ਵਿੱਚ ਕਾਲਜ ਸਥਾਪਿਤ ਕਰਕੇ ਖੇਤਰੀ ਅਸੰਤੁਲਨ ਨੂੰ ਦੂਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਭਰ ਵਿੱਚ ਇੱਕ ਵਾਰ ਕੋਵਿਡ-19 ਮਹਾਂਮਾਰੀ ਨੇ ਸਿਹਤ ਖੇਤਰ ਦੇ ਮਹੱਤਵ ਦੀ ਪੁਸ਼ਟੀ ਕੀਤੀ ਹੈ। ਭਵਿੱਖ ਉਨ੍ਹਾਂ ਸਮਾਜਾਂ ਦਾ ਹੋਵੇਗਾ, ਜੋ ਸਿਹਤ ਸੰਭਾਲ਼ ਵਿੱਚ ਨਿਵੇਸ਼ ਕਰਦੇ ਹਨ। ਭਾਰਤ ਸਰਕਾਰ ਨੇ ਇਸ ਸੈਕਟਰ ਵਿੱਚ ਕਈ ਸੁਧਾਰ ਕੀਤੇ ਹਨ। ਆਯੁਸ਼ਮਾਨ ਭਾਰਤ ਦਾ ਧੰਨਵਾਦ, ਗਰੀਬਾਂ ਦੀ ਉੱਚ ਮਿਆਰੀ ਅਤੇ ਕਿਫਾਇਤੀ ਸਿਹਤ ਸੰਭਾਲ਼ ਤੱਕ ਪਹੁੰਚ ਹੈ। ਗੋਡਿਆਂ ਦੇ ਇੰਪਲਾਂਟ ਅਤੇ ਸਟੈਂਟ ਦੀ ਕੀਮਤ ਪਹਿਲਾਂ ਨਾਲੋਂ ਇੱਕ–ਤਿਹਾਈ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1 ਰੁਪਏ ਵਿੱਚ ਸੈਨੇਟਰੀ ਨੈਪਕਿਨ ਮੁਹੱਈਆ ਕਰਵਾ ਕੇ ਮਹਿਲਾਵਾਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਨੂੰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਬੁਨਿਆਦੀ ਢਾਂਚਾ ਮਿਸ਼ਨ ਦਾ ਉਦੇਸ਼ ਸਿਹਤ ਬੁਨਿਆਦੀ ਢਾਂਚੇ ਅਤੇ ਸਿਹਤ ਖੋਜ ਵਿੱਚ ਖਾਸ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਮਹੱਤਵਪੂਰਨ ਪਾੜੇ ਨੂੰ ਦੂਰ ਕਰਨਾ ਹੈ। ਅਗਲੇ ਪੰਜ ਸਾਲਾਂ ਵਿੱਚ ਤਮਿਲ ਨਾਡੂ ਨੂੰ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਭਰ ਵਿੱਚ/ਸ਼ਹਿਰੀ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਹੈਲਥ ਐਂਡ ਵੈੱਲਨੈੱਸ ਸੈਂਟਰ), ਜ਼ਿਲ੍ਹਾ ਜਨਤਕ ਸਿਹਤ ਲੈਬਾਂ ਅਤੇ ਗੰਭੀਰ ਦੇਖਭਾਲ਼ ਬਲਾਕਾਂ ਦੀ ਸਥਾਪਨਾ ਵਿੱਚ ਮਦਦ ਕਰੇਗਾ। ਉਨ੍ਹਾਂ ਟਿੱਪਣੀ ਕੀਤੀ ਕਿ ਆਉਣ ਵਾਲੇ ਸਾਲਾਂ ਵਿੱਚ, “ਮੈਂ ਭਾਰਤ ਨੂੰ ਗੁਣਵੱਤਾ ਅਤੇ ਕਿਫਾਇਤੀ ਦੇਖਭਾਲ਼ ਲਈ ਇੱਕ ਜਾਣ ਵਾਲੀ ਮੰਜ਼ਿਲ ਵਜੋਂ ਕਲਪਨਾ ਕਰਦਾ ਹਾਂ। ਭਾਰਤ ਕੋਲ ਮੈਡੀਕਲ ਟੂਰਿਜ਼ਮ ਦਾ ਕੇਂਦਰ ਬਣਨ ਲਈ ਲੋੜੀਂਦੀ ਹਰ ਚੀਜ਼ ਹੈ। ਮੈਂ ਇਹ ਸਾਡੇ ਡਾਕਟਰਾਂ ਦੇ ਹੁਨਰ ਦੇ ਅਧਾਰ 'ਤੇ ਕਹਿੰਦਾ ਹਾਂ।" ਉਨ੍ਹਾਂ ਡਾਕਟਰੀ ਭਾਈਚਾਰੇ ਨੂੰ ਟੈਲੀ–ਮੈਡੀਸਿਨ ਵੱਲ ਵੀ ਧਿਆਨ ਦੇਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਹਮੇਸ਼ਾ ਤਮਿਲ ਭਾਸ਼ਾ ਅਤੇ ਸੱਭਿਆਚਾਰ ਦੀ ਅਮੀਰੀ ਦੇ ਕਾਇਲ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ, "ਮੇਰੀ ਜ਼ਿੰਦਗੀ ਦੇ ਸਭ ਤੋਂ ਖੁਸ਼ਹਾਲ ਛਿਣਾਂ ਵਿੱਚੋਂ ਇੱਕ ਸੀ, ਜਦੋਂ ਮੈਨੂੰ ਸੰਯੁਕਤ ਰਾਸ਼ਟਰ ਵਿੱਚ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ, ਤਮਿਲ, ਵਿੱਚ ਕੁਝ ਸ਼ਬਦ ਬੋਲਣ ਦਾ ਮੌਕਾ ਮਿਲਿਆ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਤਮਿਲ ਸਟਡੀਜ਼ 'ਤੇ 'ਸੁਬਰਾਮਣੀਆ ਭਾਰਤੀ ਚੇਅਰ' ਸਥਾਪਿਤ ਕਰਨ ਦਾ ਮਾਣ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਵਿੱਚ ਸਥਿਤ ਇਹ ਕੁਰਸੀ ਤਮਿਲ ਬਾਰੇ ਹੋਰ ਜ਼ਿਆਦਾ ਉਤਸੁਕਤਾ ਪੈਦਾ ਕਰੇਗੀ।

ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦੇਣ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨੂੰ ਹੁਣ ਸੈਕੰਡਰੀ ਪੱਧਰ ਜਾਂ ਮੱਧ ਪੱਧਰ 'ਤੇ ਸਕੂਲੀ ਸਿੱਖਿਆ ਵਿੱਚ ਇੱਕ ਕਲਾਸੀਕਲ ਭਾਸ਼ਾ ਵਜੋਂ ਪੜ੍ਹਿਆ ਜਾ ਸਕਦਾ ਹੈ। ਤਮਿਲ ਭਾਸ਼ਾ-ਸੰਗਮ ਦੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ ਜਿੱਥੇ ਸਕੂਲੀ ਵਿਦਿਆਰਥੀ ਆਡੀਓ ਵੀਡੀਓਜ਼ ਵਿੱਚ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ 100 ਵਾਕਾਂ ਤੋਂ ਜਾਣੂ ਹੁੰਦੇ ਹਨ। ਭਾਰਤਵਾਣੀ ਪ੍ਰੋਜੈਕਟ ਅਧੀਨ ਤਮਿਲ ਦੀ ਸਭ ਤੋਂ ਵੱਡੀ ਈ-ਸਮੱਗਰੀ ਨੂੰ ਡਿਜੀਟਲ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ,“ਅਸੀਂ ਸਕੂਲਾਂ ਵਿੱਚ ਮਾਤ ਭਾਸ਼ਾ ਅਤੇ ਸਥਾਨਕ ਭਾਸ਼ਾਵਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੇ ਹਾਂ। ਸਾਡੀ ਸਰਕਾਰ ਨੇ ਭਾਰਤੀ ਭਾਸ਼ਾਵਾਂ ਵਿੱਚ ਵਿਦਿਆਰਥੀਆਂ ਲਈ ਇੰਜੀਨੀਅਰਿੰਗ ਜਿਹੇ ਤਕਨੀਕੀ ਕੋਰਸ ਵੀ ਉਪਲਬਧ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਵਧਾਉਣ ਅਤੇ ਸਾਡੇ ਲੋਕਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,"ਜਦੋਂ ਹਰਿਦੁਆਰ ਵਿੱਚ ਇੱਕ ਛੋਟਾ ਬੱਚਾ ਤਿਰੂਵੱਲੂਵਰ ਦੀ ਮੂਰਤੀ ਨੂੰ ਦੇਖਦਾ ਹੈ ਅਤੇ ਉਸ ਦੀ ਮਹਾਨਤਾ ਬਾਰੇ ਪਤਾ ਲਗਾਉਂਦਾ ਹੈ, ਤਾਂ ਇੱਕ ਨੌਜਵਾਨ ਦੇ ਦਿਮਾਗ ਵਿੱਚ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦਾ ਬੀਜ ਪਾਇਆ ਜਾਂਦਾ ਹੈ।" ਉਨ੍ਹਾਂ ਸਾਰਿਆਂ ਨੂੰ ਸਾਰੀ ਸਾਵਧਾਨੀ ਵਰਤਣ ਅਤੇ ਕੋਵਿਡ ਦੇ ਅਨੁਕੂਲ ਵਿਵਹਾਰ ਨੂੰ ਬਣਾਈ ਰੱਖਣ ਲਈ ਕਹਿ ਕੇ ਸਮਾਪਤੀ ਕੀਤੀ।

ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਲਗਭਗ 4,000 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਲਗਭਗ 2,145 ਕਰੋੜ ਰੁਪਏ ਕੇਂਦਰ ਸਰਕਾਰ ਅਤੇ ਬਾਕੀ ਤਮਿਲ ਨਾਡੂ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਵਿਰੁਧੁਨਗਰ, ਨਮਕਕਲ, ਨੀਲਗਿਰੀ, ਤਿਰੂਪੁਰ, ਤਿਰੂਵੱਲੁਰ, ਨਾਗਪੱਟੀਨਮ, ਡਿੰਡੀਗੁਲ, ਕਾਲਾਕੁਰੀਚੀ, ਅਰਿਆਲੁਰ, ਰਾਮਨਾਥਪੁਰਮ ਅਤੇ ਕ੍ਰਿਸ਼ਨਾਗਿਰੀ ਸ਼ਾਮਲ ਹਨ। ਇਨ੍ਹਾਂ ਮੈਡੀਕਲ ਕਾਲਜਾਂ ਦੀ ਸਥਾਪਨਾ ਪ੍ਰਧਾਨ ਮੰਤਰੀ ਦੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਸਤੀ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੇ ਲਗਾਤਾਰ ਯਤਨਾਂ ਦੇ ਅਨੁਰੂਪ ਹੈ। ਨਵੇਂ ਮੈਡੀਕਲ ਕਾਲਜ, 1,450 ਸੀਟਾਂ ਦੀ ਸੰਚਤ ਸਮਰੱਥਾ ਵਾਲੇ, 'ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ' ਦੀ ਕੇਂਦਰੀ ਸਪੌਂਸਰ ਸਕੀਮ ਅਧੀਨ ਸਥਾਪਿਤ ਕੀਤੇ ਜਾ ਰਹੇ ਹਨ। ਇਸ ਸਕੀਮ ਤਹਿਤ ਉਨ੍ਹਾਂ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਮੈਡੀਕਲ ਕਾਲਜ ਨਹੀਂ ਹਨ।

ਚੇਨਈ ਵਿੱਚ ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ (ਸੀਆਈਸੀਟੀ) ਦੇ ਇੱਕ ਨਵੇਂ ਕੈਂਪਸ ਦੀ ਸਥਾਪਨਾ ਪ੍ਰਧਾਨ ਮੰਤਰੀ ਦੇ ਭਾਰਤੀ ਵਿਰਸੇ ਦੀ ਰੱਖਿਆ ਅਤੇ ਸੰਭਾਲ਼ ਅਤੇ ਕਲਾਸੀਕਲ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਅਨੁਸਾਰ ਹੈ। ਨਵਾਂ ਕੈਂਪਸ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਕੀਤਾ ਗਿਆ ਹੈ ਅਤੇ 24 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਸੀਆਈਸੀਟੀ, ਜੋ ਕਿ ਹੁਣ ਤੱਕ ਕਿਰਾਏ ਦੀ ਇਮਾਰਤ ਤੋਂ ਕੰਮ ਕਰਦੀ ਸੀ, ਹੁਣ ਨਵੇਂ 3 ਮੰਜ਼ਿਲਾ ਕੈਂਪਸ ਤੋਂ ਕੰਮ ਕਰੇਗੀ। ਨਵਾਂ ਕੈਂਪਸ ਇੱਕ ਵਿਸ਼ਾਲ ਲਾਇਬ੍ਰੇਰੀ, ਇੱਕ ਈ-ਲਾਇਬ੍ਰੇਰੀ, ਸੈਮੀਨਾਰ ਹਾਲ ਅਤੇ ਇੱਕ ਮਲਟੀ–ਮੀਡੀਆ ਹਾਲ ਨਾਲ ਲੈਸ ਹੈ।

ਕੇਂਦਰੀ ਸਿੱਖਿਆ ਮੰਤਰਾਲੇ ਦੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ, ਸੀਆਈਸੀਟੀ ਖੋਜ ਗਤੀਵਿਧੀਆਂ ਕਰਕੇ ਕਲਾਸੀਕਲ ਤਮਿਲ ਦੇ ਪ੍ਰਚਾਰ ਵਿੱਚ ਯੋਗਦਾਨ ਪਾ ਰਹੀ ਹੈ ਤਾਂ ਜੋ ਤਮਿਲ ਭਾਸ਼ਾ ਦੀ ਪ੍ਰਾਚੀਨਤਾ ਅਤੇ ਵਿਲੱਖਣਤਾ ਨੂੰ ਸਥਾਪਿਤ ਕੀਤਾ ਜਾ ਸਕੇ। ਇੰਸਟੀਟਿਊਟ ਲਾਇਬ੍ਰੇਰੀ ਵਿੱਚ 45,000 ਤੋਂ ਵੱਧ ਪ੍ਰਾਚੀਨ ਤਮਿਲ ਕਿਤਾਬਾਂ ਦਾ ਭੰਡਾਰ ਹੈ। ਕਲਾਸੀਕਲ ਤਮਿਲ ਨੂੰ ਉਤਸ਼ਾਹਿਤ ਕਰਨ ਅਤੇ ਇਸਦੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ, ਸੰਸਥਾ ਅਕਾਦਮਿਕ ਗਤੀਵਿਧੀਆਂ ਜਿਵੇਂ ਕਿ ਸੈਮੀਨਾਰ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨਾ, ਫੈਲੋਸ਼ਿਪ ਪ੍ਰਦਾਨ ਕਰਨਾ ਆਦਿ ਵਿੱਚ ਸ਼ਾਮਲ ਹੈ। ਇਸ ਦਾ ਉਦੇਸ਼ ਵੱਖ-ਵੱਖ ਭਾਰਤੀ ਅਤੇ ਨਾਲ ਹੀ 100 ਵਿਦੇਸ਼ੀ ਭਾਸ਼ਾਵਾਂ ਵਿੱਚ 'ਤਿਰੁਕੁਰਲ' ਦਾ ਅਨੁਵਾਦ ਅਤੇ ਪ੍ਰਕਾਸ਼ਿਤ ਕਰਨਾ ਵੀ ਹੈ। ਨਵਾਂ ਕੈਂਪਸ ਵਿਸ਼ਵ ਭਰ ਵਿੱਚ ਕਲਾਸੀਕਲ ਤਮਿਲ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਵਿੱਚ ਸੰਸਥਾ ਲਈ ਇੱਕ ਕੁਸ਼ਲ ਕੰਮ ਕਰਨ ਵਾਲਾ ਮਾਹੌਲ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Annual malaria cases at 2 mn in 2023, down 97% since 1947: Health ministry

Media Coverage

Annual malaria cases at 2 mn in 2023, down 97% since 1947: Health ministry
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 26 ਦਸੰਬਰ 2024
December 26, 2024

Citizens Appreciate PM Modi : A Journey of Cultural and Infrastructure Development