ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੂਨਾਈਟੇਡ ਕਿੰਗਡਮ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਰਿਸ਼ੀ ਸੁਨਕ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਦੋਵੇਂ ਨੇਤਾਵਾਂ ਨੇ ਭਾਰਤ-ਯੂਕੇ ਰੋਡਮੈਪ 2030 ਦੇ ਹਿੱਸੇ ਦੇ ਰੂਪ ਵਿੱਚ ਕਈ ਦੁਵੱਲੇ ਮੁੱਦਿਆਂ ’ਤੇ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਹਾਲ ਹੀ ਦੇ ਉੱਚ ਪੱਧਰੀ ਆਦਾਨ-ਪ੍ਰਦਾਨ, ਵਿਸ਼ੇਸ਼ ਰੂਪ ਨਾਲ ਵਪਾਰ ਅਤੇ ਆਰਥਿਕ ਖੇਤਰਾਂ ਵਿੱਚ ਵਧਦੇ ਸਹਿਯੋਗ ’ਤੇ ਸੰਤੁਸ਼ਟੀ ਪ੍ਰਗਟਾਈ। ਦੋਵੇਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਦੇ ਵਿਚਕਾਰ ਪਰਸਪਰ ਰੂਪ ਨਾਲ ਲਾਭਦਾਇਕ ਮੁਕਤ ਵਪਾਰ ਸਮਝੌਤੇ ਨੂੰ ਜਲਦੀ ਮੁਕੰਮਲ ਕੀਤੇ ਜਾਣ ਦੀ ਜ਼ਰੂਰਤ ’ਤੇ ਸਹਿਮਤੀ ਪ੍ਰਗਟਾਈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਨਾਈਟੇਡ ਕਿੰਗਡਮ ਵਿੱਚ ਭਾਰਤੀ ਡਿਪਲੋਮੈਟਿਕ ਸੰਸਥਾਨਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਅਤੇ ਯੂਨਾਈਟੇਡ ਕਿੰਗਡਮ ਸਰਕਾਰ ਦੁਆਰਾ ਭਾਰਤ ਵਿਰੋਧੀ ਤੱਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਰਿਸ਼ੀ ਸੁਨਕ ਨੇ ਸੂਚਿਤ ਕੀਤਾ ਕਿ ਯੂਨਾਈਟੇਡ ਕਿੰਗਡਮ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲੇ ਨੂੰ ਪੂਰੀ ਤਰ੍ਹਾਂ ਨਾਲ ਅਸਵੀਕਾਰ ਮੰਨਦਾ ਹੈ। ਉਨ੍ਹਾਂ ਨੇ ਭਾਰਤੀ ਮਿਸ਼ਨ ਅਤੇ ਉਸ ਦੇ ਕਰਮਚਾਰੀਆਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੂਨਾਈਟੇਡ ਕਿੰਗਡਮ ਵਿੱਚ ਸ਼ਰਨ ਲੈਣ ਵਾਲੇ ਆਰਥਿਕ ਅਪਰਾਧੀਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਇਨ੍ਹਾਂ ਭਗੌੜਿਆਂ ਦੀ ਵਾਪਸੀ ਨਾਲ ਜੁੜੇ ਮਾਮਲਿਆਂ ਵਿੱਚ ਹੋਈ ਪ੍ਰਗਤੀ ਦੀ ਜਾਣਕਾਰੀ ਮੰਗੀ ਤਾਂ ਕਿ ਉਹ ਭਾਰਤੀ ਨਿਆਂ ਵਿਵਸਥਾ ਦੇ ਸਾਹਮਣੇ ਪੇਸ਼ ਹੋ ਸਕਣ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸਤੰਬਰ 2023 ਵਿੱਚ ਹੋਣ ਵਾਲੇ ਜੀ20 ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਸ਼੍ਰੀ ਸੁਨਕ ਨੂੰ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਸੁਨਕ ਨੇ ਜੀ20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੀਆਂ ਵਿਭਿੰਨ ਪਹਿਲਾਂ ਅਤੇ ਉਨ੍ਹਾਂ ਦੀ ਸਫਲਤਾ ਲਈ ਯੂਨਾਈਟੇਡ ਕਿੰਗਡਮ ਦੇ ਪੂਰਨ ਸਮਰਥਨ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਵਿਸਾਖੀ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਸੁਨਕ ਅਤੇ ਯੂਨਾਈਟੇਡ ਕਿੰਗਡਮ ਵਿੱਚ ਰਹਿਣ ਵਾਲੇ ਭਾਰਤੀ ਸਮੁਦਾਏ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਦੋਵੇਂ ਨੇਤਾ ਇੱਕ-ਦੂਜੇ ਦੇ ਨਾਲ ਸੰਪਰਕ ਵਿੱਚ ਰਹਿਣ ’ਤੇ ਸਹਿਮਤ ਹੋਏ।