ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਬ ਅੰਦੌਰਾ, ਊਨਾ (Una) ਤੋਂ ਨਵੀਂ ਦਿੱਲੀ ਤੱਕ ਲਈ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤੀ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਦੇ ਰੇਲ ਡੱਬਿਆਂ ਦਾ ਨਿਰੀਖਣ ਕੀਤਾ ਅਤੇ ਇਨ੍ਹਾਂ ਦੇ ਅੰਦਰ ਮੌਜੂਦ ਸੁਵਿਧਾਵਾਂ ਦਾ ਜਾਇਜ਼ਾ ਲਿਆ। ਸ਼੍ਰੀ ਮੋਦੀ ਨੇ ਵੰਦੇ ਭਾਰਤ ਐਕਸਪ੍ਰੈੱਸ ਦੇ ਲੋਕੋਮੋਟਿਵ ਇੰਜਣ ਦੇ ਕੰਟਰੋਲ ਕੇਂਦਰ ਦਾ ਵੀ ਮੁਆਇਨਾ ਕੀਤਾ। ਉਨ੍ਹਾਂ ਨੇ ਊਨਾ (Una) ਰੇਲਵੇ ਸਟੇਸ਼ਨ ਦਾ ਨਿਰੀਖਣ ਵੀ ਕੀਤਾ।
ਪ੍ਰਧਾਨ ਮੰਤਰੀ ਜਦੋਂ ਹਿਮਾਚਲ ਪ੍ਰਦੇਸ਼ ਦੇ ਊਨਾ (Una) ਜ਼ਿਲ੍ਹੇ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ 'ਤੇ ਪਹੁੰਚੇ, ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਜੈ ਰਾਮ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਵੀ ਮੌਜੂਦ ਸਨ।
ਟ੍ਰੇਨ ਦੀ ਸ਼ੁਰੂਆਤ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗੀ ਅਤੇ ਯਾਤਰਾ ਦਾ ਇੱਕ ਆਰਾਮਦਾਇਕ ਅਤੇ ਤੇਜ਼ ਮੋਡ ਪ੍ਰਦਾਨ ਕਰੇਗੀ। ਊਨਾ ਤੋਂ ਨਵੀਂ ਦਿੱਲੀ ਤੱਕ ਦੇ ਸਫਰ ਦਾ ਸਮਾਂ ਦੋ ਘੰਟੇ ਘੱਟ ਜਾਵੇਗਾ।
ਅੰਬ ਅੰਦੌਰਾ ਤੋਂ ਨਵੀਂ ਦਿੱਲੀ ਤੱਕ ਚੱਲਣ ਵਾਲੀ, ਇਹ ਦੇਸ਼ ਵਿੱਚ ਸ਼ੁਰੂ ਕੀਤੀ ਜਾਣ ਵਾਲੀ ਚੌਥੀ ਵੰਦੇ ਭਾਰਤ ਟ੍ਰੇਨ ਹੋਵੇਗੀ ਅਤੇ ਪਹਿਲੀਆਂ ਦੀ ਤੁਲਨਾ ਵਿੱਚ ਇੱਕ ਉੱਨਤ ਸੰਸਕਰਣ ਹੈ, ਜੋ ਬਹੁਤ ਹਲਕੀ ਅਤੇ ਘੱਟ ਸਮੇਂ ਵਿੱਚ ਉੱਚ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ। ਵੰਦੇ ਭਾਰਤ 2.0 ਹੋਰ ਤਰੱਕੀਆਂ ਅਤੇ ਬਿਹਤਰ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਵੇਂ ਕਿ ਸਿਰਫ 52 ਸਕਿੰਟਾਂ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਅਤੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਗਤੀ ਤੱਕ ਪਹੁੰਚਣਾ। ਸੁਧਰੀ ਹੋਈ ਵੰਦੇ ਭਾਰਤ ਐਕਸਪ੍ਰੈੱਸ ਦਾ ਵਜ਼ਨ 430 ਟਨ ਦੇ ਪਿਛਲੇ ਸੰਸਕਰਣ ਦੇ ਮੁਕਾਬਲੇ 392 ਟਨ ਹੋਵੇਗਾ। ਇਸ ਵਿੱਚ ਔਨ-ਡਿਮਾਂਡ ਵਾਈ-ਫਾਈ ਕੰਟੈਂਟ ਦੀ ਸੁਵਿਧਾ ਵੀ ਹੋਵੇਗੀ। ਹਰੇਕ ਕੋਚ ਵਿੱਚ ਪਿਛਲੇ ਸੰਸਕਰਣ ਵਿੱਚ 24” ਦੇ ਮੁਕਾਬਲੇ ਯਾਤਰੀਆਂ ਦੀ ਜਾਣਕਾਰੀ ਅਤੇ ਇਨਫੋਟੇਨਮੈਂਟ ਪ੍ਰਦਾਨ ਕਰਨ ਵਾਲੀਆਂ 32” ਸਕਰੀਨਾਂ ਲਗਾਈਆਂ ਗਈਆਂ ਹਨ। ਵੰਦੇ ਭਾਰਤ ਐਕਸਪ੍ਰੈੱਸ ਈਕੋ-ਫਰੈਂਡਲੀ ਵੀ ਹੋਵੇਗੀ ਕਿਉਂਕਿ ਏਸੀ 15 ਫੀਸਦੀ ਜ਼ਿਆਦਾ ਊਰਜਾ ਦਕਸ਼ ਹੋਣਗੇ। ਟ੍ਰੈਕਸ਼ਨ ਮੋਟਰ ਦੀ ਧੂੜ-ਮੁਕਤ ਸਾਫ਼ ਹਵਾ ਵਾਲੀ ਕੂਲਿੰਗ ਯਾਤਰਾ ਨੂੰ ਵਧੇਰੇ ਆਰਾਮਦਾਇਕ ਬਣਾਵੇਗੀ। ਇੱਕ ਸਾਈਡ ਰੀਕਲਾਈਨਰ ਸੀਟ ਦੀ ਸੁਵਿਧਾ ਜੋ ਪਹਿਲਾਂ ਸਿਰਫ਼ ਐਗਜ਼ੀਕਿਊਟਿਵ ਕਲਾਸ ਦੇ ਯਾਤਰੀਆਂ ਨੂੰ ਦਿੱਤੀ ਜਾਂਦੀ ਸੀ, ਹੁਣ ਸਾਰੀਆਂ ਕਲਾਸਾਂ ਲਈ ਉਪਲਬਧ ਕਰਵਾਈ ਜਾਵੇਗੀ। ਐਗਜ਼ੀਕਿਊਟਿਵ ਕੋਚਾਂ ਕੋਲ 180-ਡਿਗਰੀ ਘੁੰਮਣ ਵਾਲੀਆਂ ਸੀਟਾਂ ਦੀ ਅਤਿਰਿਕਤ ਵਿਸ਼ੇਸ਼ਤਾ ਹੈ।
ਵੰਦੇ ਭਾਰਤ ਐਕਸਪ੍ਰੈੱਸ ਦੇ ਨਵੇਂ ਡਿਜ਼ਾਇਨ ਵਿੱਚ, ਹਵਾ ਸ਼ੁੱਧੀਕਰਨ ਲਈ ਰੂਫ-ਮਾਊਂਟਿਡ ਪੈਕੇਜ ਯੂਨਿਟ (ਆਰਐੱਮਪੀਯੂ) ਵਿੱਚ ਇੱਕ ਫੋਟੋ-ਕੈਟਾਲਿਟਿਕ ਅਲਟਰਾਵਾਇਲਟ ਹਵਾ ਸ਼ੁਧੀਕਰਨ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਓਰਗੇਨਾਈਜ਼ੇਸ਼ਨ (ਸੀਐੱਸਆਈਓ), ਚੰਡੀਗੜ੍ਹ ਦੁਆਰਾ ਸਿਫ਼ਾਰਿਸ਼ ਕੀਤੇ ਅਨੁਸਾਰ, ਇਹ ਸਿਸਟਮ ਆਰਐੱਮਪੀਯੂ ਦੇ ਦੋਵਾਂ ਸਿਰਿਆਂ 'ਤੇ ਤਾਜ਼ੀ ਹਵਾ ਅਤੇ ਵਾਪਿਸ ਹਵਾ ਰਾਹੀਂ ਆਉਣ ਵਾਲੇ ਕੀਟਾਣੂਆਂ, ਬੈਕਟੀਰੀਆ, ਵਾਇਰਸਾਂ ਆਦਿ ਤੋਂ ਮੁਕਤ ਕਰਨ ਲਈ, ਹਵਾ ਨੂੰ ਫਿਲਟਰ ਅਤੇ ਸਾਫ਼ ਕਰਨ ਲਈ ਡਿਜ਼ਾਇਨ ਅਤੇ ਸਥਾਪਿਤ ਕੀਤਾ ਗਿਆ ਹੈ।
ਵੰਦੇ ਭਾਰਤ ਐਕਸਪ੍ਰੈੱਸ 2.0 ਕਈ ਹੋਰ ਬਿਹਤਰੀਨ ਅਤੇ ਏਅਰਕ੍ਰਾਫਟ ਜਿਹੇ ਯਾਤਰਾ ਅਨੁਭਵ ਪ੍ਰਦਾਨ ਕਰਦੀ ਹੈ। ਇਹ ਉੱਨਤ ਅਤਿ-ਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਲੈਸ ਹੈ, ਜਿਨ੍ਹਾਂ ਵਿੱਚ ਸਵਦੇਸ਼ੀ ਤੌਰ 'ਤੇ ਵਿਕਸਿਤ ਟ੍ਰੇਨਾਂ ਦੀ ਟੱਕਰ ਤੋਂ ਬਚਣ ਵਾਲੀ ਪ੍ਰਣਾਲੀ - ਕਵਚ (KAVACH) ਸ਼ਾਮਲ ਹੈ।